ਧਰਮ ਜਗਤ ਨੇ ਧਰਮ ਨੂੰ ਸਿਰਫ ਪ੍ਰਲੋਕ ਦੇ ਨਾਲ ਜੋੜ ਕੇ ਭਾਰੀ ਭੁੱਲ ਕੀਤੀ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਧਰਮ ਦਾ ਅਸਲ ਉਦੇਸ਼ ਭਟਕ ਗਿਆ ਹੈ। ਉਹ ਸਵਰਗ ਦੇ ਸੁੱਖਾਂ ਦੇ ਲਾਲਚ ਅਤੇ ਨਰਕ ਦੇ ਦੁੱਖਾਂ ਦੇ ਡਰ ਨਾਲ ਜੁੜ ਗਿਆ ਹੈ। ਧਰਮ ਦਾ ਮੂਲ ਕੇਂਦਰ ਵਰਤਮਾਨ ਹੈ, ਨਾ ਕਿ ਭੂਤਕਾਲ ਤੇ ਭਵਿੱਖ। ਅਸੀਂ ਵਰਤਮਾਨ ਨੂੰ ਕਿਵੇਂ ਜੀਵੀਏ, ਧਰਮ ਦਾ ਸਾਰਾ ਦਰਸ਼ਨ ਇਸੇ 'ਤੇ ਟਿਕਿਆ ਹੋਇਆ ਹੈ। ਵਰਤਮਾਨ ਮੁਸ਼ਕਿਲਾਂ ਭਰਿਆ ਹੈ ਤਾਂ ਭਵਿੱਖ ਵੀ ਇਸੇ ਤਰ੍ਹਾਂ ਦਾ ਹੋਵੇਗਾ। ਜੇ ਵਰਤਮਾਨ ਸੁੱਖ ਭਰਿਆ ਹੈ ਤਾਂ ਭਵਿੱਖ ਵੀ ਸੁੱਖਦਾਇਕ ਹੋਵੇਗਾ ਭਾਵ ਭਵਿੱਖ ਉਸੇ ਤਰ੍ਹਾਂ ਦਾ ਹੋਵੇਗਾ, ਜਿਸ ਤਰ੍ਹਾਂ ਦਾ ਵਰਤਮਾਨ ਹੈ, ਇਸ ਲਈ ਧਰਮ ਦਾ ਅਸਲ ਉਦੇਸ਼ ਵਰਤਮਾਨ ਨੂੰ ਸਜਾਉਣ-ਸੰਵਾਰਨ ਦਾ ਹੈ।
ਇਸ ਕੇਂਦਰੀ ਵਿਚਾਰ ਤੋਂ ਭਟਕ ਜਾਣ ਕਾਰਨ ਧਰਮ ਭੂਤਕਾਲ ਤੇ ਭਵਿੱਖ ਵਿਚ ਉਲਝ ਗਿਆ ਹੈ। ਵਰਤਮਾਨ ਨੂੰ ਉਸ ਨੇ ਬਿਲਕੁਲ ਹੀ ਭੁਲਾ ਦਿੱਤਾ ਹੈ, ਇਸ ਲਈ ਲੋਕਾਂ ਨੇ ਵਰਤਮਾਨ ਨੂੰ ਭੂਤਕਾਲ ਦਾ ਨਤੀਜਾ ਮੰਨ ਲਿਆ ਹੈ। ਕਿਸਮਤ ਨੂੰ ਬਦਲਿਆ ਨਹੀਂ ਜਾ ਸਕਦਾ, ਉਹ ਵਰਤਮਾਨ ਤੋਂ ਦੂਰ ਹੋ ਗਏ ਹਨ ਅਤੇ ਭਵਿੱਖ ਦੇ ਫਿਕਰ ਵਿਚ ਡੁੱਬ ਗਏ ਹਨ। ਜਿਸ ਦੇ ਕੋਲ ਕੋਠੀ, ਮਹਿੰਗੀ ਕਾਰ ਤੇ ਵਿਦੇਸ਼ਾਂ ਵਿਚ ਛੁੱਟੀਆਂ ਮਨਾਉਣ ਲਈ ਸਾਧਨ ਹਨ, ਉਹ ਬੀਤੇ ਸਮੇਂ ਦੇ ਨਤੀਜੇ ਹਨ। ਜੋ ਪਰਿਵਾਰ ਖੁਸ਼ਹਾਲ ਨਹੀਂ ਹਨ, ਉਹ ਜਪ-ਤਪ ਵਿਚ ਇਸ ਲਈ ਲੱਗੇ ਹਨ ਤਾਂ ਜੋ ਭਵਿੱਖ ਵਿਚ ਉਹ ਸਾਧਨ-ਸੰਪੰਨ ਬਣ ਸਕਣ।
