ਡੀ. ਸੀ. ਦੀਆਂ ਹਦਾਇਤਾਂ 'ਤੇ ਪ੍ਰਸ਼ਾਸਨ ਨੇ ਕਰਵਾਈ ਕੁਟੀਆ ਨੂੰ ਜਾਣ ਵਾਲੇ ਰਸਤੇ ਦੀ ਨਿਸ਼ਾਨਦੇਹੀ
ਨੂਰਪੁਰਬੇਦੀ, (ਤਰਨਜੀਤ)- ਜ਼ਿਲਾ ਪ੍ਰਸ਼ਾਸਨ ਵਲੋਂ ਪਿੰਡ ਮਾਧੋਪੁਰ ਦਹੀਰਪੁਰ ਤੋਂ ਕਰੀਬ ਡੇਢ ਕਿਲੋਮੀਟਰ ਦੀ ਦੂਰੀ 'ਤੇ ਪੈਂਦੇ ਭੂਰੀਵਾਲੇ ਮਹਾਤਮਾ ਬੀਰਮ ਦਾਸ ਅਵਦੂਤ ਜੀ ਦੀ ਕੁਟੀਆ ਨੂੰ ਜਾਣ ਵਾਲੇ ਰਸਤੇ ਦੀ ਕਈ ਮਹੀਨਿਆਂ ਤੋਂ ਵਾਰ-ਵਾਰ ਨਿਸ਼ਾਨਦੇਹੀ ਕਰਵਾਉਣ ਦੀ ਕੀਤੀ ਬੇਨਤੀ ਤੋਂ ਤੰਗ ਆਏ ਅਤੇ ਪ੍ਰਸ਼ਾਸਨ ਦੀ ਬੇਰੁਖੀ ਦਾ ਸ਼ਿਕਾਰ ਹੋਏ ਭੂਰੀਵਾਲੇ ਮਹਾਤਮਾ ਬੀਰਮ ਦਾਸ ਅਵਦੂਤ ਜੀ ਨੇ ਆਪਣੇ ਸਰੀਰ ਨੂੰ ਜ਼ਿੰਦਾ ਸਾੜਨ ਦੀ ਜ਼ਿਲਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਤੇ ਇਸ ਮਾਮਲੇ ਨੂੰ 'ਜਗ ਬਾਣੀ' ਵਲੋਂ 1 ਦਸੰਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ । ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਮੈਡਮ ਤਨੂੰ ਕਸ਼ਯਪ ਰੂਪਨਗਰ ਵਲੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੰਦੇ ਹੋਏ ਉਕਤ ਕੁਟੀਆ ਦੇ ਰਸਤੇ ਦੀ ਨਿਸ਼ਾਨਦੇਹੀ ਕਰਨ ਦੇ ਹੁਕਮ ਦਿੱਤੇ ਗਏ ਸਨ । ਜਿਸ 'ਤੇ ਅਮਲ ਕਰਦੇ ਹੋਏ ਜ਼ਿਲਾ ਪ੍ਰਸ਼ਾਸਨ ਦੇ ਕਾਨੂੰਨਗੋ ਜਸਵੀਰ ਸਿੰਘ ਦੀ ਟੀਮ ਵਲੋਂ ਅੱਜ ਉਕਤ ਕੁਟੀਆ ਨੂੰ ਜਾਣ ਵਾਲੇ ਰਸਤੇ ਦੀ ਨਿਸ਼ਾਨਦੇਹੀ ਕੀਤੀ ਗਈ, ਜਿਸ 'ਚ ਦੋ ਕਰਮ ਦੇ ਰਸਤੇ ਦੀਆਂ ਨਿਸ਼ਾਨੀਆਂ ਲਗਵਾਈਆਂ ਗਈਆਂ । ਜ਼ਿਲਾ ਪ੍ਰਸ਼ਾਸਨ ਵਲੋਂ ਕਰਵਾਈ ਗਈ ਕੁਟੀਆ ਨੂੰ ਜਾਣ ਵਾਲੇ ਰਸਤੇ ਦੀ ਨਿਸ਼ਾਨਦੇਹੀ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਮਹਾਤਮਾ ਬੀਰਮ ਦਾਸ ਅਵਦੂਤ ਨੇ ਆਖਿਆ ਕਿ ਸੰਗਤਾਂ ਨੂੰ ਇਸ ਰਸਤੇ 'ਤੇ ਆਉਣ-ਜਾਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਸਮੱਸਿਆ ਹੱਲ ਹੋ ਗਈ ਹੈ । ਕਾਨੂੰਨਗੋ ਜਸਵੀਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਆਦੇਸ਼ਾਂ 'ਤੇ ਉਕਤ ਅਸਥਾਨ ਨੂੰ ਜਾਣ ਵਾਲੇ ਰਸਤੇ ਦੀ ਸਰਕਾਰੀ ਰਿਕਾਰਡ ਅਨੁਸਾਰ ਮਿਣਤੀ ਕਰਵਾ ਦਿੱਤੀ ਗਈ ਹੈ ਤਾਂ ਜੋ ਉਕਤ ਰਸਤੇ ਦੇ ਆਲੇ-ਦੁਆਲੇ ਬੁਰਜੀਆਂ ਆਦਿ ਲਗਾਇਆਂ ਜਾ ਸਕੇ । ਭੂਰੀਵਾਲੇ ਮਹਾਤਮਾ ਬੀਰਮ ਦਾਸ ਅਵਦੂਤ ਨੇ ਜ਼ਿਲਾ ਡਿਪਟੀ ਕਮਿਸ਼ਨਰ ਰੂਪਨਗਰ ਦਾ ਕੁਟੀਆ ਨੂੰ ਜਾਣ ਵਾਲੇ ਰਸਤੇ ਦੀ ਨਿਸ਼ਾਨਦੇਹੀ ਕਰਵਾਉਣ 'ਤੇ ਸੰਗਤ ਦੀ ਸਮੱਸਿਆ ਨੂੰ ਹੱਲ ਕਰਨ 'ਤੇ ਧੰਨਵਾਦ ਕੀਤਾ ।
ਕਿਉਂ ਦਿੱਤੀ ਸੀ ਭੂਰੀਵਾਲੇ ਮਹਾਤਮਾ ਬੀਰਮ ਦਾਸ ਅਵਦੂਤ ਨੇ ਆਪਣਾ ਸਰੀਰ ਸਾੜਨ ਦੀ ਚਿਤਾਵਨੀ : ਭੂਰੀਵਾਲੇ ਮਹਾਤਮਾ ਬੀਰਮ ਦਾਸ ਅਵਦੂਤ ਜੀ ਨੇ 19 ਨਵੰਬਰ 2014 ਨੂੰ ਡੀ. ਡੀ. ਪੀ. ਓ. ਕੁਲਵੰਤ ਸਿੰਘ ਰੂਪਨਗਰ ਨੂੰ ਦਰਖਾਸਤ ਰਾਹੀਂ ਅਪੀਲ ਕੀਤੀ ਸੀ ਕਿ ਕੁਟੀਆ ਨੂੰ ਜਾਣ ਵਾਲੇ ਰਸਤੇ ਦੀ ਨਿਸ਼ਾਨਦੇਹੀ ਕਰਵਾਈ ਜਾਵੇ, ਜਿਸ 'ਤੇ ਡੀ. ਡੀ. ਪੀ. ਓ. ਰੂਪਨਗਰ ਨੇ ਉਕਤ ਸਥਾਨ ਨੂੰ ਜਾਣ ਵਾਲੇ ਰਸਤੇ ਦੀ ਨਿਸ਼ਾਨਦੇਹੀ ਕਰਵਾਉਣ ਲਈ ਬੀ. ਡੀ. ਪੀ. ਓ. ਦਵਿੰਦਰ ਕੁਮਾਰ ਨੂਰਪੁਰਬੇਦੀ ਨੂੰ 15 ਦਿਨਾਂ ਦੇ ਅੰਦਰ-ਅੰਦਰ ਨਿਸ਼ਾਨਦੇਹੀ ਕਰਵਾਉਣ ਦੇ ਲਿਖਤੀ ਆਰਡਰ ਦਿੱਤੇ ਸਨ ਪਰ ਬੀ. ਡੀ. ਪੀ. ਓ. ਦਵਿੰਦਰ ਕੁਮਾਰ ਨੂਰਪੁਰਬੇਦੀ ਨੇ ਇਨ੍ਹਾਂ ਲਿਖਤੀ ਆਰਡਰਾਂ ਨੂੰ ਟਿੱਚ ਸਮਝਦੇ ਹੋਏ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟਦੇ ਹੋਏ ਨਿਸ਼ਾਨਦੇਹੀ ਕਰਵਾਉਣ ਦਾ ਲਾਰਾ-ਲੱਪਾ ਹੀ ਲਾਈ ਰੱਖਿਆ । ਜਿਸ ਕਾਰਨ ਮਹਾਤਮਾ ਬੀਰਮ ਦਾਸ ਅਵਦੂਤ ਜੀ ਨੇ ਇਨ੍ਹਾਂ ਅਧਿਕਾਰੀਆਂ ਦੀ ਮਾੜੀ ਕਾਰਗੁਜ਼ਾਰੀ ਤੋਂ ਡਾਢੇ ਦੁੱਖੀ ਹੋ ਕੇ ਆਪਣੇ ਸਰੀਰ ਨੂੰ ਜ਼ਿੰਦਾ ਸਾੜਨ ਦੀ ਜ਼ਿਲਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ।
ਏਜੰਟ ਨੇ ਨੇਪਾਲੀ ਲੜਕੀ ਨੂੰ 40 ਹਜ਼ਾਰ 'ਚ ਵੇਚਿਆ
NEXT STORY