ਕਿਸੇ ਸ਼ਹਿਰ ਵਿਚ ਇਕ ਮੁੰਡਾ ਰਹਿੰਦਾ ਸੀ ਜੋ ਬਹੁਤ ਗਰੀਬ ਸੀ। ਮਿਹਨਤ-ਮਜ਼ਦੂਰੀ ਕਰ ਕੇ ਉਹ ਬੜੀ ਮੁਸ਼ਕਿਲ ਨਾਲ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਦਾ ਸੀ। ਇਕ ਦਿਨ ਉਹ ਕਿਸੇ ਵੱਡੀ ਕੰਪਨੀ ਵਿਚ ਚਪੜਾਸੀ ਲਈ ਇੰਟਰਵਿਊ ਦੇਣ ਗਿਆ। ਬੌਸ ਨੇ ਉਸ ਨੂੰ ਦੇਖ ਕੇ ਕੰਮ ਦਿਵਾਉਣ ਦਾ ਭਰੋਸਾ ਦਿੱਤਾ।
ਬੌਸ ਨੇ ਉਸ ਨੂੰ ਪੁੱਛਿਆ,''ਤੇਰੀ ਈ-ਮੇਲ ਆਈ. ਡੀ. ਕੀ ਹੈ?''
ਮੁੰਡੇ ਨੇ ਮਾਸੂਮੀਅਤ ਨਾਲ ਕਿਹਾ ਕਿ ਉਸ ਕੋਲ ਈ-ਮੇਲ ਆਈ. ਡੀ. ਨਹੀਂ ਹੈ। ਇਹ ਸੁਣ ਕੇ ਬੌਸ ਨੇ ਬੜੀ ਨਫਰਤ ਨਾਲ ਉਸ ਵੱਲ ਦੇਖਿਆ ਅਤੇ ਕਿਹਾ,''ਅੱਜ ਦੁਨੀਆ ਇੰਨੀ ਅੱਗੇ ਨਿਕਲ ਗਈ ਹੈ ਅਤੇ ਇਕ ਤੂੰ ਏਂ ਕਿ ਤੇਰੇ ਕੋਲ ਈ-ਮੇਲ ਆਈ. ਡੀ. ਤਕ ਨਹੀਂ ਹੈ, ਮੈਂ ਤੈਨੂੰ ਨੌਕਰੀ 'ਤੇ ਨਹੀਂ ਰੱਖ ਸਕਦਾ।''
ਇਹ ਸੁਣ ਕੇ ਮੁੰਡੇ ਦੇ ਆਤਮ-ਸਨਮਾਨ ਨੂੰ ਬਹੁਤ ਠੇਸ ਪਹੁੰਚੀ। ਉਸ ਦੀ ਜੇਬ ਵਿਚ ਉਸ ਵੇਲੇ 50 ਰੁਪਏ ਸਨ। ਉਸ ਨੇ ਉਨ੍ਹਾਂ 50 ਰੁਪਿਆਂ ਨਾਲ ਇਕ ਕਿਲੋ ਸੇਬ ਖਰੀਦੇ ਅਤੇ ਘਰ ਚਲਾ ਗਿਆ। ਉਹ ਘਰ-ਘਰ ਜਾ ਕੇ ਉਨ੍ਹਾਂ ਸੇਬਾਂ ਨੂੰ ਵੇਚਣ ਲੱਗਾ ਅਤੇ ਅਜਿਹਾ ਕਰ ਕੇ ਉਸ ਨੇ 80 ਰੁਪਏ ਜਮ੍ਹਾ ਕਰ ਲਏ।
ਹੁਣ ਤਾਂ ਮੁੰਡਾ ਰੋਜ਼ ਸੇਬ ਖਰੀਦਦਾ ਅਤੇ ਘਰ-ਘਰ ਜਾ ਕੇ ਵੇਚਦਾ। ਕਈ ਸਾਲ ਇਹੀ ਸਿਲਸਿਲਾ ਚੱਲਦਾ ਰਿਹਾ। ਮੁੰਡੇ ਦੀ ਸਖਤ ਮਿਹਨਤ ਰੰਗ ਲਿਆਈ ਅਤੇ ਇਕ ਦਿਨ ਉਸ ਨੇ ਖੁਦ ਦੀ ਕੰਪਨੀ ਖੋਲ੍ਹ ਲਈ ਜਿਥੋਂ ਵਿਦੇਸ਼ਾਂ ਵਿਚ ਸੇਬ ਸਪਲਾਈ ਕੀਤੇ ਜਾਂਦੇ ਸਨ। ਉਸ ਤੋਂ ਬਾਅਦ ਮੁੰਡੇ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਜਲਦੀ ਹੀ ਵੱਡੇ ਪੈਮਾਨੇ 'ਤੇ ਆਪਣਾ ਕਾਰੋਬਾਰ ਫੈਲਾ ਲਿਆ। ਇਸ ਤਰ੍ਹਾਂ ਇਕ ਸੜਕ-ਛਾਪ ਮੁੰਡਾ ਅਰਬਪਤੀ ਬਣ ਗਿਆ।
ਇਕ ਦਿਨ ਕੁਝ ਮੀਡੀਆ ਵਾਲੇ ਮੁੰਡੇ ਦੀ ਇੰਟਰਵਿਊ ਲੈਣ ਆਏ ਅਤੇ ਅਚਾਨਕ ਕਿਸੇ ਨੇ ਪੁੱਛਿਆ,''ਸਰ, ਤੁਹਾਡੀ ਈ-ਮੇਲ ਆਈ. ਡੀ. ਕੀ ਹੈ?''
ਮੁੰਡੇ ਨੇ ਕਿਹਾ,''ਨਹੀਂ ਹੈ।''
ਇਹ ਸੁਣ ਕੇ ਲੋਕ ਹੈਰਾਨ ਰਹਿ ਗਏ ਕਿ ਇਕ ਅਰਬਪਤੀ ਆਦਮੀ ਕੋਲ ਈ-ਮੇਲ ਆਈ. ਡੀ. ਤਕ ਨਹੀਂ ਹੈ। ਮੁੰਡੇ ਨੇ ਹੱਸ ਕੇ ਜਵਾਬ ਦਿੱਤਾ,''ਮੇਰੇ ਕੋਲ ਨਹੀਂ। ਇਸ ਲਈ ਮੈਂ ਅਰਬਪਤੀ ਹਾਂ। ਜੇ ਈ-ਮੇਲ ਆਈ. ਡੀ. ਹੁੰਦੀ ਤਾਂ ਅੱਜ ਮੈਂ ਇਕ ਚਪੜਾਸੀ ਹੁੰਦਾ।''
ਦੋਸਤੋ, ਇਸੇ ਲਈ ਕਿਹਾ ਜਾਂਦਾ ਹੈ ਕਿ ਹਰ ਇਨਸਾਨ ਦੇ ਅੰਦਰ ਕੋਈ ਨਾ ਕੋਈ ਹੁਨਰ ਜ਼ਰੂਰ ਹੁੰਦਾ ਹੈ। ਭੀੜ ਦੇ ਪਿੱਛੇ ਭੱਜਣਾ ਬੰਦ ਕਰੋ ਅਤੇ ਆਪਣੇ ਹੁਨਰ ਨੂੰ ਪਛਾਣੋ। ਦੂਜਿਆਂ ਨਾਲ ਆਪਣੀ ਤੁਲਨਾ ਨਾ ਕਰੋ ਕਿ ਉਸ ਦੇ ਕੋਲ ਉਹ ਹੈ, ਮੇਰੇ ਕੋਲ ਨਹੀਂ ਹੈ। ਜੋ ਕੁਝ ਤੁਹਾਡੇ ਕੋਲ ਹੈ, ਉਸ ਨੂੰ ਲੈ ਕੇ ਅੱਗੇ ਵਧੋ। ਫਿਰ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਸਫਲ ਹੋਣ ਤੋਂ ਨਹੀਂ ਰੋਕ ਸਕਦੀ।
ਤੁਹਾਡੀ ਮੰਜ਼ਿਲ ਤੁਹਾਡੇ ਆਸ-ਪਾਸ ਹੀ ਹੈ
NEXT STORY