ਜੀਵਨ ਇਕ ਦਰਿਆ ਹੈ। ਜਨਮ ਤੋਂ ਲੈ ਕੇ ਮੌਤ ਤਕ ਸੰਘਰਸ਼ ਦਾ ਸਾਗਰ। ਇਸ ਸੰਸਾਰ ਸਾਗਰ 'ਚ ਹਰ ਜੀਅ ਆਪਣੇ ਵਜੂਦ ਦੀ ਲੜਾਈ ਲੜ ਰਿਹੈ। ਭਗਵਾਨ ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਹਨ।
''ਇੰਦ ਸ਼ਰੀਰਮ ਕੋਂਤੇਯ ਛੇਤਰਮਇਤੀ ਅਭੀਦੀਯਤੇ।''
ਹੇ ਕੋਂਤੇਯ, ਕੁੰਤੀ ਪੁੱਤਰ ਅਰਜੁਨ! ਇਹ ਸੰਸਾਰ ਮਹਾਭਾਰਤ ਦੀ ਸਮਰ ਭੂਮੀ ਹੈ। ਹਰ ਸਰੀਰ ਇਕ ਕੁਰੂਖੇਤਰ ਹੈ। ਤੂੰ ਇਕੱਲਾ ਆਪਣੇ ਵਜੂਦ ਦੀਲੜਾਈ ਨਹੀਂ ਲੜ ਰਿਹੈਂ। ਹਰ ਮਨੁੱਖ ਆਪਣੇ ਘਰ-ਪਰਿਵਾਰ ਵਿਚ, ਵਪਾਰ ਦੇ ਬਾਜ਼ਾਰ ਵਿਚ, ਦਫਤਰ ਵਿਚ, ਖੇਤ-ਖਲਿਹਾਨ 'ਚ ਸਫਲਤਾ ਲਈ ਸੰਘਰਸ਼ਸ਼ੀਲ ਹੈ।
ਤਾਂ ਪੰਜਵੇਂ ਪਾਤਿਸ਼ਾਹ ਕਹਿੰਦੇ ਹਨ ।
''ਕਵਨ ਸੁ ਬਿਧਿ, ਜਿਤ ਭਵਜਲ ਤਰਉਂ ''
ਇਹ ਜੀਵਨ ਭਵਜਲ ਹੈ। ਇਕ ਭਿਆਨਕ ਸਾਗਰ, ਜਿਸ 'ਚ ਪੰਜ ਸਮੁੰਦਰੀ ਮਗਰਮੱਛ ਪਲ 'ਚ ਦਬੋਚਣ ਲਈ ਤਿਆਰ ਹਨ। ਇਸ ਜੀਵਨ-ਸਾਗਰ ਤੋਂ ਪਾਰ ਹੈ, ਪ੍ਰੀਤਮ ਦਾ ਦੇਸ਼! ਸਾਰੇ ਭਗਤ, ਇਸ ਦਰਿਆ ਤੋਂ ਸੁਰੱਖਿਅਤ ਪਾਰ ਲੰਘਾਉਣ ਦੀ ਬੇਨਤੀ ਕਰਦੇ ਰਹੇ। ਭਗਤ ਨਾਮਦੇਵ ਕਹਿੰਦੇ ਹਨ :
ਸੰਸਾਰੁ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ (ਪੰ. 1196)
ਜੀਵਨ ਸਾਗਰ ਵਿਚ, ਹਰ ਪਲ ਮਨੋਕਾਮਨਾਵਾਂ ਦਾ ਨਵਾਂ ਤੂਫਾਨ ਉੱਠ ਰਿਹੈ। ਸਮੁੰਦਰ ਵਿਚ ਪਿਆ ਹੋਇਆ ਕੋਈ ਸੂਰਮਾ ਸੁਰੱਖਿਅਤ ਪਾਰ ਲੰਘ ਜਾਣ ਦਾ ਦਮ ਨਹੀਂ ਭਰ ਸਕਦਾ।
''ਅਜਹੁੰ ਨਾਵ ਸਮੁੰਦ ਮੇਂ, ਕਿਆ ਜਾਣਾ ਕਿਆ ਹੋਇ।''
ਯੋਗੀ ਮਛੰਦਰ ਨਾਥ, 84 ਸਾਲ ਦੀ ਉਮਰ ਵਿਚ ਕਾਮ ਦੇ ਵਸ ਹੋ ਨਾਰੀ-ਭੋਗ ਵਿਚ ਲਿਪਤ ਹੋ ਗਏ। ਤਾਂ ਪੰਜਵੇਂ ਪਾਤਿਸ਼ਾਹ ਕਹਿੰਦੇ ਹਨ, ਕਿਵੇਂ ਇਸ ਭਵਜਲ ਤੋਂ ਪਾਰ ਲੰਘੀਏ?
