ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦਰਮਿਆਨ ਗੱਲਬਾਤ ਦੀ ਬਹਾਲੀ ਇਕ ਸਵਾਗਤ ਯੋਗ ਕਦਮ ਹੈ ਪਰ ਰਾਸ਼ਟਰਪਤੀ ਟਰੰਪ ਵਲੋਂ ਕੁੱਲ 50 ਫੀਸਦੀ ਟੈਰਿਫ ਲਾਉਣ ਦੇ ਇਕ ਪਾਸੜ ਫੈਸਲੇ ਕਾਰਨ ਪੈਦਾ ਹੋਈ ਕੁੜੱਤਣ ਨੇ ਇਕ ਸਥਾਈ ਪ੍ਰਭਾਵ ਛੱਡਿਆ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਰਾਜ ਅਤੇ ਸਭ ਤੋਂ ਪੁਰਾਣੇ ਲੋਕਰਾਜ ਦਰਮਿਆਨ ਸਬੰਧ 1971 ਦੀ ਜੰਗ ਤੋਂ ਬਾਅਦ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਏ ਸਨ, ਜਦੋਂ ਅਮਰੀਕਾ ਨੇ ਭਾਰਤ ਨੂੰ ਧਮਕਾਉਣ ਲਈ ਬੰਗਾਲ ਦੀ ਖਾੜੀ ’ਚ ਆਪਣਾ ਸੱਤਵਾਂ ਬੇੜਾ ਭੇਜਿਆ ਸੀ।
ਟਰੰਪ ਦਾ ਹੈਰਾਨ ਕਰਨ ਵਾਲਾ ਅਤੇ ਬੇਪ੍ਰਵਾਹੀ ਵਾਲਾ ਰਵੱਈਆ ਸਾਰੀ ਦੁਨੀਆ ’ਚ ਜਗਜ਼ਾਹਰ ਹੈ। ਆਧੁਨਿਕ ਸਮੇਂ ’ਚ ਕੋਈ ਵੀ ਹੋਰ ਨੇਤਾ ਟਰੰਪ ਵਾਂਗ ਵਿਸ਼ਵ ਵਿਵਸਥਾ ’ਚ ਰੁਕਾਵਟ ਨਹੀਂ ਪਾ ਸਕਿਆ। ਟਰੰਪ ਦੀਆਂ ਬੇਬਾਕ ਅਤੇ ਸਹਿਜ ਟਿੱਪਣੀਆ ਨੇ ਅਮਰੀਕਾ ਨਾਲ ਵੱਖ-ਵੱਖ ਦੇਸ਼ਾਂ ਦੇ ਸਬੰਧਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ।
ਉਨ੍ਹਾਂ ਨੂੰ ਬੰਦ ਦਰਵਾਜ਼ਿਆਂ ਦੇ ਪਿੱਛੇ ਦੀ ਬਜਾਏ ਸ਼ਰੇਆਮ ਕੂਟਨੀਤੀ ਕਰਨ ਲਈ ਵੀ ਇਤਿਹਾਸ ’ਚ ਯਾਦ ਕੀਤਾ ਜਾਵੇਗਾ। ਯੂਕ੍ਰੇਨ ਦੇ ਰਾਸ਼ਟਰਪਤੀ ਜੈਲੇਂਸਕੀ ਨਾਲ ਉਨ੍ਹਾਂ ਦਾ ਜਨਤਕ ਵਿਵਾਦ ਲੰਬੇ ਸਮੇਂ ਤਕ ਯਾਦ ਰੱਖਿਆ ਜਾਵੇਗਾ।
