ਪੈਰਿਸ(ਏਜੰਸੀਆਂ)—ਫਰਾਂਸ ਦੇ ਰਾਫੇਲ ਲੜਾਕੂ ਜਹਾਜ਼ ਖਰੀਦ ਸੌਦੇ ਨੂੰ ਲੈ ਕੇ ਲੰਮੇ ਸਮੇਂ ਤੋਂ ਚਲ ਰਹੀ ਗੱਲਬਾਤ 'ਚ ਅੱਜ ਸਫਲਤਾ ਮਿਲੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਫਰਾਂਸ ਤੋਂ 36 ਰਾਫੇਲ ਜਹਾਜ਼ ਖਰੀਦੇਗਾ। ਇਸ ਗੱਲ ਦਾ ਐਲਾਨ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲੋਂਦ ਦੇ ਨਾਲ ਸਿਖਰ ਪੱਧਰ ਦੀ ਬੈਠਕ ਕਰਨ ਤੋਂ ਬਾਅਦ ਸਾਂਝੇ ਪੱਤਰਕਾਰ ਸੰਮੇਲਨ ਵਿਚ ਕੀਤਾ। ਭਾਰਤ ਅਤੇ ਫਰਾਂਸ ਵਿਚਾਲੇ 12 ਅਰਬ ਡਾਲਰ ਦੇ 126 ਲੜਾਕੂ ਜਹਾਜ਼ ਖਰੀਦਣ ਲਈ ਪਿਛਲੇ 3 ਸਾਲਾਂ ਤੋਂ ਗੱਲਬਾਤ ਚਲ ਰਹੀ ਸੀ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸੀਸੀ ਰਾਸ਼ਟਰਪਤੀ ਓਲੋਂਦ ਨੇ ਸ਼ੁੱਕਰਵਾਰ ਨੂੰ 17 ਸਮਝੌਤਿਆਂ 'ਤੇ ਹਸਤਾਖਰ ਕੀਤੇ, ਜਿਸ ਵਿਚ ਰੇਲਵੇ, ਪੁਲਾੜ ਰਿਸਰਚ, ਪ੍ਰਮਾਣੂ ਊਰਜਾ, ਵਿਗਿਆਨ ਅਤੇ ਤਕਨੀਕ ਤੇ ਮੈਰੀਨ ਟੈਕਨਾਲੋਜੀ ਦੇ ਖੇਤਰ ਵਿਚ ਸਮਝੌਤੇ ਕੀਤੇ ਗਏ। ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਕਈ ਮਹੱਤਵਪੂਰਨ ਐਲਾਨ ਵੀ ਕੀਤੇ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਭਾਰਤ ਦੇ ਭਰੋਸੇਮੰਦ ਦੋਸਤਾਂ ਵਿਚੋਂ ਫਰਾਂਸ ਇਕ ਹੈ। ਮੋਦੀ ਨੇ ਕਿਹਾ ਕਿ ਜੈਤਾਪੁਰ ਵਿਚ 6 ਪ੍ਰਮਾਣੂ ਪਲਾਂਟ ਲਗਾਉਣ ਦਾ ਵੀ ਸਮਝੌਤਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਓਲੋਂਦ ਨੇ ਕਿਹਾ ਕਿ ਮੋਦੀ ਵਲੋਂ ਯੂਰਪ ਦੌਰੇ ਲਈ ਫਰਾਂਸ ਨੂੰ ਪਹਿਲੇ ਦੇਸ਼ ਵਜੋਂ ਚੁਣਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਮੋਦੀ ਦੀ ਮੇਕ ਇਨ ਇੰਡੀਆ ਦੀ ਸੋਚ ਦੇ ਨਾਲ ਹਨ ਅਤੇ ਚਾਹੁੰਦੇ ਹਨ ਕਿ ਭਾਰਤ ਸੰਯੁਕਤ ਰਾਸ਼ਟਰ ਪ੍ਰੀਸ਼ਦ ਦਾ ਪੱਕਾ ਮੈਂਬਰ ਬਣੇ। ਇਸ ਤੋਂ ਇਲਾਵਾ ਫਰਾਂਸ ਨੇ ਭਰੋਸਾ ਦਿਵਾਇਆ ਕਿ ਉਹ ਭਾਰਤ ਦੇ ਨਾਗਰਿਕਾਂ ਨੂੰ 24 ਘੰਟਿਆਂ ਦੇ ਅੰਦਰ ਟੂਰਿਸਟ ਵੀਜ਼ਾ ਦੇਵੇਗਾ। ਦੋਵਾਂ ਦੇਸ਼ਾਂ ਵਿਚਾਲੇ ਵਿਗਿਆਨ ਅਤੇ ਤਕਨੀਕ ਦੇ ਵਿਕਾਸ ਲਈ ਅਤੇ ਮੈਰੀਨ ਟੈਕਨਾਲੋਜੀ ਇੰਸਟੀਚਿਊਟ 'ਤੇ ਵੀ ਕਰਾਰ ਹੋਇਆ ਹੈ। ਨਾਗਪੁਰ ਅਤੇ ਪੁਡੂਚੇਰੀ ਵਿਚ ਫਰਾਂਸ ਦੀ ਮਦਦ ਨਾਲ ਤਿੰਨ ਸਮਾਰਟਸਿਟੀ ਬਣਾਈਆਂ ਜਾਣਗੀਆਂ। ਪ੍ਰਮਾਣੂ ਊਰਜਾ ਦੇ ਖੇਤਰ ਵਿਚ ਵੀ ਭਾਰਤ ਅਤੇ ਫਰਾਂਸ ਵਿਚਾਲੇ ਸਮਝੌਤਾ ਹੋਇਆ ਹੈ। ਪੁਲਾੜ ਦੇ ਖੇਤਰ ਵਿਚ ਸਹਿਯੋਗ ਅਤੇ ਬਾਇਓਟੈਕ ਇੰਸਟੀਚਿਊਟ ਤੋਂ ਇਲਾਵਾ ਰੇਲਵੇ ਨੂੰ ਆਧੁਨਿਕ ਬਣਾਉਣ ਲਈ ਵੀ ਫਰਾਂਸ ਨਾਲ ਸਮਝੌਤਾ ਕੀਤਾ ਗਿਆ ਹੈ। ਮੋਦੀ ਨੇ ਕਿਹਾ ਕਿ ਪੜ੍ਹਾਈ ਤੋਂ ਬਾਅਦ ਪ੍ਰੋਫੈਸ਼ਨਲ ਟ੍ਰੇਨਿੰਗ ਲਈ ਵਿਦਿਆਰਥੀ ਫਰਾਂਸ ਆ ਸਕਦੇ ਹਨ। ਇਸ ਦੌਰਾਨ ਫਰਾਂਸ ਨੇ ਭਾਰਤ ਵਿਚ 2 ਅਰਬ ਯੂਰੋ (ਲਗਭਗ 1 ਅਰਬ ਡਾਲਰ) ਦਾ ਨਿਵੇਸ਼ ਕਰਨ ਦਾ ਵੀ ਐਲਾਨ ਕੀਤਾ।
ਸਾਰੇ ਧਰਮਾਂ ਦੇ ਨਾਗਰਿਕਾਂ ਦੀ ਰੱਖਿਆ ਕਰਾਂਗੇ : ਮੋਦੀ-ਇਸ ਦੌਰਾਨ ਭਾਰਤ ਵਿਚ ਦੱਖਣ ਪੰਥੀ ਗਰੁੱਪਾਂ ਦੀਆਂ ਸਰਗਰਮੀਆਂ ਵਿਚ ਵਾਧੇ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰਿਆਂ ਧਰਮਾਂ ਦੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰੇਗੀ। ਮੋਦੀ ਨੇ ਇਥੇ ਯੂਨੈਸਕੋ ਦੇ ਹੈੱਡਕੁਆਰਟਰ ਵਿਚ ਆਪਣੇ ਸੰਬੋਧਨ ਵਿਚ ਵਿਸ਼ਵ ਭਾਈਚਾਰੇ ਨੂੰ ਕਿਹਾ ਕਿ ਉਹ ਫਿਰਕਾਪ੍ਰਸਤੀ ਅਤੇ ਹਿੰਸਾ ਦੀਆਂ ਉਠਦੀਆਂ ਲਹਿਰਾਂ 'ਤੇ ਕਾਬੂ ਪਾਉਣ ਲਈ ਸੰਸਕ੍ਰਿਤੀ ਅਤੇ ਧਰਮ ਉੱਤੇ ਡੂੰਘਾਈ ਨਾਲ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਅਸੀਂ ਹਰੇਕ ਨਾਗਰਿਕ ਦੇ ਅਧਿਕਾਰਾਂ ਅਤੇ ਸੁਤੰਤਰਤਾ ਦੀ ਰੱਖਿਆ ਕਰਾਂਗੇ। ਅਸੀਂ ਇਹ ਪੱਕਾ ਕਰਾਂਗੇ ਕਿ ਹਰ ਆਸਥਾ, ਹਰ ਸੰਸਕ੍ਰਿਤੀ ਅਤੇ ਹਰ ਨਸਲ ਦੇ ਹਰੇਕ ਨਾਗਰਿਕ ਦਾ ਸਾਡੇ ਸਮਾਜ ਵਿਚ ਸਨਮਾਨ ਹੋਵੇ।
ਮੋਦੀ ਨੇ ਫਰਾਂਸੀਸੀ ਰਾਸ਼ਟਰਪਤੀ ਨਾਲ ਕੀਤੀ ਕਿਸ਼ਤੀ 'ਤੇ ਚਰਚਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫ੍ਰਾਂਸੀਸੀ ਰਾਸ਼ਟਰਪਤੀ ਫਰਾਂਸਵਾ ਓਲੋਂਦ ਨੇ ਅੱਜ ਲਾ ਸੀਨ ਨਦੀ ਵਿਚ ਕਰੂਜ਼ 'ਤੇ ਸਵਾਰ ਹੋ ਕੇ ਆਪਸੀ ਗੱਲਬਾਤ ਕੀਤੀ, ਜਿਸ ਨੂੰ ਕਿਸ਼ਤੀ 'ਤੇ ਚਰਚਾ ਕਿਹਾ ਗਿਆ। ਨਦੀ ਵਿਚ ਸੈਰ ਕਰਦੇ ਸਮੇਂ ਓਲੋਂਦ ਮੋਦੀ ਨੂੰ ਵੱਖ-ਵੱਖ ਖੇਤਰਾਂ ਦਾ ਬਿਓਰਾ ਦਿੰਦੇ ਨਜ਼ਰ ਆਏ। ਉਸ ਸਮੇਂ ਨਦੀ ਵਿਚ ਕਿਸ਼ਤੀ ਦੀ ਸਵਾਰੀ ਦਾ ਮਜ਼ਾ ਲੈ ਰਹੇ ਕਈ ਹੋਰ ਲੋਕ ਇਨ੍ਹਾਂ ਦੋਵੇਂ ਵਿਸ਼ੇਸ਼ ਹਸਤੀਆਂ ਵਲ ਹੱਥ ਹਿਲਾ ਕੇ ਉਨ੍ਹਾਂ ਦਾ ਅਭਿਵਾਦਨ ਕਰਦੇ ਨਜ਼ਰ ਆਏ, ਜਿਨ੍ਹਾਂ ਵਿਚ ਫਰਾਂਸ ਦੇ ਮੰਤਰੀ ਵੀ ਸ਼ਾਮਲ ਸਨ।
ਫਰਾਂਸੀਸੀ ਅਖਬਾਰ ਨੇ ਮੋਦੀ ਦਾ ਇੰਟਰਵਿਊ ਛਾਪਣ ਤੋਂ ਕੀਤਾ ਇਨਕਾਰ
NEXT STORY