ਜਿਹੜੇ ਪਰਮਾਰਥ ਦੇ ਪੰਥੀ ਹਨ, ਮਨ ਨੂੰ ਜਿੱਤਣਾ ਚਾਹੁੰਦੇ ਹਨ, ਉਹ ਆਪਣੇ ਹੀ ਮਨ ਦੇ ਅੰਦਰ ਝਾਤੀ ਮਾਰਨ ਦੀ ਸਦਾ ਸਾਧਨਾ ਕਰਦੇ ਹਨ। ਉਹ ਕਿਸੇ ਦੂਜੇ ਦੇ ਵੀ ਗੁਣਾਂ ਨੂੰ ਧਾਰਨ ਕਰਨ ਦੀ ਸਾਧਨਾ ਕਰਦੇ ਹਨ, ਨਾ ਕਿ ਦੂਜਿਆਂ ਦੇ ਦੋਸ਼ਾਂ ਨੂੰ ਦੇਖਦੇ ਰਹਿੰਦੇ ਹਨ। ਮਨਮੁਖੀ ਨੂੰ ਆਪਣੇ ਦੋਸ਼ ਆਪਣੇ ਅੰਦਰ ਨਹੀਂ ਦਿਖਾਈ ਦਿੰਦੇ ਪਰ ਆਪਣੇ ਦੋਸ਼ਾਂ ਨੂੰ ਉਹ ਦੂਜਿਆਂ ਦੇ ਅੰਦਰ ਦੇਖਦਾ ਹੈ। ਦੂਜਿਆਂ ਦੇ ਗੁਣਾਂ ਨੂੰ ਉਹ ਆਪਣੇ ਅੰਦਰ ਦੇਖਦਾ ਹੈ। ਗੁਰਮੁਖ ਸਾਧਕ ਜਿਹੜਾ ਆਪਣੇ ਮਨ ਨੂੰ ਜਿੱਤਣਾ ਚਾਹੁੰਦਾ ਹੈ, ਉਸ ਨੂੰ ਦੂਜਿਆਂ ਦੇ ਗੁਣ ਦਿਖਾਈ ਦਿੰਦੇ ਹਨ ਤੇ ਉਹ ਚਾਹੁੰਦਾ ਹੈ ਕਿ ਇਹ ਗੁਣ ਮੇਰੇ ਅੰਦਰ ਵੀ ਆ ਜਾਣ।
ਜੇ ਕਿਸੇ ਦੂਜੇ ਦਾ ਦੋਸ਼ ਦਿਖਾਈ ਦੇਵੇ ਤਾਂ ਉਸ ਦੀ ਕੋਸ਼ਿਸ਼ ਇਹੋ ਹੁੰਦੀ ਹੈ ਕਿ ਇਸ ਦੋਸ਼ ਨੂੰ ਮੈਂ ਆਪਣੇ ਅੰਦਰ ਨਹੀਂ ਆਉਣ ਦੇਣਾ। ਜਿਨ੍ਹਾਂ ਨੇ ਆਪ ਮਨ ਨੂੰ ਜਿੱਤ ਲਿਆ ਹੈ, ਉਨ੍ਹਾਂ ਨੂੰ ਤਾਂ ਸਭ ਥਾਈਂ ਇਕੋ ਜੋਤਿ ਦਾ ਪ੍ਰਤੱਖ ਹੁੰਦਾ ਹੈ।
ਜਿਹੜਾ ਸਿੱਖ ਆਪਣੇ ਮਨ ਨੂੰ ਜਿੱਤਣ ਦੀ ਸਾਧਨਾ ਕਰ ਰਿਹਾ ਹੈ, ਉਹ ਘਰ ਪਰਿਵਾਰ 'ਚ ਰਹਿ ਕੇ ਸਾਰੀ ਸੇਵਾ ਕਰਦੇ ਹੋਏ ਦੂਜਿਆਂ ਦਾ ਮਾਲਕ ਬਣਨ ਦੀ ਬਜਾਏ ਸਭ ਦਾ ਸੇਵਕ ਬਣੇ ਰਹਿਣ ਦੀ ਸਾਧਨਾ ਕਰੇਗਾ। ਬਦਲੇ ਵਿਚ ਉਹ ਕਿਸੇ ਤੋਂ ਵੀ ਇੱਛਾ ਨਾ ਰੱਖਦੇ ਹੋਏ ਸੇਵਾ ਹੀ ਕਰਦਾ ਰਹੇਗਾ, ਭਾਵੇਂ ਉਸ ਨੂੰ ਬਦਲੇ ਵਿਚ ਅਪਮਾਨ ਮਿਲੇ ਜਾਂ ਨਿੰਦਾ। ਉਸ ਦੇ ਮਨ ਵਿਚ ਇਹ ਕਦੇ ਨਹੀਂ ਆ ਸਕਦਾ ਕਿ ਮੈਂ ਤਾਂ ਫਲਾਣੇ ਵਾਸਤੇ ਐਨਾ ਕੁਝ ਕੀਤਾ, ਬਦਲੇ 'ਚ ਮੈਨੂੰ ਕੀ ਮਿਲਿਆ? ਮਾਤਾ-ਪਿਤਾ ਨੇ ਮੇਰੇ ਵਾਸਤੇ ਕੀ ਕੀਤਾ? ਸਮਾਜ ਨੇ ਮੇਰੇ ਵਾਸਤੇ ਕੀ ਕੀਤਾ? ਇਹ ਸਵਾਲ ਮਨਮੁਖੀਆਂ ਦੇ ਹਨ ਪਰ ਜਿਹੜਾ ਮਨ ਨੂੰ ਜਿੱਤਣ ਦੀ ਸਾਧਨਾ ਕਰਦਾ ਹੈ, ਉਹ ਆਪਣੇ ਕਰਤੱਵ ਨੂੰ ਪੂਰੇ ਪਿਆਰ ਤੇ ਉਤਸ਼ਾਹ ਨਾਲ ਕਰਦਾ ਹੋਇਆ ਬਦਲੇ 'ਚ ਕੁਝ ਨਹੀਂ ਚਾਹੇਗਾ। ਉਸ ਦਾ ਤਾਂ ਇਕੋ ਆਸਰਾ, ਇਕੋ ਓਟ, ਇਕੋ ਸ਼ਰਣ ਪ੍ਰਮਾਤਮਾ ਹੀ ਹੈ।
ਇਹੁ ਮਨੁ ਰਾਜਾ ਸੂਰ ਸੰਗ੍ਰਾਮਿ।। ਇਹੁ ਮਨੁ ਨਿਰਭਉ ਗੁਰਮੁਖਿ ਨਾਮਿ।।
ਮਾਰੇ ਪੰਚ ਅਪੁਨੈ ਵਸਿ ਕੀਏ।। ਹਉਮੈ ਗ੍ਰਾਸਿ ਇਕਤੁ ਥਾਇ ਕੀਏ।।
ਅਕਾਲ ਪੁਰਖ ਦੇ ਚਰਨਾਂ 'ਚ ਡਿਗਿਆ ਹੋਇਆ ਮਨ ਹੀ ਜੀਅ ਦੀ ਦੁਨੀਆ ਦਾ ਰਾਜਾ ਹੈ, ਨਿਰਭਉ ਤੇ ਨਾਮ ਦਾ ਰਸ ਪੀ ਕੇ ਮਤਵਾਲਾ ਹੋਇਆ ਪੰਜਾਂ ਵਿਕਾਰਾਂ ਨੂੰ ਖਤਮ ਕਰਕੇ, ਹਉਮੈ ਨੂੰ ਗ੍ਰਾਸ ਕਰਦਾ ਹੈ, ਜੰਮਣ-ਮਰਨ ਦੀ ਜੰਗ ਦਾ ਜੇਤੂ ਹੈ।
ਆਦੇਸੁ ਤਿਸੈ ਆਦੇਸੁ।। ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ।।
ਨਿਰਵਿਕਾਰ ਤੇ ਸਦਾ ਤੋਂ ਇਕ ਰਸ ਅਨਾਦਿ ਪੁਰਖ ਜਿਹੜਾ ਕਿ ਸਾਰੀ ਸ੍ਰਿਸ਼ਟੀ ਦਾ ਆਦਿ ਸਰੋਤ ਹੈ, ਜਿਹੜਾ ਆਪਣੇ ਆਪ ਤੋਂ ਹੀ ਪੈਦਾ ਹੋਏ ਅਨਾਹਤਿ ਨਾਦ 'ੴ' ਦੇ ਰੂਪ ਵਿਚ ਸਾਰੀ ਸ੍ਰਿਸ਼ਟੀ ਵਿਚ ਹੀ ਵਿਆਪਤ ਹੈ।