ਕਠਿਨ ਤਪ ਕਰ ਰਹੇ ਨਾਰਦ ਜੀ ਨੂੰ ਕਾਮਦੇਵ ਵਿਚਲਿਤ ਨਹੀਂ ਕਰ ਸਕਿਆ ਤਾਂ ਕਾਮਜਈ ਹੋਣ ਦਾ ਹੰਕਾਰ ਹੋ ਗਿਆ। ਵਿਸ਼ਵ ਮੋਹਿਨੀ ਸਵੰਬਰ ਦੀ ਮਾਇਆ ਰਚ ਕੇ ਭਗਵਾਨ ਨੇ ਨਾਰਦ ਜੀ ਨੂੰ ਸੰਦੇਸ਼ ਦਿੱਤਾ¸
'ਅਤਿ ਪ੍ਰਚੰਡ ਰਘੂਪਤਿ ਕੀ ਮਾਇਆ, ਜੇਹਿ ਨ ਮੋਹ, ਅਸਿ ਕੋ ਜਗ ਜਾਇਆ।''
ਜਗ ਵਿਚ ਐਸਾ ਕੌਣ ਹੈ, ਜਿਸ ਨੂੰ ਮਾਇਆ ਮੋਹਿਤ ਨ ਕਰ ਦੇਵੇ।
ਇਕ ਵਾਰ ਭਾਈ ਡੱਲੇ ਨੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਤੋਂ ਪੁੱਛਿਆ, ''ਭਵਜਲ ਕਿਵੇਂ ਤਰੀਏ? ''
ਪਾਤਿਸ਼ਾਹ ਜਵਾਬ ਦਿੱਤਾ, ''ਜੀਵਤ ਮਰੀਏ ਭਵਜਲ ਤਰੀਏ ''
ਮਨ ਦੇ ਸਾਗਰ 'ਚੋਂ ਨਿਰੰਤਰ ਉੱਠ ਰਹੀਆਂ ਕਾਮਨਾ ਦੀਆਂ ਤਰੰਗਾਂ ਨੂੰ ਸ਼ਾਂਤ ਕਰਨਾ ਜ਼ਰੂਰੀ ਹੈ। ਮਨ ਨੂੰ ਨਿਸ਼ਕ੍ਰਿਯ ਕਰ ਦੇਣਾ ਹੀ ਜੀਵਤ ਮਰਨਾ ਹੈ। ਇਹ ਵਿਧੀ ਬੜੀ ਔਖੀ ਹੈ। ਸਾਗਰ 'ਚ ਵਿਕਾਰਾਂ ਦੇ ਮਗਰਮੱਛਾਂ ਨਾਲ ਘਿਰੇ ਜੀਅ ਨੂੰ ਗੁਰੂ ਨਾਨਕ ਪਾਤਿਸ਼ਾਹ ਸੂਤਰ ਦਿੰਦੇ ਹਨ¸
''ਸਤਿਗੁਰੂ ਹੈ ਬੋਹਿਥਾ, ਵਿਰਲੈ ਕਿਨੈ ਵੀਚਾਰਿਆ।
ਕਰਿ ਕਿਰਪਾ ਪਾਰਿ ਉਤਾਰਿਆ।''
(ਆਸਾ ਦੀ ਵਾਰ)
ਭਿਆਨਕ ਸਮੁੰਦਰੀ ਘੜਿਆਲਾਂ, ਮਗਰਮੱਛਾਂ ਨਾਲ ਘਿਰੇ ਹੋਏ ਮਨੁੱਖ ਨੂੰ ਜਹਾਜ਼ ਮਿਲ ਜਾਏ। ਗੁਰੂ ਨਾਨਕ ਪਾਤਿਸ਼ਾਹ ਕਹਿੰਦੇ ਹਨ, ਸਤਿਗੁਰ ਸਮੁੰਦਰੀ ਬੇੜਾ ਹੈ, ਸੁਰੱਖਿਅਤ ਪਾਰ ਲੰਘਾਉਣ ਵਾਲਾ ਜਹਾਜ਼।
ਸਤਿਗੁਰ ਕੋਲ ਵਿਧੀ ਹੈ, ਜੀਵਦਿਆਂ ਮਨ ਨੂੰ ਸੰਵੇਦਨ ਸ਼ੂਨਯ ਕਰ ਦੇਣ ਦੀ ਪਰ ਪੂਰੇ ਗੁਰੂ ਦਾ ਮਿਲਣਾ ਅਤੇ ਹਿਰਦੇ ਤੋਂ ਐਸੇ ਗੁਰੂ ਨੂੰ ਧਾਰਨਾ ਬੜੀ ਔਖੀ ਕਾਰ ਹੈ। ਸਤਿਗੁਰ ਦੇ ਬੇੜੇ 'ਤੇ ਚੜ੍ਹਨ ਤੋਂ ਪਹਿਲਾਂ, ਪ੍ਰਵੇਸ਼-ਪ੍ਰੀਖਿਆ ਦੇਣੀ ਪੈਂਦੀ ਹੈ। ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਧਾਰਨ ਤੋਂ ਪੂਰਵ ਸ਼ਰਤ ਨੂੰ ਉਜਾਗਰ ਕਰਦੇ ਹਨ¸
ਸਤਿਗੁਰ ਬੋਹਿਥ ਹਰਿ ਨਾਵ ਹੈ, ਕਿਤ ਬਿਧਿ ਚੜ੍ਹਿਆ ਜਾਏ।
ਸਤਿਗੁਰ ਕੇ ਭਾਣੇ ਜੋ ਚਲੈ, ਬੋਹਿਥ ਬੈਠਾ ਆਏ
ਸੰਸਾਰਕ ਜ਼ਰੂਰਤਾਂ ਦੀ ਪੂਰਤੀ ਲਈ ਸਤਿਗੁਰ ਨਹੀਂ ਪ੍ਰਾਪਤ ਹੋ ਸਕਦਾ। ਇਹ ਕੋਈ ਉਪਚਾਰਿਕ ਵਿਵਸਥਾ ਨਹੀਂ ਹੈ। ਹਰ ਦੁੱਖ-ਭੁੱਖ ਨੂੰ, ਪ੍ਰਮੇਸ਼ਰ ਦੇ ਹਰ ਭਾਣੇ ਨੂੰ ਸਤਿਗੁਰ ਦੀ ਰਜ਼ਾ ਮੰਨ, ਸਹਿਜ ਪ੍ਰਵਾਨ ਕਰਨਾ, ਸ਼ਰਤ ਹੈ ਬੇੜੇ ਵਿਚ ਬੈਠਣ ਲਈ।
ਸਤਿਗੁਰ ਕੇ ਭਾਣੇ ਜੋ ਚਲੈ, ਬੋਹਿਥ ਬੈਠਾ ਆਇ
ਸਤਿ ਦਾ ਅਰਥ ਹੈ, ਪ੍ਰਮੇਸਰ, ਪਰਮ ਤੱਤ ਅਤੇ ਗੁਰੂ ਦਾ ਅਰਥ ਹੈ ਗਿਆਨ। ਪਰਮ ਤੱਤ ਗਿਆਨ, ਪੂਰਨ ਸਤਿਗੁਰ ਦੀ ਪ੍ਰਾਪਤੀ, ਸਹਿਜ, ਸਰਲ ਵਿਧੀ ਹੈ, ਭਵਜਲ ਤਰਨ ਲਈ।
ਕਵਨ ਸੁ ਬਿਧਿ ਜਿਤ ਭਵਜਲ ਤਰਉ
- ਗੁਰੂਬਚਨ ਸਿੰਘ ਨਾਮਧਾਰੀ, ਚੰਡੀਗੜ੍ਹ