ਤਲਵੰਡੀ ਭਾਈ, (ਗੁਲਾਟੀ)- ਬੀਤੀ ਰਾਤ ਆਈ ਤੇਜ਼ ਹਨੇਰੀ ਤੇ ਹੋਈ ਭਰਵੀਂ ਬਰਸਾਤ ਅਤੇ ਸੁੱਕੀ ਗੜੇਮਾਰੀ ਕਾਰਨ ਇਲਾਕੇ ਦੇ ਕਿਸਾਨਾਂ ਦੀ ਜਿਥੇ ਸਬਜ਼ੀਆਂ ਦੀ ਫਸਲ ਬਰਬਾਦ ਹੋਈ ਹੈ, ਉਥੇ ਪਸ਼ੂਆਂ ਲਈ ਬਣਾਏ ਸ਼ੈੱਡਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਬੀਤੀ ਰਾਤ ਆਈ ਤੇਜ਼ ਹਨੇਰੀ, ਬਰਸਾਤ ਅਤੇ ਕੁਝ ਥਾਵਾਂ 'ਤੇ ਹੋਈ ਸੁੱਕੀ ਗੜੇਮਾਰੀ ਨੇ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਤਲਵੰਡੀ ਭਾਈ ਦੀ ਦਾਣਾ ਮੰਡੀ 'ਚ ਬੈਠੇ ਕਿਸਾਨਾਂ ਨੇ ਦੱਸਿਆ ਕਿ ਸਥਾਨਕ ਮਾਰਕੀਟ ਕਮੇਟੀ ਦੇ ਪ੍ਰਬੰਧ ਸਿਰਫ ਅਖਬਾਰੀ ਬਿਆਨਾਂ ਤੱਕ ਹੀ ਸੀਮਤ ਹਨ ਜਦ ਕਿ ਅਸਲੀਅਤ ਇਹ ਹੈ ਕਿ ਕਿਸਾਨਾਂ ਲਈ ਸਹੂਲਤ ਨਾਂ ਦੀ ਇਥੇ ਕੋਈ ਚੀਜ਼ ਨਹੀਂ ਹੈ। ਬੀਤੀ ਰਾਤ ਆਈ ਤੇਜ਼ ਹਨੇਰੀ ਨੇ ਉਨ੍ਹਾਂ ਨੂੰ ਧੁਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਇਸ ਬਰਸਾਤ ਅਤੇ ਗੜੇਮਾਰੀ ਕਾਰਨ ਸਬਜ਼ੀਆਂ ਦੀ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਜਿਸ ਕਾਰਨ ਇਨ੍ਹਾਂ ਦੇ ਕਾਸ਼ਤਕਾਰਾਂ ਦੇ ਚਿਹਰੇ ਮੁਰਝਾਏ ਹੋਏ ਦੇਖਣ ਨੂੰ ਮਿਲੇ। ਇਸ ਦੌਰਾਨ ਮਿਲੀ ਜਾਣਕਾਰੀ ਅੁਨਸਾਰ ਪਿੰਡ ਪੀਹੇਵਾਲੀ, ਮੱਲੇਸ਼ਾਹ, ਕੱਸੋਆਣਾ, ਹਰਦਾਸਾ, ਵਕੀਲਾਂ ਵਾਲਾ ਤੇ ਨੀਲੇਵਾਲਾ ਆਦਿ ਪਿੰਡਾਂ 'ਚ ਗੜੇਮਾਰੀ ਅਤੇ ਬਰਸਾਤ ਹੋਈ ਹੈ।
ਤਲਵੰਡੀ ਭਾਈ, (ਪਾਲ)-ਬੀਤੀ ਰਾਤ ਪਿੰਡ ਕੱਸੋਆਣਾ ਵਿਖੇ ਹੋਈ ਗੜੇਮਾਰੀ ਨਾਲ ਭਾਰੀ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਆੜ੍ਹਤੀਏ ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੱਲ ਉਹ ਅਨਾਜ ਮੰਡੀ ਵਿਚ ਸੀ ਕਿ ਰਾਤ ਕਰੀਬ 9 ਵਜੇ ਅਚਾਨਕ ਮੋਟੇ-ਮੋਟੇ ਗੜੇ ਪੈਣੇ ਸ਼ੁਰੂ ਹੋ ਗਏ ਜਿਸ ਤੋਂ ਕੁਝ ਸਮੇਂ ਬਾਅਦ ਤੇਜ਼ ਬਾਰਿਸ਼ ਵੀ ਪੈਣੀ ਸ਼ੁਰੂ ਹੋ ਗਈ ਜਿਸ ਕਾਰਨ ਮੰਡੀ ਵਿਚ ਪਈ ਫਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ। ਗੜੇ ਇੰਨੇ ਤੇਜ਼ ਸਨ ਕਿ ਮੰਡੀ ਵਿਚ ਖੜ੍ਹੇ ਕਈ ਵਾਹਨਾਂ ਦੇ ਸ਼ੀਸ਼ੇ ਵੀ ਟੁੱਟ ਗਏ।
