ਤੜਕ-ਸਵੇਰੇ ਲਗਭਗ ਚਾਰ ਵੱਜਣ ਹੀ ਵਾਲੇ ਸਨ। ਅਚਾਨਕ ਅੱਖ ਖੁੱਲ੍ਹੀ। ਮਨ ਜਿਵੇਂ ਸਾਫ਼ ਨਹੀਂ, ਭਰਿਆ-ਭਰਿਆ ਮਹਿਸੂਸ ਹੋ ਰਿਹਾ ਸੀ। ਅੱਖ ਵੀ ਚੰਗੀ ਤਰ੍ਹਾਂ ਨਹੀਂ ਸੀ ਖੁੱਲ੍ਹ ਰਹੀ। ਥੋੜ੍ਹੀ-ਬਹੁਤ ਰੜਕ ਅੱਖਾਂ ਵਿਚ ਆ ਰਹੀ ਸੀ। ਸਮੇਂ ਤੋਂ ਪਹਿਲਾਂ ਜਾਗ ਜਾਣਾ ਵੀ ਸ਼ਾਇਦ ਅੱਖਾਂ ਨੂੰ ਰੜਕ ਰਿਹਾ ਸੀ। ਕੁਝ ਹੋਰ ਰੁਝੇਵਿਆਂ ਕਾਰਨ ਲਿਖਿਆ ਨਹੀਂ ਸੀ ਜਾ ਰਿਹਾ।
ਲਗਭਗ ਇਕ ਸਾਲ ਤੋਂ ਮੇਰੀ ਕਹਾਣੀ ਦਾ ਪਾਤਰ ਜਿਵੇਂ ਰੋਜ਼ ਆ ਕੇ ਮੇਰੇ ਮਨ-ਮਸਤਕ ਦੇ ਦਵਾਰ 'ਤੇ ਦਸਤਕ ਦੇ ਰਿਹਾ ਸੀ ਪਰ ਆਪਣੇ ਨਿੱਜੀ ਰੁਝੇਵਿਆਂ ਕਾਰਨ ਮੈਂ ਉਸਦੀ ਕਿਸੇ ਵੀ ਦਸਤਕ 'ਤੇ ਗੌਰ ਨਹੀਂ ਸਾਂ ਕਰ ਰਿਹਾ।
''ਬਾਊ, ਮੇਰੀ ਗੱਲ ਦਾ ਕੋਈ ਮੁੱਲ ਨਹੀਂ ਹੈ, ਤੂੰ ਮੇਰੇ ਵੱਲ ਗੌਰ ਹੀ ਨਹੀਂ ਕਰਦਾ।''
ਮੈਨੂੰ ਲੱਗਦਾ ਉਹ ਰੋਜ਼ ਆ ਕੇ ਮੈਨੂੰ ਇਹੀ ਗੱਲ ਆਖਦਾ। ਪਰ ਮੈਂ ਆਪਣੇ ਬੋਝਲ ਮਨ ਕਾਰਨ ਉਸਦੀ ਕਿਸੇ ਗੱਲ ਵੱਲ ਗੌਰ ਨਾ ਕਰ ਪਾਉਂਦਾ। ਮੈਂ ਆਪਣੀਆਂ ਹੀ ਗੁੰਝਲਾਂ ਵਿਚ ਉਲਝਿਆ ਉਸਦੀ ਕਿਸੇ ਵੀ ਪੁਕਾਰ ਨੂੰ ਨਾ ਸੁਣ ਪਾਉਂਦਾ ਤੇ ਉਹ ਅਣਸੁਣੀ ਹੀ ਰਹਿ ਜਾਂਦੀ।
ਗੱਲ ਲਗਭਗ ਕੁਝ ਮਹੀਨੇ ਦੇ ਪਹਿਲਾਂ ਦੀ ਹੈ। ਆਪਣੇ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਅਸੀਂ ਕੁਝ ਦੋਸਤਾਂ ਨੇ ਮਿਲ ਕੇ ਕੁਝ ਸਾਲ ਪਹਿਲਾਂ ਇਕ ਲੰਗਰ ਲਾਉਣਾ ਸ਼ੁਰੂ ਕੀਤਾ ਸੀ ਜੋ ਬੜੇ ਵਧੀਆ ਢੰਗ ਨਾਲ ਚੱਲ ਰਿਹਾ ਸੀ, ਜਿਸ ਵਿਚ ਹਸਪਤਾਲ ਆਏ ਮਰੀਜ਼ਾਂ ਤੇ ਉਨ੍ਹਾਂ ਦੇ ਨਾਲ ਆਏ ਹੋਏ ਅਟੈਂਡੈਂਟ ਨੂੰ ਭੋਜਨ ਦਿੱਤਾ ਜਾਂਦਾ ਸੀ। ਸ਼ਹਿਰ ਵਾਲੇ ਕਾਫੀ ਲੋਕ ਸਾਡੀ ਉਸ ਵਿਚ ਮਦਦ ਕਰਦੇ ਸਨ ਤੇ ਦੂਰੋਂ ਆਏ ਲੋਕਾਂ ਨੂੰ ਉਸ ਨਾਲ ਬੜਾ ਫ਼ਾਇਦਾ ਮਿਲਦਾ, ਜਿਸ ਨਾਲ ਉਨ੍ਹਾਂ ਨੂੰ ਖਿਚੜੀ, ਦਲੀਆ ਵੀ ਮਿਲਦਾ ਜੋ ਉਨ੍ਹਾਂ ਨੂੰ ਬਾਹਰੋਂ ਕਿਤਿਓਂ ਵੀ ਨਹੀਂ ਸੀ ਮਿਲ ਸਕਦਾ, ਬਾਜ਼ਾਰ ਤੋਂ ਖਾਸ ਕਰਕੇ।
