ਸਮੂਹ ਧਰਮਾਂ 'ਚ ਅਹਿੰਸਾ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ। ਹਿੰਦੂ ਸੰਸਕ੍ਰਿਤੀ ਪੂਰੀ ਤਰ੍ਹਾਂ ਅਹਿੰਸਾਵਾਦੀ ਹੈ। ਧਰਮ ਗ੍ਰੰਥਾਂ 'ਚ ਸਪੱਸ਼ਟ ਕਿਹਾ ਗਿਆ ਹੈ ਕਿ ਮਨੁੱਖ ਨੂੰ ਕਿਸੇ ਵੀ ਜੀਵ, ਪ੍ਰਾਣੀ ਦੀ ਹੱਤਿਆ ਕਰਨ ਅਤੇ ਨੁਕਸਾਨ ਪਹੁੰਚਾਉਣ ਦਾ ਕੋਈ ਹੱਕ ਨਹੀਂ ਹੈ। ਬਲੀ ਦੇ ਨਾਂ 'ਤੇ ਪਸ਼ੂ, ਜੀਵ ਜਾਂ ਕਿਸੇ ਪ੍ਰਾਣੀ ਦੀ ਹੱਤਿਆ ਕਿਸੇ ਦੈਂਤ ਪ੍ਰਵਿਰਤੀ ਦੇ ਵਿਅਕਤੀ ਦੇ ਦਿਮਾਗ ਦੀ ਹੀ ਕਾਢ ਹੋ ਸਕਦੀ ਹੈ। ਦੇਵੀ-ਦੇਵਤਿਆਂ (ਭਗਵਾਨ) ਲਈ ਸੰਸਾਰ ਦੇ ਸਮੂਹ ਜੀਵ ਪੁੱਤਰ ਦੇ ਬਰਾਬਰ ਹਨ। ਮਾਂ ਕਾਲੀ ਭੋਗ-ਪ੍ਰਸ਼ਾਦ ਜਾਂ ਸੰਸਾਰਕ ਕਾਮਨਾ ਪੂਰਤੀ ਦੇ ਨਾਂ 'ਤੇ ਆਪਣੇ ਪੁੱਤਰਾਂ ਦੀ ਹੱਤਿਆ ਦਾ ਹੁਕਮ ਕਦੇ ਨਹੀਂ ਦੇ ਸਕਦੀ। 'ਦਇਆ ਧਰਮ ਦਾ ਮੂਲ ਹੈ' ਇਸ ਵਾਕ ਨੂੰ ਵੇਦ ਸ਼ਾਸਤਰਾਂ ਦਾ ਸਾਰ ਅਰਥਾਤ ਸ਼ਾਂਤਮਈ ਜੀਵਨ ਜਿਊਣ ਦਾ ਸੂਤਰ ਦੱਸਿਆ ਗਿਆ ਹੈ। ਅਜਿਹੀ ਦਇਆ ਪਵਿੱਤਰ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਵੀ ਮਾਸਾਹਾਰੀ ਨੂੰ ਸਮਰਥਨ ਦੇਣਾ ਅਕਲ ਦੀ ਘਾਟ ਹੀ ਕਿਹਾ ਜਾ ਸਕਦਾ ਹੈ।
ਜੈਨ, ਈਸਾਈ, ਸਨਾਤਨ, ਬੁੱਧ, ਪਾਰਸੀ, ਸਿੱਖ, ਯਹੂਦੀ ਸਾਰੇ ਧਰਮਾਂ 'ਚ ਜੀਵ ਹੱਤਿਆ ਨੂੰ ਘੋਰ ਨਿੰਦਣਯੋਗ ਪਾਪ ਦੱਸਿਆ ਜਾਂਦਾ ਹੈ। ਸਮੂਹ ਧਰਮ ਉਪਦੇਸ਼ਕਾਂ ਨੇ ਆਪਣੇ ਧਰਮ ਗ੍ਰੰਥਾਂ ਰਾਹੀਂ ਸੰਪੂਰਨ ਵਿਸ਼ਵ ਨੂੰ ਅਹਿੰਸਾ ਦੇ ਰਾਹ 'ਤੇ ਚੱਲਦੇ ਹੋਏ ਜੀਵ ਹੱਤਿਆ ਨਹੀਂ ਕਰਨ ਦਾ ਸੰਦੇਸ਼ ਦਿੱਤਾ ਹੈ। ਜੈਨ ਧਰਮ ਦਾ ਤਾਂ ਮੂਲ ਮੰਤਰ, ਮੁੱਖ ਉਪਦੇਸ਼ ਹੀ 'ਅਹਿੰਸਾ ਪਰਮੋ ਧਰਮ' ਹੈ। ਭਗਵਾਨ ਮਹਾਵੀਰ ਨੇ ਕਿਹਾ ਹੈ, ''ਸੰਸਾਰ 'ਚ ਸਭ ਨੂੰ ਆਪਣੀ ਜਾਨ ਪਿਆਰੀ ਹੈ, ਕੋਈ ਮਰਨਾ ਨਹੀਂ ਚਾਹੁੰਦਾ, ਕਿਸੇ ਵੀ ਪ੍ਰਾਣੀ ਨੂੰ ਹਿੰਸਾ ਦੀ ਭੇਟ ਨਾ ਚੜ੍ਹਾਓ। ਜਿਹੜਾ ਵਿਅਕਤੀ ਆਪਣੇ ਸੁੱਖ ਲਈ ਬੇਕਸੂਰ ਪ੍ਰਾਣੀਆਂ ਦੀ ਹੱਤਿਆ ਕਰਦਾ ਹੈ, ਉਹ ਇਸ ਲੋਕ ਅਤੇ ਪ੍ਰਲੋਕ 'ਚ ਕਿਤੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦਾ।''
ਭਗਵਾਨ ਬੁੱਧ ਨੇ ਕਿਹਾ ਹੈ ਕਿ ਜੀਵਾਂ ਨੂੰ ਬਚਾਉਣ 'ਚ ਧਰਮ ਅਤੇ ਮਾਰਨ 'ਚ ਅਧਰਮ ਹੈ। ਮਾਸ ਖਾਣ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਲੱਗ ਜਾਂਦੀਆਂ ਹਨ। ਮਾਸਾਹਾਰ ਦਾ ਤਿਆਗ ਕਰਨ 'ਚ ਹੀ ਮਨੁੱਖ ਦਾ ਭਲਾ ਹੈ। ਸਾਰੇ ਪ੍ਰਾਣੀ ਮਰਨ ਤੋਂ ਡਰਦੇ ਹਨ। ਮ੍ਰਿਤੂਲੋਕ 'ਚ ਸਾਰੇ ਜੀਵ ਮੌਤ ਤੋਂ ਡਰੇ ਰਹਿੰਦੇ ਹਨ। ਉਨ੍ਹਾਂ ਨੂੰ ਆਪਣੇ ਬਰਾਬਰ ਸਮਝੋ, ਨਾ ਉਨ੍ਹਾਂ ਨੂੰ ਦੁੱਖ ਦਿਓ ਅਤੇ ਨਾ ਉਨ੍ਹਾਂ ਦੀ ਜਾਨ ਲਓ। ਗੁਰੂ ਨਾਨਕ ਦੇਵ ਕਹਿੰਦੇ ਹਨ, ''ਜਿਹੜਾ ਵਿਅਕਤੀ ਮਾਸ, ਮੱਛੀ ਅਤੇ ਸ਼ਰਾਬ ਦੀ ਵਰਤੋਂ ਕਰਦਾ ਹੈ, ਉਸ ਦਾ ਧਰਮ, ਸਤਕਰਮ ਜਪ, ਤਪ ਸਭ ਬੇਕਾਰ ਤੇ ਨਿਸ਼ਫਲ ਹੋ ਜਾਂਦੇ ਹਨ। ਕਿਉਂ ਕਿਸੇ ਨੂੰ ਮਾਰਨਾ, ਜਦ ਉਸ ਨੂੰ ਜ਼ਿੰਦਾ ਨਹੀਂ ਕਰ ਸਕਦੇ।'' ਜਿਸ ਖੂਨ ਦੇ ਲੱਗਣ ਨਾਲ ਕੱਪੜਾ, ਚੀਜ਼ ਅਪਵਿੱਤਰ ਹੋ ਜਾਂਦੀ ਹੈ, ਉਸ ਖੂਨ ਨੂੰ ਮਨੁੱਖ ਪੀਂਦਾ ਹੈ, ਫਿਰ ਉਸ ਦਾ ਮਨ ਨਿਰਮਲ ਕਿਵੇਂ ਰਹਿ ਸਕਦਾ ਹੈ?