ਇਸ ਮੌਕੇ ਆਪਣੀ ਫਸਲ ਵੇਚਣ ਲਈ ਆਏ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਰੱਬ ਵੀ ਕਿਸਾਨਾਂ 'ਤੇ ਕਹਿਰ ਢਾਹ ਰਿਹਾ ਹੈ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਨਿੱਤ ਬਦਲ ਰਹੇ ਮੌਸਮ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਜਲਦ ਮੰਡੀਆਂ 'ਚੋਂ ਵਿਹਲੇ ਕੀਤਾ ਜਾਵੇ।
ਇਕਦਮ ਡਿੱਗੀ ਬਰਫ਼ ਦੇ ਖੜਾਕ ਨੇ ਲੋਕਾਂ 'ਚ ਮਚਾਈ ਭਗਦੜ
ਜ਼ੀਰਾ, (ਗੁਰਮੇਲ)-ਬੀਤੀ ਦੇਰ ਰਾਤ ਜ਼ੀਰਾ ਅਤੇ ਇਸ ਦੇ ਆਸਪਾਸ ਦੇ ਪਿੰਡਾਂ ਵਿਚ ਜਿਵੇਂ ਸੇਖਵਾਂ ਤੇ ਰਟੌਲ ਆਦਿ ਹਲਕੇ 'ਚ ਸੁੱਕੇ ਮੋਟੇ ਗੜਿਆਂ ਦੀ ਬਾਰਿਸ਼ ਹੋਈ। ਇਸ ਗੜੇਮਾਰੀ ਦੌਰਾਨ ਕਈ ਥਾਵਾਂ 'ਤੇ ਵਾਹਨਾਂ, ਪਸ਼ੂਆਂ ਅਤੇ ਸ਼ੈੱਡਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਜਾਣਕਾਰੀ ਅਨੁਸਾਰ ਦੇਰ ਰਾਤ ਕਰੀਬ 10 ਵਜੇ ਅਚਾਨਕ ਮੌਸਮ ਦੀ ਤਬਦੀਲੀ ਨੇ ਲੋਕਾਂ ਨੂੰ ਭੈਅਭੀਤ ਕਰ ਦਿੱਤਾ ਕਿਉਂਕਿ ਗੜੇ ਬੇਹੱਦ ਮੋਟੇ ਹੋਣ ਕਾਰਨ ਡਿੱਗਣ ਸਮੇਂ ਹੁੰਦੇ ਖੜਾਕ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਜਿਸ ਕਾਰਨ ਬਾਹਰ ਖੜ੍ਹੀਆਂ ਮੋਟਰ-ਕਾਰਾਂ 'ਤੇ ਚਿੱਬ ਪੈ ਗਏ। ਇਸ ਗੜੇਮਾਰੀ ਕਾਰਨ ਹਰਾ ਚਾਰਾ, ਸਬਜ਼ੀਆਂ, ਮੱਕੀ ਅਤੇ ਕਣਕ ਦੀ ਖੜ੍ਹੀ ਫ਼ਸਲ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਕਿਸਾਨਾਂ ਨੇ ਹੋਏ ਫ਼ਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਦਰਦਨਾਕ ਸੜਕ ਹਾਦਸੇ 'ਚ 1 ਦੀ ਮੌਤ, 2 ਜ਼ਖਮੀ
NEXT STORY