''ਗੁਪਤਾ ਜੀ! ਬਹੁਤ-ਬਹੁਤ ਵਧਾਈ ਹੋਵੇ। ਚਲੋ, ਸਮਾਂ ਤਾਂ ਬਹੁਤ ਲੰਘ ਗਿਆ ਪਰ ਪ੍ਰਮਾਤਮਾ ਨੇ ਕ੍ਰਿਪਾ ਕੀਤੀ, ਘਰ ਵਿਚ ਬੱਚੇ ਦੀ ਆਮਦ ਹੋਈ।'' ਗੁਪਤਾ ਜੀ ਨੂੰ ਉਨ੍ਹਾਂ ਦੇ ਦੋਸਤ ਜੁਗਿੰਦਰ ਨੇ ਮੁੰਡਾ ਹੋਣ ਦੀ ਵਧਾਈ ਦਿੰਦਿਆਂ ਆਪਣੇ ਗਲੇ ਲਾ ਲਿਆ।
ਵੀਹ ਸਾਲ ਹੋ ਗਏ ਸਨ ਗੁਪਤਾ ਜੀ ਦੀ ਸ਼ਾਦੀ ਹੋਈ ਨੂੰ। ਮੀਆਂ-ਬੀਵੀ ਡਾਕਟਰਾਂ ਦੇ ਕਹੇ ਕਈ ਟੈਸਟ ਕਰਵਾ ਚੁੱਕੇ ਸਨ। ਮਜ਼ੇ ਦੀ ਗੱਲ ਇਹ ਸੀ ਕਿ ਹਰ ਟੈਸਟ 'ਚੋਂ ਉਹ ਥੋੜ੍ਹੇ-ਬਹੁਤ ਨੁਕਸ ਨਾਲ ਪਾਸ ਹੀ ਹੁੰਦੇ ਰਹੇ ਪਰ ਇਲਾਜ ਤੋਂ ਬਾਅਦ ਵੀ ਉਨ੍ਹਾਂ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਨਾ ਗੂੰਜ ਸਕੀਆਂ। ਇਹ ਸ਼ਾਇਦ ਕੁਦਰਤ ਦਾ ਕ੍ਰਿਸ਼ਮਾ ਹੀ ਸੀ। ਕਿਸੇ ਵੇਲੇ ਦੋਵੇਂ ਜੀਅ ਬਹੁਤ ਦੁਖੀ ਹੋ ਜਾਂਦੇ। ਉਨ੍ਹਾਂ ਨੇ ਕਈ ਵਾਰ ਬੱਚਾ ਗੋਦ ਲੈਣ ਬਾਰੇ ਵੀ ਸੋਚਿਆ। ਫਿਰ ਕੋਈ ਨਾ ਕੋਈ ਉਨ੍ਹਾਂ ਦੀ ਉਮੀਦ ਜਗਾ ਦਿੰਦਾ। ਇਸ ਜੱਕੋ-ਤੱਕੀ ਵਿਚ ਕਈ ਸਾਲ ਲੰਘ ਗਏ। ਡਾਕਟਰ ਵੀ ਕਹਿਣ ਲੱਗ ਪਏ ਕਿ 40-45 ਸਾਲ ਤੋਂ ਬਾਅਦ ਆਮ ਹਾਲਤਾਂ ਵਿਚ ਔਰਤ ਦੇ ਬੱਚਾ ਹੋਣਾ ਬਹੁਤ ਰਿਸਕੀ ਹੋ ਜਾਂਦਾ ਹੈ। ਕਈ ਵਾਰ ਮਾਂ ਦੀ ਮੌਤ ਹੀ ਹੋ ਜਾਂਦੀ ਹੈ ਪਰ ਕੁਦਰਤ ਵੀ ਕ੍ਰਿਸ਼ਮੇ ਕਰਦੀ ਰਹਿੰਦੀ ਹੈ। ਕਈ ਵਾਰ ਅਖ਼ਬਾਰਾਂ ਵਿਚ ਪੜ੍ਹਿਆ ਹੈ ਕਿ 55-60 ਸਾਲ ਦੀ ਔਰਤ ਦੇ ਤੰਦਰੁਸਤ ਬੱਚਾ ਪੈਦਾ ਹੋਇਆ ਅਤੇ ਦੋਵੇਂ ਠੀਕ-ਠਾਕ ਹਨ। ਕੀ ਇਹ ਕੁਦਰਤ ਦਾ ਕ੍ਰਿਸ਼ਮਾ ਨਹੀਂ ਹੈ? ਜਦੋਂ ਮਿਸਿਜ਼ ਗੁਪਤਾ ਦੇ ਬੱਚਾ ਹੋਇਆ, ਉਦੋਂ ਉਹ ਵੀ ਆਮ ਉਮਰ ਨੂੰ ਲੰਘ ਚੁੱਕੀ ਸੀ। ਉਸ ਦੀ ਇਕੋ-ਇਕ ਤਮੰਨਾ ਸੀ ਕਿ ''ਬੇਸ਼ੱਕ ਮੈਨੂੰ ਬੱਚੇ ਦਾ ਮੂੰਹ ਦੇਖਦਿਆਂ ਹੀ ਮੌਤ ਆ ਜਾਏ ਪਰ ਲੋਕ ਮੈਨੂੰ ਔਂਤਰੀ ਕਰਕੇ ਯਾਦ ਨਾ ਕਰਨ।''
ਜਦੋਂ ਮਿਸਿਜ਼ ਗੁਪਤਾ ਨੂੰ ਇਹ ਪਤਾ ਲੱਗਾ ਕਿ ਉਹ ਮਾਂ ਬਣਨ ਵਾਲੀ ਹੈ ਤਾਂ ਉਸ ਨੂੰ ਅਪਾਰ ਖੁਸ਼ੀ ਹੋਈ। ਉਸ ਨੇ ਘਰੋਂ ਬਾਹਰ ਨਿਕਲਣਾ ਬੰਦ ਹੀ ਕਰ ਦਿੱਤਾ ਕਿਉਂਕਿ ਇਸ ਉਮਰ ਅਤੇ ਇਸ ਹਾਲਤ ਵਿਚ ਉਸ ਨੂੰ ਬਾਹਰ ਨਿਕਲਦਿਆਂ ਸ਼ਰਮ ਮਹਿਸੂਸ ਹੁੰਦੀ ਸੀ। ਸ਼ਰਮ ਤਾਂ ਗੁਪਤਾ ਵੀ ਮੰਨਦੇ ਸਨ ਕਿਉਂਕਿ ਉਨ੍ਹਾਂ ਦੇ ਦੋਸਤ ਕਈ ਵਾਰ ਮਸ਼ਕਰੀ ਕਰ ਦਿੰਦੇ ਸਨ।
ਆਖਿਰ ਮਿਸਿਜ਼ ਗੁਪਤਾ ਨੇ ਇਕ ਲੜਕੇ ਨੂੰ ਜਨਮ ਦਿੱਤਾ। ਮੀਆਂ-ਬੀਵੀ ਬੱਚੇ ਨੂੰ ਬਹੁਤ ਪਿਆਰ ਕਰਦੇ ਤੇ ਨਾਜ਼ੁਕ ਫੁੱਲਾਂ ਦੀ ਤਰ੍ਹਾਂ ਰੱਖਦੇ। ਦੋਵੇਂ ਜੀਅ ਮੁੰਡੇ ਦੇ ਪਿਆਰ ਵਿਚ ਏਨੇ ਖੁੱਭ ਗਏ ਕਿ ਬਾਹਰਲੀ ਦੁਨੀਆ ਨੂੰ ਜਿਵੇਂ ਭੁੱਲ ਹੀ ਗਏ। ਹੌਲੀ-ਹੌਲੀ ਪੁੱਤਰ ਤਿੰਨ ਸਾਲ ਦਾ ਹੋ ਗਿਆ। ਗੁਪਤਾ ਜੀ ਨੇ ਇਕ ਇਕੱਠ ਕੀਤਾ। ਗੀਤਾ ਦੇ ਪਾਠ ਤੋਂ ਬਾਅਦ ਪੁੱਤਰ ਦਾ ਨਾਮਕਰਨ ਹੋਇਆ। ਨਾਮ ਰੱਖਿਆ ਗਿਆ ਰਾਜ ਕੁਮਾਰ।
ਨਾਮਕਰਨ ਤੋਂ ਦੂਸਰੇ ਦਿਨ ਹੀ ਰਾਜ ਕੁਮਾਰ ਨੂੰ ਇਕ ਵਧੀਆ ਸਕੂਲ ਵਿਚ ਦਾਖ਼ਲ ਕਰ ਦਿੱਤਾ ਗਿਆ, ਜੋ ਉਨ੍ਹਾਂ ਦੇ ਘਰ ਦੇ ਨੇੜੇ ਹੀ ਸੀ। ਸਵੇਰੇ ਪਿਤਾ ਛੱਡ ਆਉਂਦਾ ਤੇ ਦੁਪਹਿਰ ਨੂੰ ਮਾਂ-ਪੁੱਤ ਗੱਲਾਂ ਕਰਦੇ-ਕਰਦੇ ਸਕੂਲੋਂ ਘਰ ਆ ਜਾਂਦੇ। ਇਕ ਦਿਨ ਜਦੋਂ ਮਿਸਿਜ਼ ਗੁਪਤਾ ਬੇਟੇ ਨੂੰ ਲੈਣ ਗਈ ਤਾਂ ਇਕ ਘਟਨਾ ਹੋ ਗਈ। ਛੁੱਟੀ ਤੋਂ ਬਾਅਦ ਦੋਵੇਂ ਮਾਂ-ਪੁੱਤ ਗੱਲਾਂ ਕਰਦੇ ਸੜਕ ਦੇ ਕੰਢੇ ਤੁਰੇ ਆ ਰਹੇ ਸਨ ਕਿ ਇਕ ਦਸ-ਬਾਰ੍ਹਾਂ ਸਾਲ ਦੇ ਬੱਚੇ ਨੇ ਗਲਤ ਪਾਸੇ ਤੋਂ ਐਕਟਿਵਾ ਉਨ੍ਹਾਂ ਵਿਚ ਲਿਆ ਮਾਰੀ। ਮਿਸਿਜ਼ ਗੁਪਤਾ ਐਕਟਿਵਾ ਦੇ ਧੱਕੇ ਨਾਲ ਸੜਕ 'ਤੇ ਪਏ ਪੱਥਰਾਂ ਦੇ ਢੇਰ ਉੱਤੇ ਜਾ ਡਿੱਗੀ। ਉਸ ਦੇ ਸਿਰ ਵਿਚ ਸੱਟ ਲੱਗ ਗਈ ਤੇ ਉਹ ਬੇਹੋਸ਼ ਹੋ ਗਈ। ਕਿਸੇ ਨੇ ਰਾਜ ਕੁਮਾਰ ਦੇ ਬੈਜ ਤੋਂ ਘਰ ਦਾ ਫੋਨ ਨੰਬਰ ਦੇਖ ਕੇ ਫੋਨ ਕੀਤਾ ਅਤੇ ਘਟਨਾ ਦੀ ਜਾਣਕਾਰੀ ਦਿੱਤੀ। ਗੁਪਤਾ ਜੀ ਕਿਸੇ ਕੰਮ ਘਰ ਆਏ ਹੋਏ ਸਨ, ਫੋਨ ਸੁਣ ਕੇ ਉਹ ਘਟਨਾ ਵਾਲੀ ਥਾਂ ਪਹੁੰਚੇ। ਉਨ੍ਹਾਂ ਬੀਵੀ ਨੂੰ ਗੱਡੀ 'ਚ ਪਾਇਆ ਤੇ ਬੇਟੇ ਨੂੰ ਨਾਲ ਲੈ ਹਸਪਤਾਲ ਪਹੁੰਚੇ।
ਡਾਕਟਰ ਬਹੁਤ ਕੋਸ਼ਿਸ਼ ਕਰ ਹਟੇ ਪਰ ਮਿਸਿਜ਼ ਗੁਪਤਾ ਹੋਸ਼ ਵਿਚ ਨਾ ਆ ਸਕੀ। ਇਸੇ ਬੇਹੋਸ਼ੀ ਦੀ ਹਾਲਤ ਵਿਚ ਹੀ ਉਹ ਇਸ ਦੁਨੀਆ ਤੋਂ ਤੁਰ ਗਈ। ਗੁਪਤਾ ਜੀ ਦੀ ਤਾਂ ਜਿਵੇਂ ਦੁਨੀਆ ਹੀ ਉੱਜੜ ਗਈ। ਇਸ ਦੁੱਖ ਤੋਂ ਉੱਭਰਨ ਲਈ ਉਨ੍ਹਾਂ ਸਾਰਾ ਧਿਆਨ ਪੁੱਤਰ ਦੀ ਪਾਲਣਾ ਅਤੇ ਪੜ੍ਹਾਈ ਵੱਲ ਲਾ ਦਿੱਤਾ। ਉਨ੍ਹਾਂ ਦੀ ਸਾਲਾਂ ਦੀ ਮਿਹਨਤ ਦਾ ਸਿੱਟਾ ਇਹ ਨਿਕਲਿਆ ਕਿ ਰਾਜ ਕੁਮਾਰ ਪੜ੍ਹ-ਲਿਖ ਕੇ ਸਫਲ ਬਿਜ਼ਨੈੱਸਮੈਨ ਬਣ ਗਿਆ। ਫਿਰ ਉਸ ਦੀ ਸ਼ਾਦੀ ਵੀ ਇਕ ਵੱਡੇ ਘਰ ਵਿਚ ਹੋ ਗਈ।
ਰਾਜ ਕੁਮਾਰ ਦੀ ਦੇਖਭਾਲ ਕਰਦਿਆਂ ਗੁਪਤਾ ਜੀ ਆਪਣਾ ਆਪ ਭੁੱਲ ਗਏ। ਨਤੀਜਾ ਇਹ ਹੋਇਆ ਕਿ ਉਹ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਗਏ, ਜੋ ਹੌਲੀ-ਹੌਲੀ ਹੁਣ ਆਪਣਾ ਅਸਰ ਦਿਖਾਉਣ ਲੱਗੀਆਂ, ਜਿਸ ਕਰਕੇ ਉਨ੍ਹਾਂ ਨੂੰ ਸਹਾਰੇ ਦੀ ਲੋੜ ਪੈਣ ਲੱਗੀ ਪਰ ਬਹੁਤ ਪੜ੍ਹੇ-ਲਿਖੇ ਨੂੰਹ-ਪੁੱਤ ਗੁਪਤਾ ਜੀ ਦੇ ਸਾਦਾਪਣ ਨੂੰ ਪਸੰਦ ਨਹੀਂ ਸੀ ਕਰਦੇ। ਇਸ ਕਰਕੇ ਉਹ ਗੁਪਤਾ ਜੀ ਨਾਲ ਕਿਤੇ ਜਾਣਾ, ਆਪਣੀ ਸ਼ਾਨ ਦੇ ਖਿਲਾਫ ਸਮਝਦੇ। ਉਹ ਇਹ ਵੀ ਨਹੀਂ ਸਨ ਚਾਹੁੰਦੇ ਕਿ ਗੁਪਤਾ ਜੀ ਹਰ ਵੇਲੇ ਉਨ੍ਹਾਂ ਨੂੰ ਆਵਾਜ਼ਾਂ ਦੇ ਕੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬੇ-ਸੁਆਦੀ ਕਰਨ।
