ਮਾਹਿਲਪੁਰ, (ਪਰਮਜੀਤ, ਜਸਵੀਰ)- ਜ਼ਿਲਾ ਪੁਲਸ ਮੁਖੀ ਰਾਜਜੀਤ ਸਿੰਘ ਹੁੰਦਲ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਡੀ. ਐੱਸ. ਪੀ. ਮਨਜੀਤ ਸਿੰਘ ਗੜ੍ਹਸ਼ੰਕਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਮੁਖੀ ਦਿਲਬਾਗ ਸਿੰਘ ਦੀ ਅਗਵਾਈ ਹੇਠ ਮਾਹਿਲਪੁਰ ਪੁਲਸ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ 8 ਕਿਲੋਗ੍ਰਾਮ ਡੋਡੇ ਚੂਰਾ-ਪੋਸਤ ਸਮੇਤ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਵਿਰੁੱਧ ਨਸ਼ਾ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿਲਬਾਗ ਸਿੰਘ ਥਾਣਾ ਮੁਖੀ ਮਾਹਿਲਪੁਰ ਨੇ ਦੱਸਿਆ ਕਿ ਥਾਣੇਦਾਰ ਬਖ਼ਸ਼ੀਸ਼ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਫ਼ਗਵਾੜਾ ਰੋਡ 'ਤੇ ਹਰਬੰਸ ਸਿੰਘ ਯਾਦਗਾਰੀ ਗੇਟ ਦੇ ਨਜ਼ਦੀਕ ਵਾਹਨਾਂ ਨੂੰ ਚੈੱਕ ਕਰਨ ਲਈ ਨਾਕਾ ਲਗਾਇਆ ਹੋਇਆ ਸੀ। ਨੰਗਲ ਖੁਰਦ ਲਿੰਕ ਸੜਕ ਤੋਂ ਇਕ ਪੈਦਲ ਆ ਰਹੇ ਨੌਜਵਾਨ, ਜਿਸਦੇ ਕੋਲ ਇਕ ਪਲਾਸਟਿਕ ਦਾ ਬੋਰਾ ਸੀ, ਜੋ ਪੁਲਸ ਨੂੰ ਦੇਖ ਕੇ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ। ਪੁਲਸ ਨੇ ਸ਼ੱਕ ਪੈਣ 'ਤੇ ਲਈ ਤਲਾਸ਼ੀ ਦੌਰਾਨ ਉਸ ਕੋਲੋਂ 8 ਕਿਲੋਗ੍ਰਾਮ ਚੂਰਾ-ਪੋਸਤ ਬਰਾਮਦ ਹੋਇਆ। ਦੋਸ਼ੀ ਦੀ ਪਛਾਣ ਹਰੀਸ਼ ਕੁਮਾਰ ਪੁੱਤਰ ਪਰਮਜੀਤ ਵਾਸੀ ਬਾੜੀਆਂ ਕਲਾਂ ਵਜੋਂ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਸਨੇ ਮੰਨਿਆ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਪਿੰਡ ਦੀ ਹੀ ਇਕ ਔਰਤ ਕੁਲਵਿੰਦਰ ਕੌਰ ਨਾਲ ਮਿਲ ਕੇ ਚੂਰਾ-ਪੋਸਤ ਵੇਚਣ ਦਾ ਧੰਦਾ ਕਰ ਰਿਹਾ ਸੀ, ਜੋ ਇਸ ਸਮੇਂ ਜ਼ਿਲਾ ਜੇਲ ਵਿਚ ਬੰਦ ਹੈ ਅਤੇ ਹੁਣ ਉਹ ਇਕੱਲਾ ਹੀ ਵੱਖ-ਵੱਖ ਪਿੰਡਾਂ ਵਿਚ ਚੂਰਾ-ਪੋਸਤ ਵੇਚਣ ਦਾ ਧੰਦਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਅੱਜ ਵੀ ਉਕਤ ਨਸ਼ਾ ਪਿੰਡਾਂ ਵਿਚ ਵੇਚਣ ਜਾ ਰਿਹਾ ਸੀ ਤਾਂ ਨਾਕੇ ਦੌਰਾਨ ਪੁਲਸ ਦੇ ਅੜਿੱਕੇ ਆ ਗਿਆ। ਮਾਹਿਲਪੁਰ ਪੁਲਸ ਨੇ ਉਕਤ ਨੌਜਵਾਨ ਵਿਰੁੱਧ ਨਸ਼ਾ ਵਿਰੋਧੀ ਐਕਟ 15-61-85 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੁਵਿਧਾ ਸੈਂਟਰ ਕਾਮਿਆਂ ਵਲੋਂ ਹੜਤਾਲ
NEXT STORY