ਸੱਚਾ ਮਿੱਤਰ ਅਤੇ ਚੰਗਾ ਗੁਆਂਢੀ ਮਿਲਣਾ ਵੀ ਖੁਸ਼ਕਿਸਮਤੀ ਦੀ ਗੱਲ ਹੈ, ਵਰਨਾ ਇਹ ਸਾਰਾ ਸੰਸਾਰ ਹੀ ਸੁਆਰਥ ਦੇ ਧਰਾਤਲ 'ਤੇ ਟਿਕਿਆ ਹੋਇਆ ਹੈ। ਜੇ ਤੁਸੀਂ ਭੌਤਿਕ ਸੁੱਖ-ਸਾਧਨ ਵਾਲੇ ਹੋ ਤਾਂ ਲੋਕ ਤੁਹਾਡੇ ਪਿੱਛੇ ਪਰਛਾਵੇਂ ਵਾਂਗ ਲੱਗੇ ਰਹਿਣਗੇ ਪਰ ਬਿਪਤਾ ਵੇਲੇ ਪਾਸੇ ਹੋ ਜਾਣਗੇ।
ਸੁਆਰਥੀ ਵਿਅਕਤੀ ਦੀ ਮਿੱਤਰਤਾ ਪਰਛਾਵੇਂ ਵਾਂਗ ਹੀ ਹੈ, ਜਿਵੇਂ ਰੌਸ਼ਨੀ 'ਚ ਪਰਛਾਵਾਂ ਨਾਲ ਚੱਲਦਾ ਹੈ ਪਰ ਹਨੇਰਾ ਹੁੰਦਿਆਂ ਹੀ ਉਹ ਗਾਇਬ ਹੋ ਜਾਂਦਾ ਹੈ। ਇਸੇ ਤਰ੍ਹਾਂ ਸੁਆਰਥੀ ਮਿੱਤਰ ਖੂਬ ਦਮ ਭਰਦਾ ਹੈ ਮਿੱਤਰਤਾ ਦੇ ਨਾਂ 'ਤੇ ਪਰ ਜਦੋਂ ਬੁਰਾ ਵਕਤ ਆਉਂਦਾ ਹੈ, ਪੱਲਾ ਛੱਡ ਜਾਂਦਾ ਹੈ। ਕੁਝ ਚਾਪਲੂਸ ਮਿੱਤਰ ਵੀ ਹੁੰਦੇ ਹਨ, ਜੋ ਖੂਬ ਯਸ਼ ਗਾਉਂਦੇ ਹਨ ਪਰ ਸੁਆਰਥ ਸਿੱਧ ਹੋਣ 'ਤੇ ਉਹੀ ਦੁਸ਼ਮਣ ਬਣ ਜਾਂਦੇ ਹਨ।
ਕਿਸੇ ਪੱਛਮੀ ਲੇਖਕ ਨੇ ਕਿਹਾ ਹੈ, ਮਿੱਤਰਤਾ ਧਨ ਦੇ ਵਾਂਗ ਹੈ, ਜਿਸ ਨੂੰ ਸੌਖਿਆਂ ਕਮਾ ਤਾਂ ਸਕਦੇ ਹਾਂ ਪਰ ਲਗਾਤਾਰ ਸੁਰੱਖਿਅਤ ਰੱਖਣਾ ਕਠਿਨ ਹੈ। ਜਦੋਂ ਪ੍ਰਸੰਨਤਾ ਦਾ ਮਾਹੌਲ ਹੁੰਦਾ ਹੈ ਤਾਂ ਕਈ ਮਿੱਤਰ ਬਣਦੇ ਹਨ ਪਰ ਕਲੇਸ਼ ਜਾਂ ਦੁੱਖ ਦੀ ਹਾਲਤ 'ਚ ਨਹੀਂ।
ਗੁਰੂ ਅੰਗਦ ਦੇਵ ਜੀ ਦਾ ਕਹਿਣਾ ਹੈ ਕਿ ਕਿਸੇ ਹੋਛੇ ਬੰਦੇ ਨਾਲ ਦੋਸਤੀ ਅਤੇ ਕਿਸੇ ਧਨੀ ਵਿਅਕਤੀ ਪ੍ਰਤੀ ਸਮਰਪਿਤ ਹੋਣਾ ਇੰਝ ਹੀ ਹੈ, ਜਿਵੇਂ ਕਿ ਪਾਣੀ 'ਤੇ ਲਕੀਰ ਖਿੱਚਣਾ। ਅਜਿਹੀ ਦੋਸਤੀ ਹਮੇਸ਼ਾ ਫਜ਼ੂਲ ਅਤੇ ਕੁਝ ਪਲਾਂ ਦੀ ਹੁੰਦੀ ਹੈ। ਅਗਿਆਨੀ ਅਤੇ ਸੁਆਰਥੀ ਦੀ ਮਿੱਤਰਤਾ, ਸ਼ਰਾਬੀ ਅਤੇ ਜੁਆਰੀ ਦੇ ਨਾਲ ਰਹਿਣ ਵਰਗੀ ਹੈ।
ਸੁਕਰਾਤ ਨੇ ਕਿਹਾ ਸੀ ਕਿ ਦੋਸਤੀ ਕਰਨ 'ਚ ਕਾਹਲ ਨਾ ਕਰੋ, ਜੇ ਕਰੋ ਤਾਂ ਉਸ ਨੂੰ ਅੰਤ ਤਕ ਨਿਭਾਓ। ਨੀਤੀਕਾਰਾਂ ਨੇ ਸੱਚੇ ਮਿੱਤਰ ਦੇ ਕਈ ਲੱਛਣ ਦੱਸੇ ਹਨ, ਜਿਵੇਂ ਮਿੱਤਰ ਆਪਣੇ ਸਾਥੀ ਨੂੰ ਪਾਪ ਕਰਨ ਤੋਂ ਰੋਕਦਾ ਹੈ, ਚੰਗੇ ਕੰਮਾਂ 'ਚ ਹੀ ਲਗਾਉਂਦਾ ਹੈ ਅਤੇ ਉਸਦੀਆਂ ਗੁਪਤ ਗੱਲਾਂ ਕਿਸੇ ਨੂੰ ਨਹੀਂ ਕਹਿੰਦਾ। ਮਿੱਤਰ, ਆਪਣੇ ਮਿੱਤਰ ਦੀ ਬਿਪਤਾ 'ਚ, ਉਸ ਦੇ ਕਸ਼ਟ ਨੂੰ ਦੂਰ ਕਰਨ 'ਚ ਸਹਾਇਤਾ ਕਰਦਾ ਹੈ। ਅਜਿਹੇ ਸਮੇਂ 'ਚ ਉਸ ਦਾ ਸਾਥ ਨਹੀਂ ਛੱਡਦਾ ਅਤੇ ਸਮੇਂ 'ਤੇ ਹਰ ਤਰ੍ਹਾਂ ਤਨ-ਮਨ-ਧਨ ਨਾਲ ਸਹਾਇਤਾ ਦਿੰਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਸੱਚਾ ਮਿੱਤਰ ਅਜਿਹਾ ਹੁੰਦਾ ਹੈ, ਜਿਸ ਨਾਲ ਮਿਲ ਕੇ ਆਪਣੇ ਇਸ਼ਟਦੇਵ ਨੂੰ ਮਿਲਣ ਦਾ ਅਹਿਸਾਸ ਹੁੰਦਾ ਹੈ। ਉਹ ਮਨ ਦੀ ਉਲਝਣ ਨੂੰ ਸੁਣਦਾ ਅਤੇ ਸੁਲਝਾਉਂਦਾ ਵੀ ਹੈ।
ਉਪਰੋਕਤ ਵਰਣਨ ਕੀਤੇ ਗਏ ਸੱਚੇ ਮਿੱਤਰਾਂ ਦੇ ਗੁਣਾਂ ਨੂੰ ਅਸੀਂ ਦੇਖਿਆ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਅੱਜ ਕਲਯੁੱਗ 'ਚ ਅਜਿਹਾ ਮਿੱਤਰ ਮਿਲਣਾ ਅਸੰਭਵ ਹੈ, ਜਿਸ ਉਤੇ ਯਕੀਨ ਕੀਤਾ ਜਾਏ। ਤਾਂ ਫਿਰ ਕਿਉਂ ਨਾ ਆਪਣੇ ਅੰਦਰ ਬਿਰਾਜਮਾਨ ਈਸ਼ਵਰ ਦਾ ਹੱਥ ਫੜਿਆ ਜਾਏ ਅਤੇ ਦੋਸਤੀ ਮਜ਼ਬੂਤ ਕਰੀਏ?
