ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਦੇ ਵਿਚਾਲੇ ਸਥਿਤ ਇਤਿਹਾਸਕ ਘੰਟਾਘਰ ਆਪਣੇ ਇਤਿਹਾਸ ਦੇ ਅਨਮੋਲ ਪੰਨੇ ਸਮੇਟੀ ਬੈਠਾ ਹੈ। ਇਹ ਘੰਟਾਘਰ ਜਿਥੇ ਇਕ ਪਾਸੇ ਮੰਡੀ ਰਿਆਸਤ ਦੇ ਨਿਰਦਈ ਸ਼ਾਸਕ ਸਿਧਸੇਨ ਦੀ ਦਮਨਕਾਰੀ ਨੀਤੀ ਦਾ ਲਖਾਇਕ ਹੈ, ਉਥੇ ਉਹ ਵਾਸਤੂਕਲਾ ਦਾ ਇਕ ਅਨੋਖਾ ਨਮੂਨਾ ਵੀ ਹੈ। ਜਾਪਾਨ ਦੀ ਪੈਗੋਡਾ ਸ਼ੈਲੀ ਵਿਚ ਬਣਿਆ ਇਹ ਘੰਟਾਘਰ ਮੌਜੂਦਾ ਸਮੇਂ 'ਚ ਕਾਰੋਬਾਰੀ ਹਾਲ ਦੇ ਵਿਚਕਾਰ ਸਥਿਤ ਹੈ। ਪਹਿਲਾਂ ਇਥੇ ਤਲਾਬ ਦਾ ਹੋਣਾ ਮੰਨਿਆ ਜਾ ਰਿਹਾ ਹੈ, ਜਿਸ ਨੂੰ ਸਿਧਸੇਨ ਰਾਜਾ ਨੇ ਬਣਾਇਆ ਸੀ ਅਤੇ ਉਸ ਨੂੰ 'ਸਿਧਸਰ' ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਸ ਦੇ ਨੇੜੇ ਕਾਲੀ ਮਾਂ ਦਾ ਮੰਦਿਰ ਹੈ, ਜਿਥੇ ਸਵੇਰੇ-ਸ਼ਾਮ ਪੂਜਾ ਕੀਤੀ ਜਾਂਦੀ ਹੈ। ਇਸ ਥਾਂ 'ਤੇ ਭੰਗਾਲ ਦੇ ਰਾਜਾ ਪ੍ਰਿਥਵੀ ਪਾਲ ਦੀ ਹੱਤਿਆ ਕਰ ਕੇ ਉਸ ਦਾ ਸਿਰ ਦੱਬਿਆ ਗਿਆ ਸੀ। ਉਹ ਰਿਸ਼ਤੇ 'ਚ ਮੰਡੀ ਰਿਆਸਤ ਦੇ ਦਾਮਾਦ ਸਨ। ਇਕ ਸਾਜ਼ਿਸ਼ ਰਚ ਕੇ ਰਾਜਾ ਸਿੰਘ ਸੇਨ ਨੇ ਭੰਗਾਲ ਰਿਆਸਤ ਨੂੰ ਮੰਡੀ ਵਿਚ ਮਿਲਾਉਣ ਲਈ ਇਹ ਜਾਲ ਬੁਣਿਆ ਸੀ, ਜਿਸ ਦਾ ਪਤਾ ਰਾਜਾ ਪ੍ਰਿਥਵੀ ਪਾਲ ਨੂੰ ਲੱਗ ਗਿਆ ਸੀ।
ਸੁਕੇਤ ਰਾਜਾ ਦੀ ਮਦਦ ਨਾਲ ਉਨ੍ਹਾਂ ਨੇ ਰਾਜਾ ਸਿੰਘ ਸੇਨ ਦੀ ਕੈਦ ਤੋਂ ਦੌੜਨ ਦਾ ਯਤਨ ਕੀਤਾ ਤੇ ਸਫਲ ਨਾ ਹੋ ਸਕੇ ਤੇ ਮੁੜ ਫੜ ਲਏ ਗਏ ਅਤੇ ਮੰਡੀ ਦੇ ਰਾਜਾ ਸਿਧਸੇਨ ਨੇ ਉਸ ਨੂੰ ਮਰਵਾ ਦਿੱਤਾ। ਆਪਣੇ ਭਰਾ ਦੁਆਰਾ ਪਤੀ ਪ੍ਰਿਥਵੀ ਪਾਲ ਦੀ ਮੌਤ ਦੀ ਸੂਚਨਾ ਜਦੋਂ ਉਸ ਦੀ ਪਤਨੀ ਨੂੰ ਮਿਲੀ ਤਾਂ ਉਸ ਨੇ ਵੀ ਆਤਮ-ਹੱਤਿਆ ਕਰ ਲਈ ਤੇ ਪ੍ਰਿਥਵੀ ਪਾਲ ਦੀ ਭੈਣ ਜੋ ਰਾਜਾ ਸਿਧਸੇਨ ਦੀ ਪਤਨੀ ਸੀ ਨੇ ਵੀ ਹੀਰਾ ਚੱਟ ਕੇ ਮੌਤ ਨੂੰ ਗਲੇ ਲਗਾ ਲਿਆ। ਪ੍ਰਿਥਵੀ ਪਾਲ ਦੀ ਹੱਤਿਆ ਕਰਨ ਦੇ ਬਾਵਜੂਦ ਰਾਜਾ ਸਿਧਸੇਨ ਭੰਗਾਲ ਦੀ ਰਿਆਸਤ ਨੂੰ ਮੰਡੀ ਦੀ ਰਿਆਸਤ ਵਿਚ ਨਹੀਂ ਮਿਲਾ ਸਕਿਆ। ਕੁੱਲੂ ਦੇ ਰਾਜਾ ਨੇ ਮੌਕੇ ਦਾ ਫਾਇਦਾ ਉਠਾ ਕੇ ਭੰਗਾਲ 'ਤੇ ਹਮਲਾ ਕਰ ਦਿੱਤਾ ਤੇ ਉਸ 'ਤੇ ਕਬਜ਼ਾ ਕਰ ਲਿਆ।
