ਸਿਡਨੀ- ਭਾਰਤ ਤੇ ਆਸਟ੍ਰੇਲੀਆ ਵਿਚਕਾਰ ਸਿਡਨੀ ਵਿਖੇ ਹੋਇਆ ਲੜੀ ਦਾ ਚੌਥਾ ਤੇ ਆਖ਼ਰੀ ਟੈਸਟ ਮੈਚ ਅੱਜ ਪੰਜਵੇਂ ਤੇ ਅਖ਼ੀਰਲੇ ਦਿਨ ਡ੍ਰਾ ਹੋ ਗਿਆ ਅਤੇ ਆਸਟ੍ਰੇਲੀਆ ਨੇ ਬਾਰਡਰ-ਗਾਵਸਕਰ ਟ੍ਰਾਫੀ 2-0 ਨਾਲ ਆਪਣੇ ਨਾਂ ਕਰ ਲਈ। ਇਸ ਲੜੀ ਦੇ ਪਹਿਲੇ ਦੋ ਟੈਸਟ ਆਸਟ੍ਰੇਲੀਆ ਨੇ ਜਿੱਤੇ ਸਨ ਜਦਕਿ ਤੀਜਾ ਡ੍ਰਾ ਰਿਹਾ ਸੀ।
ਭਾਰਤ ਨੂੰ ਪੰਜਵੇਂ ਦਿਨ 349 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਦੇ ਜਵਾਬ 'ਚ ਭਾਰਤੀ ਟੀਮ ਨੇ 89.5 ਓਵਰ 'ਚ 7 ਵਿਕਟਾਂ ਦੇ ਨੁਕਸਾਨ 'ਤੇ 252 ਦੌੜਾਂ ਬਣਾ ਕੇ ਮੈਚ ਡ੍ਰਾ ਕਰਾ ਲਿਆ।
ਆਸਟ੍ਰੇਲੀਆ ਨੇ ਅੱਜ ਪੰਜਵੇਂ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ 251-6 'ਤੇ ਆਪਣੀ ਦੂਜੀ ਪਾਰੀ ਦਾ ਐਲਾਨ ਕਰ ਦਿੱਤਾ ਅਤੇ ਆਪਣੇ ਗੇਂਦਬਾਜ਼ਾਂ ਨੂੰ ਭਾਰਤੀ ਟੀਮ ਨੂੰ ਆਊਟ ਕਰਨ ਲਈ ਸਾਰਾ ਦਿਨ ਦੇ ਦਿੱਤਾ, ਜਿਸ 'ਚ ਆਸਟ੍ਰੇਲੀਆ ਕਾਫ਼ੀ ਹੱਦ ਤੱਕ ਸਫ਼ਲ ਵੀ ਰਿਹਾ।
ਭਾਰਤ ਵਲੋਂ ਸਿਰਫ ਮੁਰਲੀ ਵਿਜੇ (80) ਨੇ ਸਭ ਤੋਂ ਵੱਡੀ ਪਾਰੀ ਖੇਡੀ। ਲੋਕੇਸ਼ ਰਾਹੁਲ ਨੇ 16, ਰੋਹਿਤ ਸ਼ਰਮਾ ਨੇ 39 ਤੇ ਵਿਰਾਟ ਕੋਹਲੀ ਨੇ 46 ਦੌੜਾਂ ਬਣਾਈਆਂ ਜਦਕਿ ਸੁਰੇਸ਼ ਰੈਣਾ ਤੇ ਰਿੱਧੀਮਾਨ ਸਾਹਾ ਖ਼ਾਤਾ ਵੀ ਨਾ ਖੋਲ੍ਹ ਸਕੇ। ਭਾਰਤੀ ਟੀਮ ਇਕ ਸਮੇਂ ਮਜਬੂਤੀ ਨਾਲ ਅੱਗੇ ਵੱਧ ਰਹੀ ਸੀ ਪਰ ਰੈਣਾ ਤੇ ਸਾਹਾ ਦੇ ਸਸਤੇ 'ਚ ਆਊਟ ਹੋਣ ਨਾਲ ਭਾਰਤੀ ਟੀਮ ਦਬਾਉ 'ਚ ਆ ਗਈ। ਅਸ਼ਵਿਨ ਵੀ 1 ਦੌੜ ਬਣਾ ਕੇ ਸਸਤੇ 'ਚ ਪੈਵੇਲੀਅਨ ਪਰਤ ਗਿਆ। 217 ਦੌੜਾਂ 'ਤੇ 7 ਵਿਕਟਾਂ ਡਿੱਗਣ ਤੋਂ ਬਾਅਦ ਭਾਰਤੀ ਟੀਮ ਮੁਸ਼ਕਲ 'ਚ ਆ ਗਈ ਸੀ, ਪਰ ਅਜਿੰਕੇ ਰਹਾਣੇ ਨੇ ਇਕ ਬੰਨੇ ਸੰਭਲ ਕੇ ਖੇਡਦੇ ਹੋਏ ਨਾਬਾਦ 38 ਦੌੜਾਂ ਦੀ ਉਪਯੋਗੀ ਪਾਰੀ ਖੇਡ ਕੇ ਭਾਰਤ ਦੇ ਸਿਰੋਂ 3-0 ਨਾਲ ਸਫ਼ਾਏ ਦਾ ਖ਼ਤਰਾ ਟਾਲਿਆ। ਰਹਾਣੇ ਨਾਲ ਭੁਵੀ ਨੇ ਵੀ ਨਾਬਾਦ 20 ਦੌੜਾਂ ਦੀ ਸਾਹਸਿਕ ਪਾਰੀ ਖੇਡੀ। ਦੋਹਾਂ ਨੇ 8ਵੀਂ ਵਿਕਟ ਲਈ 35 ਦੌੜਾਂ ਦੀ ਛੋਟੀ ਪਰ ਉਪਯੋਗੀ ਸਾਂਝੇਦਾਰੀ ਨਿਭਾਈ। ਆਸਟ੍ਰੇਲੀਆ ਵਲੋਂ ਜੋਸ਼ ਹੇਜਲਵੁੱਡ, ਮਿਸ਼ੇਲ ਸਟਾਰਕ ਤੇ ਨਾਥਨ ਲਿਓਨ ਨੇ 2-2 ਵਿਕਟਾਂ ਲਈਆਂ ਜਦਕਿ ਵਾਟਸਨ ਨੇ ਇਕ ਵਿਕਟ ਲਈ।
ਹੁਣ ਭਾਰਤੀ ਟੀਮ ਆਸਟ੍ਰੇਲੀਆ ਤੇ ਇੰਗਲੈਂਡ ਨਾਲ ਤਿਕੋਣੀ ਵਨਡੇ ਲੜੀ ਖੇਡੇਗੀ, ਜੋ 16 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ।
ਸੰਖੇਪ ਸਕੋਰ
ਆਸਟ੍ਰੇਲੀਆ 572/7 ਘੋਸ਼ਿਤ ਅਤੇ 251/7 ਘੋਸ਼ਿਤ
ਭਾਰਤ 475 ਅਤੇ 252/7 (89.5 ਓਵਰ)
ਅਸ਼ਵਿਨ ਨੇ ਪੂਰੀਆਂ ਕੀਤੀਆਂ 1000 ਦੌੜਾਂ ਤੇ 100 ਵਿਕਟਾਂ ਦਾ ਡਬਲ
NEXT STORY