ਸਾਡੇ ਕੁਝ ਮੈਂਬਰ ਜਿਨ੍ਹਾਂ ਵਿਚ ਕੁਝ ਆਪਣੀਆਂ ਨੌਕਰੀਆਂ ਤੋਂ ਰਿਟਾਇਰ ਹੋ ਚੁੱਕੇ ਸਨ, ਉਥੇ ਰੋਜ਼ ਆਉਂਦੇ ਪਰ ਮੈਂ ਤੇ ਮੇਰੇ ਵਰਗੇ ਕੰਮਾਂ-ਨੌਕਰੀਆਂ ਵਾਲੇ ਲੋਕ ਕਦੇ-ਕਦਾਈਂ ਛੁੱਟੀ ਜਾਂ ਐਤਵਾਰ ਵਾਲੇ ਦਿਨ ਹੀ ਆਉਂਦੇ। ਇਸ ਦੌਰਾਨ ਉੱਥੇ ਆਏ ਸਾਰੇ ਲੋਕਾਂ ਨਾਲ ਮੇਲ ਹੋ ਜਾਂਦਾ ਕਿਉਂਕਿ ਛੁੱਟੀ ਵਾਲੇ ਦਿਨ ਲਗਭਗ ਕਾਫੀ ਲੋਕ ਆਏ ਹੁੰਦੇ। ਉਹ ਐਤਵਾਰ ਦਾ ਦਿਨ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਮੈਂ ਲੰਗਰ ਵਾਲੀ ਟਰਾਲੀ ਲਾਗੇ ਖੜ੍ਹਾ ਸਾਂ। ਲਗਭਗ ਪੰਜ ਫੁੱਟ ਦਾ ਇਕ ਆਦਮੀ ਇਕ ਹੱਥ ਵਿਚ ਪੇਸ਼ਾਬ ਵਾਲੀ ਥੈਲੀ ਫੜੀ ਤੇ ਦੂਜੇ ਹੱਥ ਵਿਚ ਡੱਬਾ ਫੜੀ ਲੰਗਰ ਲੈਣ ਲਈ ਟਰਾਲੀ ਦੇ ਲਾਗੇ ਆ ਖੜੋਤਾ।
''ਬਾਊ, ਬੜੇ ਭਲੇ ਦਾ ਕੰਮ ਕਰਦੇ ਪਏ ਓ, ਰੱਬ ਤੁਹਾਨੂੰ ਬਹੁਤ ਦੇਵੇਗਾ।'' ਉਸਨੇ ਸਾਨੂੰ ਸਾਰਿਆਂ ਨੂੰ ਜਿਵੇਂ ਸਾਂਝੀ ਦੁਆ ਦਿੱਤੀ। ਉਸਦੀ ਇਸ ਗੱਲ ਨਾਲ ਮੇਰਾ ਅਚਾਨਕ ਧਿਆਨ ਉਸ ਵੱਲ ਚਲਾ ਗਿਆ। ਵੈਸੇ ਤਾਂ ਲੰਗਰ ਲੈਣ ਵਾਲਾ ਹਰ ਆਦਮੀ ਹੀ ਇਵੇਂ ਦੀਆਂ ਗੱਲਾਂ ਕਰਦਾ ਸੀ ਪਰ ਉਸ ਵੱਲ ਮੇਰਾ ਮਨ ਖਿੱਚਿਆ ਗਿਆ।
''ਕਿਉਂ ਬਾਪੂ, ਤੇਰਾ ਮੁੰਡਾ ਆਇਆ ਕਿ ਨਹੀਂ ਅਜੇ ਤੇਰਾ ਪਤਾ ਲੈਣ?'' ਸਾਡੇ ਇਕ ਮੈਂਬਰ ਨੇ ਉਸਨੂੰ ਹੱਸਦੇ-ਹੱਸਦੇ ਪੁੱਛਿਆ ਤੇ ਨਾਲੇ-ਨਾਲ ਉਸ ਦੇ ਭਾਂਡਿਆਂ ਵਿਚ ਲੰਗਰ ਪਾ ਦਿੱਤਾ।
''ਨਹੀਂ ਬਾਊ ਜੀ, ਉਹ ਨਹੀਂ ਆਇਆ ਅਜੇ ਤਕ, ਨਿਕੰਮਾ ਕਿਸੇ ਥਾਂ ਦਾ।''
