ਜਲੰਧਰ—ਬਾਲੀਵੁੱਡ ਸਟਾਰ ਸੋਨਾਕਸ਼ੀ ਸਿਨਹਾ ਨੇ ਕਿਹਾ ਹੈ ਕਿ ਉਹ ਇਕ ਕ੍ਰੀਏਟਿਵ ਵਿਅਕਤੀ ਹੈ ਅਤੇ ਕ੍ਰੀਏਟੀਵਿਟੀ ਵਿਚ ਉਨ੍ਹਾਂ ਦਾ ਭਰੋਸਾ ਹੈ। ਇਸ ਲਈ ਜੀਵਨ ਵਿਚ ਉਹ ਕ੍ਰੀਏਟਿਵ ਕੰਮ ਹੀ ਕਰਨਾ ਚਾਹੁੰਦੀ ਹੈ। ਪੰਜਾਬ ਕੇਸਰੀ ਗਰੁੱਪ ਦੇ ਦਫਤਰ ਪਹੁੰਚੀ ਸੋਨਾਕਸ਼ੀ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਉਹ ਆਪਣੇ ਪਿਤਾ ਸ਼ਤਰੂਘਨ ਸਿਨਹਾ ਦੀ ਤਰ੍ਹਾਂ ਰਾਜਨੀਤੀ ਵਿਚ ਜਾਣਾ ਪਸੰਦ ਨਹੀਂ ਕਰੇਗੀ। ਕੇਂਦਰ ਵਿਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਪਿੱਛੋਂ ਉਹ ਆਪਣੇ ਪਿਤਾ ਨਾਲ ਰਾਜਨੀਤਕ ਵਿਸ਼ਿਆਂ 'ਤੇ ਅੱਜਕਲ ਗੱਲਬਾਤ ਜ਼ਰੂਰ ਕਰ ਰਹੀ ਹੈ। ਪ੍ਰਧਾਨ ਮੰਤਰੀ ਕੀ ਕਰ ਰਹੇ ਹਨ, ਇਹ ਸਭ ਲੋਕ ਜਾਣਦੇ ਹਨ, ਜਿਸ ਕਾਰਨ ਰਾਜਨੀਤੀ ਵਿਚ ਮੇਰੀ ਦਿਲਚਸਪੀ ਜਾਗੀ ਹੋਈ ਹੈ ਪਰ ਇਸ ਦੇ ਬਾਵਜੂਦ ਰਾਜਨੀਤੀ ਵਿਚ ਸ਼ਾਮਲ ਹੋਣ ਬਾਰੇ ਉਹ ਸੋਚ ਵੀ ਨਹੀਂ ਸਕਦੀ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸਲਮਾਨ ਖਾਨ, ਆਮਿਰ ਖਾਨ, ਸ਼ਾਹਰੁਖ ਖਾਨ, ਰਣਬੀਰ ਕਪੂਰ ਅਤੇ ਅਰਜੁਨ ਕਪੂਰ ਵਰਗੇ ਫਿਲਮੀ ਸਿਤਾਰਿਆਂ ਵਿਚੋਂ ਉਨ੍ਹਾਂ ਦਾ ਸਭ ਤੋਂ ਪਸੰਦੀਦਾ ਸਟਾਰ ਕੌਣ ਹੈ ਤਾਂ ਸੋਨਾਕਸ਼ੀ ਨੇ ਕਿਹਾ ਕਿ ਉਹ ਕਿਸੇ ਵੀ ਸਟਾਰ ਨੂੰ ਗ੍ਰੇਡਿੰਗ ਨਹੀਂ ਦੇ ਸਕਦੀ। ਉਸ ਦੀ ਨਜ਼ਰ ਵਿਚ ਸਾਰੇ ਸਟਾਰ ਬਿਹਤਰ ਹਨ। ਇਹ ਪੁੱਛੇ ਜਾਣ 'ਤੇ ਕਿ ਵਿਹਲੇ ਸਮੇਂ ਵਿਚ ਉਹ ਕੀ ਕਰਦੀ ਹੈ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਵਿਹਲਾ ਸਮਾਂ ਮਿਲਣ 'ਤੇ ਉਹ ਆਪਣੇ ਟਵਿਟਰ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਆਪਣੀਆਂ ਸਰਗਰਮੀਆਂ ਬਾਰੇ ਉਹ ਟਵਿਟਰ ਦੇ ਜ਼ਰੀਏ ਆਪਣੇ ਵਿਚਾਰ ਫੈਨਜ਼ ਤੱਕ ਪਹੁੰਚਾਉਂਦੀ ਹੈ।
