ਮਜੀਠੀਆ ਨੂੰ ਵੀ ਇਕ ਵਾਰ ਖੜਿਆ
ਅੰਮ੍ਰਿਤਸਰ (ਬਿਊਰੋ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸੰਮੰਨ ਰੋਕਣ ਦੇ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਖੁਦ ਬਿਕਰਮ ਸਿੰਘ ਮਜੀਠੀਆ ਨੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਜਾ ਗੋਡੇ ਫੜੇ ਹਨ ਅਤੇ ਉਨ੍ਹਾਂ ਨੂੰ ਸੰਮੰਨ ਨੂੰ ਹਰੀ ਝੰਡੀ ਦੇਣ ਤੋਂ ਰੋਕਣ ਦੇ ਲਈ ਪੂਰੀ ਤਰ੍ਹਾਂ ਦਬਾਅ ਹੇਠ ਲੈ ਲਿਆ ਹੈ। ਜਿਸ ਕਰਕੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਿਚ ਫੈਲੇ ਨਸ਼ਿਆਂ ਦੇ ਕਾਰੋਬਾਰ ਅਤੇ ਪੰਜਾਬੀ ਨੌਜਵਾਨਾਂ ਨੂੰ ਬਚਾਉਣ ਲਈ ਖੁਦ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ ਅਤੇ ਬਿਕਰਮ ਮਜੀਠੀਆ ਨੂੰ ਸੰਮੰਨ ਜਾਰੀ ਕਰਵਾਉਣ ਦੇ ਨਾਲ ਸੀ. ਬੀ. ਆਈ ਨੂੰ ਜਾਂਚ ਦੇ ਲਈ ਆਡਰ ਦੇਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਅਰੁਣ ਜੇਤਲੀ ਪੰਜਾਬ ਵਿਚ ਹੇਠਲੇ ਪੱਧਰ 'ਤੇ ਵਿਚਰ ਕੇ ਇਥੋਂ ਦੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂੰ ਹੋ ਚੁੱਕੇ ਹਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣਾਂ ਦੇ ਦੌਰਾਨ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਪੰਜਾਬ ਦੇ ਲੋਕਾਂ ਨੂੰ ਇਹ ਵਾਅਦਾ ਕਰ ਚੁੱਕੇ ਹਨ ਕਿ ਉਹ ਭਾਜਪਾ ਦੀ ਸਰਕਾਰ ਬਣਨÎ 'ਤੇ ਪੰਜਾਬ ਵਿਚ ਫੈਲੇ ਨਸ਼ਿਆਂ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਗੇ।
ਉਨ੍ਹਾਂ ਨੇ ਅਰੁਣ ਜੇਤਲੀ ਨੂੰ ਕਿਹਾ ਕਿ ਲੋਕ ਉਨ੍ਹਾਂ ਤੋਂ ਜਵਾਬ ਮੰਗ ਰਹੇ ਹਨ ਕਿ ਅਜੇ ਤੱਕ ਈ.ਡੀ.ਵੱਲੋਂ ਉਨ੍ਹਾਂ ਕੋਲ ਭੇਜੀ ਗਈ ਸੰਮੰਨ ਰਿਪੋਰਟ ਨੂੰ ਪ੍ਰਵਾਨਗੀ ਕਿਉਂ ਨਹੀਂ ਦੇ ਰਹੇ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਲੋਕਾਂ ਦੀਆਂ ਅਕਾਲੀ ਭਾਜਪਾ ਗਠਜੋੜ ਸਰਕਾਰ ਵਿਰੁੱਧ ਜੋ ਭਾਵਨਾਵਾਂ ਦੇ ਤਹਿਤ ਉਨ੍ਹਾਂ ਨੂੰ ਫਤਵਾ ਮਿਲਿਆ ਹੈ, ਦਾ ਬਦਲਾ ਸੰਮੰਨ ਰੋਕ ਕੇ ਨਾ ਲੈਣ ਕਿਉਂਕਿ ਇਸ ਦੇ ਨਾਲ ਪੰਜਾਬ ਦਾ ਭਵਿੱਖ ਜੁੜਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੋ ਵਾਰ ਖੁਦ ਅਤੇ ਤੀਜੀ ਵਾਰ ਬਿਕਰਮ ਸਿੰਘ ਮਜੀਠੀਆ ਨੂੰ ਨਾਲ ਲੈ ਕੇ ਅਰੁਣ ਜੇਤਲੀ ਨੂੰ ਮਿਲੀ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਸਿਰਫ ਇਕ ਭੈਣ ਭਰਾ ਦਾ ਵਾਸਤਾ ਨਾ ਵੇਖਣ ਸਗੋਂ ਉਨ੍ਹਾਂ ਹਜ਼ਾਰਾਂ ਮਾਵਾਂ, ਭੈਣਾਂ ਦੀਆਂ ਹਾਂਵਾਂ ਵੱਲ ਵੇਖਣ, ਜਿਨ੍ਹਾਂ ਦੇ ਭਰਾ ਅਤੇ ਸੁਹਾਗ ਉਜੜ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਹਰ ਗਲੀ ਵਿਚ ਵੈਣ ਪੈ ਰਹੇ ਹਨ, ਜੇ ਉਨ੍ਹਾਂ ਨੂੰ ਸੁਣ ਕੇ ਵੀ ਉਨ੍ਹਾਂ ਨੇ ਸੰਮੰਨ ਜਾਰੀ ਨਾ ਕੀਤੇ ਤਾਂ ਲੋਕ ਉਨ੍ਹਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ।
ਉਨ੍ਹਾਂ ਨੇ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਵੱਲੋਂ ਇਸ ਮਾਮਲੇ 'ਤੇ ਸਾਧੀ ਚੁੱਪੀ 'ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਉਹ ਆਪਣਾ ਸਟੈਂਡ ਸਪੱਸ਼ਟ ਕਰਨ ਕਿ ਭਾਜਪਾ ਸਿਰਫ ਸੱਤਾ 'ਚ ਬਣੀ ਰਹਿਣ ਦੇ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ ਬਲੀ ਬੱਕਰਾ ਬਣਾ ਰਹੀ ਹੈ। ਉਨ੍ਹਾਂ ਨੇ ਭਾਜਪਾ ਨੂੰ ਪੰਜਾਬ ਅਤੇ ਕਿਸਾਨ ਵਿਰੋਧੀ ਦੱਸਦਿਆਂ ਕਿਹਾ ਕਿ ਐਫ. ਸੀ. ਆਈ ਨੂੰ ਅਸਿੱਧੇ ਤੌਰ 'ਤੇ ਆਪਣੇ ਕੰਟਰੋਲ ਵਿਚ ਲੈ ਕੇ ਭਾਜਪਾ ਕਿਸਾਨਾਂ ਦੀ ਵਪਾਰੀਆਂ ਹੱਥੋਂ ਲੁੱਟ ਦਾ ਰਸਤਾ ਤਿਆਰ ਕਰ ਰਹੀ ਹੈ। ਜਿਸ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 3500 ਕਰੋੜ ਰੁਪਿਆ ਕੇਂਦਰ ਸਰਕਾਰ ਬਿਨ੍ਹਾਂ ਕਿਸੇ ਕਾਰਨ ਪਿਛਲੇ 20 ਦਿਨਾਂ ਤੋਂ ਰਿਲੀਜ਼ ਨਹੀਂ ਕਰ ਰਹੀ, ਜਿਸ ਦੇ ਨਾਲ ਮੰਡੀਆਂ ਦੇ ਵਿਚ ਹਾਹਾਕਾਰ ਮਚੀ ਹੋਈ ਹੈ। ਇਸ ਦੇ ਲਈ ਉਨ੍ਹਾਂ ਨੇ ਪੂਰੀ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਉਹ ਇਨੀਂ ਹਿੰਮਤ ਹੀ ਨਹੀਂ ਕਰ ਪਾ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਰਕਮ ਰਿਲੀਜ਼ ਕਰਵਾਉਣ ਦੇ ਲਈ ਕੁਝ ਕਹਿ ਸਕਣ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਇਹ ਰਕਮ ਯਕੀਨੀ ਸਮੇਂ ਦੇ ਵਿਚ ਜਾਰੀ ਨਾ ਹੋਈ ਤਾਂ ਉਹ ਆਦੇਸ਼ ਪ੍ਰਤਾਪ ਕੈਰੋ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਮੁਹਿੰਮ ਛੇੜਣਗੇ। ਉਨ੍ਹਾਂ ਨੇ ਇਸ ਸਮੇਂ ਸ੍ਰੀ ਮੋਦੀ ਨੂੰ ਇਹ ਵੀ ਚੇਤੇ ਕਰਵਾਇਆ ਕਿ ਉਹ ਕਿਸਾਨਾਂ ਨਾਲ ਕੀਤੇ ਉਸ ਵਾਅਦੇ ਤੋਂ ਵੀ ਨਾ ਭੱਜਣ ਜਿਸ ਵਾਅਦੇ ਦੇ ਅਨੁਸਾਰ ਉਨ੍ਹਾਂ ਨੇ ਕਿਸਾਨਾਂ ਨੂੰ ਸੁਆਮੀਨਾਥਣ ਰਿਪੋਰਟ ਦੇ ਹਵਾਲੇ ਨਾਲ ਚੋਣਾਂ ਜਿੱਤੀਆਂ ਸਨ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਹ ਵੀ ਮੰਗ ਕੀਤੀ ਕਿ ਕੇਂਦਰੀ ਮੰਤਰੀ ਸਾਧਵੀ ਨਰਿੰਜਨ ਜੋਤੀ ਦੇ ਇਤਰਾਜ਼ਯੋਗ ਬਿਆਨਾਂ ਦੇ ਅਧਾਰ 'ਤੇ ਉਸ ਨੂੰ ਮੰਤਰੀ ਮੰਡਲ ਵਿਚੋਂ ਹੀ ਉਹ ਚੱਲਦਾ ਨਾ ਕਰਨ ਸਗੋਂ ਸੰਸਦ ਦੀ ਮਾਣ ਮਰਿਆਦਾ ਨੂੰ ਭੰਗ ਕਰਨ ਦੇ ਦੋਸ਼ਾਂ ਹੇਠ ਉਸ ਵਿਰੁੱਧ ਐਫ.ਆਰ.ਆਈ ਵੀ ਦਰਜ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਗੱਲ ਬਿਲਕੁਲ ਹੀ ਨਹੀਂ ਬਣਦੀ ਕਿ ਉਹ ਪਹਿਲਾਂ ਜੋ ਮਰਜ਼ੀ ਬੋਲ ਲਵੇ ਅਤੇ ਫਿਰ ਮੁਆਫੀ ਮੰਗਣ ਤੁਰ ਪਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਜ਼ੁਬਾਨ 'ਤੇ ਕੰਟਰੋਲ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਬਕਾ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਹੈ ਕਿ ਉਹ ਵੀ ਦੂਰੋ ਦੂਰੋ ਹੀ ਬਿਆਨਬਾਜ਼ੀ ਨਾ ਕਰੇ ਸਗੋਂ ਖੁਦ ਪੰਜਾਬ ਵਿਚ ਆ ਕੇ ਬਾਦਲ ਸਰਕਾਰ ਦੇ ਲੋਕ ਵਿਰੋਧੀ ਨੀਤੀਆਂ ਨੂੰ ਲੋਕਾਂ ਸਾਹਮਣੇ ਲਿਆਵੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਵਿਚ ਅਕਾਲੀ ਭਾਜਪਾ ਗਠਜੋੜ ਨੂੰ ਕਰਾਰੀ ਹਾਰ ਦੇਣ। ਇਸ ਸਮੇਂ ਉਨ੍ਹਾਂ ਦੇ ਨਾਲ ਵਿਧਾਇਕ ਜਸਬੀਰ ਸਿੰਘ ਡਿੰਪਾ, ਹਰਮਿੰਦਰ ਸਿੰਘ ਗਿੱਲ, ਸ਼ਵੀ ਢਿੱਲੋਂ ਤੇ ਹੋਰ ਵੀ ਕਾਂਗਰਸੀ ਆਗੂ ਹਾਜ਼ਰ ਸਨ।
ਚੱਲਦੀ ਕਾਰ ਨੂੰ ਲੱਗੀ ਅੱਗ
NEXT STORY