ਪੰਜਾਬ ਦੀ ਧਰਤੀ ਮੇਲਿਆਂ ਦੀ ਧਰਤੀ ਹੈ, ਜਿਥੇ ਰਹਿੰਦੇ ਵੱਖ-ਵੱਖ ਧਰਮਾਂ, ਜਾਤਾਂ, ਵਰਗਾਂ ਦੇ ਲੋਕਾਂ ਦੇ ਮੇਲੇ ਲੱਗਦੇ ਹਨ। ਇਥੋਂ ਦੀ ਧਰਤੀ ਅਤੇ ਪੌਣ-ਪਾਣੀ 'ਚੋਂ ਮੇਲਿਆਂ ਦੀ ਖੁਸ਼ਬੂ ਆਉਂਦੀ ਹੈ। ਪੰਜਾਬ ਦਾ ਕੋਈ ਅਜਿਹਾ ਪਿੰਡ ਨਹੀਂ ਹੋਣਾ, ਜਿਥੇ ਮੇਲਾ ਨਾ ਲੱਗਦਾ ਹੋਵੇ। ਮੇਲੇ ਪੰਜਾਬੀਆਂ ਦੀ ਰੂਹ ਦੀ ਖੁਰਾਕ ਹਨ। ਮੇਲੇ ਦਾ ਨਾਂ ਸੁਣਦਿਆਂ ਹੀ ਪੰਜਾਬੀ ਗੱਭਰੂ ਤੇ ਮੁਟਿਆਰਾਂ ਦੇ ਪੈਰ ਥਿਰਕਣ ਲੱਗਦੇ ਹਨ।
ਦੁਆਬੇ 'ਚ ਜਠੇਰਿਆਂ ਦੇ ਮੇਲੇ ਮਸ਼ਹੂਰ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਜਲੰਧਰ ਜ਼ਿਲੇ ਦਾ ਮਸ਼ਹੂਰ ਪਿੰਡ ਪਰਾਗਪੁਰ ਖੇਤੀ ਅਤੇ ਡੇਅਰੀ ਮੇਲੇ ਕਰਕੇ ਕਿਸਾਨਾਂ 'ਚ ਬਹੁਤ ਚਰਚਿਤ ਰਿਹਾ ਹੈ। ਵੈਸੇ ਪਰਾਗਪੁਰ ਪਿੰਡ ਟੁੱਟ ਭਰਾਵਾਂ (ਅਮਰੀਕਾ) ਬਦਾਮਾਂ ਵਾਲੇ ਕਰਕੇ ਪਹਿਲਾਂ ਹੀ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਹੁਣ ਇਹ ਪਿੰਡ ਟੁੱਟ ਭਰਾਵਾਂ ਦੇ ਮੇਲੇ ਕਰਕੇ ਦੇਸ਼-ਵਿਦੇਸ਼ 'ਚ ਵੱਖਰੀ ਪਛਾਣ ਬਣਾ ਰਿਹਾ ਹੈ। ਇਸ ਵਾਰ ਚੌਥਾ ਜੱਟ ਐਕਸਪੋ-2014 ਖੇਤੀ ਡੇਅਰੀ ਕਿਸਾਨ ਮੇਲਾ 8-9 ਨਵੰਬਰ ਨੂੰ ਫਗਵਾੜਾ-ਕੈਂਟ ਰੋਡ, ਪਰਾਗਪੁਰ, ਜਲੰਧਰ ਵਿਖੇ ਹੋ ਰਿਹਾ ਹੈ। ਇਹ ਮੇਲਾ ਦੇਸ਼ ਦੀ ਸਭ ਤੋਂ ਵੱਡੀ ਡ੍ਰਿਪ ਇਰੀਗੇਸ਼ਨ ਕੰਪਨੀ, ਜੈਨ ਇਰੀਗੇਸ਼ਨ ਸਿਸਟਮਜ਼ ਲਿਮ. ਜਗਰਾਓਂ, ਐਡਵਾਈਜ਼ਰ ਪਬਲੀਕੇਸ਼ਨਜ਼ ਜਲੰਧਰ ਅਤੇ ਟੁੱਟ ਭਰਾਵਾਂ (ਅਮਰੀਕਾ) ਵਲੋਂ ਸਾਂਝੇ ਤੌਰ 'ਤੇ ਕਰਵਾਇਆ ਜਾਂਦਾ ਹੈ।
