ਐਡੀਲੇਡ- ਆਈ.ਸੀ.ਸੀ ਵਿਸ਼ਵ ਕੱਪ ਦਾ ਸ਼ਨੀਵਾਰ ਤੋਂ ਅਗਾਜ਼ ਹੋ ਜਾਵੇਗਾ, ਪਰ ਭਾਰਤੀ ਉਪ ਮਹਾਦੀਪ ਦੇ ਲਈ ਵਿਸ਼ਵ ਕੱਪ ਦਾ ਅਸਲੀ ਰੋਮਾਂਚ ਐਤਵਾਰ ਨੂੰ 2 ਵਿਰੋਧੀਆਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲੇ ਮੈਚ ਨਾਲ ਸ਼ੁਰੂ ਹੋਵੇਗਾ। ਕ੍ਰਿਕਟ ਦੇ ਮੈਦਾਨ 'ਤੇ ਦੋਵਾਂ ਚਿਰ ਵਿਰੋਧੀ ਦੇਸ਼ਾਂ ਦੇ ਵਿਚਕਾਰ ਮੁਕਾਬਲੇ ਦਾ ਬਹੁਤ ਹੀ ਸ਼ਾਨਦਾਰ ਇਤਿਹਾਸ ਰਿਹਾ ਹੈ ਅਤੇ ਹਰ ਮੈਚ ਵਿਚ ਦੋਵਾਂ ਟੀਮਾਂ ਦੀ ਬੇਚੈਨੀ ਸਿਖਰ 'ਤੇ ਹੁੰਦੀ ਹੈ। ਦੋਵਾਂ ਟੀਮਾਂ ਵਿਚਕਾਰ ਕੁਲ ਅੰਤਰਰਾਸ਼ਟਰੀ ਇਕ ਦਿਨਾ ਮੁਕਾਬਲਿਆਂ ਦਾ ਰਿਕਾਰਡ ਦੇਖੀਏ ਤਾਂ ਪਾਕਿਸਤਾਨ ਨੂੰ ਜ਼ਿਆਦਾ ਜਿੱਤਾਂ ਮਿਲੀਆਂ ਹਨ। ਦੋਵਾਂ ਵਿਚਕਾਰ ਹੋਏ ਕੁਲ 126 ਇਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿਚੋਂ ਪਾਕਿਸਤਾਨ ਨੂੰ 72 'ਚ ਜਿੱਤ ਮਿਲੀ ਹੈ ਪਰ ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਭਾਰਤ ਹੁਣ ਤੱਕ ਪਾਕਿਸਤਾਨ ਦੇ ਖਿਲਾਫ ਹੋਏ 5 ਮੈਚਾਂ 'ਚ ਜੇਤੂ ਰਿਹਾ ਹੈ।
ਇਸ ਮੈਚ ਦੀ ਲੋਕਪ੍ਰਿਯਤਾ ਅਤੇ ਖੇਡ ਪ੍ਰੇਮੀਆਂ ਦੇ ਵਿਚਕਾਰ ਦੀਵਾਨਗੀ ਨੂੰ ਇਸੇ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ 50 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਐਡੀਲੇਡ ਓਵਲ ਸਟੇਡੀਅਮ ਵਿਚ ਹੋਣ ਵਾਲੇ ਇਸ ਮੈਚ ਦੀਆਂ ਸਾਰੀਆਂ ਟਿਕਟਾਂ ਸ਼ੁਰੂਆਤੀ 20 ਮਿੰਟਾਂ ਵਿਚ ਹੀ ਵਿਕ ਗਈਆਂ। ਦੱਖਣੀ ਆਸਟ੍ਰੇਲੀਆ ਦੀ ਸਥਾਨਕ ਸਰਕਾਰ ਨੂੰ ਉਮੀਦ ਹੈ ਕਿ ਇਸ ਮੈਚ ਵਿਚ ਭਾਰਤ ਤੋਂ 20 ਹਜ਼ਾਰ ਦਰਸ਼ਕ ਐਡੀਲੇਡ ਪਹੁੰਚਣਗੇ।
ਆਈ.ਸੀ.ਸੀ ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਸ ਤੋਂ ਪਹਿਲਾਂ ਹੋਏ ਮੈਚਾਂ ਦੀ ਇਕ ਝਲਕ ਦੇਖਦੇ ਹਾਂ :