''ਅੱਛਾ ਚੱਲ ਫਿਰ ਲੰਗਰ ਲੈ ਕੇ ਉਸ ਕੁਰਸੀ 'ਤੇ ਜਾ ਕੇ ਬੈਠ ਜਾ ਤੇ ਖਾ ਲੈ ਲੰਗਰ।'' ''ਚੰਗਾ ਬਾਊ ਜੀ, ਮੈਂ ਠਹਿਰ ਕੇ ਖਾ ਲਵਾਂਗਾ।'' ਲੰਗਰ ਵਾਲੇ ਟਿਫ਼ਨ ਨੂੰ ਮੇਰੀ ਮਦਦ ਨਾਲ ਬੰਦ ਕਰਵਾ ਕੇ ਉਹ ਪਰ੍ਹੇ ਪਈ ਕੁਰਸੀ 'ਤੇ ਜਾ ਬੈਠਾ। ਲੰਗਰ ਸੇਵਾ ਵਿਚ ਲੱਗੇ ਇਕ ਸੇਵਾਦਾਰ ਦੋਸਤ ਨੇ ਮੇਰੇ ਕੰਨ ਵਿਚ ਕਿਹਾ ਕਿ ਇਹ ਤਾਂ ਲਗਭਗ ਪੰਦਰਾਂ-ਵੀਹ ਦਿਨਾਂ ਤੋਂ ਇਕੱਲਾ ਹੀ ਇਥੇ ਦਾਖਲ ਹੈ ਤੇ ਕੋਈ ਵੀ ਇਸਦੇ ਘਰੋਂ ਇਸਦਾ ਪਤਾ ਲੈਣ ਨਹੀਂ ਆਇਆ। ਇਨ੍ਹਾਂ ਜਿਹੇ ਲੋਕਾਂ ਵਾਸਤੇ ਇਹ ਲੰਗਰ ਵਰਦਾਨ ਹੈ, ਸ਼ਾਇਦ ਦਵਾਈ ਤੋਂ ਵੀ ਕੀਮਤੀ। ਇਹ ਗੱਲ ਸੁਣ ਕੇ ਮੈਨੂੰ ਵੀ ਬੜਾ ਅਜੀਬ ਜਿਹਾ ਲੱਗਾ। ਇਕ ਬੀਮਾਰ ਆਦਮੀ ਆਪਣਾ ਇਲਾਜ ਕਰਵਾ ਰਿਹਾ ਹੈ ਤੇ ਉਸਦੇ ਘਰ ਵਾਲੇ ਉਸਦੇ ਮਗਰ ਤਕ ਨਹੀਂ ਆਏ, ਬੜੇ ਅਫ਼ਸੋਸ ਦੀ ਗੱਲ ਹੈ। ਮੇਰੀ ਉਤਸੁਕਤਾ ਉਸਦੇ ਪ੍ਰਤੀ ਹੋਰ ਵੀ ਵਧ ਗਈ ਤੇ ਮੈਂ ਇਕ ਕੁਰਸੀ ਲੈ ਕੇ ਉਸਦੇ ਲਾਗੇ ਜਾ ਬੈਠਾ। ਉਹ ਇਕ ਨੁੱਕਰ ਵਿਚ ਇਕੱਲਾ ਹੀ ਬੈਠਾ ਹੋਇਆ ਸੀ।
ਉਹ ਛੋਟੇ ਜਿਹੇ ਕੱਦ ਦਾ ਇਕ ਪਤਲਾ-ਪਤੰਗ ਜਿਹਾ ਆਦਮੀ ਲੱਗ ਰਿਹਾ ਸੀ। ਹੁਣ ਮੈਂ ਉਸਨੂੰ ਕੁਝ ਗੌਰ ਨਾਲ ਤੱਕਿਆ। ਪੇਸ਼ਾਬ ਵਾਲੀ ਥੈਲੀ ਕਾਰਨ ਉਸਨੂੰ ਥੋੜ੍ਹਾ ਜਿਹਾ ਝੁਕ ਕੇ ਬੈਠਣਾ ਪੈਂਦਾ ਸੀ ਤੇ ਸ਼ਾਇਦ ਉਸਨੂੰ ਤੁਰਨ ਲੱਗਿਆਂ ਵੀ ਕੁੱਬ ਕੱਢ ਕੇ ਤੁਰਨਾ ਪੈਂਦਾ ਸੀ, ਪਰ ਇਕ ਨਜ਼ਰੇ ਉਸਨੂੰ ਤੱਕ ਕੇ ਲੱਗਦਾ ਸੀ ਕਿ ਇਹ ਕਦੇ ਚੰਗੇ ਸੁਡੌਲ ਸਰੀਰ ਦਾ ਮਾਲਕ ਰਿਹਾ ਹੋਵੇਗਾ।
''ਬਾਊ ਜੀ, ਮੇਰੇ ਨਾਲ ਤਾਂ ਮੇਰਾ ਰੱਬ ਹੈ ਹੋਰ ਕੋਈ ਵੀ ਨਹੀਂ।''
''ਰੱਬ ਤਾਂ ਸਾਰਿਆਂ ਨਾਲ ਹੈ ਬਾਪੂ ਜੀ।'' ''ਨਹੀਂ ਬਾਊ ਜੀ, ਮੇਰੇ ਨਾਲ ਤਾਂ ਸਿਰਫ ਰੱਬ ਹੀ ਹੈ।''
''ਕਿਉਂ ਧੀ, ਪੁੱਤ, ਨੂੰਹ, ਘਰਵਾਲੀ ਕੋਈ ਤਾਂ ਹੋਵੇਗਾ''
''ਬਾਊ ਜੀ, ਪੁੱਤਰ ਮੇਰੇ ਦਾ ਤਾਂ ਨਾਂ ਹੀ ਨਾ ਲਓ, ਨਾ ਉਹ ਤਿਨਾਂ 'ਚੋਂ ਤੇ ਨਾ ਤੇਰ੍ਹਾਂ 'ਚੋਂ।'' ਉਸ ਬੜੀ ਬੇਵੱਸੀ ਨਾਲ ਕਿਹਾ।
''ਕਿਉਂ............'' ਮੈਂ ਉਤਸੁਕਤਾ ਨਾਲ ਪੁੱਛਿਆ।
''ਬਾਊ ਜੀ, ਮੇਰਾ ਪੁੱਤ ਕਿਸੇ ਵੀ ਕੰਮ ਦਾ ਨਹੀਂ, ਜਿਸ ਦਿਨ ਦੀ ਮੇਰੀ ਘਰਵਾਲੀ ਇਸ ਦੁਨੀਆ ਤੋਂ ਗਈ ਹੈ, ਜੀਵਨ, ਜੀਵਨ ਨਹੀਂ ਰਿਹਾ, ਪਤਾ ਨਹੀਂ ਕੀ ਬਣ ਗਿਆ ਹੈ, ਸ਼ਾਇਦ ਨਰਕ ਹੀ ਬਣ ਗਿਆ ਹੈ। ਮੈਨੂੰ ਤਾਂ ਲੱਗਦਾ ਹੈ ਕਿ ਮੈਂ ਨਰਕ ਵਿਚ ਜੀਅ ਰਿਹਾ ਹਾਂ, ਮੇਰੀ ਘਰਵਾਲੀ ਬਹੁਤ ਚੰਗੀ ਸੀ, ਮੇਰਾ ਬੜਾ ਖਿਆਲ ਰੱਖਦੀ ਸੀ, ਮੈਨੂੰ ਬੜਾ ਪਿਆਰ ਕਰਦੀ ਸੀ, ਉਸਦੇ ਹੁੰਦਿਆਂ ਮੈਂ ਕਦੇ ਬੀਮਾਰ ਨਹੀਂ ਸਾਂ ਹੋਇਆ, ਪਰ ਹੁਣ ਜਦ ਦੀ ਉਹ ਮੈਨੂੰ ਛੱਡ ਕੇ ਗਈ ਹੈ, ਨਾ ਤਾਂ ਮੈਂ ਜਿਊਂਦਾ ਹਾਂ ਤੇ ਨਾ ਮਰਦਾ ਹਾਂ ਤੇ ਰਹਿੰਦਾ-ਖੂੰਹਦਾ ਮੇਰੇ ਪੁੱਤਰ ਨੇ ਮੈਨੂੰ ਮਾਰ ਦਿੱਤਾ ਹੈ, ਜਦ ਉਸਦੀ ਮਾਂ ਜਿਊਂਦੀ ਸੀ ਤਾਂ ਮੈਂ ਵੀ ਠੀਕ-ਠਾਕ ਸਾਂ, ਕਣਕ-ਮੰਡੀ ਵਿਚ ਪਾਂਡੀ ਦਾ ਕੰਮ ਕਰਦਾ ਸਾਂ, ਸਰੀਰੋਂ ਵੀ ਹੱਟਾ-ਕੱਟਾ ਸਾਂ, ਪਰ ਉਸਦੇ ਬਾਅਦ ਤਾਂ ਜਿਵੇਂ ਮੈਨੂੰ ਕੋਈ ਘੁੰਣ ਵਾਂਗ ਹੀ ਖਾਈ ਜਾ ਰਿਹਾ ਹੈ।''
''ਹੂੰ.....'' ਮੈਂ ਆਹਿਸਤਾ ਜਿਹੇ ਹੁੰਗਾਰਾ ਭਰਿਆ।
''ਬਾਊ ਜੀ, ਪੰਜਾਬ ਦਾ ਤਾਂ ਹੁਣ ਮਾਹੌਲ ਹੀ ਖਰਾਬ ਹੋ ਗਿਆ, ਪਤਾ ਨਹੀਂ ਕੀ ਹੋ ਗਿਆ, ਸਮਝ ਨਹੀਂ ਆਉਂਦੀ , ਨਸ਼ਿਆਂ ਨੇ ਤਾਂ ਪੰਜਾਬ ਦੀ ਜਵਾਨੀ ਗਾਲ ਦਿੱਤੀ, ਸਾਡੇ ਮੁੰਡੇ ਦਾ ਵੀ ਬੇੜਾ ਗਰਕ ਇਸੇ ਅਲਾਮਤ ਨੇ ਕਰ ਦਿੱਤਾ ਬਾਊ ਜੀ, ਉਸਦੀ ਮਾਂ ਇਸਨੂੰ ਸਮਝਾ-ਸਮਝਾ ਕੇ ਇਸੇ ਝੋਰੇ ਨਾਲ ਹੀ ਇਸ ਦੁਨੀਆ ਤੋਂ ਤੁਰ ਗਈ, ਉਸਦੀ ਕੋਈ ਉਮਰ ਥੋੜੀ ਸੀ ਜਾਣ ਦੀ ਪਰ ਗਮ ਵਿਚ ਰਹਿਣ ਲੱਗ ਗਈ ਸੀ ਦਿਨ-ਰਾਤ। ਰਾਤ ਨੂੰ ਵੀ ਉਸਨੂੰ ਨੀਂਦ ਨਹੀਂ ਸੀ ਆਉਂਦੀ, ਸਾਰੀ ਰਾਤ ਆਪਣੇ ਮੁੰਡੇ ਬਾਰੇ ਹੀ ਸੋਚਦੀ ਰਹਿੰਦੀ, ਬਸ ਇਸੇ ਗਮ ਨੇ ਲੈ ਲਈ ਉਸਦੀ ਜਾਨ।'' ਉਸ ਦੀਆਂ ਅੱਖਾਂ ਹੰਝੂਆਂ ਨਾਲ ਤਰ ਹੋ ਗਈਆਂ ਤੇ ਮੇਰਾ ਮਨ ਵੀ ਉਸਦੇ ਦੁੱਖ ਨਾਲ ਭਰ ਆਇਆ। ਮੈਂ ਉਸਦੀ ਗੱਲ 'ਤੇ ਹੁੰਗਾਰਾ ਭਰਨ ਦੀ ਹਾਲਤ ਵਿਚ ਵੀ ਨਾ ਰਿਹਾ ਤੇ ਖਾਮੋਸ਼ੀ ਨਾਲ ਉਸਦੀਆਂ ਅੱਖਾਂ ਵਿਚ ਵੇਖਦਾ ਰਿਹਾ।
