ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜੀਵਨ 'ਤੇ ਆਧਾਰਿਤ ਵਾਦ-ਵਿਵਾਦ ਵਾਲੀ ਕਿਤਾਬ 'ਦਿ ਰੈੱਡ ਸਾੜ੍ਹੀ' ਦੇ ਪ੍ਰਸਿੱਧ ਸਪੇਨੀ ਲੇਖਕ ਹੇਵੀਅਰ ਮੋਰੋ ਨੇ ਸ਼ਨੀਵਾਰ ਕਿਹਾ ਕਿ ਉਨ੍ਹਾਂ ਨੇ ਇਹ ਕਿਤਾਬ ਸ਼੍ਰੀਮਤੀ ਗਾਂਧੀ ਦੇ ਨੇੜਲੇ ਸਹਿਯੋਗੀਆਂ ਤੋਂ ਹਾਸਿਲ ਜਾਣਕਾਰੀ ਦੇ ਆਧਾਰ 'ਤੇ ਲਿਖੀ ਹੈ ਅਤੇ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਕਾਂਗਰਸ ਨੇ ਇਸਦਾ ਵਿਰੋਧ ਕਿਉਂ ਕੀਤਾ। ਮੋਰੋ ਨੇ ਇਹ ਗੱਲ ਸ਼ਨੀਵਾਰ ਸ਼ਾਮ ਇਥੇ ਆਪਣੀ ਕਿਤਾਬ ਦੇ ਰਿਲੀਜ਼ ਮੌਕੇ ਕਹੀ। ਇਸ ਕਿਤਾਬ ਵਿਚ ਸ਼੍ਰੀਮਤੀ ਗਾਂਧੀ ਦੇ ਜੀਵਨ ਨੂੰ ਨਾਟਕੀ ਰੂਪ ਪ੍ਰਦਾਨ ਕਰਦੇ ਹੋਏ ਪੇਸ਼ ਕੀਤਾ ਗਿਆ ਹੈ। ਇਹ ਕਿਤਾਬ ਸੋਨੀਆ ਗਾਂਧੀ ਦੇ ਜੀਵਨ ਨੂੰ ਬਚਪਨ ਤੋਂ ਲੈ ਕੇ ਜਵਾਨੀ ਦੇ ਦਿਨਾਂ ਤਕ ਜਦੋਂ ਉਹ ਕਾਲਜ ਵਿਚ ਭਾਰਤੀ ਨੌਜਵਾਨ ਰਾਜੀਵ ਗਾਂਧੀ ਨੂੰ ਮਿਲੀ ਅਤੇ ਫਿਰ ਉਨ੍ਹਾਂ ਦੀ ਸੱਸ ਤੇ ਭਾਰਤ ਦੀ ਸਭ ਤੋਂ ਤਾਕਤਵਰ ਔਰਤ ਇੰਦਰਾ ਗਾਂਧੀ ਨਾਲ ਗੁਜ਼ਾਰੇ ਦਿਨਾਂ ਨੂੰ ਬਿਆਨ ਕਰਦੀ ਹੈ ਅਤੇ ਸਿਆਸੀ ਜੀਵਨ ਵਿਚ ਉਨ੍ਹਾਂ ਦੇ ਦਾਖਲੇ ਅਤੇ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਸਾਹਮਣੇ ਪਹੁੰਚਣ ਤਕ ਦੇ ਉਸਦੇ ਸਫਰ ਨੂੰ ਵੀ ਸਾਹਮਣੇ ਲਿਆਉਂਦੀ ਹੈ। ਬੰਗਲਾਦੇਸ਼ ਹੰਗਾਮੀ ਸਥਿਤੀ ਅਤੇ ਆਪ੍ਰੇਸ਼ਨ ਬਲਿਊ ਸਟਾਰ ਦੀ ਪਿੱਠਭੂਮੀ 'ਚ ਨਹਿਰੂ-ਗਾਂਧੀ ਖਾਨਦਾਨ ਦੇ ਜੀਵਨ 'ਤੇ ਰਚੀ ਇਹ ਕਿਤਾਬ ਭਾਰਤ ਦੇ ਉਸ ਸਮੇਂ ਦਾ ਦਸਤਾਵੇਜ਼ ਹੈ, ਜਦੋਂ ਆਧੁਨਿਕ ਭਾਰਤ ਦੀ ਨੀਂਹ ਰੱਖੀ ਜਾ ਰਹੀ ਸੀ। ਕਿਤਾਬ ਦੇ ਪ੍ਰਕਾਸ਼ਕ ਰਾਲੀਬੁੱਕਸ ਅਨੁਸਾਰ ਲੇਖਕ ਹੇਵੀਅਰ ਮੋਰੋ ਆਪਣੀ ਡੂੰਘੀ ਖੋਜਬੀਨ ਦੀ ਸਮਰਥਾ ਨਾਲ ਉਸ ਔਰਤ ਦੀ ਕਹਾਣੀ ਬਿਆਨ ਕਰਦੇ ਹਨ, ਜਿਸ ਦਾ ਸਾਹਮਣਾ ਭਾਰਤ ਦੇ ਗੁੰਝਲਦਾਰ ਅਤੇ ਖਤਰਨਾਕ ਸਿਆਸੀ ਸੰਸਾਰ ਨਾਲ ਹੋਇਆ ਅਤੇ ਉਸ ਪਰਿਵਾਰ ਵਿਚ ਉਨ੍ਹਾਂ ਦਾ ਜੀਵਨ ਬੀਤਿਆ, ਜਿਸ ਦੇ ਆਲੇ-ਦੁਆਲੇ ਵਿਰੋਧੀ ਵੀ ਸਨ ਅਤੇ ਪ੍ਰਸ਼ੰਸਕ ਵੀ। ਲੇਖਕ ਮੋਰੋ ਕਿਤਾਬ ਵਿਚ ਕਾਂਗਰਸ ਦੀ ਹਾਲੀਆ ਸਿਆਸੀ ਹਾਰ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਸੋਨੀਆ ਇਕ ਅਜਿਹੇ ਪ੍ਰਧਾਨ ਮੰਤਰੀ ਨੂੰ ਢੋਅ ਰਹੀ ਸੀ, ਜਿਨ੍ਹਾਂ ਦੇ ਕੋਲ ਸਿਆਸੀ ਅਧਿਕਾਰਾਂ ਦੀ ਘਾਟ ਸੀ ਅਤੇ ਇਕ ਅਜਿਹੇ ਬੇਟੇ ਨਾਲ ਉਨ੍ਹਾਂ ਨੇ ਹਮੇਸ਼ਾ ਚੱਲਣਾ ਸੀ, ਜੋ ਇਕ ਸਿਆਸੀ ਨੇਤਾ ਦੇ ਰੂਪ ਵਿਚ ਹਮੇਸ਼ਾ ਅਸਹਿਜ ਨਜ਼ਰ ਆਉਂਦੇ ਹਨ। ਅਜਿਹੇ ਹਾਲਾਤ ਵਿਚ ਉਨ੍ਹਾਂ ਦਾ ਸਾਹਮਣਾ ਭਾਜਪਾ ਦੇ ਤਜਰਬੇਕਾਰ ਨੇਤਾ ਨਰਿੰਦਰ ਮੋਦੀ ਨਾਲ ਹੋਇਆ। ਲੇਖਕ ਨੇ ਕਿਹਾ ਕਿ ਕਾਂਗਰਸ ਨੇ ਆਪਣੇ-ਆਪ ਨੂੰ ਨਵੇਂ ਸਿਰੇ ਤੋਂ ਲੱਭਣਾ ਹੈ ਪਰ ਸਵਾਲ ਇਹ ਹੈ ਕਿ ਕੀ ਇਹ ਕੰਮ ਰਾਹੁਲ ਗਾਂਧੀ ਕਰ ਸਕਦੇ ਹਨ? ਮੋਰੋ ਖੁਦ ਹੀ ਇਸ ਸਵਾਲ ਦਾ ਹਾਸੋਹੀਣਾ ਜਵਾਬ ਦਿੰਦੇ ਹੋਏ ਕਹਿੰਦੇ ਹਨ ਕਿ ਸ਼ਾਇਦ ਇਸਦਾ ਜਵਾਬ ਹਾਂ ਵੀ ਹੈ ਅਤੇ ਨਹੀਂ ਵੀ।
ਮੁਫਤੀ ਸਈਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
NEXT STORY