ਹੌਲੀ-ਹੌਲੀ ਸਮਾਂ ਅਜਿਹਾ ਆ ਗਿਆ ਕਿ ਗੁਪਤਾ ਜੀ ਆਪਣੇ ਕਮਰੇ ਵਿਚ ਇਕੱਲੇ ਰਹਿਣ ਲਈ ਮਜਬੂਰ ਹੋ ਗਏ। ਨੂੰਹ-ਪੁੱਤ ਦੋਵੇਂ ਦਫਤਰ ਚਲੇ ਜਾਂਦੇ ਤਾਂ ਤਕਲੀਫ ਵਿਚ ਵੀ ਗੁਪਤਾ ਜੀ ਇਕੱਲਾ ਘਰ ਛੱਡ ਕੇ ਕਿਤੇ ਨਾ ਜਾ ਸਕਦੇ। ਉਨ੍ਹਾਂ ਜੋ ਨੌਕਰ ਰੱਖਿਆ ਹੋਇਆ ਸੀ, ਉਹ ਵੀ ਨੂੰਹ-ਪੁੱਤ ਵੱਲ ਦੇਖ ਕੇ ਗੁਪਤਾ ਜੀ ਨੂੰ ਨਜ਼ਰਅੰਦਾਜ਼ ਕਰ ਛੱਡਦਾ ਸੀ। ਜਿਵੇਂ ਹੀ ਮੀਆਂ-ਬੀਵੀ ਘਰੋਂ ਦਫ਼ਤਰ ਨੂੰ ਨਿਕਲਦੇ, ਨੌਕਰ ਵੀ ਕਿਸੇ ਨਾ ਕਿਸੇ ਬਹਾਨੇ ਨਿਕਲ ਜਾਂਦਾ ਜਾਂ ਆਪਣੇ ਕਮਰੇ ਵਿਚ ਟੀ. ਵੀ. ਦੇ ਫੁੱਲ ਵਾਲਿਊਮ ਨਾਲ ਗਾਣੇ ਸੁਣਦਾ ਰਹਿੰਦਾ। ਉਸ ਨੂੰ ਕਿਸੇ ਦੀ ਕੋਈ ਫਿਕਰ ਨਾ ਹੁੰਦੀ।
ਗੁਪਤਾ ਜੀ ਕੋਈ ਸਰਕਾਰੀ ਮੁਲਾਜ਼ਮ ਤਾਂ ਹੈ ਨਹੀਂ ਸਨ, ਜੋ ਉਨ੍ਹਾਂ ਨੂੰ ਪੈਨਸ਼ਨ ਦਾ ਲਾਭ ਮਿਲਦਾ। ਸਾਡੀਆਂ ਸਰਕਾਰਾਂ ਵੀ ਆਪਣੇ ਹੀ ਢਿੱਡ ਭਰਨ ਜੋਗੀਆਂ ਹਨ, ਬੁੜ੍ਹਿਆਂ ਦੀ ਸਰਕਾਰ ਨੂੰ ਕੋਈ ਫਿਕਰ ਨਹੀਂ ਹੈ ਕਿ ਉਹ ਕਿਸ ਹਾਲਤ ਵਿਚ ਦਿਨ ਕੱਟੀ ਕਰਦੇ ਹਨ। ਕਹਿਣ ਨੂੰ ਚੰਦ ਲੋਕਾਂ ਦੀ ਢਾਈ ਸੌ ਰੁਪਏ ਮਹੀਨਾ ਪੈਨਸ਼ਨ ਲਾਈ ਹੋਈ ਹੈ, ਜਿਸ ਨਾਲ ਮਹੀਨੇ ਦੀ ਚਾਹ ਵੀ ਨਹੀਂ ਤੁਰਦੀ। ਰੋਟੀ ਕਿੱਥੋਂ ਮਹੀਨਾ ਤੁਰੇਗੀ? ਆਪਣੀ ਫਿਕਰ ਕੀਤੇ ਬਗੈਰ ਗੁਪਤਾ ਜੀ ਆਪਣੀ ਸਾਰੀ ਜਮ੍ਹਾ ਪੂੰਜੀ ਪੁੱਤਰ ਦੀ ਪੜ੍ਹਾਈ ਅਤੇ ਪਾਲਣ 'ਤੇ ਇਸ ਉਮੀਦ ਨਾਲ ਲਾ ਚੁੱਕੇ ਸਨ ਕਿ ਪੁੱਤਰ ਉਨ੍ਹਾਂ ਦਾ ਆਸਰਾ ਹੈ ਪਰ ਪੁੱਤਰ ਤਾਂ ਹੁਣ....। ਇਕ ਦਿਨ ਗੁਪਤਾ ਜੀ ਨੂੰ ਬੁਖਾਰ ਹੋ ਗਿਆ ਪਰ ਉਨ੍ਹਾਂ ਕੋਲ ਕੋਈ ਪੈਸਾ ਨਹੀਂ ਸੀ ਦਵਾਈ ਲਿਆਉਣ ਲਈ। ਸ਼ਾਮੀਂ ਨੂੰਹ-ਪੁੱਤ ਹਨੇਰੇ ਹੋਏ ਆਏ। ਸਵੇਰੇ ਪਿਤਾ ਨੇ ਪੁੱਤਰ ਕੋਲੋਂ ਦਵਾਈ ਲਈ ਪੈਸੇ ਮੰਗੇ ਤਾਂ ਉਸ ਨੇ, ''ਮੈਨੂੰ ਜਲਦੀ ਹੈ, ਰਜਨੀ ਕੋਲੋਂ ਲੈ ਲੈਣਾ'' ਕਹਿ ਕੇ ਆਪਣੀ ਜਾਨ ਛੁਡਾਈ ਤੇ ਦਫਤਰ ਚਲੇ ਗਿਆ। ਥੋੜ੍ਹੇ ਚਿਰ ਪਿੱਛੋਂ ਉਹ ਨੂੰਹ ਵੱਲ ਗਏ, ਉਹ ਵੀ ਕੰਮ 'ਤੇ ਜਾ ਚੁੱਕੀ ਸੀ। ਗੁਪਤਾ ਜੀ ਤਕਲੀਫ ਸਹਿੰਦੇ ਕਈ ਚਿਰ ਸੋਚਦੇ ਰਹੇ। ਫਿਰ ਉਹ ਇਹ ਸੋਚ ਕੇ ਡਾਕਟਰ ਕੋਲ ਚਲੇ ਗਏ ਕਿ ਸ਼ਾਮ ਨੂੰ ਰਾਜ ਕੁਮਾਰ ਤੋਂ ਪੈਸੇ ਲੈ ਕੇ ਦੇਣਗੇ।
ਸ਼ਾਮੀਂ ਰਜਨੀ ਵੀ ਡਾਕਟਰ ਕੋਲ ਗਈ ਤਾਂ ਉਸ ਨੇ ਗੁਪਤਾ ਜੀ ਵਾਲੇ ਪੈਸੇ ਵੀ ਮੰਗ ਲਏ। ਰਜਨੀ ਡਾਕਟਰ ਨੂੰ ਤਾਂ ਪੈਸੇ ਦੇ ਆਈ ਪਰ ਘਰ ਆ ਕੇ ਉਹ ਗੁਪਤਾ ਜੀ ਨਾਲ ਬਹੁਤ ਔਖੀ ਹੋਈ ਕਿ ਉਨ੍ਹਾਂ ਡਾਕਟਰ ਨਾਲ ਉਧਾਰ ਕਰਕੇ ਸਾਡੀ ਬੇਇੱਜ਼ਤੀ ਕੀਤੀ ਹੈ। ਇਹ ਬੋਲ ਬੁਲਾਰਾ ਹੋ ਹੀ ਰਿਹਾ ਸੀ ਕਿ ਬੇਟਾ ਵੀ ਆ ਗਿਆ। ਉਹ ਵੀ ਪਿਤਾ ਨਾਲ ਔਖਾ ਹੋਣ ਲੱਗਾ, ਜਿਸ ਦੇ ਨਤੀਜੇ ਵਜੋਂ ਗੁਪਤਾ ਜੀ ਨਿਰਾਸ਼ਾ ਨਾਲ ਭਰੇ ਹੋਏ ਘਰੋਂ ਬਾਹਰ ਨੂੰ ਨਿਕਲ ਗਏ। ਸ਼ਾਮ ਰਾਤ ਵਿਚ ਬਦਲਣ ਲੱਗੀ ਸੀ, ਥਾਣੇਦਾਰ ਨਿਹਾਲ ਸਿੰਘ ਕਿਸੇ ਕੰਮ ਜਾ ਰਿਹਾ ਸੀ, ਉਸ ਨੇ ਦੇਖਿਆ ਇਕ ਆਦਮੀ ਰੇਲਵੇ ਲਾਈਨ ਉਤੇ ਬੈਠਾ ਹੈ ਤੇ ਗੱਡੀ ਵੀ ਆਉਣ ਵਾਲੀ ਹੈ। ਉਸ ਨੇ ਆਪਣਾ ਮੋਟਰਸਾਈਕਲ ਖੜ੍ਹਾ ਕੀਤਾ ਤੇ ਉਸ ਆਦਮੀ ਕੋਲ ਗਿਆ। ਉਸ ਨੇ ਦੇਖਿਆ ਉਹ ਕੋਈ ਬਜ਼ੁਰਗ ਹੈ।
''ਏਥੇ ਬੈਠੇ ਕੀ ਕਰ ਰਹੇ ਹੋ?'' ਥਾਣੇਦਾਰ ਨੇ ਉਸ ਨੂੰ ਪੁੱਛਿਆ।
''ਮੈਂ ਮੌਤ ਦੀ ਉਡੀਕ ਕਰ ਰਿਹਾ ਹਾਂ।'' ਉਸ ਨੇ ਥਾਣੇਦਾਰ ਵੱਲ ਦੇਖਦਿਆਂ ਕਿਹਾ। ''ਘਰ ਵਿਚ ਕੌਣ-ਕੌਣ ਹੈ?'' ਥਾਣੇਦਾਰ ਨੇ ਅਗਲਾ ਸੁਆਲ ਕੀਤਾ।
''ਘਰ ਵਿਚ ਨੂੰਹ-ਪੁੱਤਰ ਤੇ ਉਨ੍ਹਾਂ ਦਾ ਨੌਕਰ ਹੈ। ਕਿਸੇ ਕੋਲ ਵੀ ਮੇਰੇ ਲਈ ਸਮਾਂ ਨਹੀਂ ਹੈ। ਮੈਨੂੰ ਦੋ ਦਿਨ ਤੋਂ ਬੁਖਾਰ ਹੈ, ਮੇਰੇ ਕੋਲ ਕੋਈ ਪੈਸਾ ਨਹੀਂ ਹੈ ਤੇ ਨੂੰਹ-ਪੁੱਤ ਕੋਲ ਮੇਰੇ ਲਈ ਦਵਾਈ ਲੈਣ ਲਈ ਨਾ ਪੈਸੇ ਹਨ ਤੇ ਨਾ ਹੀ ਵਿਹਲ। ਇਸ ਲਈ ਮੈਂ ਸੋਚਿਆ ਇਸ ਜੀਊਣ ਨਾਲੋਂ ਤਾਂ ਮਰ ਜਾਣਾ ਹੀ ਚੰਗਾ ਹੈ ਤਾਂ ਕਿ ਸਾਰੇ ਆਜ਼ਾਦ ਹੋ ਜਾਣ, ਇਸ ਲਈ ਏਥੇ ਬੈਠਾ ਗੱਡੀ ਦੀ ਉਡੀਕ ਕਰ ਰਿਹਾ ਹਾਂ''। ਬਜ਼ੁਰਗ ਨੇ ਆਪਣੇ ਮਨ ਦੀ ਪੀੜ ਥਾਣੇਦਾਰ ਅੱਗੇ ਰੱਖ ਦਿੱਤੀ। ਥਾਣੇਦਾਰ ਨੇ ਉਸ ਨੂੰ ਉਠਾਉਣ ਲਈ ਬਾਹੋਂ ਫੜਿਆ। ਉਸ ਨੂੰ ਲੱਗਾ ਜਿਵੇਂ ਉਸ ਦੇ ਹੱਥ ਵਿਚ ਕੋਈ ਤਪਦੀ ਚੀਜ਼ ਆ ਗਈ ਹੋਵੇ।
''ਆਓ ਮੇਰੇ ਨਾਲ ਪਹਿਲਾਂ ਤੁਹਾਨੂੰ ਡਾਕਟਰ ਕੋਲ ਲੈ ਕੇ ਚੱਲਾਂ ਤੇ ਫਿਰ.....''
''ਇਹ ਤੁਹਾਡੇ ਕੋਲ ਦੁਆਈ ਲੈਣ ਆਏ ਸੀ? '' ਥਾਣੇਦਾਰ ਨੇ ਡਾਕਟਰ ਨੂੰ ਪੁੱਛਿਆ।
''ਹਾਂ ਦੋ ਦਿਨ ਪਹਿਲਾਂ ਆਏ ਸੀ, ਇਨ੍ਹਾਂ ਕੋਲ ਪੈਸੇ ਨਹੀਂ ਸਨ, ਇਹ ਪਰਿਵਾਰ ਮੇਰੇ ਕੋਲ ਹੀ ਦਵਾਈ ਲੈਣ ਆਉਂਦਾ ਹੈ, ਦੁਆਈ ਮੈਂ ਉਨ੍ਹਾਂ ਨੂੰ ਦੇ ਦਿੱਤੀ ਸੀ''। ਗੱਲ ਕਰਦਿਆਂ-ਕਰਦਿਆਂ ਡਾਕਟਰ ਨੇ ਟੀਕਾ ਲਾਇਆ ਤੇ ਦੁਆਈ ਦੇ ਦਿੱਤੀ। ਥਾਣੇਦਾਰ ਨੇ ਪੈਸੇ ਦਿੱਤੇ ਤੇ ਗੁਪਤਾ ਜੀ ਨੂੰ ਥਾਣੇ ਲੈ ਗਿਆ। ਉਥੋਂ ਸਿਪਾਹੀ ਨੂੰ ਭੇਜਿਆ ਕਿ ਉਹ ਗੁਪਤਾ ਜੀ ਦੇ ਨੂੰਹ-ਪੁੱਤ ਨੂੰ ਥਾਣੇ ਲੈ ਕੇ ਆਵੇ।
ਸਿਪਾਹੀ ਨੇ ਦਰਵਾਜ਼ਾ ਖੜਕਾਇਆ ਤਾਂ ਰਜਨੀ ਬਾਹਰ ਨਿਕਲੀ। ਸਿਪਾਹੀ ਨੂੰ ਦੇਖ ਉਹ ਠਠੰਬਰ ਗਈ। ''ਬਜ਼ੁਰਗ ਕਿੱਥੇ ਹਨ?'' ਸਿਪਾਹੀ ਨੇ ਫਟਾਕ ਦੇਣੀ ਸੁਆਲ ਮਾਰਿਆ। ਘਬਰਾਈ ਹੋਈ ਰਜਨੀ ਦੇ ਮੂੰਹੋਂ ਨਿਕਲਿਆ, ''ਪਤਾ ਨਹੀਂ''। ਇਸ ਤੋਂ ਪਹਿਲਾਂ ਕਿ ਕੋਈ ਕੁਝ ਬੋਲਦਾ ਰਾਜ ਕੁਮਾਰ ਵੀ ਆ ਗਿਆ। ''ਆ ਜਾਓ ਫਿਰ ਦੋਵੇਂ ਮੇਰੇ ਨਾਲ, ਮੈਂ ਦੱਸਦਾ ਹਾਂ, ਉਹ ਕਿੱਥੇ ਹਨ?'' ਸਿਪਾਹੀ ਨੇ ਮੋਟਰਸਾਈਕਲ ਸਟਾਰਟ ਕਰ ਲਿਆ। ਉਹ ਦੋਵੇਂ ਵੀ ਗੱਡੀ ਲੈ ਕੇ ਸਿਪਾਹੀ ਦੇ ਪਿੱਛੇ ਹੋ ਗਏ। ਸਿਪਾਹੀ ਨੇ ਮੋਟਰਸਾਈਕਲ ਥਾਣੇ ਜਾ ਖੜ੍ਹਾ ਕੀਤਾ।