ਮੇਲੇ 'ਚ ਦੇਸ਼ ਭਰ ਤੋਂ ਖੇਤੀ ਅਤੇ ਡੇਅਰੀ ਨਾਲ ਸੰਬੰਧਿਤ ਕੰਪਨੀਆਂ, ਸਰਕਾਰੀ ਅਦਾਰੇ, ਬੈਂਕਾਂ, ਬੀਮਾ ਕੰਪਨੀਆਂ ਆਦਿ ਦੇ ਸਟਾਲ ਲੱਗਦੇ ਹਨ। ਖੇਤੀ-ਡੇਅਰੀ ਪ੍ਰਦਰਸ਼ਨੀ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ 'ਚ ਯੋਗਦਾਨ ਪਾਉਣ ਵਾਲੀਆਂ 10 ਸ਼ਖਸੀਅਤਾਂ (ਖੇਤੀ/ਪੇਂਡੂ ਸਾਹਿਤ, ਖੇਡਾਂ, ਸਮਾਜ ਸੇਵਾ, ਸਾਇੰਸ ਅਤੇ ਤਕਨਾਲੋਜੀ, ਪ੍ਰਵਾਸੀ ਭਾਰਤੀ ਕਿਸਾਨ, ਖੇਤੀ ਮਸ਼ੀਨਰੀ ਛੋਟੀ, ਖੇਤੀ ਮਸ਼ੀਨਰੀ ਵੱਡੀ, ਸਾਫ-ਸੁਥਰੀ ਪੰਜਾਬੀ ਗਾਇਕੀ, ਵਿਕਾਸ ਮੁਖੀ ਪੱਤਰਕਾਰੀ ਅਤੇ ਵਾਤਾਵਰਣ ਦੇ ਖੇਤਰ) ਦਾ ਸਨਮਾਨ ਕੀਤਾ ਜਾਂਦਾ ਹੈ।
ਮੇਲੇ 'ਚ 13 ਕਿਸਾਨ ਐਵਾਰਡ (3 ਖੇਤੀ ਵਿਭਿੰਨਤਾ, 3 ਬਾਗਬਾਨੀ, 3 ਡੇਅਰੀ, 3 ਸਹਾਇਕ ਧੰਦਿਆਂ ਅਤੇ ਇਕ ਫੁੱਲਾਂ ਦੀ ਖੇਤੀ), 2 ਵਿਸ਼ੇਸ਼ ਸਨਮਾਨ (ਇਕ ਕੁਦਰਤੀ ਖੇਤੀ ਅਤੇ ਇਕ ਜਿਹੜਾ ਕਿਸਾਨ ਪਰਾਲੀ ਖੇਤ 'ਚ ਨਹੀਂ ਸਾੜਦਾ) ਦਿੱਤੇ ਜਾਂਦੇ ਹਨ। ਇਸ ਦੇ ਨਾਲ 4 ਹੋਰਨਾਂ ਉੱਦਮੀ ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਜਾਣਗੇ।
ਮੇਲੇ 'ਚ ਪਹਿਲੇ ਦਿਨ ਬਾਗਬਾਨੀ ਵਿਭਾਗ ਪੰਜਾਬ ਨਾਲ ਬਾਗਬਾਨੀ ਸੰਬੰਧੀ ਸੈਮੀਨਾਰ ਅਤੇ ਦੂਸਰੇ ਦਿਨ ਪੰਜਾਬ ਡੇਅਰੀ ਵਿਕਾਸ ਬੋਰਡ ਪੰਜਾਬ ਦੇ ਸਹਿਯੋਗ ਸਦਕਾ ਡੇਅਰੀ ਸੰਬੰਧੀ ਸੈਮੀਨਾਰ ਹੋਵੇਗਾ। ਕਿਸਾਨਾਂ ਦੇ ਮਨੋਰੰਜਨ ਲਈ ਦੋਵੇਂ ਦਿਨ ਸਾਫ-ਸੁਥਰੀ ਗਾਇਕੀ ਵਾਲੇ ਕਲਾਕਾਰਾਂ ਅਤੇ ਗੁਰਦਾਸ ਮਾਨ ਦਾ ਖੁੱਲ੍ਹਾ ਅਖਾੜਾ ਲੱਗੇਗਾ। ਕਿਸਾਨਾਂ ਲਈ ਢੇਰ ਸਾਰੇ ਇਨਾਮ ਮੇਲੇ 'ਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ। ਮੇਲੇ 'ਚ ਖੇਤੀ ਅਡਵਾਈਜ਼ਰ ਰਸਾਲੇ ਦੀ ਮੈਂਬਰਸ਼ਿਪ ਕਰਵਾਉਣ ਵਾਲੇ ਕਿਸਾਨਾਂ ਨੂੰ ਨਿਊ ਹਾਲੈਂਡ ਟਰੈਕਟਰ, ਚਾਰਲੀ ਲੁਧਿਆਣਾ ਦੀ ਸਪਰੇਅ ਮਸ਼ੀਨ, ਅਵਤਾਰ ਕਲਸੀ ਐਗਰੋ ਵਰਕਸ ਤਲਵੰਡੀ ਭਾਈ ਦੀ ਪੈਡੀ ਡ੍ਰਿਲ ਮਸ਼ੀਨ ਅਤੇ ਸੁਪਰ ਨਿਊ ਪੰਜਾਬ ਤਲਵੰਡੀ ਭਾਈ ਦਾ ਕਲਟੀਵੇਟਰ ਇਨਾਮ 'ਚ 9 ਨਵੰਬਰ ਨੂੰ ਕੱਢੇ ਜਾਣਗੇ ।
ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਮੇਲਾ ਸਰਪ੍ਰਸਤ ਸ. ਰਣਜੀਤ ਸਿੰਘ ਟੁੱਟ ਨੇ ਦੱਸਿਆ ਕਿ ਇਹ ਮੇਲਾ ਤਿੰਨ ਧਿਰਾਂ ਦੇ ਸਹਿਯੋਗ ਨਾਲ ਪੰਜਾਬ ਦੀ ਕਿਰਸਾਨੀ ਅਤੇ ਡੇਅਰੀ ਦੇ ਵਿਕਾਸ ਲਈ ਨਿਮਾਣਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ। ਤਿੰਨਾਂ ਧਿਰਾਂ ਦੇ ਪਹਿਲੇ ਅੱਖਰ ਲੈ ਕੇ ਹੀ ਜੱਟ ਸ਼ਬਦ ਬਣਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਮੇਲੇ 'ਚ ਆਉਣ ਨਾਲ ਪੰਜਾਬ ਦਾ ਕਿਸਾਨ, ਡੇਅਰੀ ਫਾਰਮਰ ਵੱਖ-ਵੱਖ ਤਰ੍ਹਾਂ ਦਾ ਗਿਆਨ ਪ੍ਰਾਪਤ ਕਰੇ ਤੇ ਖੁਸ਼ਹਾਲ ਹੋਵੇ। ਉਨ੍ਹਾਂ ਕਿਹਾ ਕਿ ਸਾਡੇ ਸਮੂਹ ਪਰਿਵਾਰ ਵੱਡੇ ਭਾਈ ਅਮਰਜੀਤ ਸਿੰਘ ਟੁੱਟ, (ਸੁਰਜੀਤ ਸਿੰਘ ਟੁੱਟ ਅਤੇ ਪ੍ਰੀਤਮ ਸਿੰਘ ਟੁੱਟ) ਵਲੋਂ ਆਪਣੇ ਜੱਦੀ ਪਿੰਡ ਪਰਾਗਪੁਰ 'ਚ ਕਿਰਸਾਨੀ ਦੇ ਵਿਕਾਸ ਲਈ ਨਿਮਾਣਾ ਜਿਹਾ ਯਤਨ ਹੈ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਕਿਸਾਨ ਤੇ ਹੋਰਨਾਂ ਸੂਬਿਆਂ ਦੇ ਕਿਸਾਨ ਇਸ ਭਾਗਾਂ ਵਾਲੀ ਧਰਤੀ 'ਤੇ ਆਪਣੇ ਚਰਨ ਪਾ ਕੇ ਸਾਡੇ ਪਿੰਡ ਦੀ ਧਰਤੀ ਨੂੰ ਪਵਿੱਤਰ ਕਰਨ।
ਮੇਲੇ ਦੀ ਗੱਲ ਕਰਦਿਆਂ ਮੁੱਖ ਮੇਲਾ ਪ੍ਰਬੰਧਕ ਝਰਮਲ ਸਿੰਘ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਮੇਲਾ ਕਿਸੇ ਦਿਨ ਦੇਸ਼ ਭਰ ਦੇ ਮੇਲਿਆਂ 'ਚ ਆਪਣੀ ਵੱਖਰੀ ਪਛਾਣ ਬਣਾਵੇ। ਉਨ੍ਹਾਂ ਕਿਹਾ ਕਿ ਸਮੂਹ ਜੱਟ ਐਕਸਪੋ-2014 ਟੀਮ ਵਲੋਂ ਮੇਲੇ ਦੀ ਸਫਲਤਾ ਲਈ ਸਿਰ-ਤੋੜ ਯਤਨ ਜਾਰੀ ਹਨ।
ਪੰਜਾਬ ਵਿਚ ਪਹਿਲੀ ਵਾਰ ਇਕ ਖੇਤੀ ਮੈਗਜ਼ੀਨ ਵਲੋਂ ਕਿਸਾਨਾਂ ਨੂੰ ਦੋ ਦਿਨਾਂ ਲਈ ਇਕ ਥਾਂ ਇਕੱਠੇ ਕਰਕੇ ਵਿਚਾਰ-ਵਟਾਂਦਰਾ ਕਰਵਾਉਣ ਦਾ ਉੱਦਮ ਕੀਤਾ ਗਿਆ ਹੈ। ਇਸ ਵਾਰ ਚੌਥਾ ਮੇਲਾ ਹੋਣ ਜਾ ਰਿਹਾ ਹੈ। ਤਿੰਨਾਂ ਸਾਲਾਂ ਵਿਚ ਹੀ ਇਸ ਮੇਲੇ ਨੇ ਆਪਣੇ ਲਈ ਇਕ ਪੱਕਾ ਘਰ ਤੇ ਕਿਸਾਨਾਂ ਦੇ ਦਿਲਾਂ 'ਚ ਸਥਾਨ ਸਥਾਪਿਤ ਕਰ ਲਿਆ ਹੈ। ਇਸ ਦਾ ਸਿਹਰਾ ਜਿਥੇ ਪੰਜਾਬ ਦੇ ਮਿਹਨਤੀ ਕਿਸਾਨਾਂ ਨੂੰ ਜਾਂਦਾ ਹੈ, ਉਥੇ ਹੀ 'ਅਡਵਾਈਜ਼ਰ ਮੈਗਜ਼ੀਨ' ਦੇ ਸੰਪਾਦਕ ਸ. ਝਰਮਲ ਸਿੰਘ ਤੇ ਉਸ ਦੀ ਟੀਮ ਵਲੋਂ ਕੀਤੀ ਸਖਤ ਮਿਹਨਤ ਵੀ ਸ਼ਾਮਿਲ ਹੈ। ਨਿਰਮਲ ਸਿੰਘ ਅਤੇ ਕਰਮਲ ਸਿੰਘ ਨੇ ਆਪਣੇ ਵੱਡੇ ਭਰਾ ਦਾ ਪੂਰਾ ਸਾਥ ਦਿੱਤਾ ਤੇ ਪੰਜਾਬ ਵਿਚ ਇਕ ਨਵੀਂ ਕਿਸਮ ਦੇ ਮੇਲੇ ਨੂੰ ਜਨਮ ਦਿੱਤਾ ਹੈ।
ਸੀਕਵਲ ਉਸਤਾਦ ਬਣੇਗਾ ਸਲਮਾਨ
NEXT STORY