ਵਿਸ਼ਵ ਕੱਪ 1992 : ਭਾਰਤ 43 ਰਨਾਂ ਨਾਲ ਜਿੱਤਿਆ
ਭਾਰਤ ਅਤੇ ਪਾਕਿਸਤਾਨ ਵਿਸ਼ਵ ਕੱਪ ਸ਼ੁਰੂ ਹੋਣ ਦੇ 17 ਸਾਲ ਬਾਅਦ 1992 'ਚ ਵਿਸ਼ਵ ਕੱਪ ਦੇ 5ਵੇਂ ਸੈਸ਼ਨ 'ਚ ਪਹਿਲੀ ਵਾਰ ਇਕ ਦੂਸਰੇ ਦੇ ਸਾਹਮਣੇ ਆਏ। ਭਾਰਤੀ ਟੀਮ ਨੇ ਨੌਜਵਾਨ ਅਨੁਭਵੀ ਖਿਡਾਰੀ ਸਚਿਨ ਤੇਂਦੁਲਕਰ ਦੀ ਅਜੇਤੂ 54 ਦੌੜਾਂ ਦੀ ਪਾਰੀ ਦੀ ਬਦੌਲਤ ਇਸ ਮੈਚ ਵਿਚ ਪਾਕਿਸਤਾਨ ਸਾਹਮਣੇ 217 ਦੌੜਾਂ ਦਾ ਟੀਚਾ ਰੱਖਿਆ, ਜਿਸ ਦੇ ਜਵਾਬ ਵਿਚ ਪੂਰੀ ਪਾਕਿਸਤਾਨੀ ਟੀਮ 173 ਦੌੜਾਂ 'ਤੇ ਲੁੜਕ ਗਈ।
ਵਿਸ਼ਵ ਕੱਪ 1996 : 39 ਦੌੜਾਂ ਨਾਲ ਜਿੱਤਿਆ ਭਾਰਤ
ਭਾਰਤੀ ਟੀਮ ਨੂੰ ਲਗਾਤਾਰ ਦੂਸਰੇ ਵਿਸ਼ਵ ਕੱਪ ਵਿਚ ਕੁਆਰਟਰਫਾਈਨਲ ਪਾਕਿਸਤਾਨ ਨਾਲ ਭਿੜਣਾ ਪਿਆ। ਆਪਣੇ ਘਰੇਲੂ ਮੈਦਾਨ ਐੱਮ. ਚਿਨਾਸਵਾਮੀ ਸਟੇਡੀਅਮ ਵਿਚ ਹੋਏ ਇਸ ਮੈਚ ਵਿਚ ਭਾਰਤੀ ਟੀਮ ਲਈ ਸਲਾਮੀ ਬੱਲੇਬਾਜ਼ ਨਵਜੋਤ ਸਿੰਘ ਸਿੱਧੂ ਨੇ 93 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ ਠੋਸ ਸ਼ੁਰੂਆਤ ਦਿਵਾਈ, ਜਿਸ ਨੂੰ ਅਜੇ ਜਡੇਜਾ ਨੇ 45 ਦੌੜਾਂ ਦੀ ਆਤਿਸ਼ੀ ਪਾਰੀ ਨਾਲ 287 ਦੇ ਵੱਡੇ ਸਕੋਰ 'ਚ ਤਬਦੀਲ ਕਰ ਦਿੱਤਾ। ਪਾਕਿਸਤਾਨ ਲਈ ਸਈਦ ਅਨਵਰ ਅਤੇ ਆਮਿਰ ਸੁਹੇਲ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਮੱਧਕ੍ਰਮ ਵਿਚ ਵੀ ਜਾਵੇਦ ਮੀਆਂਦਾਦ ਅਤੇ ਸਲੀਮ ਮਲਿਕ ਨੇ ਸ਼ਾਨਦਾਰ ਪਾਰੀਆਂ ਖੇਡੀਆਂ। ਹਾਲਾਂਕਿ ਭਾਰਤੀ ਸਪਿਨ ਗੇਂਦਬਾਜ਼ਾਂ ਅਨਿਲ ਕੁੰਬਲੇ ਅਤੇ ਵੈਂਕਟਪਤੀ ਰਾਜੂ ਦੇ ਅੱਗੇ ਪਾਕਿਸਤਾਨ ਟੀਮ ਜਿੱਤ ਤੱਕ ਨਹੀਂ ਪਹੁੰਚ ਸਕੀ ਅਤੇ 39 ਦੌੜਾਂ ਨਾਲ ਹਾਰ ਗਈ।
ਵਿਸ਼ਵ ਕੱਪ 1999 : ਭਾਰਤ 47 ਦੌੜਾਂ ਨਾਲ ਜੇਤੂ
ਇਸ ਮੈਚ ਵਿਚ ਵੀ ਭਾਰਤੀ ਟੀਮ ਨੇ ਪਹਿਲੇ ਬੱਲੇਬਾਜ਼ੀ ਕਰਦਿਆਂ 6 ਵਿਕਟਾਂ 'ਤੇ 227 ਦੌੜਾਂ ਦਾ ਸਕੋਰ ਖੜ੍ਹਾ ਕੀਤਾ, ਜਿਸ ਵਿਚ ਸਚਿਨ (45) ਅਤੇ ਰਾਹੁਲ ਦ੍ਰਾਵਿੜ (61) ਦੀਆਂ ਮਜ਼ਬੂਤ ਪਾਰੀਆਂ ਅਹਿਮ ਰਹੀਆਂ। ਕਪਤਾਨ ਮੁਹੰਮਦ ਅਜ਼ਰੂਦੀਨ ਨੇ ਵੀ 59 ਦੌੜਾਂ ਬਣਾਈਆਂ। ਪਾਕਿਸਤਾਨ ਇਸ ਮੈਚ ਵਿਚ 45.3 ਓਵਰਾਂ ਵਿਚ 180 ਦੌੜਾਂ 'ਤੇ ਹੀ ਢੇਰ ਹੋ ਗਿਆ ਸੀ। ਭਾਰਤ ਲਈ ਵੈਂਕਟੇਸ਼ ਪ੍ਰਸਾਦ ਨੇ 5 ਅਤੇ ਜਵਾਗਲ ਸ਼੍ਰੀਨਾਥ ਨੇ 3 ਵਿਕਟਾਂ ਹਾਸਲ ਕੀਤੀਆਂ ਸੀ।
ਵਿਸ਼ਵ ਕੱਪ 2003 : ਭਾਰਤ ਦੀ 6 ਵਿਕਟਾਂ ਨਾਲ ਜਿੱਤ
ਵਿਸ਼ਵ ਕੱਪ 'ਚ ਭਾਰਤ ਦੇ ਖਿਲਾਫ ਚੌਥੀ ਵਾਰ ਮੈਦਾਨ 'ਤੇ ਉਤਰੀ ਪਾਕਿਸਤਾਨੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਈਦ ਅਨਵਰ (101) ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ 273 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ ਪਰ ਭਾਰਤੀ ਟੀਮ ਨੇ ਸਚਿਨ ਤੇਂਦੁਲਕਰ (98) ਅਤੇ ਵਰਿੰਦਰ ਸਹਿਵਾਗ (21) ਦੀ ਬਦੌਲਤ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਦ੍ਰਾਵਿੜ (ਅਜੇਤੂ 44) ਅਤੇ ਯੁਵਰਾਜ ਸਿੰਘ (ਅਜੇਤੂ 50) ਨੇ 26 ਗੇਂਦਾਂ ਬਾਕੀ ਰਹਿੰਦਿਆਂ ਹੀ ਟੀਮ ਨੂ ਜਿੱਤ ਦੁਆ ਦਿੱਤੀ।
ਵਿਸ਼ਵ ਕੱਪ 2011 : ਭਾਰਤ ਨੇ ਪਾਕਿਸਤਾਨ ਨੂੰ 29 ਦੌੜਾਂ ਨਾਲ ਕੀਤਾ ਚਿੱਤ
ਸਚਿਨ ਤੇਂਦੁਲਕਰ (85) ਇਕ ਵਾਰ ਫਿਰ ਵਿਸ਼ਵ ਕੱਪ 'ਚ ਪਾਕਿਸਤਾਨ ਖਿਲਾਫ ਭਾਰਤ ਲਈ ਸੰਕਟਮੋਚਨ ਸਾਬਿਤ ਹੋਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 260 ਦੌੜਾਂ ਦਾ ਚੁਣੌਤੀਪੁਰਨ ਸਕੋਰ ਖੜ੍ਹਾ ਕੀਤਾ, ਜਿਸ ਦੇ ਜਵਾਬ ਵਿਚ ਪਾਕਿਸਤਾਨੀ ਟੀਮ ਮਿਸਬਾਉਲ ਹੱਕ (56) ਦੀ ਸੰਘਰਸ਼ਪੂਰਨ ਪਾਰੀ ਦੇ ਬਾਵਜੂਦ 231 ਦੌੜਾਂ 'ਤੇ ਢੇਰ ਹੋ ਗਈ।
ਬਾਲੀਵੁੱਡ 'ਚ ਸ਼ੇਨ ਵਾਰਨ ਘੁੰਮਾਉਣਾ ਚਾਹੁੰਦਾ ਹੈ ਫਿਰਕੀ
NEXT STORY