ਟਰੰਪ ਭਾਰਤ ਨਾਲ ਕਦੇ ਗਰਮ ਅਤੇ ਕਦੇ ਠੰਡਾ ਵਤੀਰਾ ਅਪਣਾਉਂਦੇ ਰਹਿੰਦੇ ਹਨ। ਟਰੰਪ ਅਤੇ ਨਰਿੰਦਰ ਮੋਦੀ ਦੋਵੇਂ ਹੀ ਆਪਣੇ ਦਰਮਿਆਨ ਖਾਸ ਤਾਲਮੇਲ ਦਾ ਦਾਅਵਾ ਕਰਦੇ ਰਹਿੰਦੇ ਹਨ। ਮੋਦੀ ਦੇ ‘ਹਾਓੂਡੀ ਅਮੇਰਿਕਾ’ ਪ੍ਰੋਗਰਾਮ ਅਤੇ ਟਰੰਪ ਦੇ ‘ਨਮੋਸਤੇ ਇੰਡੀਆ’ ਨੇ ਦੋਹਾਂ ਆਗੂਆਂ ਅਤੇ ਦੋਹਾਂ ਦੇਸ਼ਾਂ ਦਰਮਿਆਨ ਬੇਮਿਸਾਲ ਸਦਭਾਵਨਾ ਦਾ ਸਬੂਤ ਦਿੱਤਾ ਸੀ। ਮੋਦੀ ‘ਅਬ ਕੀ ਬਾਰ ਟਰੰਪ ਸਰਕਾਰ’ ਦਾ ਨਾਅਰਾ ਦੇ ਕੇ ਇਕ ਕਦਮ ਹੋਰ ਅੱਗੇ ਨਿਕਲ ਗਏ ਸਨ। ਟਰੰਪ ਬਾਅਦ ’ਚ ਚੋਣ ਹਾਰ ਗਏ ਪਰ ਆਪਣੇ ਦੂਜੇ ਕਾਰਜਕਾਲ ਲਈ ਉਨ੍ਹਾਂ ਸਖਤ ਰੁਖ ਨਾਲ ਵਾਪਸੀ ਕੀਤੀ।
ਰੂਸ ਤੋਂ ਤੇਲ ਖਰੀਦਣ ਅਤੇ ਯੂਕ੍ਰੇਨ ਵਿਰੁੱਧ ਜੰਗ ਨੂੰ ਹਵਾ ਦੇਣ ਲਈ ਭਾਰਤ ਨੂੰ ਸਜ਼ਾ ਦੇਣ ਦਾ ਉਨ੍ਹਾਂ ਦਾ ਫੈਸਲਾ ਬੇਲੋੜਾ ਸੀ । ਇਸ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਬੇਹੱਦ ਖਰਾਬ ਸਥਿਤੀ ’ਚ ਪਹੁੰਚਾ ਦਿੱਤਾ। ਚੀਨ ਭਾਰਤ ਨਾਲੋਂ ਵੱਧ ਪੈਟਰੋਲੀਅਮ ਵਸਤਾਂ ਰੂਸ ਤੋਂ ਖਰੀਦਦਾ ਹੈ ਇੱਥੋਂ ਤਕ ਕਿ ਯੂਰਪੀਨ ਯੂਨੀਅਨ ਜੋ ਅਮਰੀਕਾ ਦੀ ਸਹਿਯੋਗੀ ਹੈ, ਰੂਸ ਕੋਲੋਂ ਇਹ ਵਸਤਾਂ ਖਰੀਦਦੀ ਹੈ ਪਰ ਇਨ੍ਹਾਂ ਦੋਹਾਂ ਦੇਸ਼ਾਂ ’ਤੇ ਕੋਈ ਵਾਧੂ ਟੈਰਿਫ ਨਹੀਂ ਲਾਇਆ ਗਿਆ। ਇੰਨਾ ਹੀ ਨਹੀਂ, ਅਮਰੀਕਾ ਵੀ ਰੂਸ ਕੋਲੋਂ ਦੁਰਲਭ ਖਣਿਜ ਪਦਾਰਥਾਂ ਦੇ ਨਾਲ ਹੀ ਕਈ ਹੋਰ ਵਸਤਾਂ ਵੀ ਖਰੀਦਦਾ ਹੈ।
