ਪਿਆਰੇ ਪਾਠਕੋ! ਆਓ, ਆਪਾਂ ਇਸ ਵਾਰੀ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੀ ਹੱਦ 'ਤੇ ਪੈਂਦੇ ਗੁਰਧਾਮ ਸ੍ਰੀ ਟੋਕਾ ਸਾਹਿਬ ਦੀ ਜਾਣਕਾਰੀ ਹਾਸਲ ਕਰੀਏ। ਇਹ ਪਵਿੱਤਰ ਅਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸੰਬੰਧਤ ਹੈ ਤੇ ਗੁਰੂ ਜੀ ਦੀਆਂ ਯਾਦਾਂ ਸਮੋਈ ਬੈਠਾ ਹੈ। ਗੁਰੂ ਗੋਬਿੰਦ ਸਿੰਘ ਜੀ ਇਥੇ ਘੱਟੋ-ਘੱਟ ਦੋ ਵਾਰੀ ਆਏ। ਇਹ ਗੁਰਧਾਮ ਬਹੁਤ ਹੀ ਸ਼ਾਂਤ ਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਥਾਂ 'ਤੇ ਸਥਿਤ ਹੈ। ਇਕ ਪਾਸੇ ਪਹਾੜੀਆਂ ਤੇ ਦੂਜੇ ਪਾਸੇ ਵਹਿੰਦੀ ਨਦੀ ਇਕ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੀ ਹੈ। ਵਿਚਕਾਰ ਜਿਹੇ ਪੱਧਰੀ ਥਾਂ 'ਤੇ ਸਥਿਤ ਹੈ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਪਾਤਸ਼ਾਹੀ ਦਸਵੀਂ।
ਇਸ ਗੁਰਧਾਮ ਬਾਰੇ ਬਹੁਤੇ ਲੋਕਾਂ ਨੂੰ ਸ਼ਾਇਦ ਇੰਨੀ ਜਾਣਕਾਰੀ ਵੀ ਨਹੀਂ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਇਹ ਅਸਥਾਨ ਇਕ ਅਲੱਗ ਜਿਹੀ ਥਾਂ 'ਤੇ ਸਥਿਤ ਹੈ ਤੇ ਲੋਕੀ ਇਥੋਂ ਦੀ ਬਹੁਤੀ ਜਾਣਕਾਰੀ ਨਾ ਹੋਣ ਕਾਰਨ ਸਿੱਧੇ ਹੀ ਅੱਗੇ ਲੰਘ ਜਾਂਦੇ ਹਨ। ਪਾਉਂਟਾ ਸਾਹਿਬ ਤੇ ਨਾਹਨ ਆਦਿ ਵਿਖੇ ਤਾਂ ਸੰਗਤਾਂ ਅਕਸਰ ਹੀ ਜਾਂਦੀਆਂ ਰਹਿੰਦੀਆਂ ਹਨ ਪਰ ਰਸਤੇ ਵਿਚ ਪੈਂਦੇ ਇਸ ਮਹਾਨ ਅਸਥਾਨ ਟੋਕਾ ਸਾਹਿਬ ਵੱਲ ਸ਼ਾਇਦ ਹੀ ਕਿਸੇ ਦਾ ਧਿਆਨ ਜਾਂਦਾ ਹੋਵੇ। ਪਹਿਲਾਂ ਤਾਂ ਇਥੇ ਜਾਣਾ ਥੋੜ੍ਹਾ ਮੁਸ਼ਕਿਲ ਹੁੰਦਾ ਸੀ ਕਿਉਂਕਿ ਰਸਤਾ ਬੜਾ ਔਖਾ ਸੀ ਤੇ ਨਦੀ 'ਤੇ ਵੀ ਪੁਲ ਨਹੀਂ ਸੀ ਹੁੰਦਾ ਪਰ ਹੁਣ ਤਾਂ ਨਦੀ 'ਤੇ ਪੁਲ ਵੀ ਬਣ ਗਿਆ ਹੈ ਤੇ ਸੜਕ ਵੀ ਦੋ ਪਾਸਿਆਂ ਤੋਂ ਪੱਕੀ ਬਣ ਰਹੀ ਹੈ। ਇਸ ਅਸਥਾਨ ਦੀ ਇਤਿਹਾਸ ਵਿਚ ਬਹੁਤ ਹੀ ਮਹਾਨਤਾ ਹੈ। ਗੁਰੂ ਜੀ ਨੇ ਇਥੇ 13 ਦਿਨ ਵਿਸ਼ਰਾਮ ਕੀਤਾ।
ਪਿਆਰੇ ਪਾਠਕੋ! ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਾਹਨ (ਸਿਰਮੌਰ ਰਿਆਸਤ) ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਆਪਣੀ ਰਿਆਸਤ ਵਿਚ ਬੁਲਾਇਆ ਸੀ। ਗੁਰੂ ਜੀ ਪਰਿਵਾਰ ਸਹਿਤ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ ਚੱਲ ਪਏ। ਨਾਲ ਵੱਡੀ ਗਿਣਤੀ 'ਚ ਸਿੰਖ ਸੰਗਤਾਂ ਵੀ ਸਨ। ਗੁਰੂ ਜੀ ਹੌਲੀ-ਹੌਲੀ ਪੜਾਅ ਕਰਦੇ ਹੋਏ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਤਲਹਟੀ ਵਿਚ ਪੈਂਦੀ ਇਸ ਥਾਂ 'ਤੇ ਪੁੱਜੇ। ਇਥੋਂ ਸਿਰਮੌਰ ਰਿਆਸਤ ਦੀ ਸਰਹੱਦ ਸ਼ੁਰੂ ਹੁੰਦੀ ਸੀ। ਰਾਜਾ ਮੇਦਨੀ ਪ੍ਰਕਾਸ਼ ਗੁਰੂ ਜੀ ਦੇ ਸਵਾਗਤ ਲਈ ਪਹਿਲਾਂ ਹੀ ਇਸ ਥਾਂ 'ਤੇ ਆਪਣੇ ਮੁਖੀ ਵਜ਼ੀਰਾਂ ਤੇ ਮੋਹਤਬਰ ਲੋਕਾਂ ਨਾਲ ਪੁੱਜਾ ਹੋਇਆ ਸੀ। ਇਹ ਗੱਲ 1685 ਈਸਵੀ ਦੀ ਹੈ। ਮੌਜੂਦਾ ਟੋਕਾ ਸਾਹਿਬ ਵਾਲੀ ਥਾਂ 'ਤੇ ਗੁਰੂ ਜੀ ਦਾ ਸ਼ਾਹੀ ਸੁਆਗਤ ਕੀਤਾ ਗਿਆ। ਬਹੁਤ ਹੀ ਆਦਰ ਸਤਿਕਾਰ ਨਾਲ ਗੁਰੂ ਜੀ ਨੂੰ ਸ਼ਾਹੀ ਜਲੂਸ ਦੀ ਸ਼ਕਲ ਵਿਚ ਨਾਹਨ ਤੱਕ ਲਿਜਾਇਆ ਗਿਆ। ਇਸ ਥਾਂ 'ਤੇ ਗੁਰੂ ਜੀ ਦੇ ਆਰਾਮ ਕਰਨ ਦਾ ਅਤੇ ਜਲਪਾਨ ਦਾ ਪ੍ਰਬੰਧ ਕੀਤਾ ਗਿਆ ਸੀ।
ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਗੁਰੂ ਜੀ ਸ਼ਾਹੀ ਜਲੂਸ ਦੀ ਸ਼ਕਲ ਵਿਚ ਨਾਹਨ ਪੁੱਜੇ। ਟੋਕਾ ਸਾਹਿਬ ਵਾਲੀ ਥਾਂ 'ਤੇ ਗੁਰੂ ਜੀ ਦੁਬਾਰਾ ਉਸ ਵੇਲੇ ਆਏ ਜਦੋਂ ਗੁਰੂ ਜੀ ਭੰਗਾਣੀ ਦਾ ਯੁੱਧ ਜਿੱਤ ਕੇ ਵਾਪਸ ਸ੍ਰੀ ਆਨੰਦਪੁਰ ਸਾਹਿਬ ਵੱਲ ਜਾ ਰਹੇ ਸਨ। ਗੁਰੂ ਜੀ ਪਾਉਂਟਾ ਸਾਹਿਬ ਤੋਂ ਨਾਹਨ, ਕਪਾਲ ਮੋਚਨ, ਸਢੌਰਾ, ਬੀੜ ਮਾਜਰਾ, ਲਾਹੜਪੁਰ ਤੋਂ ਹੁੰਦੇ ਹੋਏ ਟੋਕਾ ਪਿੰਡ ਦੇ ਨੇੜੇ ਇਸ ਥਾਂ 'ਤੇ ਪੁੱਜੇ ਸਨ। ਗੁਰੂ ਜੀ ਨਾਲ ਉਸ ਵੇਲੇ ਸੈਨਾ ਵੀ ਸੀ ਤੇ ਸਿੱਖ ਸੰਗਤਾਂ ਵੀ। ਇਹ ਥਾਂ ਕਾਫੀ ਰਮਣੀਕ ਸੀ। ਇਕ ਪਾਸੇ ਅਰੁਣ ਨਦੀ ਵਗਦੀ ਸੀ, ਜੋ ਹੁਣ ਵੀ ਮੌਜੂਦ ਹੈ। ਇਥੇ ਗੁਰੂ ਜੀ ਦੀ ਸੈਨਾ ਦੇ ਦੋ ਸਿਪਾਹੀ ਜੋ ਭੰਗਾਣੀ ਦੀ ਜੰਗ ਵਿਚ ਜ਼ਖਮੀ ਹੋ ਗਏ ਸਨ, ਚੜ੍ਹਾਈ ਕਰ ਗਏ। ਗੁਰੂ ਜੀ ਨੇ ਪੋਥੀਆਂ ਰਾਹੀਂ ਇਥੇ ਇਨ੍ਹਾਂ ਸ਼ਹੀਦ ਹੋਏ ਸੈਨਿਕਾਂ ਅਤੇ ਭੰਗਾਣੀ ਦੀ ਜੰਗ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਬਾਣੀ ਦੇ ਪਾਠ ਕਰਵਾਏ। 25 ਸਿੱਖਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਤੇ ਗੁਰੂ ਜੀ ਵਲੋਂ ਦੱਸੀ ਗਈ ਮਰਿਆਦਾ ਅਨੁਸਾਰ ਬਾਣੀਆਂ ਦਾ ਪਾਠ ਕੀਤਾ ਗਿਆ।
ਫਿਰ ਇਸੇ ਥਾਂ 'ਤੇ ਸਿੰਘਾਂ ਦੀ ਸ਼ਹੀਦੀ ਦੀ ਯਾਦ ਵਿਚ ਬਾਣੀਆਂ ਦੇ ਪਾਠ ਦੇ ਭੋਗ ਪਾਏ ਗਏ। ਜੋ ਸਿੰਘ ਚੜ੍ਹਾਈ ਕਰ ਗਏ ਸਨ, ਉਨ੍ਹਾਂ ਦੇ ਅੰਗੀਠੇ ਤੇ ਬਾਕੀ ਦੇ ਭੰਗਾਣੀ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ ਸਰੋਵਰ ਦੇ ਕਿਨਾਰੇ ਇਕ ਯਾਦਗਾਰ ਬਣਾਈ। ਇਸ ਯਾਦਗਾਰ ਵਾਲੀ ਥਾਂ ਅੱਜ ਵੀ ਇਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਜੀ ਦੇ ਪਿਛਲੇ ਪਾਸੇ ਗੁਰੂ ਜੀ ਦੇ ਹੱਥਾਂ ਦਾ ਲਾਇਆ ਹੋਇਆ ਅੰਬ ਦਾ ਬਹੁਤ ਵੱਡਾ ਰੁੱਖ ਵੀ ਅਜੇ ਕਾਇਮ ਹੈ। ਇਸ ਰੁੱਖ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਇਕ ਤਾਂ ਬਹੁਤ ਵੱਡੇ-ਵੱਡੇ ਅੰਬ ਲਗਦੇ ਹਨ। ਦੂਜੀ ਖਾਸੀਅਤ ਇਹ ਹੈ ਕਿ ਇਹ ਰੁੱਖ ਕਾਫੀ ਪੁਰਾਣਾ ਹੋ ਜਾਣ ਕਾਰਨ ਤਣਾ ਕਮਜ਼ੋਰ ਪੈ ਗਿਆ ਤੇ ਇਕ ਪਾਸੇ ਨੂੰ ਡਿੱਗ ਗਿਆ।
ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਬੋਹੜ ਦੇ ਰੁੱਖ ਵਾਂਗ ਇਹ ਅੰਬ ਦਾ ਰੁੱਖ ਧਰਤੀ ਤੇ ਡਿੱਗ ਕੇ ਵੀ ਦੁਬਾਰਾ ਟਹਿਣੀਆਂ ਨੂੰ ਜੜ੍ਹਾਂ ਲਾ ਕੇ ਫਿਰ ਖੜ੍ਹਾ ਹੋ ਗਿਆ। ਅੱਜ ਤੱਕ ਸ਼ਾਇਦ ਹੀ ਕਿਸੇ ਨੇ ਕੋਈ ਅੰਬ ਦਾ ਰੁੱਖ ਇਸ ਤਰਾਂ ਟੁੱਟ ਕੇ ਦੁਬਾਰਾ ਹਰਾ ਹੁੰਦਾ ਦੇਖਿਆ ਹੋਵੇ। ਇਸ ਰੁੱਖ ਨੇ ਕਾਫੀ ਥਾਂ ਘੇਰੀ ਹੋਈ ਹੈ ਤੇ ਪ੍ਰਬੰਧਕਾਂ ਨੇ ਇਸ ਦੇ ਚਾਰੇ ਪਾਸੇ ਹੁਣ ਲੋਹੇ ਦਾ ਜੰਗਲਾ ਬਣਾ ਦਿੱਤਾ ਹੋਇਆ ਹੈ।
1880 ਈਸਵੀ ਵਿਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਰਨੈਲ ਫਤਿਹ ਸਿੰਘ ਆਹਲੂਵਾਲੀਆ ਨੇ ਇਥੇ ਇਕ ਖੂਹ ਲਗਾਇਆ। ਇਸ ਖੂਹ ਤੋਂ ਪੀਣ ਦੇ ਪਾਣੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਸਨ। ਖੂਹ ਦੇ ਅੰਦਰਵਾਰ ਤਾਂਬੇ ਦੀ ਇਕ ਪਲੇਟ ਵੀ ਲੱਗੀ ਹੋਈ ਹੈ, ਜਿਸ 'ਤੇ ਲਿਖਿਆ ਹੋਇਆ ਹੈ ਕਿ ਇਸ ਨੂੰ ਕਿਸ ਨੇ ਲਗਵਾਇਆ। ਗੁਰਦੁਆਰਾ ਸਾਹਿਬ ਜੀ ਦੇ ਨਾਂ 300 ਵਿੱਘੇ ਜ਼ਮੀਨ ਲੱਗੀ ਹੋਈ ਹੈ, ਜੋ ਹਰਿਆਣਾ ਵਿਚ ਪੈਂਦੀ ਹੈ। ਗੁਰਦੁਆਰਾ ਸਾਹਿਬ ਹਿਮਾਚਲ ਪ੍ਰਦੇਸ਼ ਵਿਚ ਪੈਂਦਾ ਹੈ। ਇਹ ਗੁਰਦੁਆਰਾ ਸਾਹਿਬ ਅਸਲ ਵਿਚ ਦੋ ਰਾਜਾਂ ਦੀ ਹੱਦ 'ਤੇ ਬਣਿਆ ਹੋਇਆ ਹੈ। ਨਦੀ ਹਰਿਆਣੇ ਵਿਚ ਤੇ ਪਹਾੜੀਆਂ ਹਿਮਾਚਲ ਵਿਚ।
ਇਸ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਉਹ ਪਵਿੱਤਰ ਅਸਥਾਨ ਹੈ, ਜਿਥੇ ਗੁਰੂ ਜੀ ਭਜਨ ਬੰਦਗੀ ਲਈ ਇਕਾਂਤ ਵਿਚ ਪਰਮਾਤਮਾ ਨਾਲ ਇਕ-ਮਿਕ ਹੋਇਆ ਕਰਦੇ ਸਨ। ਗੁਰੂ ਜੀ ਨਦੀ ਵਿਚ ਬਣੀ ਇਕ ਗਹਿਰੀ ਥਾਂ ਤੋਂ ਪਾਣੀ ਲੈ ਕੇ ਇਸ਼ਨਾਨ ਕਰਿਆ ਕਰਦੇ ਸਨ ਤੇ ਫਿਰ ਸੈਰ ਕਰਕੇ ਇਥੇ ਆ ਕੇ ਭਜਨ ਬੰਦਗੀ ਵਿਚ ਲੀਨ ਹੋ ਜਾਇਆ ਕਰਦੇ ਸਨ। ਹੁਣ ਇਥੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਪਰ ਹੁਣ ਛੇਤੀ ਹੀ ਕਾਰ ਸੇਵਾ ਰਾਹੀਂ ਬਹੁਤ ਸ਼ਾਨਦਾਰ ਗੁਰਦੁਆਰਾ ਉਸਾਰਿਆ ਜਾ ਰਿਹਾ ਹੈ।
ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੇ ਇਸ ਥਾਂ ਦੀ ਕਾਰਸੇਵਾ ਕਰਵਾਈ ਤੇ ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਬਣਾਇਆ। ਨਾਲ ਹੀ ਸਰੋਵਰ ਹੈ ਤੇ ਲੰਗਰ ਹਾਲ ਦੀ ਕਾਰਸੇਵਾ ਚੱਲ ਰਹੀ ਹੈ। ਅੱਜਕਲ ਬਾਬਾ ਸੁੱਖਾ ਸਿੰਘ ਦੀ ਦੇਖ-ਰੇਖ ਹੇਠ ਬਾਬਾ ਲਾਲ ਸਿੰਘ ਜੀ ਇਥੋਂ ਦਾ ਸਾਰਾ ਪ੍ਰਬੰਧ ਦੇਖ ਰਹੇ ਹਨ। ਸੰਗਤਾਂ ਦੀ ਰਿਹਾਇਸ਼ ਲਈ ਵੀ ਕੁਝ ਕਮਰੇ ਤੇ ਬਾਥਰੂਮ ਬਣਾਏ ਹੋਏ ਹਨ।