ਵਾਯੂ ਪੁਰਾਣ 'ਚ ਲਿਖਿਆ ਹੈ, ''ਜੀਵਨ ਦਾਨ ਤੋਂ ਵਧ ਕੇ ਕੋਈ ਵੀ ਉੱਤਮ ਦਾਨ ਨਹੀਂ ਹੈ, ਇਸ ਲਈ ਸਭ ਤਰ੍ਹਾਂ ਦੇ ਯਤਨਾਂ ਨਾਲ ਸਾਰਿਆਂ ਨੂੰ ਪ੍ਰਾਣ ਦਾਨ ਦੇਣਾ ਚਾਹੀਦਾ। ਅਹਿੰਸਾ ਸਭ ਫਲ ਦੇਣ ਵਾਲੀ ਹੈ ਤੇ ਪਰਮ ਪਵਿੱਤਰ ਹੈ। ਪ੍ਰਾਣੀਆਂ ਨੂੰ ਜੀਵਨ ਦਾਨ ਸਭ ਤੋਂ ਉੱਤਮ ਦਾਨ ਹੈ।
ਯਹੂਦੀ ਧਰਮ 'ਚ ਕਿਹਾ ਗਿਆ ਹੈ, ''ਪ੍ਰਿਥਵੀ ਲੋਕ ਦੇ ਹਰ ਪਸ਼ੂ, ਪੰਛੀ ਤੇ ਪ੍ਰਾਣੀ, ਜਿਨ੍ਹਾਂ 'ਚ ਜੀਵਨ ਹੈ, ਸਭ ਲਈ ਮੈਂ ਮਾਸ ਦੀ ਥਾਂ ਹਰੀਆਂ ਪੱਤੀਆਂ ਦਿੱਤੀਆਂ ਹਨ। ਉਦੋਂ ਵੀ ਜਦੋਂ ਤੁਸੀਂ ਹਿੰਸਾ-ਹੱਤਿਆ ਕਰ ਕੇ ਆਪਣੇ ਹੱਥ ਖੂਨ ਨਾਲ ਰੰਗਦੇ ਹੋ ਅਤੇ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ, ਉਸ ਨੂੰ ਮੈਂ ਨਹੀਂ ਸੁਣਦਾ।'' ਪਾਰਸੀ ਧਰਮ ਬੁਲਾਰਿਆਂ ਨੇ ਕਿਹਾ ਹੈ ''ਜਿਹੜਾ ਮਨੁੱਖ ਪਸ਼ੂਆਂ, ਭੇਡਾਂ, ਪੰਛੀਆਂ ਆਦਿ ਦੀ ਹੱਤਿਆ ਵਰਗਾ ਪਾਪ ਕਰਮ ਕਰਦਾ ਹੈ, ਇਕ ਦਿਨ ਉਸ ਦੇ ਵੀ ਅੰਗ ਇਸ ਤਰ੍ਹਾਂ ਕੱਟ ਕੇ ਵੱਖ-ਵੱਖ ਕਰ ਦਿੱਤੇ ਜਾਂਦੇ ਹਨ।'' ਸਨਾਤਨ ਧਰਮ ਦੇ ਸਭ ਤੋਂ ਵੱਧ ਪ੍ਰੇਰਨਾਦਾਇਕ, ਵਿਸ਼ਵ ਪ੍ਰਸਿੱਧ ਧਰਮ ਗ੍ਰੰਥ 'ਸ਼੍ਰੀਰਾਮ ਚਰਿੱਤ ਮਾਨਸ' ਵਿਚ ਗੋਸਵਾਮੀ ਤੁਲਸੀਦਾਸ ਜੀ ਨੇ ਹਿੰਸਾ ਨੂੰ ਸਭ ਤੋਂ ਬੁਰਾ ਪਾਪ ਕਰਮ ਦੱਸਿਆ ਹੈ।
ਈਸਾ ਮਸੀਹ ਨੇ ਵੀ ਆਪਣੇ ਉਪਦੇਸ਼ਾਂ 'ਚ ਮਨੁੱਖ ਨੂੰ ਕਿਹਾ ਹੈ, ''ਪਸ਼ੂ ਮਾਰਨ ਲਈ ਨਹੀਂ ਹਨ।'' ਮੈਂ ਦਇਆ ਚਾਹੁੰਦਾ ਹਾਂ, ਬਲੀਦਾਨ ਨਹੀਂ। ਤੁਸੀਂ ਖੂਨ ਨਾ ਵਹਾਓ, ਆਪਣਾ ਮੁਖ ਮਾਸ ਨਾਲ ਗੰਦਾ ਨਾ ਕਰੋ। ਈਸ਼ਵਰ ਬੜਾ ਦਿਆਲੂ ਹੈ, ਉਸ ਦਾ ਉਦੇਸ਼ ਹੈ ਕਿ ਮਨੁੱਖ ਧਰਤੀ ਤੋਂ ਪੈਦਾ ਫਲ ਅਤੇ ਅਨਾਜ ਨਾਲ ਆਪਣਾ ਜੀਵਨ ਨਿਰਬਾਹ ਕਰੇ।
¸ਧਰਮਿੰਦਰ ਗੋਇਲ
ਵਿਆਖਿਆ ਸ੍ਰੀ ਜਪੁ ਜੀ ਸਾਹਿਬ
NEXT STORY