''ਬਾਊ ਜੀ, ਇਕ ਦਿਨ ਮੇਰਾ ਮੁੰਡਾ ਆਇਆ ਸੀ ਮੇਰੇ ਕੋਲ ਤੇ ਪੰਜ ਸੌ ਰੁਪਈਏ ਮੰਗ ਰਿਹਾ ਸੀ, ਮੈਂ ਕਿਥੋਂ ਦੇਣੇ ਸਨ ਉਹਨੂੰ ਇੰਨੇ ਰੁਪਈਏ, ਮੇਰੇ ਕੋਲ ਨਾ ਆਇਆ ਕਰ ਮੈਂ ਉਸਨੂੰ ਸਾਫ-ਸਾਫ ਕਹਿ ਦਿੱਤਾ ਸੀ।'' ''ਚੰਗਾ ਕੀਤਾ।'' ਮੈਂ ਕਿਹਾ। ''ਬੁੜ-ਬੁੜ ਕਰਦਾ ਚਲਾ ਗਿਆ ਸੀ ਉਹ ਮੇਰੇ ਕੋਲੋਂ।''
''ਮਾਂ ਦੇ ਲਾਡਾਂ ਨੇ ਵਿਗਾੜ ਦਿੱਤਾ ਸੀ ਉਸਨੂੰ।''
''ਤੇਰਾ ਕੋਈ ਹੋਰ ਧੀ, ਪੁੱਤ ਨਹੀਂ।'' ''ਬਾਊ ਜੀ, ਇਕ ਕੁੜੀ ਐ, ਬਹੁਤ ਚੰਗੀ ਐ ਉਹ।''
''ਕਿੱਥੇ ਰਹਿੰਦੀ ਹੈ ਉਹ।'' ਮੈਂ ਹੌਲੀ ਜਿਹੀ ਕਿਹਾ।
''ਬਾਊ ਜੀ, ਪੰਜ ਸਾਲ ਪਹਿਲਾਂ ਮੈਂ ਉਸਨੂੰ ਛੋਟੀ ਉਮਰੇ ਹੀ ਵਿਆਹ ਦਿੱਤਾ ਸੀ, ਤਦ ਉਸਦੀ ਮਾਂ ਜਿਊਂਦੀ ਸੀ, ਇਕੋ ਹੀ ਸੁੱਖ ਵੇਖਿਆ ਸੀ ਉਸਦੀ ਮਾਂ ਨੇ ਤੇ ਬਸ ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਸਦੀ ਮੌਤ ਹੋ ਗਈ, ਬੜਾ ਰੋਈ ਸੀ ਉਸ ਵੇਲੇ ਮੇਰੀ ਧੀ, ਬੜੀ ਮੁਸ਼ਕਿਲ ਨਾਲ ਮੈਂ ਸਮਝਾਇਆ ਸੀ ਉਸਨੂੰ।''
''ਮੁੰਡਾ ਵਿਆਹਿਆ ਕਿ ਨਹੀਂ ਅਜੇ।'' ਮੈਂ ਕਿਹਾ।
''ਨਾ ਬਾਊ ਜੀ ਨਾ, ਮੈਂ ਕਿਸੇ ਦੀ ਧੀ ਦੀ ਜ਼ਿੰਦਗੀ ਕਿਉਂ ਬਰਬਾਦ ਕਰਾਂ, ਉਸ ਨਿਕੰਮੇ ਦੇ ਗਲ ਪਾ ਕੇ, ਨਾ ਤਾਂ ਉਹ ਕੋਈ ਕੰਮ ਕਰਦਾ ਹੈ ਨਾ ਕਾਰ, ਮੈਂ ਤਾਂ ਨਹੀਂ ਲੈਣਾ ਇਹ ਪਾਪ, ਕਿਸੇ ਦੀ ਧੀ ਦਾ ਜੀਵਨ ਬਰਬਾਦ ਕਰਕੇ, ਆਹ ਕੀ ਪਤਾ ਕਿਸ ਜਨਮ ਦਾ ਪਾਪ ਪਿਆ ਭੁਗਤਦਾ।'' ਉਸ ਪੇਸ਼ਾਬ ਵਾਲੀ ਥੈਲੀ ਰਤਾ ਕੁ ਉਤਾਂਹ ਚੁੱਕਦੇ ਹੋਏ ਕਿਹਾ।