ਇਸ ਥਾਂ ਆਉਣ ਲਈ ਚੰਡੀਗੜ੍ਹ-ਨਾਹਨ ਵਾਲੀ ਸੜਕ ਤੋਂ ਅੰਬੇਦਕਰ ਚੌਕ ਰਾਹੀਂ ਹੋ ਕੇ ਪਿੰਡ ਕੁੱਲੜਪੁਰ, ਮੀਆਂਪੁਰ, ਚੇਚੀ ਮਾਜਰਾ ਤੇ ਫਿਰੋਜ਼ਪੁਰ ਨੂੰ ਹੋ ਕੇ ਰਸਤਾ ਜਾਂਦਾ ਹੈ। ਅੱਗੇ ਨਦੀ ਤੇ ਅਮਰੀਕਾ ਦੀਆਂ ਸੰਗਤਾਂ ਵਲੋਂ ਪੁਲ ਬਣਾਇਆ ਹੋਇਆ ਹੈ। ਦੂਜਾ ਰਸਤਾ ਹੁਸੈਨੀ ਰੋਡ ਰਾਹੀਂ ਹੋ ਕੇ ਜਾਂਦਾ ਹੈ। ਪਿੰਡ ਰਾਮਪੁਰ, ਜੰਗੂ ਮਾਜਰਾ ਤੇ ਮਾਜਰੀ ਰਾਹੀਂ ਹੋ ਕੇ ਇਹ ਰਸਤਾ ਫਿਰ ਫਿਰੋਜ਼ਪੁਰ ਨਾਲ ਜਾ ਮਿਲਦਾ ਹੈ। ਤੀਜਾ ਰਸਤਾ ਕਾਲਾ ਅੰਬ ਤੋਂ ਆਉਂਦਾ ਹੈ, ਜੋ ਸਾਢੇ ਕੁ ਚਾਰ ਕਿਲੋਮੀਟਰ ਦਾ ਹੈ। ਇਸ ਰਸਤੇ ਰਾਹੀਂ ਪਿੰਡ ਖੈਰੀ ਤੋਂ ਨਦੀ ਦੇ ਪੁਲ ਤੋਂ ਪਹਿਲਾਂ ਖੱਬੇ ਹੱਥ ਮੁੜ ਕੇ ਜਾਇਆ ਜਾ ਸਕਦਾ ਹੈ। ਇਹ ਸੜਕ ਵੀ ਪੱਕੀ ਬਣ ਰਹੀ ਹੈ। ਇਥੇ ਵਿਸਾਖੀ ਮੌਕੇ ਵੱਡਾ ਸਮਾਗਮ ਕੀਤਾ ਜਾਂਦਾ ਹੈ ਤੇ ਇਸ ਜੋੜ ਮੇਲੇ 'ਤੇ ਸੰਗਤਾਂ ਦੂਰੋਂ-ਦੂਰੋਂ ਚੱਲ ਕੇ ਆਉਂਦੀਆਂ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਹਰ ਪੂਰਨਮਾਸ਼ੀ ਤੇ ਐਤਵਾਰ ਨੂੰ ਵੀ ਵੱਡੀ ਗਿਣਤੀ ਵਿਚ ਸੰਗਤ ਜੁੜਦੀ ਹੈ। ਅਸੀਂ ਉਚੇਚੇ ਤੌਰ 'ਤੇ ਭਾਈ ਸਰਬਜੀਤ ਸਿੰਘ ਚੰਡੀਗੜ੍ਹ ਵਾਲੇ, ਮਾਸਟਰ ਸ਼ਿਵਲਾਲ ਸਿੰਘ ਖਰੜ, ਡਾਕਟਰ ਕਮਲਜੀਤ ਸਿੰਘ ਸੰਤ ਜੀ ਅਤੇ ਭਾਈ ਜਸਪ੍ਰੀਤ ਸਿੰਘ ਮੌਲੀ ਵਾਲਿਆਂ ਦੇ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਦੇ ਸਹਿਯੋਗ ਤੇ ਪ੍ਰ੍ਰੇਰਨਾ ਸਦਕਾ ਅਸੀਂ ਇਸ ਗੁਰਧਾਮ ਦੇ ਦਰਸ਼ਨ ਕਰ ਸਕੇ ਤੇ ਆਪ ਜੀ ਨੂੰ ਵੀ ਇਸ ਬਾਰੇ ਦੱਸ ਸਕੇ।
ਚੂਹਿਆਂ ਦਾ 'ਸਵਰਗ' ਮੰਦਿਰ
NEXT STORY