''ਜਿਨ੍ਹੇ ਤੈਨੂੰ ਪਾਲ ਪੋਸ ਕੇ ਏਡਾ ਕੀਤਾ ਤੈਨੂੰ ਉਸ ਦੀ ਪਰਵਾਹ ਨਹੀਂ, ਕਿੱਥੇ ਨੇ ਬਾਪੂ?'' ਥਾਣੇਦਾਰ ਨੇ ਦਬਕਾ ਮਾਰਦਿਆਂ ਪੁੱਛਿਆ। ''ਜੀ ਪਤਾ ਨਹੀਂ''। ਥਾਣੇਦਾਰ ਨੇ ਘੂਰ ਕੇ ਦੇਖਿਆ। ''ਹਾਂ, ਹੁਣ ਕਾਨੂੰ ਪਤਾ ਹੋਣਾ ਹੁਣ ਉਸ ਨੂੰ ਰੋਟੀ ਖੁਆਉਣੀ ਪੈਣੀ ਆ, ਹੁਣ ਤਾਂ ਇਹੋ ਸੋਚਦਾ ਹੋਏਂਗਾ ਕਿ ਮਰੇ ਕਿਤੇ ਜਾ ਕੇ ਪਿੱਛਾ ਛੱਡੇ''। ਥਾਣੇਦਾਰ ਦੇ ਗੁੱਸੇ ਭਰੇ ਬੋਲ ਸੁਣ ਕੇ ਨੂੰਹ-ਪੁੱਤ ਕੁਝ ਨਾ ਬੋਲ ਸਕੇ।
''ਇਨ੍ਹਾਂ ਨੂੰ ਮੈਂ ਰੇਲਵੇ ਲਾਈਨ ਤੋਂ ਲੈ ਕੇ ਆਇਆ, ਜੇ 5 ਮਿੰਟ ਲੇਟ ਹੋ ਜਾਂਦਾ ਤਾਂ ਤੁਸੀਂ ਸਾਰੀ ਉਮਰ ਲਈ ਬੱਝ ਜਾਣਾ ਸੀ। ਮੇਰੇ ਕੋਲ ਇਨ੍ਹਾਂ ਦਾ ਬਿਆਨ ਨੋਟ ਹੋ ਗਿਆ। ਜੇ ਕੱਲ ਨੂੰ ਵੀ ਕੋਈ ਅਜਿਹੀ ਗੱਲ ਹੋ ਗਈ, ਫਿਰ ਤੁਹਾਡੀ ਤਾਂ ਖੈਰ ਨਹੀਂ। ਇਹ ਗੱਲ ਚੰਗੀ ਤਰ੍ਹਾਂ ਚੇਤੇ ਰੱਖਿਓ। ਅਸੀਂ ਲੋਕ ਹੈ ਤਾਂ ਬਦਨਾਮ ਹੀ, ਪਰ ਮੈਂ ਬਾਪੂ ਨੂੰ ਐਦਾਂ ਨਹੀਂ ਮਰਨ ਦਿਆਂਗਾ। ਤਿੰਨ ਦਿਨ ਹੋ ਗਏ ਉਹ ਬੀਮਾਰ ਹੈ, ਤੁਸੀਂ ਦਵਾਈ ਲੈ ਕੇ ਦਿੱਤੀ? ਸਾਰੀ ਦਿਹਾੜੀ ਘਰ ਰਹਿਣ ਵਾਲਾ ਇਨਸਾਨ ਦੋ ਘੰਟੇ ਤੋਂ ਘਰ ਨਹੀਂ ਤੁਸੀਂ ਪਤਾ ਕੀਤਾ ਉਹ ਕਿੱਥੇ ਹੈ? ਤੁਸੀਂ ਤਾਂ ਸੁਖ ਦਾ ਸਾਹ ਲਿਆ ਹੋਣਾ ਬਈ ਬਲਾ ਗਲੋਂ ਲੱਥੀ''।
ਥਾਣੇਦਾਰ ਨੇ ਘ੍ਰਿਣਾ ਭਰੀ ਨਜ਼ਰ ਨਾਲ ਦੋਹਾਂ ਵੱਲ ਦੇਖਦਿਆਂ ਕਿਹਾ, ''ਬੜੀ ਮੁਸ਼ਕਿਲ ਨਾਲ ਮੈਨੂੰ ਕੋਈ ਚੰਗਾ ਕੰਮ ਕਰਨ ਨੂੰ ਮਿਲਿਆ, ਸੋ ਮੈਂ ਉਸਨੂੰ ਬੇਮੌਤ ਨਹੀਂ ਮਰਨ ਦਿਆਂਗਾ। ਹੁਣ ਤੁਸੀਂ ਬੈਠ ਜਾਓ ਤੇ ਮੇਰੇ ਨਾਲ ਵਾਅਦਾ ਕਰੋ ਕਿ ਅੱਗੋਂ ਤੋਂ ਤੁਸੀਂ ਬਾਪੂ ਜੀ ਨੂੰ ਤੰਗ ਨਹੀਂ ਕਰੋਗੇ, ਕੋਈ ਤਕਲੀਫ ਨਹੀਂ ਦਿਓਗੇ। ਉਨ੍ਹਾਂ ਦੇ ਰੋਟੀ-ਕੱਪੜੇ ਦਾ ਪੂਰੀ ਤਰ੍ਹਾਂ ਖਿਆਲ ਰੱਖੋਗੇ। ਸਮੇਂ ਸਿਰ ਡਾਕਟਰ ਦੇ ਲੈ ਕੇ ਜਾਓਗੇ। ਹਾਂ ਤੁਹਾਡਾ ਨੌਕਰ ਕੀ ਕਰਦਾ ਸਾਰੀ ਦਿਹਾੜੀ? ਉਸ ਨੂੰ ਵੀ ਕਹੋ ਕਿ ਬੰਦੇ ਦਾ ਪੁੱਤ ਬਣ ਕੇ ਬਾਪੂ ਹੁਰਾਂ ਦੀ ਸੇਵਾ ਕਰੇ, ਨਹੀਂ ਤਾਂ ਪੁੱਠਾ ਲਟਕਾ ਦਿਆਂਗਾ''। ਥਾਣੇਦਾਰ ਦੀ ਇਸ ਝਾੜ-ਝੰਭ ਨੇ ਨੂੰਹ-ਪੁੱਤ ਦਾ ਰੰਗ ਪੀਲਾ ਪਾ ਦਿੱਤਾ। ਉਹ ਅੰਦਰੋਂ-ਅੰਦਰੀਂ ਡਰ ਗਏ ਤੇ ਤਰਲੇ ਭਰੀ ਆਵਾਜ਼ ਵਿਚ ਮੁਆਫੀ ਮੰਗਣ ਲੱਗੇ ਤੇ ਅੱਗੇ ਤੋਂ ਗੁਪਤਾ ਜੀ ਦਾ ਪੂਰਾ ਖਿਆਲ ਰੱਖਣ ਦਾ ਵਾਅਦਾ ਵੀ ਕੀਤਾ।
''ਰਾਮ ਸਿੰਘ ਜਾ ਬਾਪੂ ਜੀ ਨੂੰ ਲੈ ਕੇ ਆ''। ਥਾਣੇਦਾਰ ਨੇ ਸਿਪਾਹੀ ਨੂੰ ਕਿਹਾ। ਰਾਮ ਸਿੰਘ ਦੂਸਰੇ ਕਮਰੇ 'ਚੋਂ ਗੁਪਤਾ ਜੀ ਨੂੰ ਲੈ ਆਇਆ। ''ਬਾਪੂ ਜੀ ਮੈਂ ਇਨ੍ਹਾਂ ਨੂੰ ਸਮਝਾ ਦਿੱਤਾ ਹੈ ਚੰਗੀ ਤਰ੍ਹਾਂ, ਫਿਰ ਵੀ ਜੇ ਇਹ ਟੀ-ਪੈਂ ਕਰਨ ਤਾਂ ਮੈਨੂੰ ਸੁਨੇਹਾ ਭੇਜ ਦੇਣਾ। ਬਸ ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣੇ। ਇਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਚੇਤਾ ਹੀ ਨਹੀਂ ਕਿ ਇਨ੍ਹਾਂ ਵੀ ਇਕ ਦਿਨ ਏਸ ਉਮਰ ਵਿਚ ਜਾਣਾ ਹੈ। ਸਾਡੀ ਬਾਣੀ ਕਹਿੰਦੀ ਹੈ ਕਿ ਜੋ ਬੀਜੋਗੇ ਉਹੀ ਵੱਢੋਗੇ। ਸੋ ਹੁਣ ਹੀ ਸਿੱਧੇ ਕੰਮ ਕਰੋ ਤਾਂ ਕਿ ਪਛਤਾਉਣਾ ਨਾ ਪਵੇ। ਹੁਣ ਖੁਸ਼ੀ-ਖੁਸ਼ੀ ਆਪਣੇ ਘਰ ਜਾਓ ਤਾਂ ਕਿ ਰੱਬ ਤੁਹਾਨੂੰ ਖੁਸ਼ੀਆਂ ਬਖਸ਼ੇ''।
ਉਸ ਦਿਨ ਤੋਂ ਬਾਅਦ ਘਰ ਦੀ ਚਾਲ ਹੀ ਬਦਲ ਗਈ। ਥਾਣੇਦਾਰ 15-20 ਦਿਨਾਂ ਪਿੱਛੋਂ ਗੁਪਤਾ ਜੀ ਨੂੰ ਮਿਲਣ ਆ ਜਾਂਦਾ। ਘਰ ਦਾ ਮਾਹੌਲ ਦੇਖ ਕੇ ਉਸ ਨੂੰ ਵੀ ਇਸ ਗੱਲ ਦੀ ਖੁਸ਼ੀ ਹੁੰਦੀ ਕਿ ਉਸ ਦੇ ਥੋੜ੍ਹੇ ਜਿਹੇ ਦਬਕੇ ਨਾਲ ਘਰ ਵਿਚ ਖੁਸ਼ੀਆਂ ਦਾ ਵਾਸਾ ਹੋ ਗਿਆ ਹੈ।
ਖੇਤੀ ਅਤੇ ਡੇਅਰੀ ਦਾ ਮਹਾਕੁੰਭ ਚੌਥਾ ਜੱਟ ਐਕਸਪੋ¸2014 ਮੇਲਾ
NEXT STORY