ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਸਥਾਨਕ ਸਰਕਾਰੀ ਕਾਲਜ ਦੇ ਬੀ.ਏ. ਭਾਗ ਪਹਿਲਾ ਦੇ ਦਲਿਤ ਵਿਦਿਆਰਥੀ ਗੁਰਵਿੰਦਰ ਸਿੰਘ ਦਾ ਫੀਸ ਨਾ ਭਰਨ ਕਾਰਨ ਭਵਿੱਖ ਦਾਅ 'ਤੇ ਲੱਗ ਗਿਆ ਹੈ ਕਿਉਂਕਿ ਕਾਲਜ ਮੈਨੇਜਮੈਂਟ ਨੇ ਫੀਸ ਨਾ ਭਰਨ ਕਾਰਨ ਉਸ ਨੂੰ ਪਿਛਲੇ ਦਿਨੀਂ ਅਯੋਗ ਐਲਾਨ ਦਿੱਤਾ ਹੈ, ਜਿਸ ਕਾਰਨ ਉਸ ਦਾ ਪੂਰਾ ਸਾਲ ਖਰਾਬ ਹੋਣ ਕੰਢੇ ਪੁੱਜ ਗਿਆ ਹੈ।
ਜ਼ਿਕਰਯੋਗ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਐਕਟ 1998 ਦੇ ਤਹਿਤ ਦਲਿਤ ਵਿਦਿਆਰਥੀਆਂ ਦੀ ਪੂਰੀ ਫੀਸ ਮਾਫ ਹੈ। ਵਿਦਿਆਰਥੀ ਗੁਰਵਿੰਦਰ ਸਿੰਘ ਦਾ ਕਾਲਜ 'ਚੋਂ ਗੈਰ-ਹਾਜ਼ਰ ਰਹਿਣ ਕਾਰਨ ਨਾਂ ਕੱਟ ਦਿੱਤਾ ਗਿਆ, ਜਿਸ ਦਾ ਮੁਖ ਕਾਰਨ ਇਹ ਸੀ ਕਿ ਉਹ ਆਪਣੀ ਫੀਸ ਭਰਨ ਲਈ ਹੀ ਕੰਮ ਕਰਦਾ ਸੀ। ਜਦੋਂ ਉਹ ਕਾਲਜ ਆਇਆ ਤਾਂ ਉਸ ਨੇ ਆਪਣਾ ਨਾਂ ਦਾਖਲ ਕਰਵਾ ਲਿਆ ਅਤੇ ਲਗਾਤਾਰ ਕਲਾਸਾਂ ਵੀ ਲਗਾਉਂਦਾ ਰਿਹਾ ਪਰ ਜਦੋਂ ਉਹ ਆਪਣੀ ਫੀਸ ਭਰਨ ਗਿਆ ਤਾਂ ਉਸ ਦੀ ਫੀਸ ਨਹੀਂ ਭਰਵਾਈ ਗਈ। ਬਾਅਦ ਵਿਚ ਪਤਾ ਲੱਗਾ ਕਿ ਕਾਲਜ ਮੈਨੇਜਮੈਂਟ ਨੇ ਪ੍ਰੀਖਿਆ ਫੀਸ ਨਾ ਭਰਨ ਕਾਰਨ ਉਸ ਨੂੰ ਪ੍ਰੀਖਿਆ 'ਚ ਅਯੋਗ ਐਲਾਨ ਦਿੱਤਾ ਹੈ, ਜਿਸ ਕਾਰਨ ਹੁਣ ਉਹ ਪ੍ਰੀਖਿਆ 'ਚ ਨਹੀਂ ਬੈਠ ਸਕਦਾ। ਜਦੋਂ ਪੀੜ੍ਹਤ ਵਿਦਿਆਰਥੀ ਵੱਲੋਂ ਇਸ ਸੰਬੰਧੀ ਪੰਜਾਬ ਸਟੂਡੈਂਟਸ ਯੂਨੀਅਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਵਫਦ ਨੂੰ ਭਲਾਈ ਅਫਸਰ ਸ੍ਰੀ ਮੁਕਤਸਰ ਸਾਹਿਬ ਕੋਲ ਭੇਜ ਦਿੱਤਾ। ਭਲਾਈ ਅਫਸਰ ਨੇ ਦੋ ਦਿਨਾਂ ਦਾ ਟਾਈਮ ਦਿੱਤਾ ਸੀ ਪਰ ਅਜੇ ਤੱਕ ਇਸ ਦਾ ਕੋਈ ਵੀ ਹੱਲ ਨਹੀਂ ਕੱਢਿਆ ਗਿਆ, ਜਿਸ ਕਾਰਨ ਗੁਰਵਿੰਦਰ ਸਿੰਘ ਦਾ ਪੂਰਾ ਸਾਲ ਖਰਾਬ ਹੋਣ ਕੰਢੇ ਪਹੁੰਚ ਗਿਆ ਹੈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ੋਨਲ ਸਕੱਤਰ ਗਗਨ ਸੰਗਰਾਮੀ ਅਤੇ ਜ਼ਿਲਾ ਪ੍ਰਧਾਨ ਜਸਵੀਰ ਸਰਾਏਨਾਗਾ ਨੇ ਕਿਹਾ ਕਿ 1998 ਤੋਂ ਦਲਿਤ ਵਿਦਿਆਰਥੀਆਂ ਦੀ ਫੀਸ ਮਾਫ ਹੈ ਅਤੇ ਇਸ ਸੰਬੰਧੀ ਬਕਾਇਦਾ ਮਾਣਯੋਗ ਹਾਈਕੋਰਟ ਨੇ ਵੀ ਸਿੱਖਿਆ ਅਤੇ ਭਲਾਈ ਵਿਭਾਗ ਨੂੰ ਨੋਟਿਸ ਭੇਜੇ ਹਨ, ਇਸ ਦੇ ਬਾਵਜੂਦ ਦਲਿਤ ਵਿਦਿਆਰਥੀਆਂ ਦੇ ਫੀਸਾਂ ਨਾ ਦੇਣ ਕਰਨ ਨਾਂ ਕੱਟ ਕੇ ਅਦਾਲਤੀ ਹੁਕਮਾਂ ਦੀਆਂ ਸ਼ੇਰਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਜੋ ਕਿ ਸਰਕਾਰ ਅਤੇ ਮੈਨੇਜਮੈਂਟਾਂ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਕਰਦਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਦਾ ਕੋਈ ਹੱਲ ਨਾ ਹੋਇਆ ਤਾਂ ਜੱਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਅਤੇ ਕਾਲਜ ਮੈਨੇਜਮੈਂਟ ਦੀ ਹੋਵਗੀ।
ਲਾਵਾਰਸ ਹਾਲਤ 'ਚ ਬੱਚਾ ਮਿਲਿਆ
NEXT STORY