''ਨਹੀਂ-ਨਹੀਂ ਦੁੱਖ-ਸੁੱਖ ਤਾਂ ਜੀਵਨ ਦਾ ਹਿੱਸਾ ਹੁੰਦੇ ਨੇ ਬਾਪੂ ਜੀ, ਇਹ ਤਾਂ ਸਹਿਣੇ ਹੀ ਪੈਂਦੇ ਨੇ।'' ਮੈਂ ਕਿਹਾ।
''ਗੱਲ ਤਾਂ ਠੀਕ ਹੈ ਬਾਊ ਜੀ, ਪਰ ਜਦੋਂ ਆਦਮੀ ਜ਼ਿੰਦਗੀ ਵਿਚ ਰੁਲ ਜਾਂਦਾ ਹੈ ਤਾਂ ਫਿਰ ਉਸਨੂੰ ਆਪਣੇ ਸਾਰੇ ਕੀਤੇ ਕੰਮ ਯਾਦ ਆਉਂਦੇ ਨੇ, ਉਸ ਵੇਲੇ ਆਦਮੀ ਹਿਸਾਬ ਲਗਾਉਂਦਾ ਹੈ ਕਿ ਕਿਹੜੇ ਉਸ ਚੰਗੇ ਤੇ ਕਿਹੜੇ ਮੰਦੇ ਕੰਮ ਕੀਤੇ ਨੇ, ਹੁਣ ਮੈਂ ਬਿਸਤਰ 'ਤੇ ਲੇਟੇ-ਲੇਟੇ ਆਪਣੇ ਸਾਰੇ ਕੰਮ ਯਾਦ ਕਰਦਾ ਰਹਿੰਦਾ ਹਾਂ ਕਿ ਮੇਰੇ ਕੋਲੋਂ ਕਿਥੇ ਭੁੱਲ ਹੋ ਗਈ ਹੈ, ਜਿਸ ਦੀ ਸਜ਼ਾ ਮੈਂ ਭੁਗਤ ਰਿਹਾ ਹਾਂ। ਬਾਊ ਜੀ, ਹੁਣ ਤਾਂ ਮੌਤ ਵੀ ਨਹੀਂ ਆਉਂਦੀ ਉਹ ਵੀ ਜਿਵੇਂ ਮੇਰੀ ਘਰਵਾਲੀ ਵਾਂਗ ਮੇਰੇ ਕੋਲੋਂ ਰੁੱਸ ਗਈ ਹੈ, ਸਾਰੀ ਰਾਤ ਤੇ ਸਾਰਾ ਦਿਨ ਕੰਧਾਂ ਵੱਲ ਵੇਖ-ਵੇਖ ਕੇ ਹੀ ਸਮਾਂ ਕੱਢ ਲੈਂਦਾ ਹਾਂ, ............ਲਾਗਲੇ ਬੈੱਡਾਂ 'ਤੇ ਜਦੋਂ ਲੋਕਾਂ ਦੇ ਧੀਆਂ, ਪੁੱਤਾਂ ਨੂੰ ਆਪਣੇ ਮਾਂ-ਪਿਓ ਦੀ ਸੇਵਾ ਕਰਦੇ ਵੇਖਦਾ ਹਾਂ ਤਾਂ ਕਾਲਜਾ ਮੂੰਹ 'ਚ ਆ ਜਾਂਦਾ ਐ, ਆਪਣੇ ਹੀ ਕਿਸੇ ਪਿਛਲੇ ਜਨਮਾਂ ਦਾ ਦੁੱਖ ਪਿਆ ਹੰਢਾਉਨਾ ਵਾਂ, ਸੋਚ-ਸੋਚ ਕੇ ਇਕੱਠਾ ਹੋ ਜਾਂਦਾ ਹਾਂ, ਕੀ ਕਰਾਂ ਬੇਵੱਸ ਹਾਂ, ਘਰਵਾਲੀ ਕੀ ਮਰੀ ਮੈਨੂੰ ਤਾਂ ਉਹ ਜਿਊਂਦੇ-ਜੀਅ ਮਾਰ ਗਈ। ਬਾਊ, ਸੱਚੀ ਦੱਸਾਂ ਜੇ ਤੁਹਾਡਾ ਦੋ ਟਾਈਮ ਦਾ ਲੰਗਰ ਨਾ ਹੁੰਦਾ ਤਾਂ ਸ਼ਾਇਦ ਮੈਂ ਭੁੱਖ ਨਾਲ ਹੀ ਮਰ ਗਿਆ ਹੁੰਦਾ, ਦਵਾਈ ਤਾਂ ਬਾਅਦ ਦੀ ਗੱਲ ਹੈ। ਉਹ ਹੋਰ ਵੀ ਭਾਵੁਕ ਹੋ ਗਿਆ। ਉਸ ਦੀਆਂ ਅੱਖਾਂ ਜਿਵੇਂ ਹੋਰ ਵੀ ਤਰ ਹੋ ਗਈਆਂ। ''ਬਾਪੂ ਤੂੰ ਚਿੰਤਾ ਨਾ ਕਰ, ਇਹ ਵੀ ਤਾਂ ਸਭ ਤੇਰੇ ਪੁੱਤਾਂ-ਭਰਾਵਾਂ ਵਰਗੇ ਹੀ ਨੇ।'' ਮੈਂ ਉਸ ਦੇ ਮਨ ਨੂੰ ਜ਼ਰਾ ਮਜ਼ਬੂਤ ਕਰਨ ਦਾ ਯਤਨ ਕੀਤਾ।
