ਸਿਡਨੀ-(ਬਲਵਿੰਦਰ ਸਿੰਘ ਧਾਲੀਵਾਲ)-ਆਸਟ੍ਰੇਲੀਆ ਬਾਰੇ ਜਦੋਂ ਵੀ ਕੋਈ ਖਬਰ ਛੱਪਦੀ ਹੈ ਤਾਂ ਆਮ ਤੌਰ 'ਤੇ ਇਨ੍ਹਾਂ ਸ਼ਬਦਾਂ ਨਾਲ ਹੀ ਸ਼ੁਰੂ ਹੁੰਦੀ ਹੈ ਕਿ ਪੰਜਾਬੀ ਜਿਥੇ ਵੀ ਜਾਂਦੇ ਹਨ ਉਥੇ ਹੀ ਸਫਲਤਾ ਦੇ ਝੰਡੇ ਗੱਡਦੇ ਹਨ ਪਰ ਬੀਤੇ ਕੁਝ ਮਹੀਨਿਆਂ 'ਚ ਵਾਪਰੀਆਂ ਰਾਜਨੀਤਿਕ ਘਟਨਾਵਾਂ ਨੂੰ ਨੀਝ ਨਾਲ ਵੇਖਿਆ ਲੱਗਦਾ ਹੈ ਕਿ ਆਸਟ੍ਰੇਲੀਆ ਦੇ ਪੰਜਾਬੀਆਂ ਦਾ ਫੈਡਰਲ ਜਾਂ ਕਿਸੇ ਸੂਬਾਈ ਪਾਰਲੀਮੈਂਟ 'ਚ ਪਹੁੰਚਣਾ 'ਹਾਲੇ ਦਿੱਲੀ ਦੂਰ ਹੈ' ਅਨੁਸਾਰ ਨੇੜੇ ਭਵਿੱਖ 'ਚ ਸੰਭਵ ਨਹੀਂ ਲੱਗਦਾ। ਨਿਊ ਸਾਊਥ ਵੇਲਜ਼ ਸੂਬੇ ਦੀ ਅਗਲੇ ਸਾਲ ਹੋਣ ਜਾ ਰਹੀਆਂ ਚੋਣਾਂ ਲਈ ਮੁੱਖ ਪਾਰਟੀਆਂ (ਲੇਬਰ ਅਤੇ ਲਿਬਰਲ) ਨੇ ਆਪਣੇ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਮੁਕੰਮਲ ਕਰ ਲਈ ਹੈ ਤੇ ਦੂਜੇ ਪਾਸੇ ਪੰਜਾਬੀਆਂ ਦੇ ਗੜ੍ਹ ਵਾਲੇ ਇਕ ਹੋਰ ਸੂਬੇ ਵਿਕਟੋਰੀਆ 'ਚ ਪਿਛਲੇ ਹਫਤੇ ਚੋਣਾਂ ਹੋ ਹਟੀਆਂ ਹਨ।
ਵਿਕਟੋਰੀਆ 'ਚ ਵੱਖ-ਵੱਖ ਪਾਰਟੀਆਂ ਵਲੋਂ ਅੱਧੀ ਦਰਜਨ ਤੋਂ ਵੱਧ ਪੰਜਾਬੀ ਉਮੀਦਵਾਰਾਂ ਨੇ ਕਿਸਮਤ ਅਜ਼ਮਾਈ ਸੀ ਪਰ ਹੁਣ ਤੱਕ ਦੀ ਗਿਣਤੀ ਅਨੁਸਾਰ ਕੋਈ ਵੀ ਪੰਜਾਬੀ ਵਿਕਟੋਰੀਆ ਪਾਰਲੀਮੈਂਟ ਦੀਆਂ ਬਰੂਹਾਂ ਟੱਪਣ 'ਚ ਕਾਮਯਾਬ ਨਹੀਂ ਹੋਇਆ। ਇਸ ਮਾਮਲੇ 'ਤੇ ਰਾਜਨੀਤਿਕ ਮਾਹਿਰ ਬਲਰਾਜ ਸੰਘਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਉਮੀਦ ਜ਼ਾਹਰ ਕਰਦੇ ਹੋਏ ਕਿਹਾ ਕਿ ਇੰਗਲੈਂਡ ਕੈਨੇਡਾ ਦੀ ਤਰਜ਼ 'ਤੇ ਪੰਜਾਬੀਆਂ ਨੂੰ ਆਸਟ੍ਰੇਲੀਆ ਦੀ ਪਾਰਲੀਮੈਂਟ 'ਚ ਪਹੁੰਚਣ ਲਈ ਹਾਲੇ ਘੱਟ ਤੋਂ ਘੱਟ ਪੰਜ ਕੁ ਸਾਲ ਹੋਰ ਲੱਗਣਗੇ ਪਰ ਸ਼ਰਤ ਇਹ ਹੈ ਕਿ ਪੰਜਾਬੀਆਂ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਅੰਦਰੂਨੀ ਢਾਂਚੇ 'ਚ ਆਪਣੀ ਕਾਰਗੁਜ਼ਾਰੀ ਤੇਜ਼ ਕਰਨੀ ਪਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਥੇ ਅਸੀਂ ਭਾਰਤ ਦੀ ਤਰਜ਼ 'ਤੇ ਰਾਜਨੀਤਿਕ ਪਾਰਟੀਆਂ ਤੋਂ ਸੀਟਾਂ ਦਾ ਕੋਟਾ ਨਹੀਂ ਮੰਗ ਸਕਦੇ ਪਰ ਪਾਰਟੀਆਂ ਦੇ ਵੱਧ ਤੋਂ ਵੱਧ ਮੈਂਬਰ ਬਣ ਕੇ ਆਪਣੀ ਹੋਂਦ ਜ਼ਰੂਰ ਵਿਖਾ ਸਕਦੇ ਹਾਂ।
ਦੋ ਕੁੜੀਆਂ ਸੜਕ ਵਿਚ ਜਾ ਭਿੜੀਆਂ, ਨਾ ਕਿਸੇ ਨੇ ਮੋੜਿਆ ਨਾ ਉਹ ਮੁੜੀਆਂ (ਵੀਡੀਓ)
NEXT STORY