ਚਮਿਆਰੀ(ਸੰਧੂ)-ਬੀਤੀ ਰਾਤ ਖ਼ਬਰਾਂ ਦੇ ਇਕ ਕੌਮੀ ਚੈੱਨਲ 'ਤੇ ਇਰਾਕ 'ਚ ਬਾਗੀਆਂ ਵਲੋਂ ਅਗਵਾ ਕੀਤੇ ਗਏ 40 ਭਾਰਤੀਆਂ ਨਾਲ ਬੰਦੀ ਬਣਾਏ ਗਏ ਦੋ ਬੰਗਲਾਦੇਸ਼ੀ ਨੌਜਵਾਨਾਂ ਵਲੋਂ ਕੇਵਲ ਇਕ ਭਾਰਤੀ ਨੌਜਵਾਨ ਹਰਜੀਤ ਮਸੀਹ ਤੋਂ ਇਲਾਵਾ ਹੋਰ ਕਿਸੇ ਵੀ ਅਗਵਾ ਭਾਰਤੀ ਦੇ ਜ਼ਿੰਦਾ ਨਾ ਹੋਣ ਦੇ ਕੀਤੇ ਖ਼ੁਲਾਸੇ ਨੇ ਪਿਛਲੇ 6 ਮਹੀਨਿਆਂ ਤੋਂ ਆਪਣੇ ਪੁੱਤਾਂ ਦਾ ਰਾਹ ਉਡੀਕਦੇ ਮਾਪਿਆਂ ਦੀਆਂ ਆਪਣੇ ਪੁੱਤਾਂ ਦੇ ਮੁੜ ਵਾਪਸ ਆਉਣ ਦੀਆਂ ਸਾਰੀਆਂ ਉਮੀਦਾਂ ਟੁੱਟ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਜਾਪਦਾ ਹੈ। ਅਗਵਾ ਭਾਰਤੀਆਂ 'ਚ ਸ਼ਾਮਲ ਸਰਹੱਦੀ ਤਹਿਸੀਲ ਅਜਨਾਲਾ ਦੇ ਛੋਟੇ ਜਿਹੇ ਪਿੰਡ ਸੰਗੂਆਣਾ ਦੇ ਨੌਜਵਾਨ ਨਿਸ਼ਾਨ ਸਿੰਘ ਦੇ ਘਰ ਅੱਜ ਪਹੁੰਚੇ 'ਜਗ ਬਾਣੀ' ਦੇ ਪੱਤਰਕਾਰ ਨੇ ਜਦ ਨਿਸ਼ਾਨ ਦੀ ਮਾਂ ਨੂੰ ਰੋਂਦਿਆਂ ਹੋਇਆਂ ਉੱਚੀ-ਉੱਚੀ ਇਹ ਬੋਲਦਿਆਂ ਕਿ ''ਵੇ ਨਿਸ਼ਾਨ ਪੁੱਤ ਛੇਤੀ ਘਰ ਆ ਜਾ...'' , ''ਤੂੰ ਤਾਂ ਵੇ ਮੈਨੂੰ ਜਿਊਂਦੀ ਨੂੰ ਹੀ ਮਾਰ ਸੁੱਟਿਆ ਏ'। ਨਿਸ਼ਾਨ ਦੇ ਪੱਥਰ ਹੋਏ ਪਿਤਾ ਤੋਂ ਵੀ ਕੁਝ ਹਾਸਲ ਨਾ ਹੋਣ 'ਤੇ ਜਦ ਉਸਦੇ ਛੋਟੇ ਭਰਾ ਸਰਵਣ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਬੀਤੀ ਰਾਤ ਚੈੱਨਲ 'ਤੇ ਆਈ ਖ਼ਬਰ ਨੇ ਸਾਡੇ ਸਾਰੇ ਪਰਿਵਾਰ ਦੇ ਸਾਹ ਸੁਕਾ ਦਿੱਤੇ ਹਨ, ਜਦਕਿ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਰੋ-ਰੋ ਕੇ ਉਨ੍ਹਾਂ ਦੀ ਮਾਂ ਦੀਆਂ ਅੱਖਾਂ ਦੀ ਰੌਸ਼ਨੀ ਹੀ ਮੁੱਕ ਗਈ ਹੈ। ਆਪਣੇ ਭਰਾ ਨੂੰ ਅਗਵਾਕਾਰਾਂ ਦੇ ਚੁੰਗਲ 'ਚੋਂ ਛਡਾਉਣ 'ਚ ਨਾਕਾਮ ਰਹੀ ਕੇਂਦਰ ਤੇ ਸੂਬਾ ਸਰਕਾਰ 'ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕਰਦਿਆਂ ਉਸ ਨੇ ਕਿਹਾ ਕਿ ਲਾਰਿਆਂ ਤੇ ਨਿਰਾਸ਼ਾ ਤੋਂ ਬਿਨਾਂ ਹੁਣ ਤੱਕ ਉਨ੍ਹਾਂ ਦੇ ਪੱਲੇ ਕੁਝ ਨਹੀਂ ਪਿਆ। ਉਸ ਅਨੁਸਾਰ ਕਰੀਬ ਸਵਾ ਸਾਲ ਪਹਿਲਾਂ ਉਨ੍ਹਾਂ ਦੇ ਪਰਿਵਾਰ ਨੇ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਕਰਜ਼ਾ ਚੁੱਕ ਆਪਣੇ ਨੌਜਵਾਨ ਪੁੱਤ ਨੂੰ ਮਿਹਨਤ ਕਰਕੇ ਪੈਸਾ ਕਮਾਉਣ ਲਈ ਇਰਾਕ ਭੇਜਿਆ ਸੀ, ਪਰ ਉਥੋਂ ਦਾ ਮਾਹੌਲ ਖਰਾਬ ਹੋਣ ਕਾਰਣ ਜਿਥੇ ਉਨ੍ਹਾਂ ਦੇ ਸਾਰੇ ਸੁਪਨੇ ਮਿੱਟੀ ਹੋ ਗਏ ਹਨ, ਉਥੇ ਹੀ ਉਹ ਆਪਣਾ ਪੁੱਤ ਵੀ ਗਵਾ ਬੈਠੇ ਹਨ। ਉਸ ਨੇ ਦੱਸਿਆ ਕਿ ਉਸ ਦਾ ਭਰਾ ਇਰਾਕ ਦੇ ਮਸੂਲ ਸ਼ਹਿਰ ਦੀ ਅਰੀਕ ਅਲ ਨੂਰ ਨਾਮੀ ਇਕ ਕੰਪਨੀ ਵਿਚ ਕੰਮ ਕਰਦਾ ਸੀ ਕਿ ਬੀਤੀ 15 ਜੂਨ ਨੂੰ ਉਸ ਨੇ ਘਰ ਆਖਰੀ ਵਾਰ ਫ਼ੋਨ ਕਰ ਕੇ ਦੱਸਿਆ ਕਿ ਇਥੋਂ ਦੇ ਹਾਲਾਤ ਬਹੁਤ ਖਰਾਬ ਹੋ ਗਏ ਹਨ ਤੇ ਮੈਨੂੰ ਕੁਝ ਹੋਰ ਭਾਰਤੀਆਂ ਸਮੇਤ 11 ਜੂਨ ਦੀ ਰਾਤ ਨੂੰ ਕੰਪਨੀ ਤੋਂ ਬਾਗੀਆਂ ਵਲੋਂ ਅਗਵਾ ਕਰ ਲਿਆ ਗਿਆ ਹੈ। ਨਿਸ਼ਾਨ ਦੇ ਭਰਾ ਨੇ ਇਹ ਵੀ ਦੱਸਿਆ ਕਿ ਜਦ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਤੋਂ ਇਲਾਵਾ ਹੋਰਨਾਂ ਅਗਵਾ ਹੋਏ ਭਾਰਤੀ ਨੌਜਵਾਨਾਂ ਦੇ ਪਰਿਵਾਰਾਂ ਨਾਲ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨਾ ਦੇਣ ਗਏ ਸਨ ਤਾਂ ਦੇਸ਼ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਸਾਰੇ ਪੀੜਤ ਪਰਿਵਾਰਾਂ ਨੂੰ ਸੱਦ ਕੇ ਇਹ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੇ ਅਗਵਾ ਹੋਏ ਬੱਚਿਆਂ ਨੂੰ ਤੁਰੰਤ ਕਾਰਵਾਈ ਕਰਦਿਆਂ ਜਲਦ ਤੋਂ ਜਲਦ ਵਾਪਸ ਲੈ ਆਂਦਾ ਜਾਵੇਗਾ। ਇਸ ਦੌਰਾਨ ਜਦ ਪੱਤਰਕਾਰ ਨੇ ਦੇਸ਼ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਅੱਜ ਪਾਰਲੀਮੈਂਟ ਅੰਦਰ ਦਿੱਤੇ ਬਿਆਨ ਕਿ ਇਰਾਕ 'ਚ ਅਗਵਾ ਹੋਏ ਸਾਰੇ ਭਾਰਤੀ ਸੁਰੱਖਿਅਤ ਹਨ ਦਾ ਜ਼ਿਕਰ ਕੀਤਾ ਤਾਂ ਨਿਸ਼ਾਨ ਦੇ ਭਰਾ ਨੇ ਕਿਹਾ ਕਿ ਪ੍ਰਮਾਤਮਾ ਕਰੇ ਇਹ ਖ਼ਬਰ ਸੱਚੀ ਹੋਵੇ, ਪ੍ਰੰਤੂ ਜਿਹੜੀ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਅਜੇ ਤੱਕ ਸਹੀ ਰੂਪ 'ਚ ਇਹ ਨਹੀਂ ਪਤਾ ਲਾ ਸਕੀ ਕਿ ਅਗਵਾ ਹੋਏ ਭਾਰਤੀ ਨੌਜਵਾਨ ਕਿੱਥੇ ਹਨ, ਉਨ੍ਹਾਂ ਨਾਲ ਕੀ ਵਾਪਰਿਆ ਹੈ, ਉਹ ਜਿੰਦਾ ਵੀ ਹਨ ਕਿ ਨਹੀਂ। ਉਸ ਸਰਕਾਰ ਦੀ ਕਾਰਵਾਈ ਤੋਂ ਕੀ ਆਸ ਕੀਤੀ ਜਾ ਸਕਦੀ ਹੈ। ਉਸ ਨੇ ਕਿਹਾ ਕਿ ਉਹ ਵਾਰ-ਵਾਰ ਸਰਕਾਰ ਦੇ ਲਾਰੇ ਤੇ ਬਹਾਨੇ ਸੁਣ ਕੇ ਅੱਕ ਗਏ ਹਨ।
ਇਸ ਮੌਕੇ ਮੌਜੂਦ ਨਿਸ਼ਾਨ ਦੇ ਪਿਤਾ ਗੁਰਮੇਜ਼ ਸਿੰਘ, ਮਾਂ ਸਵਿੰਦਰ ਕੌਰ, ਪਤਨੀ ਕੁਲਵਿੰਦਰ ਕੌਰ, ਭਰਾ ਸਰਵਣ ਸਿੰਘ, ਚਾਚਾ ਸੁਖਦੇਵ ਸਿੰਘ , ਗੁਰਭੇਜ ਸਿੰਘ, ਮਨਜਿੰਦਰ ਕੌਰ, ਮਨਦੀਪ ਕੌਰ, ਹਰਬੰਸ ਕੌਰ ਤੇ ਪ੍ਰੀਤਮ ਕੌਰ ਆਦਿ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਮਾਜ ਸੇਵਕ ਤੇ ਆੜ੍ਹਤੀ ਪਰਮਿੰਦਰ ਸਿੰਘ ਸੰਗੂਆਣਾ ਆਦਿ ਨੇ ਕੇਂਦਰ ਤੇ ਸੂਬਾ ਸਰਕਾਰ ਅੱਗੇ ਅਰਜੋਈ ਕਰਦਿਆਂ ਪੁਰਜ਼ੋਰ ਮੰਗ ਕੀਤੀ ਕਿ ਨਿਸ਼ਾਨ ਸਿੰਘ ਤੇ ਹੋਰਨਾਂ ਅਗਵਾ ਹੋਏ ਭਾਰਤੀਆਂ ਬਾਰੇ ਤੁਰੰਤ ਸਥਿਤੀ ਸਪੱਸ਼ਟ ਕੀਤੀ ਜਾਵੇ ਤੇ ਜੇਕਰ ਉਹ ਸੁਰੱਖਿਅਤ ਹਨ ਤਾਂ ਉਨ੍ਹਾਂ ਦੀ ਘਰ ਵਾਪਸੀ ਲਈ ਛੇਤੀ ਤੋਂ ਛੇਤੀ ਵਿਸ਼ੇਸ਼ ਯਤਨ ਕੀਤੇ ਜਾਣ।
ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਗ੍ਰਿਫਤਾਰ
NEXT STORY