ਇਸ ਨੂੰ ਕਹੋ ਕਿ ਇਹ ਕਹਾਣੀਆਂ ਨਾ ਲਿਖਿਆ ਕਰੇ। ਇਸ ਦੀਆਂ ਕਹਾਣੀਆਂ ਸਾਨੂੰ ਸੂਲ ਵਾਂਗੂ ਚੁੱਭਦੀਆਂ ਹਨ। ਸਾਡੀ ਬਦਨਾਮੀ ਹੁੰਦੀ ਹੈ ਸਮਾਜ 'ਚ ਤੇ ਰਿਸ਼ਤੇਦਾਰੀ 'ਚ ਵੀ। ਹੋਰ ਤਾਂ ਹੋਰ ਅਸੀ ਸਹੁਰਿਆਂ 'ਚ ਤੇ ਕੁੜਮਾਂਚਾਰੀ 'ਚ ਮੂੰਹ ਦਿਖਾਉਣ ਜੋਗੇ ਨਹੀ ਰਹੇ। ਇਹ ਤਾਂ ਓਹੀ ਸਾਗੀ ਲਿੱਖ ਦਿੰਦਾ ਹੈ ਜੋ ਤਕਰੀਬਨ ਸਾਡੇ ਨਾਲ ਹੀ ਵਾਪਰਿਆ ਹੁੰਦਾ ਹੈ। ਇਸ ਦੀ ਹਰ ਕਹਾਣੀ ਹੂ-ਬ-ਹੂ ਸਾਡੇ ਤੇ ਢੁੱਕਦੀ ਹੈ। ਇਸ ਨੂੰ ਲਿਖਣੋ ਹਟਾਓੁ। ਨਹੀ ਤਾਂ ਫਿਰ....। ਨਹੀ ਤਾਂ ਫਿਰ ਕੀ? ਗੱਲ ਸਾਫ ਸੀ। ਨਹੀ ਤਾਂ ਫਿਰ ਸਾਨੂੰ ਰੋਕਣਾ ਆਉਂਦਾ ਹੈ। ਇਕ ਦਿਨ ਨਿੱਕੇ ਦੇ ਮੂੰਹੋ ਆਖਿਰ ਨਿੱਕਲ ਹੀ ਗਿਆ। ਉਹ ਬਾਹਲਾ ਤੱਤਾ ਸੀ। ਹਾਹੋ ਤੱਤਾ ਤਾਂ ਆਪੇ ਹੋਣਾ ਸੀ ਉਹ ਵੱਡੇ ਦੀਆਂ ਉਗਲਾਂ ਤੇ ਜੋ ਚੜਿਆ ਸੀ। ਵੱਡਾ ਦੂਜਿਆਂ ਨੂੰ ਮੂਹਰੇ ਲਾ ਕੇ ਆਪ ਮਹਾਸਰੀਫ ਬਣ ਜਾਂਦਾ ਹੈ ਹਰ ਵਾਰੀ ।
ਮੈਂ ਕੋਈ ਕਹਾਣੀ ਲਿਖੀ ਤੁਹਾਡੇ ਤੇ ਕਦੇ? ਦੱਸੋ? ਮੈਂ ਤਾਂ ਸਮਾਜ ਦੇ ਵਤੀਰੇ ਤੇ ਲਿਖਦਾ ਹਾਂ। ਓਹੀ ਕੁਝ ਲਿਖਦਾ ਹਾਂ ਜੋ ਸਮਾਜ 'ਚ ਵਾਪਰ ਰਿਹਾ ਹੈ। ਅੱਜ ਰਿਸ਼ਤਿਆਂ ਦਾ ਮਿਆਰ ਡਿੱਗ ਰਿਹਾ ਹੈ। ਸਾਡੇ ਰਿਸ਼ਤੇ ਵਰੋਲੇ ਵਾਂਗੂ ਉੱਡ ਰਹੇ ਹਨ। ਅਸੀ ਸਿਰਫ ਆਪਣੇ ਬਾਰੇ ਹੀ ਸੋਚਣ ਲੱਗ ਪਏ ਹਾਂ। ਸਾਨੂੰ ਪਾਲਣ ਵਾਲੇ ਮਾਂ ਪਿਉ ਨਜ਼ਰ ਨਹੀ ਆਉਂਦੇ। ਸਾਨੂੰ ਸਿਰਫ ਤੇ ਸਿਰਫ ਆਪਣੀ ਅੋਲਾਦ ਦਿਸਦੀ ਹੈ ਜਾ ਸਾਨੂੰ ਆਪਣੇ ਸਹੁਰੇ ਨਜਰ ਆਉਂਦੇ ਹਨ। ਅਸੀ ਉਹ ਸਭ ਭੁਲ ਗਏ ਹਾਂ ਜੋ ਤਕਲੀਫਾਂ ਸਾਡੇ ਮਾਂ ਬਾਪ ਨੇ ਸਾਨੂੰ ਇਸ ਮੁਕਾਮ ਤੇ ਪਹੁੰਚਾਉਣ ਲਹੀ ਉੱਠਾਈਆਂ ਤੇ ਸਾਡੇ ਲਈ ਉਨ੍ਹਾਂ ਨੇ ਕੀ-ਕੀ ਨਹੀ ਕੀਤਾ।ਜਦੋ ਧੀਆਂ ਬੇਗਾਨੀਆਂ ਹੋ ਗਈਆਂ ਹਨ। ਜੇ ਇਹ ਸਾਰੀਆਂ ਗੱਲਾਂ ਸੱਚ ਹਨ ਤੇ ਤੁਹਾਡੇ ਤੇ ਢੁੱਕਦੀਆਂ ਹਨ ਤਾਂ ਮੇਰਾ ਕੀ ਕਸੂਰ? ਕਹਾਣੀ ਦੇ ਪਾਤਰ ਵੀ ਤਾਂ ਸਮਾਜ ਦਾ ਹੀ ਅੰਗ ਹੁੰਦੇ ਹਨ ਤੇ ਸਮਾਜ 'ਚ ਹੀ ਵਿਚਰਦੇ ਹਨ। ਜੇ ਮੇਰੇ ਕਿਸੇ ਪਾਤਰ ਦਾ ਕਿਰਦਾਰ ਤੁਹਾਡੇ ਨਾਲ ਮੇਲ ਖਾ ਗਿਆ ਤਾਂ ਮੇਰਾ ਕੀ ਕਸੂਰ? ਬਾਕੀ ਰਹੀ ਗੱਲ ਸਾਨੂੰ ਰੋਕਣਾ ਆਉਂਦਾ ਹੈ ਵਾਲੀ। ਕਲਮ ਕਦੇ ਨਹੀ ਰੁੱਕਦੀ। ਨਾ ਇਹ ਕਦੇ ਝੁੱਕਦੀ ਹੈ। ਬਸ ਤੁਸੀ ਆਪਣਾ ਕਿਰਦਾਰ ਬਦਲੋ। ਇਹ ਚੇਤਾਵਨੀ ਤੁਹਾਨੂੰ ਹੀ ਨਹੀ ਸਮਾਜ ਦੇ ਹਰ ਉਸ ਸ਼ਖਸ ਨੂੰ ਹ,ੈ ਜਿਸ ਦਾ ਵਿਵਹਾਰ ਤੁਹਾਡੇ ਵਰਗਾ ਹੈ।
ਕਹਾਣੀਆਂ ਤਾਂ ਪਹਿਲਾਂ ਹੁੰਦੀਆਂ ਸੀ ।