ਦੰਦਾਂ ਦੀ ਚੰਗੀ ਤਰ੍ਹਾਂ ਸਫਾਈ ਨਾ ਕਰਨ ਨਾਲ ਜਿਸ ਰੋਗ ਦੇ ਸਭ ਤੋਂ ਵੱਧ ਹੋਣ ਦੀ ਸੰਭਾਵਨਾ ਹੁੰਦੀ ਹੈ, ਉਹ ਹੈ ਪਾਇਰੀਆ। ਸਾਹ ਤੋਂ ਆਉਣ ਵਾਲੀ ਬਦਬੂ, ਮਸੂੜਿਆਂ ਵਿਚ ਖੂਨ ਆਉਣਾ, ਦੰਦਾਂ ਵਿਚਾਲੇ ਫਾਸਲਾ ਅਤੇ ਕੁਝ ਵੀ ਖਾਂਦੇ ਸਮੇਂ ਦੰਦਾਂ ਵਿਚ ਦਰਦ ਹੋਣਾ ਇਸਦੇ ਪ੍ਰਮੁੱਖ ਲੱਛਣ ਹਨ। ਪਾਇਰੀਆ ਕਾਰਨ ਦੰਦ ਕਮਜ਼ੋਰ ਹੋ ਜਾਂਦੇ ਹਨ ਅਤੇ ਸਮੇਂ ਤੋਂ ਪਹਿਲਾਂ ਡਿਗ ਵੀ ਸਕਦੇ ਹਨ। ਅਜਿਹੇ ਵਿਚ ਇਸ ਬੀਮਾਰੀ ਤੋਂ ਬਚਣ ਲਈ ਕੁਝ ਉਪਾਅ ਕਰਨੇ ਜ਼ਰੂਰੀ ਹਨ।
ਪਾਇਰੀਆ ਦਾ ਕਾਰਨ
ਮੂੰਹ ਦੇ ਅੰਦਰ ਲੱਖਾਂ ਹੀ ਬੈਕਟੀਰੀਆਂ ਦਾ ਘਰ ਹੁੰਦਾ ਹੈ। ਕੁਝ ਬੈਕਟੀਰੀਆ ਤਾਂ ਦੰਦਾਂ ਨੂੰ ਸੁਰੱਖਿਆ ਦਿੰਦੇ ਹਨ, ਕੁਝ ਸਾਫ-ਸਫਾਈ ਨਾ ਹੋਣ ਨਾਲ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਦਿੰਦੇ ਹਨ। ਜੇ ਖਾਣਾ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਸਫਾਈ ਨਾ ਹੋਵੇ ਤਾਂ ਇਹ ਦੰਦਾਂ ਵਿਚ ਚਿਪਕੇ ਹੋਏ ਖਾਣੇ ਨਾਲ ਮਿਲ ਕੇ ਐਸਿਡ ਬਣਾਉਂਦੇ ਹਨ, ਜੋ ਦੰਦਾਂ ਦੇ ਨਾਲ ਮਸੂੜਿਆਂ ਜਾਂ ਜਬਾੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਪਾਇਰੀਆ ਹੋਣ 'ਤੇ ਦੰਦ ਦੇ ਪਿੱਛੇ ਸਫੈਦ ਜਾਂ ਪੀਲੇ ਰੰਗ ਦੀ ਪਰਤ ਬਣ ਜਾਂਦੀ ਹੈ। ਕਈ ਵਾਰ ਹੱਡੀ ਗਲ ਜਾਂਦੀ ਹੈ ਅਤੇ ਦੰਦ ਹਿੱਲਣ ਲਗਦੇ ਹਨ।
ਕਰੋ ਉਪਾਅ
ਦੰਦਾਂ ਵਿਚਾਲੇ ਫਲਾਸ ਕਰਕੇ ਫਸੇ ਹੋਏ ਖੁਰਾਕ ਪਦਾਰਥਾਂ ਨੂੰ ਕੱਢ ਦਿਓ। ਮੂੰਹ ਸੁੱਕਣ 'ਤੇ ਲਾਰ ਦਾ ਪ੍ਰਵਾਹ ਵਧਾਉਣ ਲਈ ਸ਼ੂਗਰਲੈੱਸ ਬਬਲਗਮ ਚਬਾ ਸਕਦੇ ਹੋ। ਬਿਨਾਂ ਅਲਕੋਹਲ ਵਾਲੇ ਮਾਊਥਵਾਸ਼ ਦੀ ਵਰਤੋਂ ਕਰੋ। ਅਲਕੋਹਲ ਭਰਪੂਰ ਮਾਊੁਥਵਾਸ਼ ਨਾਲ ਜੀਰਾਸਟੋਮੀਆ ਮਤਲਬ ਮੂੰਹ ਸੁੱਕ ਜਾਂਦਾ ਹੈ।
ਸਵੇਰੇ ਬਰੱਸ਼ ਕਰਨ ਤੋਂ ਇਲਾਵਾ ਖਾਣੇ ਤੋਂ ਬਾਅਦ ਵੀ ਦੰਦਾਂ ਨੂੰ ਸਾਫ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਬਰੱਸ਼ ਜ਼ਰੂਰ ਕਰੋ। ਜੀਭ ਦੀ ਸਫਾਈ ਵੀ ਜ਼ਰੂਰੀ ਹੈ। ਜੀਭ 'ਤੇ ਗੰਦਗੀ ਨਾਲ ਉਸ 'ਤੇ ਵੀ ਜੀਵਾਣੂਆਂ ਦੀ ਕਾਲੋਨੀ ਬਣ ਜਾਂਦੀ ਹੈ। ਇਸ ਨਾਲ ਦੰਦਾਂ ਦੇ ਨਾਲ-ਨਾਲ ਦੂਜੇ ਰੋਗ ਵੀ ਹੋ ਸਕਦੇ ਹਨ। ਖਸਖਸ, ਇਲਾਚੀ ਅਤੇ ਲੌਂਗ ਦਾ ਤੇਲ ਮਿਲਾ ਕੇ ਮਸੂੜਿਆਂ 'ਤੇ ਲਗਾਓ। ਛੋਟੇ ਬੱਚਿਆਂ ਨੂੰ ਟੁਥਪੇਸਟ ਮਟਰ ਦੇ ਆਕਾਰ ਜਿੰਨੀ ਮਾਤਰਾ ਵਿਚ ਦਿਓ ਅਤੇ ਉਨ੍ਹਾਂ ਨੂੰ ਬਰੱਸ਼ ਕਰਨ ਤੋਂ ਬਾਅਦ ਪੇਸਟ ਨੂੰ ਥੁੱਕ ਦੇਣਾ ਸਿਖਾਓ।
- ਡਾ. ਵੀ. ਆਰ. ਮੋਹੰਤੀ
ਪਾਚਨ ਪ੍ਰਣਾਲੀ ਹੈ ਕਮਜ਼ੋਰ ਤਾਂ ਅਜ਼ਮਾਓ ਇਹ ਤਰੀਕੇ
NEXT STORY