ਇਕ ਵਾਰ ਸੰਤ ਸ਼੍ਰੀ ਰਾਮਚੰਦਰ ਡੋਂਗਰੇ ਮਹਾਰਾਜ ਭਗਵਤ ਕਥਾ ਦੇ ਪ੍ਰਵਚਨ ਕਰਨ ਕਾਸ਼ੀ ਗਏ। ਕਥਾ ਦੀ ਸਮਾਪਤੀ ਤੋਂ ਬਾਅਦ ਉਨ੍ਹਾਂ ਨੇ ਉਥੋਂ ਦੇ ਪ੍ਰਮੁੱਖ ਮੰਦਰਾਂ ਦੇ ਦਰਸ਼ਨ ਦਾ ਪ੍ਰੋਗਰਾਮ ਬਣਾਇਆ। ਇਕ ਮੰਦਰ 'ਚ ਜਦੋਂ ਪਹੁੰਚੇ ਤਾਂ ਉਥੇ ਪੁਜਾਰੀ ਭਗਤਾਂ ਨੂੰ ਪ੍ਰਵਚਨ ਸੁਣਾ ਰਹੇ ਸਨ। ਉਹ ਕਹਿ ਰਹੇ ਸਨ, ''ਯੋਗ ਚੇਲਾ ਉਹ ਹੁੰਦਾ ਹੈ ਜਿਹੜਾ ਆਪਣੇ ਗੁਰੂ ਦੇ ਆਦਰਸ਼ਾਂ ਨੂੰ ਅੱਗੇ ਵਧਾਉਂਦਾ ਹੈ।'' ਡੋਂਗਰੇ ਮਹਾਰਾਜ ਪਛਾਣ ਗਏ ਕਿ ਇਹ ਤਾਂ ਉਨ੍ਹਾਂ ਦਾ ਚੇਲਾ ਹੈ। ਉਹ ਇਕ ਕੋਨੇ 'ਚ ਬੈਠ ਗਏ। ਪ੍ਰਵਚਨਾਂ ਤੋਂ ਬਾਅਦ ਜਦੋਂ ਭਗਤਾਂ ਦੀ ਭੀੜ ਚਲੀ ਗਈ ਤਾਂ ਪੁਜਾਰੀ ਦੀ ਨਜ਼ਰ ਡੋਂਗਰੇ ਜੀ ਮਹਾਰਾਜ 'ਤੇ ਪਈ। ਗੁਰੂ ਨੂੰ ਸਾਹਮਣੇ ਦੇਖ ਕੇ ਉਹ ਖੁਸ਼ ਹੋ ਗਏ। ਘਬਰਾਹਟ 'ਚ ਆਪਣੀ ਗੱਦੀ ਤੋਂ ਉਠ ਕੇ ਉਹ ਆਉਣ ਹੀ ਵਾਲੇ ਸਨ ਕਿ ਡੋਂਗਰੇ ਜੀ ਨੇ ਰੋਕ ਦਿੱਤਾ। ਉਹ ਖੁਦ ਆਸਣ ਦੇ ਕੋਲ ਗਏ ਅਤੇ ਆਪਣੇ ਪੁਜਾਰੀ ਚੇਲੇ ਦੇ ਪੈਰ ਛੂਹਣ ਲੱਗੇ। ਚੇਲੇ ਨੇ ਪਿੱਛੇ ਹਟ ਕੇ ਕਿਹਾ, ''ਗੁਰੂਵਰ, ਤੁਸੀਂ ਕੀ ਕਰ ਰਹੇ ਹੋ। ਤੁਸੀਂ ਮੇਰੇ ਵਰਗੇ ਇਕ ਤੁਛ ਪੁਜਾਰੀ ਦੇ ਪੈਰ ਛੂਹ ਰਹੇ ਹੋ , ਇਹ ਸ਼ੋਭਾ ਨਹੀਂ ਦਿੰਦਾ। ਇਹ ਗੁਰੂ-ਚੇਲੇ ਦੀ ਰਵਾਇਤ ਦੇ ਉਲਟ ਹੈ।'' ਡੋਂਗਰੇ ਜੀ ਨੇ ਕਿਹਾ, ''ਇਹ ਮੇਰਾ ਧਰਮ ਹੈ। ਤੁਹਾਡੇ ਵਰਗਾ ਚੇਲਾ ਮਿਲਣ 'ਤੇ ਮੈਂ ਧੰਨ ਹੋਇਆ ਹਾਂ। ਹੁਣੇ ਹੀ ਤੁਸੀਂ ਆਪਣੇ ਭਗਤਾਂ ਨੂੰ ਸਮਝਾ ਰਹੇ ਸੀ ਕਿ ਯੋਗ ਸਿੱਖਿਆ ਨਾਲ ਹੀ ਗੁਰੂ ਦਾ ਮਾਣ ਵਧਦਾ ਹੈ। ਜਿਸ ਚੇਲੇ ਨਾਲ ਗੁਰੂ ਦਾ ਮਾਣ ਵਧਦਾ ਹੈ, ਉਸ ਚੇਲੇ ਦੀ ਥਾਂ ਗੁਰੂ ਤੋਂ ਘੱਟ ਨਹੀਂ ਹੈ। ਉਸ ਦੇ ਪੈਰ ਛੂਹਣਾ ਕਿਸੇ ਵੀ ਤਰ੍ਹਾਂ ਗੁਰੂ-ਚੇਲੇ ਦੀ ਪ੍ਰੰਪਰਾ ਦੇ ਉਲਟ ਨਹੀਂ ਹੈ ਸਗੋਂ ਇਸ ਰਵਾਇਤ 'ਚ ਇਕ ਹੋਰ ਕੜੀ ਜੁੜ ਗਈ। ਕਥਾ ਸਥਾਨ 'ਤੇ ਵਿਆਸ ਗੱਦੀ 'ਤੇ ਬੈਠੇ ਹੋਣ ਕਾਰਨ ਤੁਸੀਂ ਮੇਰੇ ਪੈਰ ਛੂਹੋ ਇਹ ਉਚਿਤ ਹੈ ਪਰ ਮੰਦਰ ਦੇ ਦਰਸ਼ਨ ਲਈ ਆਉਣ ਵਾਲੇ ਹਰ ਭਗਤ ਦਾ ਧਰਮ ਹੈ ਕਿ ਉਹ ਪੁਜਾਰੀ ਦਾ ਸਨਮਾਨ ਕਰੇ। ਪੁਜਾਰੀ ਦੇ ਨਾਤੇ ਤੁਸੀਂ ਅਭਿਨੰਦਨੀਯ ਹੋ। ਮੈਂ ਇਥੇ ਇਕ ਭਗਤ ਦੇ ਰੂਪ 'ਚ ਮੌਜੂਦ ਹਾਂ ਇਸ ਲਈ ਵੀ ਤੁਹਾਡੇ ਪੈਰ ਛੂਹਣਾ ਮੇਰਾ ਧਰਮ ਹੈ।'' ਉਨ੍ਹਾਂ ਦਾ ਪੁਜਾਰੀ ਚੇਲਾ ਹੈਰਾਨ ਰਹਿ ਗਿਆ।