ਬਠਿੰਡਾ, (ਬਲਵਿੰਦਰ)- ਪੰਜਾਬ 'ਚ ਇਕ ਵਾਰ ਮੁੜ ਨਸ਼ਾ ਸਮੱਗਲਿੰਗ ਦੇ ਮਾਮਲੇ 'ਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਉਛਲ ਗਿਆ ਹੈ, ਜਿਸ ਬਾਰੇ ਕਾਂਗਰਸ ਵਲੋਂ ਉਕਤ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵਰਤਾਰੇ ਨੂੰ ਬੇਤੁਕਾ ਦੱਸ ਰਹੇ ਹਨ ਪਰ ਇਸ ਬਾਰੇ ਭਾਜਪਾ ਇਕ ਨਹੀਂ ਹੈ। ਕਿਉਂਕਿ ਸੂਬਾ ਪ੍ਰਧਾਨ ਕਮਲ ਸ਼ਰਮਾ ਕੁਝ ਕਹਿਣ ਨੂੰ ਤਿਆਰ ਨਹੀਂ ਤੇ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਮਜੀਠੀਆ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ।
ਗੱਲਬਾਤ ਕਰਦਿਆਂ ਕਮਲ ਸ਼ਰਮਾ ਨੇ ਕਿਹਾ ਕਿ ਮਜੀਠੀਆ ਬਾਰੇ ਉਹ ਕੁਝ ਨਹੀਂ ਕਹਿਣਾ ਚਾਹੁੰਦੇ। ਨਵਜੋਤ ਕੌਰ ਸਿੱਧੂ ਦੇ ਬਿਆਨਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਸਿੱਧੂ ਨੂੰ ਵੀ ਸਮਝਾਉਣਗੇ ਕਿ ਉਹ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕਰਨ ਤੇ ਇਸ ਤਰ੍ਹਾਂ ਦੇ ਮਾਮਲੇ ਪਾਰਟੀ ਪਲੇਟਫਾਰਮ 'ਤੇ ਰੱਖਣ। ਸਿੱਧੂ ਪਹਿਲਾਂ ਵੀ ਅਕਾਲੀ ਦਲ ਵਿਰੁੱਧ ਬੋਲ ਰਹੇ ਹਨ, ਬਾਰੇ ਸ਼ਰਮਾ ਨੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੂੰ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਸੀ, ਹੁਣ ਵੀ ਕਿਹਾ ਜਾਵੇਗਾ।
ਕਮਲ ਸ਼ਰਮਾ ਦੇ ਬਿਆਨਾਂ ਤੋਂ ਜਾਪ ਰਿਹਾ ਸੀ ਕਿ ਉਹ ਅਕਾਲੀ ਦਲ ਨਾਲ ਗਠਜੋੜ ਰੱਖਣ ਦੇ ਹੱਕ 'ਚ ਨਹੀਂ ਪਰ ਦਿੱਲੀ ਦਰਬਾਰ ਦੀ ਹਰੀ ਝੰਡੀ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਨਾ ਹੀ ਉਹ ਨਵਜੋਤ ਕੌਰ ਸਿੱਧੂ ਜਾਂ ਨਵਜੋਤ ਸਿੰਘ ਸਿੱਧੂ ਨੂੰ ਅਕਾਲੀ ਦਲ ਵਿਰੁੱਧ ਬਿਆਨਬਾਜ਼ੀ ਤੋਂ ਰੋਕਣਾ ਚਾਹੁੰਦੇ ਹਨ। ਅਕਾਲੀ-ਭਾਜਪਾ ਗਠਜੋੜ ਦੀ ਸਾਂਝੀ ਮੀਟਿੰਗ, ਜੋ ਚੰਡੀਗੜ੍ਹ ਵਿਖੇ ਹੋਈ, ਬਾਰੇ ਉਨ੍ਹਾਂ ਕਿਹਾ ਕਿ ਗਠਜੋੜ ਵਿਚ ਸਭ ਕੁਝ ਠੀਕ ਹੈ। ਅਗਲੇ ਪ੍ਰੋਗਰਾਮ ਲਈ ਵਿਚਾਰਾਂ ਹੋ ਰਹੀਆਂ ਹਨ। ਕਮਲ ਸ਼ਰਮਾ ਨੇ ਦੱਸਿਆ ਕਿ ਪੰਜਾਬ ਵਿਚ ਮੈਂਬਰਸ਼ਿਪ ਅਭਿਆਨ ਜਾਰੀ ਹੈ, ਜਿਸ ਵਿਚ 21 ਲੱਖ ਦਾ ਟੀਚਾ ਮਿਥਿਆ ਗਿਆ ਹੈ। ਹੁਣ ਤਕ 4.50 ਲੱਖ ਦੀ ਭਰਤੀ ਹੋ ਚੁੱਕੀ ਤੇ ਦਸੰਬਰ ਤਕ ਉਕਤ ਟੀਚਾ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਪਰਮਿੰਦਰ ਗੋਇਲ ਪ੍ਰਧਾਨ ਜ਼ਿਲਾ ਬਠਿੰਡਾ, ਮੋਹਨ ਲਾਲ ਗਰਗ, ਕ੍ਰਿਸ਼ਨ ਗਰਗ, ਮਿੱਠੂ ਰਾਮ ਗੁਪਤਾ, ਤਰਸੇਮ ਗੋਇਲ, ਰਾਕੇਸ਼ ਗੋਇਲ ਤੇ ਹੋਰ ਆਗੂ ਵੀ ਮੌਜੂਦ ਸਨ।
ਡਾਕਟਰੀ ਵਿਚ ਦਾਖਲਾ ਦੁਆਉਣ ਦੇ ਨਾਂ 'ਤੇ 6 ਲੱਖ ਦੀ ਠੱਗੀ
NEXT STORY