ਪ੍ਰਿਥਵੀ ਪਾਲ ਦੀ ਹੱਤਿਆ ਤੋਂ ਬਾਅਦ ਮੰਡੀ ਦੇ ਲੋਕ ਸਿਧਸੇਨ ਤਲਾਬ 'ਚ ਦੀਵੇ ਬਾਲਦੇ ਹਨ। ਸੰਨ 1934 ਵਿਚ ਇਸ ਸਥਾਨ 'ਤੇ ਭਾਰਤੀ ਰਿਆਸਤ ਸੈਨਾ ਬਲ ਦੇ ਮੁੱਖ ਸੈਨਿਕ ਸਲਾਹਕਾਰ ਸਰ ਆਰਥਰ ਮਿਲਸ ਨੇ ਇਕ ਖੂਬਸੂਰਤ ਤਿੰਨ ਮੰਜ਼ਿਲਾ ਘੰਟਾਘਰ ਦਾ ਨਿਰਮਾਣ ਸ਼ੁਰੂ ਕਰਵਾਇਆ ਤੇ 28 ਫਰਵਰੀ 1939 ਵਿਚ ਤਿਆਰ ਕਰ ਕੇ ਇਸ ਦਾ ਉਦਘਾਟਨ ਕੀਤਾ। ਪਹਿਲਾਂ ਇਸ ਨੂੰ 'ਸੰਕਨ ਗਾਰਡਨ' ਦਾ ਨਾਂ ਦਿੱਤਾ ਗਿਆ। ਬਾਅਦ ਵਿਚ ਇਸ ਦਾ ਨਾਂ 'ਸੁਭਾਸ਼ ਪਾਰਕ' ਰੱਖਿਆ ਗਿਆ। ਹੁਣ ਇਸ ਨੂੰ ਇੰਦਿਰਾ ਮਾਰਕੀਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੇ ਚਾਰੇ ਪਾਸੇ ਕਾਰੋਬਾਰੀ ਹਾਲ ਬਣਿਆ ਹੈ। ਉੱਪਰਲੇ ਹਿੱਸੇ 'ਤੇ ਸ਼ਿਵਰਾਤਰੀ ਤੋਂ ਇਲਾਵਾ ਹੋਰ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਘੰਟਾਘਰ ਦੇ ਹੇਠਾਂ ਤੋਂ ਉੱਪਰ ਜਾਣ ਲਈ ਦੋਵੇਂ ਪਾਸੇ ਘੁਮਾਅਦਾਰ ਪੌੜੀਆਂ ਬਣੀਆਂ ਹਨ। ਪਹਿਲੀ ਮੰਜ਼ਿਲ 'ਤੇ ਜਾਨ ਟਾਪਲਰ ਕੰਪਨੀ ਦਾ ਭਾਰਾ ਘੰਟਾ ਹੈ।
ਦੂਜੀ ਮੰਜ਼ਿਲ 'ਤੇ ਚਾਰੇ ਪਾਸੇ ਘੜੀਆਂ ਲਗਾਈਆਂ ਗਈਆਂ ਹਨ। ਇਹ ਘੜੀਆਂ ਮੁੰਬਈ ਦੀਆਂ ਸਵਦੇਸ਼ੀ ਕੰਪਨੀਆਂ ਦੁਆਰਾ ਬਣਾਈਆਂ ਗਈਆਂ ਹਨ। ਘੜੀਆਂ 'ਚ ਸਮਾਂ ਦਰਸਾਉਣ ਵਾਲੇ ਅੰਕ ਸੰਕੇਤਕ ਤੇ ਚੀਨੀ ਭਾਸ਼ਾ ਦੀ ਜਾਣਕਾਰੀ ਦਿੰਦੇ ਹਨ। ਇਥੋਂ ਦੇ ਨਿਵਾਸੀਆਂ ਤੋਂ ਇਲਾਵਾ ਸੈਲਾਨੀਆਂ ਨੂੰ ਵੀ ਘੰਟਾਘਰ ਦੀ ਸੁੰਦਰਤਾ ਨੂੰ ਨਿਹਾਰਦੇ ਦੇਖਿਆ ਜਾ ਸਕਦਾ ਹੈ। ਇਹ ਘੰਟਾਘਰ ਮੰਡੀ ਦੀ ਸ਼ਾਨ ਵਜੋਂ ਦੇਖਿਆ ਜਾਂਦਾ ਹੈ।
ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ
NEXT STORY