ਫਤਿਹਗੜ੍ਹ ਸਾਹਿਬ (ਜੱਜੀ) : ਐਡੀਸ਼ਨਲ ਸੈਸ਼ਨ ਜੱਜ ਫਤਿਹਗੜ੍ਹ ਸਾਹਿਬ ਦੀ ਅਦਾਲਤ ਨੇ ਪਤਨੀ ਦੀ ਹੱਤਿਆ ਦੇ ਦੋਸ਼ੀ ਪਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜੱਜ ਮਨਜੋਤ ਕੌਰ ਨੇ ਦੋਸ਼ੀ ਨੂੰ 3 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਜਿਸਨੂੰ ਅਦਾ ਨਾ ਕਰਨ 'ਤੇ ਉਸਨੂੰ ਹੋਰ ਵੀ ਸਜ਼ਾ ਭੁਗਤਣੀ ਹੋਵੇਗੀ।
ਕੀ ਹੈ ਮਾਮਲਾ : ਇਸ ਮਾਮਲੇ ਵਿਚ ਪਿੰਡ ਤਲਾਣੀਆਂ ਵਾਸੀ ਕਸ਼ਮੀਰੋ ਨੇ 6 ਨਵੰਬਰ 2013 ਨੂੰ ਫਤਿਹਗੜ੍ਹ ਸਾਹਿਬ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿਚ ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਕਰੀਬ ਡੇਢ ਮਹੀਨੇ ਪਹਿਲਾਂ ਉਸਦੀ ਲੜਕੀ ਸੁਨੀਤਾ ਦਾ ਵਿਆਹ ਪਿੰਡ ਲਾਡਪੁਰ ਵਾਸੀ ਮਨਜੀਤ ਸਿੰਘ ਨਾਲ ਹੋਇਆ ਸੀ। ਕਸ਼ਮੀਰੋ ਨੇ ਦੋਸ਼ ਲਗਾਇਆ ਸੀ ਕਿ ਵਿਆਹ ਦੇ 2-3 ਮਹੀਨੇ ਬਾਅਦ ਹੀ ਮਨਜੀਤ ਸਿੰਘ ਉਸਦੀ ਲੜਕੀ ਨੂੰ ਦਹੇਜ ਦੇ ਲਈ ਤੰਗ ਕਰਦਾ ਸੀ ਅਤੇ ਉਸ ਨਾਲ ਮਾਰਕੁੱਟ ਵੀ ਕਰਦਾ ਸੀ। ਇਸ ਵਿਚ ਉਸਦੇ ਪਰਿਵਾਰ ਦੇ ਕੁਝ ਮੈਂਬਰ ਵੀ ਨਾਲ ਸਨ।
3 ਨਵੰਬਰ 2013 ਨੂੰ ਦੀਵਾਲੀ ਵਾਲੇ ਦਿਨ ਮਨਜੀਤ ਸਿੰਘ ਉਸਦੀ ਲੜਕੀ ਨੂੰ ਪੇਕੇ ਘਰੋਂ ਮੋਟਰਸਾਈਕਲ ਲਿਆਉਣ ਦੀ ਮੰਗ ਕੀਤੀ ਸੀ ਅਤੇ ਨਾ ਲਿਆਉਣ 'ਤੇ ਉਸਨੂੰ ਘਰ ਤੋਂ ਬਾਹਰ ਕੱਢ ਦੇਣ ਦੀ ਧਮਕੀ ਵੀ ਦਿੱਤੀ ਸੀ। ਇਹ ਗੱਲ ਲੜਕੀ ਨੇ ਫੋਨ 'ਤੇ ਦੱਸੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ 6 ਨਵੰਬਰ 2013 ਨੂੰ ਕਿਸੇ ਨੇ ਉਸਨੂੰ ਫੋਨ 'ਤੇ ਦੱਸਿਆ ਕਿ ਉਸਦੀ ਲੜਕੀ ਨੂੰ ਸਹੁਰੇ ਪਰਿਵਾਰ ਵਾਲੇ ਕੁੱਟਮਾਰ ਕਰ ਰਹੇ ਹਨ ਅਤੇ ਜਦੋਂ ਉਹ ਹੋਰ ਰਿਸ਼ਤੇਦਾਰਾਂ ਨਾਲ ਲੜਕੀ ਦੇ ਸਹੁਰੇ ਘਰ ਪਹੁੰਚੀ ਤਾਂ ਦੇਖਿਆ ਕਿ ਦੋਸ਼ੀ ਉਸਦੀ ਲੜਕੀ ਦਾ ਗਲਾ ਘੁੱਟ ਰਿਹਾ ਸੀ। ਉਨ੍ਹਾਂ ਨੂੰ ਦੇਖਦੇ ਦੀ ਮਨਜੀਤ ਸਿੰਘ ਅਤੇ ਉਸਦੇ ਹੋਰ ਰਿਸ਼ਤੇਦਾਰ ਮੌਕੇ ਤੋਂ ਫਰਾਰ ਹੋ ਗਏ। ਸ਼ਿਕਾਇਤਕਰਤਾ ਨੇ ਕਿਹਾ ਕਿ ਉਨ੍ਹਾਂ ਨੇ ਜਦੋ ਲੜਕੀ ਨੂੰ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ।
ਸ਼ਿਕਾਇਤਕਰਤਾ ਨੇ ਪੁਲਸ ਤੋਂ ਮੰਗ ਕੀਤੀ ਸੀ ਕਿ ਉਸਦੀ ਲੜਕੀ ਦੀ ਮੌਤ ਲਈ ਉਸਦਾ ਪਤੀ ਮਨਜੀਤ ਸਿੰਘ ਅਤੇ ਕੁਝ ਹੋਰ ਰਿਸ਼ਤੇਦਾਰ ਜ਼ਿੰਮੇਵਾਰ ਹਨ ਇਸ ਲਈ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ 'ਤੇ ਉਸਦੀ ਲੜਕੀ ਸੁਨੀਤਾ ਦੇ ਪਤੀ ਮਨਜੀਤ ਸਿੰਘ, ਸਹੁਰਾ ਹਰਬੰਸ ਸਿੰਘ ਅਤੇ 2 ਹੋਰ ਰਿਸ਼ਤੇਦਾਰਾਂ ਸ਼ਕੁੰਤਲਾ ਅਤੇ ਕਸ਼ਮੀਰ ਖਿਲਾਫ ਮਾਮਲਾ ਦਰਜ ਕੀਤਾ ਸੀ। ਅਦਾਲਤ ਨੇ ਪੁਲਸ ਵਲੋਂ ਪੇਸ਼ ਕੀਤੇ ਸਬੂਤਾਂ ਦੇ ਆਧਾਰ 'ਤੇ ਮਨਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ।
ਕੰਧਾਂ 'ਤੇ ਲਿਖੀ ਗਈ ਕਤਲ ਦੀ ਦਾਸਤਾਨ (ਵੀਡੀਓ)
NEXT STORY