ਜਿਹੜਾ ਈਸ਼ਵਰ ਹਰ ਵੇਲੇ ਮੇਰੇ ਨਾਲ ਰਹਿੰਦਾ ਹੈ, ਸੁੱਖ-ਦੁੱਖ 'ਚ ਇਕੋ ਜਿਹਾ ਰਹਿੰਦਾ ਹੈ, ਉਸਦੀ ਨੇੜਤਾ ਆਨੰਦ ਪ੍ਰਦਾਨ ਕਰਦੀ ਹੈ, ਹਨੇਰੇ 'ਚ ਭਟਕਣ ਤੇ ਰੌਸ਼ਨੀ ਦਾ ਰਸਤਾ ਦਿਖਾਉਂਦਾ ਹੈ¸ਅਜਿਹੇ ਸਰਵ ਸ਼ਕਤੀਸ਼ਾਲੀ ਈਸ਼ਵਰ ਨੂੰ ਆਪਣਾ ਭਰੋਸੇਯੋਗ ਮਿੱਤਰ ਬਣਾਉਣ 'ਚ ਲਾਭ ਹੀ ਲਾਭ ਹੈ। ਸੱਚਮੁਚ ਈਸ਼ਵਰ ਦਾ ਪ੍ਰੇਮ, ਉਸਦੀ ਦੋਸਤੀ ਅਤੇ ਮਿਹਰਬਾਨੀ ਸਾਡੇ ਜੀਵਨ ਨੂੰ ਰੌਸ਼ਨ ਕਰਕੇ ਸੁਖਮਈ ਬਣਾਉਂਦੀ ਹੈ।
ਇਤਿਹਾਸ ਸੱਚੇ ਦੋਸਤਾਂ ਨਾਲ ਭਰਿਆ ਪਿਆ ਹੈ, ਜਿਵੇਂ ਰਾਮ ਅਤੇ ਸੁਗਰੀਵ ਦੀ ਮਿੱਤਰਤਾ, ਕ੍ਰਿਸ਼ਨ ਅਤੇ ਸੁਦਾਮਾ ਦੀ ਮਿੱਤਰਤਾ, ਕ੍ਰਿਸ਼ਨ-ਅਰਜੁਨ ਦੀ ਮਿੱਤਰਤਾ। ਅਰਜੁਨ ਨਾਲ ਮਿੱਤਰਤਾ ਕਰਕੇ ਸ਼੍ਰੀ ਕ੍ਰਿਸ਼ਨ ਯੁੱਧ 'ਚ ਅਰਜੁਨ ਦੇ ਸਾਰਥੀ ਬਣੇ, ਇਸੇ ਤਰ੍ਹਾਂ ਅੰਤਰਯਾਮੀ ਈਸ਼ਵਰ ਦੀ ਮਿੱਤਰਤਾ ਨਾਲ ਸੰਸਾਰ ਦੇ ਕਰਮਯੁੱਧ 'ਚ ਜਿੱਤ ਹਾਸਿਲ ਕਰਨੀ ਹੈ, ਇਸ ਲਈ ਉਨ੍ਹਾਂ ਨੂੰ ਆਪਣਾ ਸਾਰਥੀ ਬਣਾਓ।
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਅਤੇ ਹਰ ਹਾਲਾਤ ਦਾ ਮੁਕਾਬਲਾ ਕਰਨ ਲਈ ਉਸਨੂੰ ਇਕ ਸਾਥੀ ਦੀ ਲੋੜ ਮਹਿਸੂਸ ਹੁੰਦੀ ਹੈ। ਜਦੋਂ ਦੁੱਖ 'ਚ ਮਿੱਤਰ ਸਾਥ ਛੱਡ ਦਿੰਦੇ ਹਨ ਤਾਂ ਕੀ ਫਾਇਦਾ ਅਜਿਹੀ ਮਿੱਤਰਤਾ ਤੋਂ? ਇਸ ਲਈ ਈਸ਼ਵਰ ਨੂੰ ਹੀ ਆਪਣਾ ਸੱਚਾ ਅਤੇ ਭਰੋਸੇਮੰਦ ਮਿੱਤਰ ਬਣਾਉਣਾ ਚਾਹੀਦੈ।
ਪ੍ਰਾਰਥਨਾ ਵਿਚ ਵੀ ਅਸੀਂ ਕਹਿੰਦੇ ਹਾਂ¸ਤੁਮਹੀ ਹੋ ਮਾਤਾ, ਪਿਤਾ ਤੁਮਹੀ ਹੋ, ਤੁਮਹੀ ਹੋ ਬੰਧੂ ਸਖਾ ਤੁਮਹੀ ਹੋ। ਇਸ ਲਈ ਦੂਰ ਜਾਣ ਦੀ ਜ਼ਰੂਰਤ ਨਹੀਂ। ਆਪਣੇ ਹੀ ਘਰ ਵਿਚ ਬੈਠੇ ਈਸ਼ਵਰ ਨੂੰ ਮਿੱਤਰ ਬਣਾਉਣ 'ਚ ਭਲਾਈ ਹੈ, ਜੋ ਅੰਤਿਮ ਸਮੇਂ ਤਕ ਸਾਡਾ ਸਾਥ ਨਿਭਾਏਗਾ ਅਤੇ ਇਸ ਲਈ ਸ਼ਰਧਾ ਅਤੇ ਵਿਸ਼ਵਾਸ ਦੀ ਵੀ ਲੋੜ ਹੈ। ਬਾਹਰ ਦੇ ਮਿੱਤਰਾਂ 'ਤੇ ਤਾਂ ਖ਼ੂਬ ਵਿਸ਼ਵਾਸ ਕਰਦੇ ਹੋ ਪਰ ਕੀ ਅੰਦਰ ਦੇ ਮਿੱਤਰ 'ਤੇ ਵੀ ਓਨਾ ਵਿਸ਼ਵਾਸ ਕਰ ਸਕੋਗੇ?