ਮੇਰੀ ਮਾਂ ਸੁਨਾਉਂਦੀ ਹੁੰਦੀ ਸੀ। ਰਾਕਸ਼ਾਂ, ਭੂਤਾਂ ਅਤੇ ਤੇ ਰਾਜੇ ਰਾਣੀਆਂ ਦੀਆਂ ਕਹਾਣੀਆਂ। ਕਿਵੇ ਭੂਤ ਜਿਉਂਦੇ ਬੱਚੇ ਭੁੰਨ ਕੇ ਖਾ ਜਾਂਦੇ ਸਨ। ਪਰੀਆਂ ਦੀਆਂ ਕਹਾਣੀਆਂ। ਕਿੰਨੀਆਂ ਸੋਹਣੀਆਂ ਹੁੰਦੀਆਂ ਸਨ ਪਰੀਆਂ? ਰਾਜੇ ਰਾਣੀਆਂ ਦੀਆਂ ਕਹਾਣੀਆਂ ਪਰ ਹੁਣ ਉਹ ਤਾਂ ਰਹੇ ਨਹੀ ।ਉਨ੍ਹਾਂ ਦੀ ਥਾਂ ਤੁਹਾਡੇ ਤੇ ਮੇਰੇ ਵਰਗੇ ਪਾਤਰਾਂ ਨੇ ਲੈ ਲਈ। ਕਹਾਣੀਆਂ ਦੇ ਪਾਤਰ ਵੀ ਸਮਾਜ 'ਚੋਂ ਹੀ ਹੁੰਦੇ ਹਨ। ਉਹ ਚੰਗੇ ਵੀ ਹੋ ਸਕਦੇ ਹਨ। ਮਾੜੇ ਵੀ। ਜੇ ਤੁਹਾਨੂੰ ਲਗਦਾ ਹੈ ਕਿ ਇਹ ਗਲਤ ਹਨ ਤਾਂ ਤੁਸੀਂ ਨਾ ਪੜੋ। ਕਿਉ ਪੜਦੇ ਹੋ ਤੁਸੀਂ? ਪਰ ਉਹ ਕਿੱਥੇ ਮੰਨਣ ਵਾਲੇ ਸਨ। ਆਪ ਹੀ ਲੋਕਾਂ ਕੋਲੇ ਰੋਲਾ ਪਾਉਣ ਲੱਗ ਪਏ ਅਤੇ ਲਿਖੀਆਂ ਕਹਾਣੀਆਂ ਦਾ ਖੁੱਦ ਹੀ ਪ੍ਰਚਾਰ ਕਰਨ ਲੱਗ ਪਏ ਅਤੇ ਆਪਣੀਆਂ ਚਾਲਾਂ ਚਲਦੇ ਰਹੇ। ਕੌਣ ਸਮਝਾਏ ਕਾਕਾ ਇਹ ਕੀ ਕਰ ਰਹੇ ਹੋ ਤੁਸੀਂ। ਤੁਸੀ ਤਾਂ ਆਪਣੀ ਬਦਨਾਮੀ ਆਪ ਹੀ ਕਰ ਰਹੇ ਹੋ, ਜਿਸ ਨੁੰ ਨਹੀਂ ਵੀ ਪਤਾ ਹੁਣ ਉਹ ਵੀ ਤੁਹਾਨੂੰ ਕਹਾਣੀ ਦੇ ਪਾਤਰਾਂ ਵਜੋ ਯਾਦ ਕਰੇਗਾ।
ਹੁਣ ਮੈਨੂੰ ਦੱਸੋ ਉਸ ਦਿਨ ਮੈਂ ਕੋਈ ਕਹਾਣੀ ਲਿਖੀ, ਜਿਸ ਦਿਨ ਤੂੰ ਕਿਹਾ ਸੀ ਕਿ ਤੁਸੀਂ ਤਾਂ ਜੀ ਐਵੇ ਹੀ ਬੋਲੀ ਜਾਂਦੇ ਹੋ। ਤੁਹਾਨੂੰ ਤਾਂ ਊਂਈ ਬੋਲਣ ਦੀ ਆਦਤ ਹੈ ਅਤੇ ਪਤਾ ਨਹੀ ਕੀ ਕੁਝ ਕਿਹਾ ਸੀ ਮੈਨੂੰ। ਤੂੰ ਬੇਇਜ਼ੱਤੀ ਕਰਨ ਵਾਲੀ ਕੋਈ ਕਸਰ ਨਹੀਂ ਛੱਡੀ ਆਪਣੇ ਇਸੇ ਵੱਡੇ ਭਰਾ ਦੀ ਸ਼ਹਿ ਤੇ। ਇਹ ਵੀ ਤਾਂ ਚੁੱਪ ਕਰ ਗਿਆ ਸੀ ਸਾਰਾ ਕੁਝ ਵੇਖ ਕੇ ਤੇ ਅੰਦਰੋ ਖੁਸ਼ ਵੀ ਸੀ ਪਰ ਤੂੰ ਹੋਰ ਸ਼ੇਰ ਬਣ ਗਿਆ। ਕਹਾਣੀ ਤਾਂ ਮੈਂ ਉਸ ਦਿਨ ਨਹੀ ਲਿਖੀ ਜਿਸ ਦਿਨ ਤੁਸੀਂ ਆਪਣੇ ਘਰ ਦੀ ਜੰਮੀ ਨੂੰ ਖੋਟਾ ਸਿੱਕਾ ਕਿਹਾ ਸੀ ਪਰ ਮੈਂ ਚੁੱਪ ਰਿਹਾ। ਚਲੋ ਉਹ ਜਾਣੇ। ਪੈਸੇ ਤੇ ਅਹੁਦੇ ਦਾ ਹੰਕਾਰ ਹੈ। ਅਜੇ ਇਸ ਨੂੰ ਇਲਮ ਨਹੀ ਕਿ ਧੀਆਂ ਦਾ ਸੱਤਕਾਰ ਕਰੋ ਦਾ ਕੀ ਮਤਲਬ ਹੁੰਦਾ ਹੈ। ਕਾਕਾ ਕਹਾਣੀ ਤਾਂ ਮੈ ਉਸ ਦਿਨ ਵੀ ਨਹੀ ਲਿਖੀ, ਜਿਸ ਦਿਨ ਤੂੰ ਆਪਣੇ ਕਰੀਬੀ ਨੂੰ ਮੇਰੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਉਕਸਾਇਆ ਸੀ। ਉਸ ਨੇ ਮੈਨੂੰ ਧਮਕੀ ਵੀ ਦਿੱਤੀ ਸੀ ਅਤੇ ਤੇਰੀ ਹੱਲਾ ਸ਼ੇਰੀ ਕਰਕੇ ਹੀ ਉਹ ਸਾਰਿਆਂ ਦੇ ਸਾਹਮਣੇ ਮੇਰੇ ਬਾਰੇ ਅਵਾ-ਤਵਾ ਬੋਲ ਕੇ ਗਿਆ ਸੀ ਤੁਹਾਡੇ ਹੀ ਘਰੇ ਪਰ ਮੈਂ ਫਿਰ ਵੀ ਕੋਈ ਕਹਾਣੀ ਨਹੀ ਲਿਖੀ।
ਜੇ ਮੈਂ ਤੁਹਾਡੇ ਤੇ ਕਹਾਣੀ ਲਿਖਣ ਵਾਲਾ ਹੁੰਦਾ ਤਾਂ ਮੈਂ ਉਸ ਦਿਨ ਜ਼ਰੂਰ ਲਿਖਦਾ ਜਦੋਂ ਤੂੰ ਮੈਨੂੰ ਮੁਸੀਬਤ 'ਚ ਘਿਰੇ ਨੂੰ ਵਿਚਾਲੇ ਛੱਡ ਕੇ ਘਰ ਵਾਪਿਸ ਆ ਗਿਆ ਸੀ ਤੇ ਉਸ ਨੂੰ ਛੱਡ ਆਇਆ ਸੀ ਹਸਪਤਾਲ 'ਚ ਜੋ ਤੁਹਾਡੀਆਂ ਨਜ਼ਰਾਂ 'ਚ ਸੱਤ ਬਿਗਾਨਾ ਸੀ। ਮੇਰੇ ਘਰ ਮੋਤ ਦਾ ਤਾਂਡਵ ਵੇਖ ਕੇ ਵੀ ਤੁਸੀਂ ਮੇਰੀ ਮਦਦ ਲਈ ਤਾਂ ਕੀ ਆਉਣਾ ਸੀ ਸਗੋਂ ਆਪਣੀਆਂ ਡਿਊਟੀਆਂ ਵੱਲ ਚੱਲ ਪਏ ਸੀ। ਮੈਂ ਦੁਖੀ ਸੀ ਤੇ ਰੱਬ ਦਾ ਭਾਣਾ ਮੰਨਣ ਤੋ ਇਲਾਵਾ ਕੁਝ ਵੀ ਨਹੀਂ ਸੀ ਕਰ ਸਕਦਾ। ਇਕੱਲੇ ਦੁੱਖ ਤੇ ਹੀ ਨਹੀ ਤੁਸੀਂ ਮੇਰਾ ਸਾਥ ਛੱਡਿਆ ਸਗੋਂ ਤੁਸੀਂ ਮੇਰੀ ਖੁਸ਼ੀ 'ਚ ਵੀ ਸ਼ਰੀਕ ਹੋਣਾ ਮਨਾਸਿਫ ਨਹੀ ਸਮਝਿਆ। ਮੇਰੇ ਘਰ ਪਹਿਲਾ ਖੁਸ਼ੀ ਦਾ ਫੰਕਸ਼ਨ ਸੀ ਅਤੇ ਤੁਸੀਂ ਸਾਰੇ ਹੀ ਦੜ੍ਹ ਵੱਟ ਗਏ। ਆਪ ਤਾਂ ਆਉਣਾ ਕੀ ਸੀ ਤੁਸੀਂ ਦੂਜਿਆਂ ਨੂੰ ਵੀ ਰੋਕ ਦਿੱਤਾ ਅਤੇ ਜੰਮਣ ਵਾਲੀ ਮਾਂ ਦਾ ਮੂੰਹ ਵੀ ਬੰਦ ਕਰ ਦਿੱਤਾ। ਕਿਉਂ? ਪਰ ਮੈ ਤਾਂ ਫਿਰ ਵੀ ਕੋਈ ਕਹਾਣੀ ਨਹੀ ਲਿਖੀ।
ਫਿਰ ਗੱਲ ਉਥੇ ਹੀ ਆ ਜਾਂਦੀ ਹੈ। ਨਹੀ ਤਾਂ ਸਾਨੂੰ ਲਿਖਣੋ ਹਟਾਉਣਾ ਆਉਂਦਾ ਹੈ। ਅਸੀਂ ਸਾਰੇ ਕਾਨੂੰਨੀ ਨੁਕਤਿਆਂ ਤੇ ਵਿਚਾਰ ਕਰ ਲਿਆ ਹੈ। ਅਸੀਂ ਕੋਰਟ 'ਚ ਕੇਸ ਕਰਾਂਗੇ ਆਦਿ। ਦੂਜਾ ਇਹ ਵੀ ਹੋ ਸਕਦਾ ਹੈ ਤੁਸੀਂ ਚਾਰ ਗੁੰਡੇ ਲਿਆਕੇ ਮੇਰੀਆਂ ਲੱਤਾਂ ਬਾਹਵਾਂ ਤੁੜਵਾ ਦਿਉ। ਕੋਈ ਹਮਲਾ ਕਰਵਾ ਦਿਉ। ਫਿਰ ਕੀ ਇਹ ਗੱਲਾਂ ਰੁੱਕ ਜਾਣਗੀਆਂ। ਤੁਸੀਂ ਕਹਿੰਦੇ ਹੋ ਅਸੀਂ ਫਲਾਣੇ ਫੁਫੱੜ ਵਾਲੀ ਕਰਾਂਗੇ। ਹਾਹੋ ਭਾਈ ਅੱਜ ਕੱਲ ਫੁੱਫੜਾਂ ਨਾਲ ਲੋਕ ਇਹੀ ਕਰਦੇ ਹਨ। ਹੋਰ ਫੁੱਫੜਾਂ ਨੂੰ ਕੌਣ ਕੋਈ ਖੰਡ ਘਿਉ ਖਵਾਉਂਦਾ ਹੈ। ਤੁਸੀਂ ਮੇਰੇ ਖਿਲਾਫ ਮੇਰੇ ਪਰਿਵਾਰ, ਰਿਸ਼ਤੇਦਾਰਾਂ ਤੇ ਸ਼ਰੀਕੇ 'ਚ ਡੌਡੀ ਪਿੱਟ ਆਏ। ਮੇਰੀ ਬਦਨਾਮੀ ਨਹੀ ਹੋਈ ਸਗੋਂ ਤੁਸੀਂ ਆਪਣੀ ਆਪੇ ਹੀ ਝੰਡ ਲੁਹਾਈ ਹੈ। ਸਾਡੇ ਬਾਰੇ ਆਹ ਲਿਖਿਆ ਅੋਹ ਲਿਖਿਆ। ਬੱਲੇ ਓਏ ਅਕਲ ਦੇ ਅੰਨਿਓ।
ਹਾਂ ਤੁਸੀਂ ਮੇਰੇ ਘਰ ਪਾੜ ਪਾਉਣ 'ਚ ਵੀ ਕੋਈ ਕਸਰ ਨਹੀਂ ਛੱਡੀ।ਦੋਹਾਂ ਨੂੰ ਪਾਟਣ ਲਈ ਤੁਸੀਂ ਸਾਰੇ ਹੱਥਕੰਡੇ ਵਰਤੇ। ਵੈਸੇ ਇਹ ਹੈ ਤਾਂ ਜੱਗੋ ਤੇਰਵੀ ਗੱਲ ਭੈਣ ਦੇ ਖਿਲਾਫ ਭਰਾਵਾਂ ਨੇ ਏਕਾ ਕੀਤਾ ਹੋਵੇ। ਭੈਣ ਦੇ ਘਰ ਦੀ ਸੁੱਖ ਸਾਂਤੀ ਮੰਗਣ ਦੀ ਬਜਾਏ ਉਸ ਖਿਲਾਫ ਮੋਰਚਾ ਖੋਲਿਆ ਹੋਵੇ ।ਯਾਰ ਕੀ ਤੁਹਾਡੇ ਬਾਪ ਦੀ ਆਤਮਾ ਨੂੰ ਸਾਂਤੀ ਮਿਲੀ ਹੋਵੇਗੀ ਜਦੋ ਤੂੰ ਆਪਣੀ ਭੈਣ ਨੂੰ ਆਪਣੇ ਘਰੇ ਵੜਣ ਤੋ ਰੋਕਿਆ ਸੀ ਤੇ ਤੇਰੀਆਂ ਉਗਲਾਂ ਤੇ ਚੜ੍ਹੇ ਵਿਚਾਲੜੇ ਨੇ ਉਸ ਨੂੰ ਫੋਨ ਨਾ ਕਰਨ ਬਾਰੇ ਕਿਹਾ ਸੀ। ਬਾਕੀ ਮਾਂ ਪਿਉ ਨੂੰ ਦਿੱਤੀ ਰੋਟੀ ਦੇ ਪੈਸੇ ਲੈਣਾ। ਉਨ੍ਹਾਂ ਦੇ ਬੋਲਣ ਤੇ ਪਾਬੰਧੀ ਲਾਉਣੀ ।ਬੁਢਾਪੇ 'ਚ ਇੱਕਲਿਆਂ ਛੱਡਣਾ। ਹਰ ਗੱਲ ਦੀ ਮਾਂ ਪਿਉ ਤੋਂ ਚੋਰੀ ਰੱਖਣੀ। ਉਪਰੋ ਜੀ-ਜੀ ਕਰਨਾ, ਪੈਰੀ ਪੈਣਾ ਕਰਨਾ ਤੇ ਅੰਦਰਲੇ ਖੋਟ ਦੀ ਆਪਾਂ ਗੱਲ ਨਹੀਂ ਛੇੜਦੇ। ਨਾ ਕੋਈ ਕਹਾਣੀ ਲਿਖੀਏ। ਛੋਟੇ ਹੁੰਦਿਆਂ ਨੇ ਇਕ ਕਹਾਣੀ ਪੜ੍ਹੀ ਸੀ ਭੂਆ। ਭੂਆ ਘਰੇ ਆਏ ਭਤੀਜੇ ਦੀ ਬਹੁਤ ਸੇਵਾ ਕਰਦੀ ਹੈ। ਨੂੰਹਾਂ ਨਾਲ ਵੀ ਲੜ ਪੈਂਦੀ ਹੈ ਭਤੀਜੇ ਦੀ ਸੇਵਾ ਖਾਤਿਰ । ਭੂਆ ਦਾ ਪਿਆਰ ਵੇਖ ਕੇ ਮੇਰੇ ਵਰਗੇ ਉਸ ਭਤੀਜੇ ਨੇ ਕਹਾਣੀ ਲਿੱਖ ਮਾਰੀ। ਉਹ ਵੀ ਭੂਆ ਸੀ। ਪਰ ਜੇ ਕਿਸੇ ਭੂਆ ਨੇ ਭਤੀਜਿਆਂ ਨੂੰ ਭੋਰਾ ਮੱਤ ਦੇ ਦਿੱਤੀ ਕੋਈ ਸਮਝਾ ਦਿੱਤਾ ਕਿ ਬੇਟਾ ਇੰਝ ਨਾ ਕਰੋ ਸਿਆਣੇ ਬਣੋ।ਤਾਂ ਕੀ ਆਫਤ ਆ ਗਈ। ਭੂਆ ਦਾ ਵੀ ਪੇਕਿਆਂ ਤੇ ਪੂਰਾ ਜੋਰ ਹੁੰਦਾ ਹੈ। ਹੁਣ ਭਤੀਜੇ ਭੂਆ ਦੇ ਬੋਲਣ ਤੇ ਕਿਉ ਤਿੜਕਦੇ ਹਨ। ਅਖੇ ਭੂਆ ਸਾਡੇ ਘਰ ਦੀਆਂ ਗੱਲਾਂ 'ਚ ਕਿਉ ਦਖਲਅੰਦਾਜ਼ੀ ਕਿਉਂ ਕਰਦੀ ਹੈ। ਭੂਆ ਕਿਉਂ ਬੋਲਦੀ ਹੈ। ਭਾਈ ਭੂਆ ਨੇ ਤਾਂ ਬੋਲਣਾ ਹੀ ਹੋਇਆ। ਹੁਣ ਤਾਂ ਕੰਧਾਂ ਵੀ ਬੋਲਦੀਆਂ ਹਨ। ਸੁਨਣ ਦਾ ਜਿਗਰਾ ਰੱਖੋ। ਇਹ ਤੁਹਾਡੀ ਮਾਂ ਨਹੀਂ, ਜਿਸ ਦੀ ਤੁਸੀਂ ਸੰਘੀ ਘੁੱਟ ਲਵੋਗੇ ਅਤੇ ਉਸ ਨੂੰ ਚੁੱਪ ਕਰਵਾ ਦਿਉਗੇ। ਇਨ੍ਹਾਂ ਕੁਝ ਵੇਖ ਕੇ ਵੀ ਮੈਂ ਕੋਈ ਕਹਾਣੀ ਨਹੀ ਲਿਖੀ। ਹੁਣ ਤੁਸੀਂ ਦੱਸੋ ਮੈਂ ਕੋਈ ਕਹਾਣੀ ਲਿਖੀ?
ਰਮੇਸ਼ ਸੇਠੀ ਬਾਦਲ
ਵਿਦਿਆਰਥੀ ਨੇ ਘਰ ਚ ਬਣਾਇਆ ਵਿਰਾਸਤੀ ਮਿਊਜ਼ੀਅਮ (ਦੇਖੋ ਤਸਵੀਰਾਂ)
NEXT STORY