ਸੋਨਾਕਸ਼ੀ ਨੇ ਕਿਹਾ ਕਿ ਫਿਲਮੀ ਦੁਨੀਆ ਵਿਚ ਜਾਣ ਬਾਰੇ ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ। ਉਹ ਫੈਸ਼ਨ ਡਿਜ਼ਾਈਨਿੰਗ ਦੀ ਡਿਗਰੀ ਕਰ ਰਹੀ ਸੀ ਕਿ ਜਦੋਂ ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਉਨ੍ਹਾਂ ਕੋਲ ਆ ਕੇ 'ਦਬੰਗ' ਫਿਲਮ ਵਿਚ ਕੰਮ ਕਰਨ ਦਾ ਆਫਰ ਦਿੱਤਾ। ਸਲਮਾਨ ਦੇ ਆਫਰ ਨੂੰ ਉਹ ਠੁਕਰਾ ਨਹੀਂ ਸਕੀ, ਇਸ ਤਰ੍ਹਾਂ ਕਿਸਮਤ ਉਨ੍ਹਾਂ ਨੂੰ ਫਿਲਮੀ ਦੁਨੀਆ ਵਿਚ ਲੈ ਆਈ। ਉਨ੍ਹਾਂ ਕਿਹਾ ਕਿ ਜਦੋਂ ਉਹ ਪੜ੍ਹਾਈ ਕਰ ਰਹੀ ਸੀ ਤਾਂ ਉਨ੍ਹਾਂ ਦਾ ਭਾਰ ਵੀ ਜ਼ਿਆਦਾ ਸੀ। ਸਲਮਾਨ ਤੋਂ ਆਫਰ ਮਿਲਣ ਪਿਛੋਂ ਉਨ੍ਹਾਂ ਆਪਣਾ ਭਾਰ ਕਾਫੀ ਘਟਾਇਆ ਤਾਂ ਕਿ ਉਹ ਆਪਣੇ ਆਪ ਨੂੰ ਦਬੰਗ ਫਿਲਮ ਦੇ ਲਈ ਫਿੱਟ ਕਰ ਸਕੇ। ਫਿਲਮ ਵਿਚ ਕੰਮ ਕਰਨ ਵਿਚ ਉਨ੍ਹਾਂ ਨੂੰ ਮਜ਼ਾ ਆਇਆ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਕਰੀਅਰ ਫਿਲਮੀ ਦੁਨੀਆ ਨਾਲ ਜੁੜ ਗਿਆ। ਐਕਟਿੰਗ ਦੀ ਟਰੇਨਿੰਗ ਕਰਨ ਬਾਰੇ ਤਾਂ ਉਨ੍ਹਾਂ ਨੂੰ ਸਮਾਂ ਹੀ ਨਹੀਂ ਮਿਲਿਆ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅੱਜਕਲ ਫਿਲਮਾਂ ਵਿਚ ਪ੍ਰਿਅੰਕਾ ਚੋਪੜਾ, ਆਲੀਆ ਭੱਟ ਅਤੇ ਹੋਰ ਐਕਟ੍ਰੈੱਸਾਂ ਖੁਦ ਗਾਣੇ ਵੀ ਗਾ ਰਹੀਆਂ ਹਨ ਤਾਂ ਸੋਨਾਕਸ਼ੀ ਨੇ ਉੱਤਰ ਦਿੱਤਾ ਕਿ ਸ਼ਾਇਦ ਭਗਵਾਨ ਨੇ ਉਨ੍ਹਾਂ ਨੂੰ ਇੰਨੀ ਚੰਗੀ ਆਵਾਜ਼ ਨਹੀਂ ਦਿੱਤੀ, ਇਸ ਦੇ ਬਾਵਜੂਦ ਜਦੋਂ ਵੀ ਉਨ੍ਹਾਂ ਨੂੰ ਗਾਉਣ ਦਾ ਮੌਕਾ ਮਿਲੇਗਾ ਤਾਂ ਉਹ ਇਸ ਵਿਚ ਵੀ ਕਿਸਮਤ ਅਜ਼ਮਾਉਣਗੇ ਕਿਉਂਕਿ ਗਾਉਣ ਵਿਚ ਵੀ ਮਜ਼ਾ ਆਉਂਦਾ ਹੈ। ਉਨ੍ਹਾਂ ਕਿਹਾ ਕਿ 9 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਉਨ੍ਹਾਂ ਦੀ ਫਿਲਮ 'ਤੇਵਰ' ਵਿਚ ਉਨ੍ਹਾਂ 'ਲੈਟਸ ਸੈਲੀਬ੍ਰੇਟ' ਗਾਣੇ ਵਿਚ ਗਾਇਕ ਇਮਰਾਨ ਖਾਨ ਨਾਲ ਕੁਝ ਸਤਰਾਂ ਜ਼ਰੂਰ ਗਾਈਆਂ ਹਨ।
ਸੋਨਾਕਸ਼ੀ ਨੇ ਆਪਣੀ ਨਵੀਂ ਫਿਲਮ 'ਤੇਵਰ' ਬਾਰੇ ਕਿਹਾ ਕਿ ਇਹ ਫਿਲਮ ਰੋਮਾਂਸ 'ਤੇ ਆਧਾਰਿਤ ਹੈ। ਇਸ ਵਿਚ ਦੋ ਲੋਕ ਹੁੰਦੇ ਹਨ, ਜਿਹੜੇ ਇਕ ਦੂਜੇ ਤੋਂ ਅਣਜਾਣ ਹਨ। ਮਥੁਰਾ ਦੀ ਇਕ ਲੜਕੀ ਰਾਧਿਕਾ ਹੈ, ਜਿਸ ਵਿਚ ਉਹ ਐਕਟਿੰਗ ਕਰ ਰਹੀ ਹੈ। ਉਹ ਅਮਰੀਕਾ ਜਾਣਾ ਚਾਹੁੰਦੀ ਹੈ। ਫਿਲਮ ਵਿਚ ਵਿਲੇਨ ਮਨੋਜ ਵਾਜਪਾਈ ਲੜਕੀ ਦੇ ਰਸਤੇ ਵਿਚ ਰੋੜੇ ਅਟਕਾਉਂਦਾ ਹੈ, ਬਾਅਦ ਵਿਚ ਉਸ ਦੀ ਮੁਲਾਕਾਤ ਪਿੰਟੂ (ਅਰਜੁਨ ਕਪੂਰ) ਨਾਲ ਹੁੰਦੀ ਹੈ। ਹੌਲੀ-ਹੌਲੀ ਇਹ ਰਿਸ਼ਤਾ ਪਿਆਰ ਵਿਚ ਬਦਲ ਜਾਂਦਾ ਹੈ।
'ਤੇਵਰ' ਵਿਚ ਢਾਈ ਕਰੋੜ ਦਾ ਗਾਣਾ ਅਤੇ 75 ਲੱਖ ਦੀ ਡਰੈੱਸ
ਬਾਲੀਵੁੱਡ ਐਕਟ੍ਰੈੱਸ ਸੋਨਾਕਸ਼ੀ ਸਿਨਹਾ ਤੋਂ ਜਦੋਂ ਪੁੱਛਿਆ ਗਿਆ ਕਿ 'ਤੇਵਰ' ਫਿਲਮ ਵਿਚ ਇਕ ਗਾਣੇ 'ਤੇ ਲਗਭਗ 2.50 ਕਰੋੜ ਦੀ ਰਕਮ ਖਰਚ ਕੀਤੀ ਗਈ ਹੈ ਤਾਂ ਨਾਲ ਹੀ ਉਨ੍ਹਾਂ ਦੀ ਡਰੈੱਸ 'ਤੇ 75 ਲੱਖ ਰੁਪਏ ਦੀ ਲਾਗਤ ਆਈ ਹੈ ਤਾਂ ਸੋਨਾਕਸ਼ੀ ਨੇ ਕਿਹਾ ਕਿ ਉਹ ਸਹੀ ਤੌਰ 'ਤੇ ਇਹ ਤਾਂ ਨਹੀਂ ਕਹਿ ਸਕਦੀ ਕਿ ਕੁਲ ਕਿੰਨਾ ਖਰਚਾ ਗੀਤਾਂ ਅਤੇ ਡਰੈੱਸ 'ਤੇ ਹੋਇਆ ਹੈ ਪਰ ਇੰਨਾ ਜ਼ਰੂਰ ਹੈ ਕਿ ਇਸ ਵਿਚ ਫਿਲਮਾਏ ਗਏ ਗਾਣਿਆਂ ਉੱਪਰ ਹੁਣ ਤੱਕ ਦੇ ਮੁਕਾਬਲੇ ਸਭ ਤੋਂ ਵੱਧ ਖਰਚਾ ਆਇਆ ਹੈ। ਇਸ ਤਰ੍ਹਾਂ 'ਰਾਧਾ ਨਾਚੇਗੀ' ਗੀਤ ਵਿਚ ਲਗਭਗ 100 ਡਾਂਸਰਾਂ ਨੇ ਕੰਮ ਕੀਤਾ ਹੈ। ਇਸ ਗੀਤ ਵਿਚ ਉਨ੍ਹਾਂ ਨੇ ਜਿਹੜੀ ਡਰੈੱਸ ਪਹਿਨੀ ਹੈ, ਉਹ ਸਭ ਤੋਂ ਮਹਿੰਗੀ ਸੀ।
ਉਨ੍ਹਾਂ ਕਿਹਾ ਕਿ ਬੋਨੀ ਕਪੂਰ ਹਮੇਸ਼ਾ ਕੁਝ ਨਵਾਂ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਦਿਲ ਖੋਲ੍ਹ ਕੇ ਫਿਲਮ ਵਿਚ ਪੈਸਾ ਖਰਚ ਕੀਤਾ ਹੈ, ਜਿਸ ਦੇ ਲਈ ਉਹ ਉਨ੍ਹਾਂ ਦਾ ਧੰਨਵਾਦ ਕਰਦੀ ਹੈ। ਸੋਨਾਕਸ਼ੀ ਨੇ ਕਿਹਾ ਕਿ 'ਤੇਵਰ' ਦੇ ਹਰੇਕ ਗਾਣੇ ਉੱਪਰ ਥਿਰਕਣ ਦਾ ਮਨ ਕਰਦਾ ਹੈ। ਹਰੇਕ ਗਾਣੇ ਉੱਪਰ ਗਰਦਨ ਆਪਣੇ-ਆਪ ਹਿੱਲਣ ਲੱਗਦੀ ਹੈ ਪਰ 'ਸੁਪਰਮੈਨ' ਅਤੇ 'ਰਾਧਾ ਨਾਚੇਗੀ' ਗੀਤਾਂ ਉੱਪਰ ਉਨ੍ਹਾਂ ਨੂੰ ਸਭ ਤੋਂ ਵੱਧ ਮਜ਼ਾ ਆਇਆ।
ਦਿਲੋਂ ਪੰਜਾਬੀ ਹਾਂ : ਸੋਨਾਕਸ਼ੀ
ਐਕਟ੍ਰੈੱਸ ਸੋਨਾਕਸ਼ੀ ਸਿਨ੍ਹਾ ਨੇ ਕਿਹਾ ਕਿ ਭਾਵੇਂ ਉਹ ਬਿਹਾਰ ਨਾਲ ਸਬੰਧ ਰੱਖਦੀ ਹੈ ਪਰ ਦਿਲੋਂ ਉਹ ਆਪਣੇ-ਆਪ ਨੂੰ ਪੰਜਾਬੀ ਮੰਨਦੀ ਹੈ। ਸੋਨਾਕਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਖਾਣਾ ਖਾਣ ਦਾ ਬਹੁਤ ਸ਼ੌਕ ਹੈ ਅਤੇ ਪੰਜਾਬੀ ਲੋਕਾਂ ਵਿਚ ਅਜਿਹੀ ਹੀ ਫਿਤਰਤ ਪਾਈ ਜਾਂਦੀ ਹੈ ਕਿ ਉਹ ਚੰਗੇ ਖਾਣ ਪੀਣ ਦੇ ਲਈ ਜਾਣੇ ਜਾਂਦੇ ਹਨ।
ਅਨੁਸ਼ਕਾ ਸ਼ੰਕਰ ਤੀਜੀ ਵਾਰੀ ਗ੍ਰੈਮੀ ਲਈ ਹੋਈ ਨੌਮੀਨੇਟ (ਦੇਖੋ ਤਸਵੀਰਾਂ)
NEXT STORY