ਭੂੰਗਾ/ਹਰਿਆਣਾ (ਭਟੋਆ, ਰਾਜਪੂਤ, ਰੱਤੀ, ਯੋਗਿਤਾ)-ਪਿੰਡ ਨੌਸ਼ਹਿਰਾ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਬਜ਼ੁਰਗ ਔਰਤ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਸੀਤਲ ਕੌਰ (75) ਪਤਨੀ ਸਵਰਗੀ ਜੋਗਿੰਦਰ ਸਿੰਘ ਹਾਲ ਵਾਸੀ ਨੌਸ਼ਹਿਰਾ ਦੀ ਚੁੰਨੀ ਨਾਲ ਗਲੇ ਨੂੰ ਘੁੱਟ ਕੇ ਦਰਖਤ ਨਾਲ ਬੰਨ੍ਹੀ ਹੋਈ ਲਾਸ਼ ਬਰਾਮਦ ਹੋਈ। ਬਜ਼ੁਰਗ ਔਰਤ ਦੇ ਲੜਕੇ ਰਾਜਦੀਪ ਸਿੰਘ (35) ਨੇ ਦੱਸਿਆ ਕਿ ਮ੍ਰਿਤਕ ਔਰਤ 20 ਅਪ੍ਰੈਲ ਨੂੰ ਘਰੋਂ ਗਈ ਸੀ ਤੇ ਜਦੋਂ ਘਰ ਵਾਪਸ ਨਾ ਆਈ ਤਾਂ ਇਸ ਦੀ ਜਾਣਕਾਰੀ 21 ਅਪ੍ਰੈਲ ਨੂੰ ਹਰਿਆਣਾ ਪੁਲਸ ਨੂੰ ਦਿੱਤੀ ਗਈ ਸੀ।
ਉਸਨੇ ਦੱਸਿਆ ਕਿ ਮੇਰੇ ਸਮੇਤ ਹੋਰ ਪਿੰਡ ਦੇ ਲੋਕਾਂ ਵਲੋਂ ਵੀ ਮ੍ਰਿਤਕਾ ਦੀ ਭਾਲ ਕੀਤੀ ਜਾ ਰਹੀ ਸੀ। ਬੁੱਧਵਾਰ ਦੀ ਸਵੇਰ ਨੂੰ ਜਦੋਂ ਉਹ ਖੇਤਾਂ 'ਚ ਫਸਲਾਂ ਵਿਚ ਉਸਦੀ ਭਾਲ ਕਰ ਰਹੇ ਸੀ ਤਾਂ ਇਕ ਖੇਤ ਵਿਚੋਂ ਮਾਤਾ ਦੀਆਂ ਚਪਲਾਂ ਮਿਲੀਆਂ ਤੇ ਉਥੋਂ ਹੀ ਸਰੀਰ ਨੂੰ ਘਸੀਟਣ ਦਾ ਨਿਸ਼ਾਨ ਵੀ ਦੇਖਿਆ ਗਿਆ। ਜਦੋਂ ਅੱਗੇ ਜਾ ਕੇ ਦੇਖਿਆ ਤਾਂ ਸ਼ਿੰਗਾਰਾ ਸਿੰਘ ਪੁੱਤਰ ਕਰਤਾਰ ਸਿੰਘ ਪਿੰਡ ਨੌਸ਼ਹਿਰਾ ਦੇ ਬੰਨ੍ਹੇ 'ਤੇ ਲੱਗੇ ਦਰਖਤ ਨਾਲ ਉਸ ਦੀ ਚੁੰਨੀ ਗਲੇ ਤੋਂ ਬੰਨ੍ਹ ਕੇ ਥੱਲੇ ਦਰਖਤ ਨਾਲ ਬੰਨ੍ਹੀ ਹੋਈ ਸੀ। ਉਹ ਮ੍ਰਿਤਕ ਹਾਲਤ 'ਚ ਸੀ, ਜਿਸ ਨੂੰ ਭੰਗ ਦੀਆਂ ਟਾਹਣੀਆਂ ਨਾਲ ਲੁਕੋਇਆ ਗਿਆ ਸੀ।
ਸੂਚਨਾ ਮਿਲਣ 'ਤੇ ਹਰਿਆਣਾ ਪੁਲਸ ਦੇ ਇੰਚਾਰਜ ਤੀਰਥ ਰਾਮ ਪੁਲਸ ਪਾਰਟੀ ਅਤੇ ਲੇਡੀਜ਼ ਪੁਲਸ ਨਾਲ ਵਾਰਦਾਤ ਵਾਲੀ ਜਗ੍ਹਾ 'ਤੇ ਪਹੁੰਚ ਗਏ ਤੇ ਲਾਸ਼ ਨੂੰ ਖੋਲ੍ਹਿਆ ਗਿਆ, ਜਿਸ ਦਾ ਕਾਫੀ ਸਾਰਾ ਖੂਨ ਵਹਿ ਚੁੱਕਾ ਸੀ। ਥਾਣਾ ਮੁਖੀ ਤੀਰਥ ਰਾਮ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਹੈ ਅਤੇ ਥਾਣਾ ਹਰਿਆਣਾ ਵਿਖੇ ਅਣਪਛਾਤੇ ਦੋਸ਼ੀਆਂ ਵਿਰੁੱਧ ਧਾਰਾ 302 ਤਹਿਤ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਆਖਿਰ ਫੜਿਆ ਗਿਆ ਸੁੱਖਾ ਕਾਹਲਵਾਂ ਕਤਲ ਕਾਂਡ ਦਾ ਮੁੱਖ ਦੋਸ਼ੀ...(ਵੀਡੀਓ)
NEXT STORY