''ਬਾਊ, ਰੱਬ ਨੇ ਤੁਹਾਨੂੰ ਬੜਾ ਕੁਝ ਦੇਣਾ ਆ, ਬੜੇ ਪੁੰਨ ਦਾ ਕੰਮ ਪਏ ਕਰਦੇ ਓ, ਹਰ ਮਾੜੇ ਕੰਮ ਦੀ ਜੇ ਪ੍ਰਮਾਤਮਾ ਸਜ਼ਾ ਦਿੰਦਾ ਹੈ ਤਾਂ ਹਰ ਚੰਗੇ ਕੰਮ ਦਾ ਚੰਗਾ ਫਲ ਵੀ ਦਿੰਦਾ ਹੈ, ਤੁਹਾਨੂੰ ਰੱਬ ਨੇ ਬੜਾ ਸੁੱਖ ਦੇਣਾ ਆ''
''ਬਾਪੂ, ਤੇਰੀ ਕੁੜੀ ਵੀ ਨਹੀਂ ਆਈ ਕਦੇ ਤੇਰਾ ਪਤਾ ਲੈਣ।'' ਮੈਂ ਕਿਹਾ।
''ਬਾਊ ਜੀ, ਉਸ ਦੀ ਤਾਂ ਗੱਲ ਹੀ ਨਾ ਕਰੋ, ਉਹ ਤਾਂ ਬੜੀ ਚੰਗੀ ਆ, ਬਿਲਕੁਲ ਆਪਣੀ ਮਾਂ ਵਰਗੀ। ਮੈਂ ਉਸ ਨੂੰ ਆਪ ਹੀ ਮਨ੍ਹਾ ਕਰ ਦਿੱਤਾ ਸੀ ਕਿ ਤੂੰ ਨਾ ਆਵੀਂ ਇਥੇ ਪਰ ਉਹ ਮੰਨੀ ਨਹੀਂ ਆ ਹੀ ਗਈ ਇਕ ਵਾਰ ਪਰ ਮੈਂ ਉਸ ਨੂੰ ਭੇਜ ਦਿੱਤਾ ਸੀ ਜਲਦੀ ਹੀ।''
''ਕਿਉਂ....?'' ਮੈਂ ਉਤਸੁਕਤਾ ਨਾਲ ਉਸ ਨੂੰ ਪੁੱਛਿਆ।
''ਬਾਊ ਜੀ, ਨਿੱਕੇ-ਨਿੱਕੇ ਬਾਲਾਂ ਨੂੰ ਲੈ ਕੇ ਕਿਥੇ ਫਿਰਦੀ ਰਹੁ, ਕਿਤੇ ਬੀਮਾਰ ਨਾ ਹੋ ਜਾਣ ਵਿਚਾਰੇ, ਪ੍ਰਾਹੁਣਾ ਕਦੇ-ਕਦੇ ਦਵਾ-ਦਾਰੂ ਲੈ ਕੇ ਦੇ ਜਾਂਦਾ ਹੈ।''
''ਬਾਪੂ, ਹੁਣ ਤਾਂ ਤੈਨੂੰ ਉਸ ਦੀ ਲੋੜ ਸੀ।''
''ਕੋਈ ਨਾ ਬਾਊ ਜੀ ਕੋਈ ਨਾ, ਉਹ ਮੇਰਾ ਬੜਾ ਦੁੱਖ ਕਰਦੀ ਆ, ਬਾਊ ਜੀ ਲੋਕ ਤਾਂ ਐਵੇਂ ਮੁੰਡਿਆਂ ਦੇ ਪਿੱਛੇ-ਪਿੱਛੇ ਦੌੜੀ ਫਿਰਦੇ ਹਨ ਪਰ ਜਿੰਨਾ ਦੁੱਖ ਧੀਆਂ ਮਾਂ-ਪਿਓ ਦਾ ਕਰਦੀਆਂ ਨੇ ਪੁੱਤ ਕਦੇ ਵੀ ਨਹੀਂ ਕਰਦੇ।''
''ਹੂੰ....'' ਮੈਂ ਹੌਲੇ ਜਿਹੇ ਹੁੰਗਾਰਾ ਭਰਿਆ।
''ਬਾਊ ਜੀ, ਮੁੰਡੇ ਤਾਂ ਮਾਂ-ਪਿਓ ਨਾਲ ਓਨੀ ਦੇਰ ਹੀ ਠੀਕ ਨੇ ਜਦ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਰਹਿਣ, ਜਦ ਨਾ ਪੂਰੀਆਂ ਹੋਣ ਮੰਗਾਂ ਤਾਂ ਫਿਰ ਤੂੰ ਕੌਣ ਤੇ ਮੈਂ ਕੌਣ।''
''ਬਾਪੂ, ਸਾਰੇ ਇਕੋ ਜਿਹੇ ਨਹੀਂ ਹੁੰਦੇ''
''ਗੱਲ ਤਾਂ ਬਾਊ ਜੀ ਤੁਹਾਡੀ ਵੀ ਠੀਕ ਹੈ ਪਰ ਸਾਉਣ ਦੇ ਅੰਨ੍ਹੇ ਨੂੰ ਸਭ ਕੁਝ ਹਰਾ-ਹਰਾ ਹੀ ਦਿਖਦਾ ਹੈ।'' ਉਸ ਆਪਣੀ ਭੁੱਲ 'ਚ ਸੁਧਾਰ ਕਰਦੇ ਹੋਏ ਕਿਹਾ।
''ਪਰ ਬਾਊ ਜੀ, ਜਿਸ ਘਰ ਧੀ ਨਹੀਂ ਹੁੰਦੀ, ਉਹ ਘਰ ਵੀ ਅਧੂਰਾ ਹੀ ਹੁੰਦਾ ਹੈ।''
''ਇਹ ਗੱਲ ਤਾਂ ਠੀਕ ਹੈ।'' ਮੈਂ ਉਸ ਦੀ ਗੱਲ ਦੀ ਤਸਦੀਕ ਕੀਤੀ ਤੇ ਨਾਲ ਹੀ ਮੈਨੂੰ ਉਹ ਗੱਲ ਯਾਦ ਆ ਗਈ ਜੋ ਮੇਰੀ ਬੀਵੀ ਵੀ ਅਕਸਰ ਮੈਨੂੰ ਆਖਦੀ ਕਿ ਸਾਡੇ ਘਰ ਵੀ ਇਕ ਧੀ ਹੋਣੀ ਚਾਹੀਦੀ ਹੈ। ''ਪਰ ਬਾਊ ਜੀ, ਮੈਨੂੰ ਇਕ ਗੱਲ ਦੱਸੋ ਕਿ ਇਹ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਰੱਬ ਕਿਉਂ ਨਹੀਂ ਸਜ਼ਾ ਦਿੰਦਾ।''
''ਬਾਪੂ ਤੂੰ ਚਿੰਤਾ ਨਾ ਕਰ, ਇਨ੍ਹਾਂ ਲੋਕਾਂ ਨੂੰ ਪ੍ਰਮਾਤਮਾ ਨੇ ਇੰਨੀ ਵੱਡੀ ਸਜ਼ਾ ਦੇਣੀ ਹੈ ਕਿ ਇਹ ਲੋਕ ਯਾਦ ਕਰਨਗੇ, ਬਾਪੂ ਪਾਪ ਦੀ ਕਮਾਈ ਕਦੇ ਫਲਦੀ ਨਹੀਂ ਹੈ, ਉਹ ਸਭ ਕੁਝ ਸੋਤ ਕੇ ਲੈ ਜਾਂਦੀ ਹੈ, ਇਤਿਹਾਸ ਗਵਾਹ ਹੈ ਇਨ੍ਹਾਂ ਗੱਲਾਂ ਦਾ, ਉਹ ਸਭ ਕੁਝ ਵੇਖ ਰਿਹਾ ਹੈ।''
''ਬਾਊ ਜੀ, ਗੱਲ ਤਾਂ ਤੁਹਾਡੀ ਠੀਕ ਹੈ, ਮੇਰੀ ਘਰਵਾਲੀ ਵੀ ਇਨ੍ਹਾਂ ਨੂੰ ਅਕਸਰ ਬੜੀਆਂ ਬਦਦੁਆਵਾਂ ਦਿੰਦੀ ਸੀ, ਉਹ ਅਕਸਰ ਆਖਦੀ ਸੀ ਕਿ ਇਨ੍ਹਾਂ ਲੋਕਾਂ ਦਾ ਬੇੜਾ ਗਰਕ ਹੋ ਜਾਵੇ, ਇਨ੍ਹਾਂ ਦੀ......'' ਸ਼ਾਮ ਕਾਫੀ ਹੋ ਚੁੱਕੀ ਸੀ।
''ਬਾਪੂ, ਇਹ ਸਭ ਪ੍ਰਮਾਤਮਾ ਦੇ ਹੱਥ ਹੈ, ਸਾਨੂੰ ਸਭ ਉਸ ਦੇ ਉਪਰ ਛੱਡ ਦੇਣਾ ਚਾਹੀਦਾ ਹੈ, ਵੱਡੇ-ਵੱਡੇ ਲੋਕ ਵੱਡੀਆਂ-ਵੱਡੀਆਂ ਪਹੁੰਚਾਂ ਵਾਲੇ ਹੀ ਇਹ ਕੰਮ ਕਰਦੇ ਨੇ, ਇਨ੍ਹਾਂ ਨੂੰ ਕੋਈ ਵੱਡਾ ਹੀ ਸਜ਼ਾ ਦੇ ਸਕਦਾ ਹੈ, ਸਭ ਕੁਝ ਸਭ ਨੂੰ ਪਤਾ ਹੈ ਪਰ ਫਿਰ ਵੀ ਉਹ ਇਹ ਕੰਮ ਕਰ ਰਹੇ ਹਨ, ਰੱਬ ਸਭ ਕੁਝ ਵੇਖ ਰਿਹਾ ਹੈ, ਬਸ ਸਭ ਉਸ ਉਪਰ ਛੱਡ ਦੇਣਾ ਚਾਹੀਦਾ ਹੈ, ਚੰਗਾ ਬਾਪੂ ਆਪਣਾ ਖਿਆਲ ਰੱਖੀਂ।''
ਖੇਤੀ ਦੇ ਨਾਲ ਸਹਾਇਕ ਧੰਦੇ ਵੀ ਅਪਣਾਓ
NEXT STORY