ਜਦੋਂ ਬਾਲ ਅਵਸਥਾ ਵਿੱਚ ਪੰਚਮ ਪਾਤਸ਼ਾਹ ਨਾਨਾ ਸ਼੍ਰੀ ਅਮਰ ਦਾਸ ਨਾਲ ਗੁਰੁ ਗੱਦੀ ਤੇ ਬੈਠ ਗਏ ਤਾਂ ਤੀਜੀ ਪਾਤਸ਼ਾਹੀ ਨੇ ਕਿਹਾ “ਦੋਹਤਾ ਕਾਹਲੀ ਨਾ ਕਰ ,ਵੇਲਾ ਆਉਣ ਦੇ “ਇਸ ਵਾਕ ਨੇ ਗੁਰੂ ਅਰਜਨ ਦੇਵ ਜੀ ਬਾਰੇ ਸਭ ਕੁਝ ਸਪੱਸ਼ਟ ਕਰ ਦਿੱਤਾ ਸੀ ।ਗੁਰੂਗੱਦੀ ਦਾ ਲੱਛਣ ਦੇਖ ਕੇ ਗੁਰੂ ਅਮਰਦਾਸ ਜੀ ਨੇ ''ਦੋਹਿਤਾ ਬਾਣੀ ਦਾ ਬੋਹਿਥਾ'' ਦਾ ਫੁਰਮਾਣ ਕੀਤਾ। ਇਸੇ ਫੁਰਮਾਣ ਤਹਿਤ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਸੀ ।
ਸਿੱਖੀ ਦੀ ਕਸਵੱਟੀ 'ਤੇ ਵਿਰਲਾ ਹੀ ਪਾਸ ਹੁੰਦਾ ਹੈ । ਪਹਿਲੇ ਗੁਰੂ ਨੇ ਕਸਵੱਟੀ ਤੇ ਪਰਖ ਹੀ ਅੰਗਦ ਦੇਵ ਜੀ ਨੂੰ ਗੁਰੂ ਬਣਾਇਆ ਸੀ । ਅਡੋਲ ਸਿਦਕ ਦੀ ਮੂਰਤ ਪੰਚਮ ਪਾਤਸ਼ਾਹ ਸ੍ਰੀ ਗੁਰੁ ਅਰਜਨ ਦੇਵ ਜੀ ਨੂੰ ਜਦੋਂ ਜਹਾਗੀਰ ਹਕੂਮਤ ਨੇ ਕਸ਼ਟ ਦਿੱਤੇ ਤਾਂ ਉਹ ਸਿਦਕ ਦੀ ਕਸਵੱਟੀ ਤੇ ਪੂਰਾ ਉਤਰੇ ਅਤੇ ਮਾਨਵਤਾ ਨੂੰ ਭਾਣਾ ਮੰਨਣ ਦਾ ਪੈਗਾਮ ਦੇ ਗਏ ।ਗੁਲਾਮ ਭਾਰਤ ਦੀ ਇਹ ਪਹਿਲੀ ਸ਼ਹੀਦੀ ਸੀ, ਜਿਸ ਨੇ ਸੁੱਤੀ ਕਾਇਨਾਤ ਜਗਾ ਦਿੱਤੀ ਸੀ ।
ਚੰਦੂ ਦੀ ਧੀ ਦਾ ਰਿਸ਼ਤਾ ਗੁਰੂ ਜੀ ਨੇ ਆਪਣੇ ਪੁੱਤਰ ਲਈ ਇਸ ਕਰਕੇ ਅਪ੍ਰਵਾਨ ਕੀਤਾ ਕਿਉਂਕਿ ਉਹ ਗੁਰੂ ਘਰ ਦੀ ਤੁਲਨਾ ਆਪਣੇ ਖਾਨਦਾਨ ਨਾਲ ਕਰਨ ਲੱਗਾ ਸੀ। ਭਾਈ ਪ੍ਰਿਥੀ ਚੰਦ ਦੀ ਈਰਖਾ ਵੀ ਸਹਿਣੀ ਪਈ ਕਿਉਂਕਿ ਭਾਈ ਪ੍ਰਿਥੀ ਚੰਦ ਸਿੱਖੀ ਦੀ ਕਸਵੱਟੀ ਤੇ ਪੂਰਾ ਨਾ ਉੁਤਰਨ ਕਰਕੇ ਗੁਰੂ ਗੱਦੀ ਤੋਂ ਵਾਂਝੇ ਰਹਿ ਗਏ ਸਨ। ਇਹੋ ਜਿਹੇ ਕਾਰਨਾਂ ਕਰਕੇ ਅਤੇ ਗੁਰੂ ਸਾਹਿਬ ਵਲੋਂ ਜਹਾਂਗੀਰ ਦੀ ਗੱਲ ਨਾ ਮੰਨਣ ਕਰਕੇ ਗੁਰੂ ਦਾ ਸਿਦਕ ਅਡੋਲ ਰਿਹਾ। ਉਨ੍ਹਾਂ ਦੇ ਸਿਦਕ ਨੂੰ ਤੱਤੀ ਤਵੀ ਤੇ ਬਿਠਾ ਕੇ ਹਕੂਮਤ ਨੇ ਡੁਲਾਉਣ ਦੀ ਕੋਸ਼ਿਸ ਕੀਤੀ ਪਰ ਪੰਚਮ ਪਾਤਸ਼ਾਹ ਕਾਇਕਾਤ ਨੂੰ ਰੱਬ ਦੀ ਰਜ਼ਾ 'ਚ ਰਹਿਣ ਦਾ ਪੈਗਾਮ ਦੇ ਗਏ। ਇਥੋਂ ਹੀ ਸਿੱਖ ਕੌਮ 'ਚ ਭਾਣਾ ਮੰਨਣ ਦਾ ਜਜ਼ਬਾ ਪੈਦਾ ਹੋਇਆ । ਸਿੱਖ ਕੌਮ 'ਤੇ ਸਿੱਖੀ ਸਿਦਕ ਦਾ ਨਵਾਂ ਇਤਿਹਾਸ ਸ਼ੁਰੂ ਹੋਇਆ ਸੀ। ਤੱਤੀ ਤਵੀ ਤੇ ਬੈਠ ਕੇ ਆਪਣੀ ਜੋਤ ਹਰਗੋਬਿੰਦ ਪਾਤਸ਼ਾਹ 'ਚ ਪਲਟ ਗਏ।
“ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ''
ਪੰਜਾਬੀ ਸਾਹਿਤ ਦੇ ਅੰਦਰ ਵੀ ਅੱਜ ਸ਼ਹੀਦਾਂ ਦੇ ਸਿਰਤਾਜ਼ ਦਾ ਇਤਿਹਾਸ ਪੰਚਮ ਪਾਤਾਸ਼ਾਹ ਕਰਕੇ ਹੀ ਗੂੰਜਦਾ ਹੈ ।ਜਦੋਂ ਤੱਤੀ ਤਵੀ ਤੇ ਬਿਠਾ ਕੇ ਕਾਜੀ ਖੁਦ ਹੀ ਪਰੇਸ਼ਾਨ ਹੋ ਗਿਆ ਤਾਂ ਗੁਰਦਾਸ ਮਾਨ ਜੀ ਨੇ ਇਉਂ ਗਾਇਆ ਹੈ :-
“ਜਿਹੜੀ ਮੌਤ ਦਾ ਸੁਣਾਵੇ ਫੁਰਮਾਣ ਕਾਜ਼ੀਆਂ ,
ਸ਼ਹੀਦਾਂ ਨੂੰ ਕਰਦੀ ਏ ਸਲਾਮ ਕਾਜ਼ੀਆਂ''
ਉਹ ਪਾਤਸ਼ਾਹ, ਜਿਸ ਨੂੰ ਮੌਤ ਨੇ ਸਲਾਮ ਕੀਤਾ ।ਤੱਤੀ-ਤਵੀ ਤੇ ਬੈਠ ਕੇ ਸਿੱਖ ਕੌਮ ਨੂੰ ਸਿਦਕ ਅਤੇ ਭਾਣਾ ਮੰਨਣ ਦਾ ਸ਼ਦੇਸ਼ ਦੇ ਗਏ ।ਅੱਜ ਤੱਕ ਦੁਨੀਆ ਦਾ ਇਤਿਹਾਸ ਫਰੋਲ ਕੇ ਵੀ ਅਜਿਹੇ ਸਿਦਕ ਦੀ ਅਤੇ ਰਜ਼ਾ 'ਚ ਰਹਿਣ ਦੀ ਉਦਾਹਰਣ ਕਿਧਰੇ ਨਹੀਂ ਮਿਲਦੀ ਹੈ ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