ਬਮਾਕੋ— ਮਾਲੀ ਵਿਚ ਇਬੋਲਾ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਉਸ ਪੁਰਸ਼ ਨਰਸ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਨੇ ਗਿਨੀ ਵਿਚ ਇਬੋਲਾ ਦੇ ਮਰੀਜ਼ ਦਾ ਇਲਾਜ ਕੀਤਾ ਸੀ। ਪਿਛਲੇ ਮਹੀਨੇ ਮਾਲੀ ਵਿਚ ਇਬੋਲਾ ਦਾ ਇਕ ਹੀ ਮਾਮਲਾ ਸਾਹਮਣੇ ਆਇਆ ਸੀ।
ਰਾਜਧਾਨੀ ਬਮਾਕੋ ਦੇ ਪਾਸਟਰ ਕਲੀਨਿਕ ਦੇ ਇਕ ਅਧਿਕਾਰੀ ਨੇ ਕਿਹਾ ਕਿ ਬੀਮਾਰੀ ਦੇ ਕਾਰਨ ਮਰਨ ਵਾਲੇ ਗਿਨੀ ਦੇ ਨਾਗਰਿਕ ਦੇ ਸੰਪਰਕ ਵਿਚ ਆਏ ਪੁਰਸ਼ ਨਰਸ ਦੀ ਮੌਤ ਹੋ ਗਈ। ਮਰਨ ਵਾਲਾ ਪੁਰਸ਼ ਨਰਸ ਕਲੀਨਿਕ ਵਿਚ ਹੀ ਕੰਮ ਕਰਦਾ ਸੀ। ਅਧਿਕਾਰੀ ਨੇ ਦੱਸਿਆ ਕਿ ਨਵੇਂ ਮਰੀਜ਼ ਦੇ ਪ੍ਰੀਖਣਾਂ ਵਿਚ ਇਬੋਲਾ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ। ਇਬੋਲਾ ਦੇ ਇਸ ਦੂਜੇ ਮਾਮਲੇ ਦੀ ਘੋਸ਼ਣਾ ਉਸ ਸਮੇਂ ਕੀਤੀ ਗਈ, ਜਦੋਂ ਮਾਲੀ ਦਾ ਪ੍ਰਸ਼ਾਸਨ 100 ਤੋਂ ਵੱਧ ਲੋਕਾਂ ਨੂੰ ਵੱਖ-ਵੱਖ ਰੱਖੇ ਜਾਣ ਸੰਬੰਧੀ ਰੋਕ ਨੂੰ ਹਟਾਉਣ 'ਤੇ ਵਿਚਾਰ ਕਰ ਰਿਹਾ ਸੀ। ਇਨ੍ਹਾਂ ਲੋਕਾਂ 'ਤੇ ਰੋਕ ਇਸ ਲਈ ਲਗਾਈ ਗਈ ਸੀ ਕਿਉਂਕਿ ਇਹ ਲੋਕ ਮਾਲੀ ਵਿਚ ਖਤਰਨਾਕ ਵਾਇਰਸ ਦੇ ਪਹਿਲੇ ਪੀੜਤ ਨਾਲ ਸੰਪਰਕ ਵਿਚ ਆਏ ਸਨ।
ਪਹਿਲੀ ਪੀੜਤ ਗਿਨੀ ਦੀ ਦੋ ਸਾਲ ਦੀ ਬੱਚੀ ਸੀ। ਬੱਚੀ ਨੇ 23 ਅਕਤੂਬਰ ਨੂੰ ਪੱਛਮੀ ਸ਼ਹਿਰ ਕਾਯੇਸ ਦੀ ਯਾਤਰਾ ਕੀਤੀ ਸੀ ਅਤੇ ਜਾਂਚ ਦੌਰਾਨ ਉਹ ਇਬੋਲਾ ਵਾਇਰਸ ਨਾਲ ਪੀੜਤ ਪਾਈ ਗਈ ਸੀ। ਇਸ ਤੋਂ ਅਗਲੇ ਦਿਨ ਉਸ ਦੀ ਮੌਤ ਹੋ ਗਈ ਸੀ। ਬੱਚੀ ਨੇ ਬੱਸ ਅਤੇ ਟੈਕਸੀ ਵਿਚ ਆਪਣੀ ਦਾਦੀ, ਭੈਣ ਅਤੇ ਚਾਚਾ ਦੇ ਨਾਲ ਯਾਤਰਾ ਕੀਤੀ ਸੀ। 1200 ਕਿਲੋਮੀਟਰ ਤੋਂ ਵੱਧ ਦੂਰੀ ਦੀ ਇਸ ਯਾਤਰਾ ਵਿਚ ਉਹ ਕਈ ਥਾਵਾਂ 'ਤੇ ਰੁਕੀ ਵੀ ਸੀ।
ਇਨ੍ਹਾਂ ਲੋਕਾਂ ਨੇ ਦੋ ਘੰਟੇ ਬਮਾਕੋ ਵਿਚ ਬਿਤਾਏ ਸਨ ਅਤੇ ਆਪਣੇ 25 ਰਿਸ਼ਤੇਦਾਰਾਂ ਨਾਲ ਮਿਲਣ ਵੀ ਗਏ ਸਨ। ਇਬੋਲਾ ਮਹਾਮਾਰੀ ਹੁਣ ਤੱਕ ਪੰਜ ਹਜ਼ਾਰ ਲੋਕਾਂ ਦੀ ਜਾਨ ਲੈ ਚੁੱਕੀ ਹੈ। ਇਹ ਮਾਮਲੇ ਖਾਸ ਤੌਰ 'ਤੇ ਪੱਛਮੀ ਅਫਰੀਕਾ ਵਿਚ ਸਾਹਮਣੇ ਆਏ ਹਨ। ਲਾਈਬੇਰੀਆ ਇਸ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ ਅਤੇ ਗੁਆਂਢੀ ਦੇਸ਼ ਸਿਏਰਾ ਲਿਓਨ ਅਤੇ ਗਿਨੀ ਵਿਚ ਵੀ ਇਹ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ।
ਰੂਸ ਨੇ ਅਮਰੀਕੀ ਵਿਦਿਆਰਥੀਆਂ ਨੂੰ ਕੱਢਿਆ ਸੰਮੇਲਨ ਤੋਂ ਬਾਹਰ
NEXT STORY