ਸਪੱਸ਼ਟ ਹੈ ਕਿ ਇਹ ਅਹਿਸਾਸ ਹੋਣ ਤੋਂ ਬਾਅਦ ਕਿ ਭਾਰਤ ਧਮਕੀਆਂ ਅੱਗੇ ਨਹੀਂ ਝੁੱਕੇਗਾ ਅਤੇ ਉਨ੍ਹਾਂ ਦੇ ਫੈਸਲੇ ਇਕ ਤਰ੍ਹਾਂ ਨਾਲ ਰੂਸ ਅਤੇ ਚੀਨ ਵੱਲ ਧੱਕ ਰਹੇ ਹਨ, ਉਨ੍ਹਾਂ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੇ ਆਪਣਾ ਰੁਖ ਨਰਮ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਉਨ੍ਹਾਂ ਦੀ ਪਹਿਲ ’ਤੇ ਉਸਾਰੂ ਪ੍ਰਤੀਕਿਰਿਆ ਦਿੱਤੀ ਜਿਸ ਦੇ ਸਿੱਟੇ ਵਜੋਂ ਵਪਾਰਕ ਗੱਲਬਾਤ ਮੁੜ ਤੋਂ ਸ਼ੁਰੂ ਹੋਈ।
ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਇਹ ਉਨ੍ਹਾਂ ਕੁਝ ਦੇਸ਼ਾਂ ’ਚੋਂ ਇਕ ਹੈ ਜਿਨ੍ਹਾਂ ਨਾਲ ਪਿਛਲੇ ਸਾਲ ਭਾਰਤ ਵਪਾਰ ਵਧੇਰੇ ਰਿਹਾ ਹੈ। ਪਿਛਲੇ ਸਾਲ ਅਮਰੀਕਾ ਨੂੰ ਭਾਰਤ ਦੀ ਬਰਾਮਦ 77.51 ਅਰਬ ਅਮਰੀਕੀ ਡਾਲਰ ਤੋਂ ਵਧ ਕੇ 86.51 ਅਰਬ ਅਮਰੀਕੀ ਡਾਲਰ ਹੋ ਗਈ। ਪਿਛਲੇ ਸਾਲ ਅਮਰੀਕਾ ਤੋਂ ਭਾਰਤ ’ਚ ਬਰਾਮਦ ਵਧ ਕੇ 45.69 ਅਰਬ ਅਮਰੀਕੀ ਡਾਲਰ ਹੋ ਗਈ ਜੋ ਕਿ ਪਿਛਲੇ ਸਾਲ 42.19 ਅਰਬ ਅਮਰੀਕੀ ਡਾਲਰ ਸੀ। ਇਸ ਨਾਲ ਭਾਰਤ ਦੇ ਹੱਕ ’ਚ 40.82 ਅਰਬ ਅਮਰੀਕੀ ਡਾਲਰ ਦਾ ਵਪਾਰ ਵੱਧ ਹੋਇਆ।
ਇਸ ਤਰ੍ਹਾਂ ਅਮਰੀਕਾ ਦੀ ਇਹ ਦਲੀਲ ਠੀਕ ਸੀ ਕਿ ਵਪਾਰ ਅਸੰਤੁਲਨ ਵਾਲਾ ਸੀ ਅਤੇ ਅਸੀਂ ਉਸ ਦੇਸ਼ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ ਵਧੇਰੇ ਡਿਊਟੀ ਲਾ ਰਹੇ ਸੀ।
ਅਮਰੀਕਾ ਨੂੰ ਭਾਰਤ ਤੋਂ ਜੋ ਸਾਮਾਨ ਮਿਲਦਾ ਹੈ ਉਸ ’ਚ ਇੰਜੀਨੀਅਰਿੰਗ ਦਾ ਸਾਮਾਨ , ਬਿਜਲੀ ਦਾ ਸਾਮਾਨ, ਰਤਨ ਅਤੇ ਗਹਿਣੇ, ਦਵਾਈਆਂ ਅਤੇ ਹਲਕਾ ਕੱਚਾ ਤੇਲ, ਪੈਟਰੋਲੀਅਮ ਅਤੇ ਬਿਜਲੀ ਦੀਆਂ ਵਸਤਾਂ ਆਦਿ ਸ਼ਾਮਲ ਹਨ। ਅਮਰੀਕਾ ਨੂੰ ਭਾਰਤ ਤੋਂ ਜੋ ਸਾਮਾਨ ਆਉਂਦਾ ਹੈ, ਉਸ ’ਚ ਖਣਿਜ ਪਦਾਰਥ, ਖਣਿਜ ਤੇਲ, ਕੀਮਤੀ ਪੱਥਰ, ਪ੍ਰਮਾਣੂ ਰਿਐੈਕਟਰ ਬੁਆਇਲਰ , ਮਸ਼ੀਨਰੀ ਅਤੇ ਕਈ ਹੋਰ ਦਵਾਈਆਂ ਆਦਿ ਸ਼ਾਮਲ ਹਨ।
ਹਾਲਾਂਕਿ ਭਾਰਤ ਵਪਾਰ ਦੇ ਅਸੰਤੁਲਨ ਨੂੰ ਘੱਟ ਕਰਨ ਅਤੇ ਕੁਝ ਵਿਵਸਥਾ ’ਤੇ ਟੈਰਿਫ ਘਟਾਉਣ ਲਈ ਤਿਆਰ ਸੀ ਪਰ ਅਮਰੀਕਾ ਵਲੋਂ ਭਾਰਤ ਤੋਂ ਖੇਤੀਬਾੜੀ ਦੀਆਂ ਵਸਤਾਂ, ਖਾਸ ਕਰ ਕੇ ਮੱਕੀ , ਸੋਇਆਬੀਨ ਅਤੇ ਕਣਕ ਦੀ ਦਰਾਮਦ ’ਤੇ ਜ਼ੋਰ ਦੇਣ ਨਾਲ ਡੈੱਡਲਾਕ ਪੈਦਾ ਹੋ ਗਿਆ ਹੈ। ਭਾਰਤ ਨੂੰ ਦੇਸ਼ ’ਚ ਖੇਤੀਬਾੜੀ ਦੀ ਪਹਿਲਾਂ ਤੋਂ ਹੀ ਗੰਭੀਰ ਸਥਿਤੀ ਦਾ ਹਵਾਲਾ ਦਿੰਦੇ ਹੋਏ ਖੇਤੀਬਾੜੀ ਵਸਤਾਂ ਦੀ ਦਰਾਮਦ ਉੱਤੇ ਲਾਲ ਰੇਖਾ ਖਿੱਚ ਦਿੱਤੀ ਸੀ, ਜਿੱਥੇ ਵਧੇਰੇ ਕਿਸਾਨ ਸੰਕਟ ’ਚ ਸਨ।
ਭਾਰਤ ਅਤੇ ਹੋਰ ਦੇਸ਼ਾਂ ਨੂੰ ਖੇਤੀਬਾੜੀ ਦੀਆਂ ਵਸਤਾਂ ਦੀ ਬਰਾਮਦ ਲਈ ਅਮਰੀਕਾ ਸਰਕਾਰ ’ਤੇ ਦਬਾਅ ਮੁੱਖ ਰੂਪ ਨਾਲ ਇਸ ਤੱਥ ਕਾਰਨ ਸੀ ਕਿ ਚੀਨ ਜੋ ਇਸ ਦਾ ਸਭ ਤੋਂ ਵੱਡਾ ਖਪਤਕਾਰ ਹੈ, ਨੇ ਅਮਰੀਕਾ ਤੋਂ ਦਰਾਮਦ ’ਚ ਭਾਰੀ ਕਟੌਤੀ ਕੀਤੀ ਹੈ।
