ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜਟ ਨੂੰ ਕਿਸਾਨ, ਮੁਲਾਜ਼ਮ ਅਤੇ ਛੋਟੇ ਵਪਾਰੀਆਂ ਦੇ ਵਿਰੁੱਧ ਕਰਾਰ ਦਿੰਦਿਆਂ ਮੋਗਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਵਿਨੋਦ ਬਾਂਸਲ ਨੇ ਪੰਜਾਬ ਦੇ ਅਕਾਲੀ ਆਗੂਆਂ ਨੂੰ ਸਵਾਲ ਕੀਤਾ ਹੈ ਕਿ ਕੇਂਦਰ ਵਿਚ ਕਾਂਗਰਸ ਸਰਕਾਰ ਹੋਣ ਵੇਲੇ ਇਕ ਰੁਪਏ ਡੀਜ਼ਲ ਦਾ ਭਾਅ ਵਧਣ ਮੌਕੇ ਰੌਲਾ ਪਾਉਣ ਵਾਲੇ ਅਕਾਲੀ ਅੱਜ ਖਾਮੋਸ਼ ਕਿਉਂ ਹਨ। ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਹੁਣ ਸਰਕਾਰ ਨੇ ਪੰਜ ਰੁਪਏ ਰਸੋਈ ਗੈਸ ਸਿਲੰਡਰ ਅਤੇ 3 ਰੁਪਏ ਪੈਟਰੋਲ ਤੇ ਡੀਜ਼ਲ ਦਾ ਭਾਅ ਵਧਾ ਕੇ ਪਹਿਲਾਂ ਹੀ ਆਰਥਿਕ ਤੰਗੀ ਵਿਚੋਂ ਲੰਘ ਰਹੇ ਲੋਕਾਂ 'ਤੇ ਹੋਰ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਕਾਲੀ ਅੰਦਰੋਂ ਤਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚੰਗਾ ਆਖ ਰਹੇ ਹਨ, ਜਿਨ੍ਹਾਂ ਨੇ 10 ਸਾਲਾਂ ਦੌਰਾਨ ਪੰਜਾਬ ਨੂੰ ਵੱਡੇ ਗ੍ਰਾਂਟਾਂ ਦੇ ਗੱਫੇ ਦਿੱਤੇ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਨੋਟਾਂ ਦੇ ਟਰੱਕ ਦੇਣ ਵਾਲੇ ਭਾਜਪਾ ਆਗੂਆਂ ਨੇ ਪੰਜਾਬ ਦੇ ਕਿਸਾਨਾਂ ਨੂੰ ਸਪਲਾਈ ਕੀਤੀ ਜਾਣ ਵਾਲੀ ਖਾਦ ਵਿਚ ਹੀ ਕਟੌਤੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਹੋ ਰਹੇ ਵਿਤਕਰੇ 'ਤੇ ਮੋਰਚੇ ਲਗਾਉਣ ਦੀ ਥਾਂ ਅਕਾਲੀ ਮਿੰਨਤਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ 72 ਘੰਟੇ ਵਿਚ ਅਦਾਇਗੀ ਲੈਣ ਵਾਲੇ ਕਿਸਾਨਾਂ ਨੂੰ ਇਸ ਵਾਰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਸੇ ਵੀ ਤਰ੍ਹਾਂ ਮੱਧਵਰਗ ਨੂੰ ਟੈਕਸਾਂ ਵਿਚ ਕੋਈ ਰਾਹਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਹ ਬਜਟ ਪੂਰੀ ਤਰ੍ਹਾਂ ਨਾਲ ਕਾਰਪੋਰੇਟ ਘਰਾਣਿਆਂ ਦੀ ਤਰਜ਼ਮਾਨੀ ਕਰਦਾ ਹੈ। ਇਸ ਮੌਕੇ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।
ਸਰਕਾਰਾਂ ਦੇ ਨਾਲ-ਨਾਲ ਰੱਬ ਵੀ ਬਣਿਆ ਕਿਸਾਨਾਂ ਦਾ ਵੈਰੀ!
NEXT STORY