ਅਜਿਹੀ ਹਾਲਤ 'ਚ ਧਰਮ ਦਾ ਪੂਰਾ ਉਦੇਸ਼ ਹੀ ਬਦਲ ਗਿਆ ਹੈ। ਜੋ ਆਤਮ-ਕੇਂਦ੍ਰਿਤ ਸੀ, ਉਹ ਵਸਤੂ-ਕੇਂਦ੍ਰਿਤ ਹੋ ਗਿਆ ਹੈ। ਇਸੇ ਵਿਚਾਰ ਦੇ ਨਤੀਜੇ ਵਜੋਂ ਧਰਮ ਦੇ ਨਾਂ 'ਤੇ ਕਾਰੋਬਾਰ ਤੇ ਸੌਦੇਬਾਜ਼ੀ ਚੱਲਣ ਲੱਗੀ ਹੈ। ਜਿਥੇ ਵੀ ਲਾਲਚ ਤੇ ਡਰ ਹਨ, ਉਥੇ ਧਰਮ ਨਹੀਂ ਹੈ। ਧਰਮ ਆਤਮਾ ਨੂੰ ਰੌਸ਼ਨੀ ਦੇਣ ਦਾ ਸਾਧਨ ਹੈ। ਇਹ ਸੁੱਤੀਆਂ ਪਈਆਂ ਸ਼ਕਤੀਆਂ ਨੂੰ ਮੁੜ ਜਗਾਉਣ ਦਾ ਸਾਧਨ ਹੈ। ਧਰਮ ਹੀ ਆਤਮ-ਸ਼ਾਂਤੀ ਤੇ ਵਿਸ਼ਵ-ਸ਼ਾਂਤੀ ਦਾ ਇਕੋ-ਇਕ ਸਾਧਨ ਹੈ। ਇਹ ਵਰਤਮਾਨ ਜੀਵਨ ਨੂੰ ਆਨੰਦ ਭਰਿਆ ਬਣਾਉਣ ਦਾ ਢੰਗ ਹੈ।
ਭਗਵਾਨ ਮਹਾਵੀਰ ਨੇ ਕਿਹਾ ਹੈ—ਆਤਮਾ ਹੀ ਨਰਕ ਹੈ, ਆਤਮਾ ਵਿਚ ਹੀ ਸਵਰਗ ਹੈ। ਆਤਮਾ ਵਿਚ ਹੀ ਬੰਧਨ ਹੈ, ਆਤਮਾ ਵਿਚ ਹੀ ਮੋਕਸ਼ ਹੈ। ਜਿਸ ਦੇ ਅੰਦਰ ਨਰਕ ਨਹੀਂ, ਉਸ ਦੇ ਲਈ ਬਾਹਰ ਕਿਤੇ ਵੀ ਨਰਕ ਨਹੀਂ। ਜਿਸ ਦੇ ਅੰਦਰ ਸਵਰਗ ਨਹੀਂ, ਉਸ ਦੇ ਲਈ ਬਾਹਰ ਕਿਤੇ ਵੀ ਸਵਰਗ ਨਹੀਂ।
ਮਹਾਵੀਰ ਨੇ ਆਪਣੇ ਅੰਦਰ ਵੱਲ ਜ਼ੋਰ ਦਿੱਤਾ ਹੈ, ਜਦਕਿ ਅਸੀਂ ਬਾਹਰ ਵੱਲ ਜ਼ੋਰ ਦੇ ਰਹੇ ਹਾਂ। ਬਾਹਰ ਦੇ ਸਵਰਗ ਤੇ ਨਰਕ ਦੇ ਫਿਕਰ ਵਿਚ ਉਲਝੇ ਹਾਂ।
ਲਾਲਚ ਤਬਾਹੀ ਫੈਲਾਉਂਦਾ ਹੈ
NEXT STORY