ਨੂਰਪੁਰਬੇਦੀ, (ਸ਼ਮਸ਼ੇਰ)- ਸਿਹਤ ਵਿਭਾਗ ਤੇ ਸਰਕਾਰ ਵਲੋਂ ਗਰਭਵਤੀ ਔਰਤਾਂ ਨੂੰ ਸਰਕਾਰੀ ਹਸਪਤਾਲਾਂ 'ਚ ਡਲਿਵਰੀ ਕਰਵਾਉਣ ਲਈ ਵੱਡੇ ਪੱਧਰ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਲੋੜਵੰਦ ਲੋਕਾਂ ਨੂੰ ਮਾਤਾ ਕੌਸ਼ੱਲਿਆ ਯੋਜਨਾ ਵਰਗੀਆਂ ਸਕੀਮਾਂ ਦਾ ਲਾਭ ਦੇਣ ਦੀ ਗੱਲ ਵੀ ਕਹੀ ਜਾਂਦੀ ਹੈ ਪਰ ਗਰੀਬ ਲੋਕ ਸਰਕਾਰੀ ਹਸਪਤਾਲਾਂ 'ਚ ਤਾਇਨਾਤ ਸਟਾਫ ਦੀਆਂ ਅਣਗਹਿਲੀਆਂ ਤੇ ਬੇਰੁਖੀ ਦਾ ਸ਼ਿਕਾਰ ਹੋ ਕੇ ਪ੍ਰਾਈਵੇਟ ਹਸਪਤਾਲ ਵਿਚ ਜਾਣ ਲਈ ਮਜਬੂਰ ਹੋ ਰਹੇ ਹਨ। ਇਸ ਦੀ ਉਦਾਹਰਨ ਸਿਵਲ ਹਸਪਤਾਲ ਸਿੰਘਪੁਰ (ਨੂਰਪੁਰਬੇਦੀ) ਜੋ ਬੀਤੇ ਕਈ ਮਹੀਨਿਆਂ ਤੋਂ ਇਕ ਮਾਹਿਰ ਤੇ ਤਜਰਬੇਦਾਰ ਡਾਕਟਰ ਜੋੜੇ ਦੇ ਤਬਾਦਲੇ ਤੋਂ ਬਾਅਦ ਡੰਗ ਟਪਾਊ ਢੰਗ ਨਾਲ ਹੀ ਚੱਲ ਰਿਹਾ ਹੈ, ਤੋਂ ਮਿਲੀ। ਜਾਣਕਾਰੀ ਅਨੁਸਾਰ ਇਕ ਕਾਰਡ ਧਾਰਕ ਗਰਭਵਤੀ ਔਰਤ ਨੀਲਮ ਕੁਮਾਰੀ ਪਤਨੀ ਹਰਵਿੰਦਰ ਸਿੰਘ ਵਾਸੀ ਪਿੰਡ ਮੁਕਾਰੀ ਆਪਣੇ ਪਤੀ ਨਾਲ ਬੀਤੀ 17 ਫਰਵਰੀ ਨੂੰ ਜਣੇਪਾ ਕਰਵਾਉਣ ਲਈ ਆਈ। ਨੀਲਮ ਕੁਮਾਰੀ ਅਨੁਸਾਰ ਸਟਾਫ ਵਲੋਂ ਉਸ ਨੂੰ ਇਕ ਰਾਤ ਰੱਖ ਕੇ ਅਗਲੇ ਦਿਨ 7:30 ਵਜੇ ਇਹ ਕਹਿ ਕੇ ਘਰ ਤੋਰ ਦਿੱਤਾ ਕਿ ਅਜੇ ਉਹ ਠੀਕ ਹੈ ਤੇ ਉਸ ਦੀ ਡਲਵਿਰੀ ਨੂੰ ਇਕ ਹਫਤੇ ਦਾ ਸਮਾਂ ਹੋਰ ਲੱਗ ਜਾਵੇਗਾ, ਉਸ ਨੂੰ ਸਟਾਫ ਵਲੋਂ ਇਕ ਹਫਤਾ ਪੇਂਡੂ ਡਿਸਪੈਂਸਰੀ 'ਚ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਗਈ। ਫਿਰ 26 ਫਰਵਰੀ ਨੂੰ ਜਦੋਂ ਉਹ ਮੁੜ ਹਸਪਤਾਲ ਗਈ ਤਾਂ ਸਟਾਫ ਨੇ ਉਸ ਨੂੰ ਸਾਰਾ ਦਿਨ ਇਹ ਕਹਿ ਕੇ ਬਿਠਾ ਰੱਖਿਆ ਕਿ ਉਸ ਦਾ ਕੇਸ ਨਾਰਮਲ ਹੈ। ਇਸ ਉਪਰੰਤ ਸਟਾਫ ਵਲੋਂ ਪੀੜਤਾ ਦੇ 1-2 ਟੀਕੇ ਲਗਾਏ ਗਏ, ਜਿਸ ਉਪਰੰਤ ਉਸ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਜਦਕਿ ਸਟਾਫ ਉਸ ਨੂੰ ਠੀਕ ਹੀ ਦੱਸਦਾ ਗਿਆ। ਇਸੇ ਦੌਰਾਨ ਬੱਚੇ ਵਲੋਂ ਪੇਟ 'ਚ ਹੀ ਲੈਟਰੀਨ ਕਰਨ 'ਤੇ ਜਦੋਂ ਉਸ ਦੀ ਹਾਲਤ ਹੋਰ ਗੰਭੀਰ ਹੋ ਗਈ ਤਾਂ ਸਟਾਫ ਵਲੋਂ ਉਸ ਨੂੰ ਕਿਸੇ ਨਿੱਜੀ ਹਸਪਤਾਲ ਲਿਜਾਣ ਲਈ ਕਹਿ ਦਿੱਤਾ ਗਿਆ। ਗਰਭਵਤੀ ਔਰਤ ਦੇ ਪਰਿਵਾਰ ਵਲੋਂ ਐਂਬੂਲੈਂਸ ਮੰਗਣ 'ਤੇ ਇਹ ਕਹਿ ਕੇ ਨਾ ਕਰ ਦਿੱਤੀ ਗਈ ਕਿ ਐਂਬੂਲੈਂਸ ਹਸਪਤਾਲ 'ਚ ਮੌਜੂਦ ਨਹੀਂ। ਪੀੜਤ ਨੀਲਮ ਕੁਮਾਰੀ ਦੇ ਪਤੀ ਹਰਵਿੰਦਰ ਸਿੰਘ ਅਨੁਸਾਰ ਉਸ ਨੂੰ ਨਿੱਜੀ ਤੌਰ 'ਤੇ ਗੱਡੀ ਕਿਰਾਏ 'ਤੇ ਲੈ ਕੇ ਪਹਿਲਾਂ ਰੂਪਨਗਰ ਪਹੁੰਚਣਾ ਪਿਆ ਤੇ ਉਥੋਂ ਜਵਾਬ ਮਿਲਣ 'ਤੇ ਨੂਰਪੁਰਬੇਦੀ ਵਿਖੇ ਇਕ ਹਸਪਤਾਲ 'ਚ ਨੀਲਮ ਕੁਮਾਰੀ ਦੀ ਡਲਿਵਰੀ ਕਰਵਾਉਣੀ ਪਈ, ਜਿਸ 'ਤੇ ਉਸ ਦਾ ਕਰੀਬ 15 ਹਜ਼ਾਰ ਰੁਪਏ ਖਰਚਾ ਆ ਗਿਆ। ਇਸ ਸੰਬਧ ਵਿਚ ਜਦੋਂ ਐੱਸ. ਐੱਮ. ਓ. ਮੈਡਮ ਸੁਨੀਤਾ ਨੱਡਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਸਾਰੇ ਮਾਮਲੇ ਬਾਰੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਹੈ। ਹੁਣ ਪਤਾ ਲੱਗ ਗਿਆ ਹੈ ਤਾਂ ਉਕਤ ਮਾਮਲੇ ਦੀ ਜਾਂਚ-ਪੜਤਾਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਬਜਟ 'ਚ ਪੰਜਾਬ ਨਾਲ ਹੋਏ ਵਿਤਕਰੇ 'ਤੇ ਅਕਾਲੀ ਸਰਕਾਰ ਚੁੱਪ ਕਿਉਂ : ਵਿਨੋਦ ਬਾਂਸਲ
NEXT STORY