ਭਾਰਤ ਮਿਆਂਮਾਰ ਅਤੇ ਯੂਕ੍ਰੇਨ ਤੋਂ ਮੱਕੀ ਵੀ ਘੱਟ ਮਾਤਰਾ ’ਚ ਦਰਾਮਦ ਕਰਦਾ ਹੈ ਜਦੋਂ ਕਿ ਅਮਰੀਕਾ ਤੋਂ ਥੋੜ੍ਹੀ ਮਾਤਰਾ ’ਚ ਲੈਂਦਾ ਹੈ। ਹਾਲਾਂਕਿ ਉਸ ਨੇ ਦੋ ਪਾਬੰਦੀਆਂ ਲਾਈਆਂ ਹੋਈਆਂ ਹਨ, ਦਰਾਮਦ ਕੀਤੀ ਜਾਣ ਵਾਲੀ ਮਾਤਰਾ ’ਤੇ ਇਕ ਹੱਦ ਹੈ ਤਾਂ ਜੋ ਸਾਡੇ ਕਿਸਾਨਾਂ ਨੂੰ ਨੁਕਸਾਨ ਨਾ ਹੋਵੇ ਅਤੇ ਮੱਕੀ ਸਮੇਤ ਜੈਨੇਟਿਕ ਪੱਖੋਂ ਸੋਧੀਆਂ ਭਾਵ (ਜੀ ਐੱਮ) ਫਸਲਾਂ ’ਤੇ ਪਾਬੰਦੀ ਹੋਵੇ।
ਇਕ ਮਹੀਨੇ ਤੋਂ ਵੱਧ ਸਮੇਂ ਤੋਂ ਵਪਾਰ ਗੱਲਬਾਤ ਦੇ ਠੱਪ ਰਹਿਣ ਪਿੱਛੋਂ ਅਮਰੀਕਾ ਕੋਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਵਧੇਰੇ ਦਲੀਲ ਭਰਪੂਰ ਰੁਖ ਅਪਣਾਏ ਅਤੇ ਭਾਰਤ ਵੱਲੋਂ ਖਿੱਚੀ ਗਈ ਹੱਦ ਦਾ ਸਤਿਕਾਰ ਕਰੇ। ਉਸ ਨੂੰ ਇਹ ਅਹਿਸਾਸ ਹੋ ਗਿਆ ਹੋਵੇਗਾ ਕਿ ਭਾਰਤ ਦਬਾਅ ਝੱਲ ਸਕਦਾ ਹੈ। ਹਾਲਾਂਕਿ ਤਾਜ਼ਾ ਘਟਨਾਵਾਂ ਨੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਗੰਭੀਰ ਰੂਪ ’ਚ ਨੁਕਸਾਨ ਪਹੁੰਚਾਇਆ ਹੈ ਅਤੇ ਪਿਛਲੇ ਦੋ ਦਹਾਕਿਆਂ ’ਚ ਦੋਹਾਂ ਦੇਸ਼ਾਂ ਦਰਮਿਆਨ ਜੋ ਭਰੋਸਾ ਬਣਿਆ ਸੀ ਉਸ ਨੂੰ ਬਹਾਲ ਕਰਨ ’ਚ ਬਹੁਤ ਲੰਬਾ ਸਮਾਂ ਲੱਗੇਗਾ।
ਟਰੰਪ ਦੇ ਰਾਜ ’ਚ ਅਮਰੀਕਾ ਨਾਲ ਸਭ ਕੁਝ ਪਹਿਲਾਂ ਵਰਗਾ ਨਹੀਂ ਰਹੇਗਾ ਪਰ ਇਕ ਦੂਜੇ ਨਾਲ ਗੱਲਬਾਤ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ। ਇਨ੍ਹਾਂ ਘਟਨਾਵਾਂ ਤੋਂ ਮਿਲੇ ਸਬਕ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ।
-ਵਿਪਿਨ ਪੱਬੀ
ਮੇਰਾ ਦਿਲ ਮੇਰੇ ਸੂਬੇ ਹਿਮਾਚਲ ਅਤੇ ਪੰਜਾਬ ਤੇ ਜੰਮੂ-ਕਸ਼ਮੀਰ ਲਈ ਰੋਂਦਾ ਹੈ
NEXT STORY