ਇਸ ਸੰਸਾਰਕ ਦੁਨੀਆਂ 'ਚ ਮਨੁੱਖ ਨੇ ਅਨੇਕਾਂ ਸ਼ੌਂਕ ਪਾਲ ਰੱਖੇ ਹਨ ਪਰ ਜੇ ਕੋਈ ਸ਼ੌਂਕ ਬਾਲ ਉਮਰ 'ਚ ਪੈ ਜਾਵੇ ਤਾਂ ਮਨੁੱਖ ਬਹੁਤ ਉਚਾਈਆਂ ਛੋਂਹਦਾ ਹੈ। ਇੱਕ ਵਿਦਿਆਰਥੀ ਅਮਰਜੋਤ ਸਿੰਘ ਵਾਸੀ ਧੂਰੀ ਨੂੰ ਪੁਰਾਤਨ ਵਸਤਾਂ ਇਕੱਠੀਆਂ ਕਰਨ ਦਾ ਅਜਿਹਾ ਸ਼ੌਂਕ ਪਿਆ ਕਿ ਉਸ ਨੇ ਆਪਣੇ ਘਰ ਚ ਹੀ ਵਿਰਾਸਤੀ ਵਸਤਾਂ ਦਾ ਮਿਊਜ਼ੀਅਮ ਬਣਾ ਲਿਆ। ਅਮਰਜੋਤ ਦੱਸਦਾ ਹੈ ਕਿ ਜਦੋਂ ਉਹ 8ਵੀਂ ਕਲਾਸ 'ਚ ਪੜਦਾ ਸੀ ਤਾਂ ਉਸ ਨੇ ਇੱਕ ਅਖਬਾਰ 'ਚ ਪੁਰਾਤਨ ਵਸਤਾਂ ਦੇ ਮਹੱਤਵ ਬਾਰੇ ਲੇਖ ਪੜ੍ਹਿਆ ਤੇ ਉਸ ਨੇ ਵੀ ਮਨ ਬਣਾ ਲਿਆ ਕਿ ਮੈਂ ਵੀ ਪੁਰਾਤਨ ਵਸਤਾਂ ਇਕੱਠੀਆਂ ਕਰਾਂ।
ਇਸ ਸ਼ੌਂਕ 'ਚ ਵੱਡੀ ਮਦਦ ਉਸ ਨੂੰ ਘਰੋਂ ਹੀ ਮਿਲੀ ਕਿਉਂਕਿ ਉਨ੍ਹਾਂ ਦੇ ਘਰ 'ਚ ਹੀ ਪੁਰਾਤਨ ਵਸਤਾਂ ਪਹਿਲਾਂ ਹੀ ਮੌਜੂਦ ਸਨ। ਜਿਵੇਂ ਕਿ ਕਿਰਪਾਨਾਂ, ਪੁਰਾਣੇ ਸਿੱਕੇ (ਕਈ ਕਿੱਲੋਂ) ਕੁੱਝ ਵੱਟੇ ਅਤੇ ਹੋਰ ਵੀ ਸਾਮਾਨ। ਉਸ ਨੇ ਆਪਣੇ ਪਿਤਾ ਜੀ ਨੂੰ ਵੀ ਆਪਣੇ ਸ਼ੌਂਕ ਨਾਲ ਜੋੜ ਲਿਆ। ਜਿੱਥੇ ਵੀ ਉਨ੍ਹਾਂ ਨੂੰ ਕੋਈ ਪੁਰਾਣੀ ਵਿਰਾਸਤੀ ਵਸਤੂ ਦੀ ਛੂਹ ਮਿਲਦੀ ਹੈ ਉਹ ਉਥੇ ਹੀ ਜਾ ਕੇ ਖਰੀਦ ਲੈਂਦੇ ਹਨ। ਭਾਵੇਂ ਉਨ੍ਹਾਂ ਨੂੰ 300 ਜਾਂ 400 ਕਿਲੋਮੀਟਰ ਦੂਰ ਦਾ ਸਫਰ ਕਿਉਂ ਨਾ ਤਹਿ ਕਰਨਾ ਪਏ। ਅੱਜ ਉਨ੍ਹਾਂ ਦੀ ਮਿਹਨਤ ਦੇ ਸਦਕੇ ਵਿਰਾਸਤੀ ਵਸਤਾਂ ਦਾ ਭੰਡਾਰ, ਮਿਊਜ਼ੀਅਮ ਦੇ ਰੂਪ 'ਚ ਉਨ੍ਹਾਂ ਦੇ ਘਰ 'ਚ ਹੀ ਸਥਾਪਤ ਹੈ। ਲੋਕੀ ਅਤੇ ਖੋਜ ਕਾਰ ਦੂਰੋਂ-ਦੁਰੋਂ ਵੇਖਣ ਆਉਂਦੇ ਹਨ ਅਤੇ ਜਿਹੜੀਆਂ ਵਸਤਾਂ ਦੀ ਸੰਖਿਆ ਉਨ੍ਹਾਂ ਕੋਲ ਵੱਧ ਜਾਂਦੀ ਹੈ ਉਨ੍ਹਾਂ ਨੂੰ ਉਹ ਖਰੀਦਣ ਵਾਲੇ ਨੂੰ ਵੇਚ ਵੀ ਦਿੰਦੇ ਹਨ।
ਕੁੱਝ ਖਾਸ ਚੀਜਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ 150 ਸਾਲ ਪੁਰਾਣੀ ਮਿੱਟੀ ਦੀ ਮਾਲਾ ਹੈ। ਉਹ ਮਿੱਟੀ ਦੇ ਮਣਕੇ ਹੱਥ ਨਾਲ ਬਣਾਕੇ ਅਤੇ ਭੱਠੀ 'ਚ ਪਕਾ ਕੇ ਬਾਅਦ 'ਚ ਰੰਗਾਂ ਨਾਲ ਬਹੁਤ ਹੀ ਖੂਬਸੂਰਤ ਮੀਨਾਕਾਰੀ ਮਣਕਿਆਂ ਉੱਪਰ ਕੀਤੀ ਹੋਈ ਹੈ। ਤਕਰੀਬਨ 300 ਸਾਲ ਪੁਰਾਣੇ 5 ਸੰਖ ਵੀ ਹਨ। ਉਹ ਵੀ ਵੱਖੋ-ਵੱਖ ਪਰਜਾਤੀਆਂ ਦੇ ਹਨ। ਸਾਰੇ ਹੀ ਵੱਜਦੇ ਹਨ। ਇਕ ਕਮਾਲ ਦੀ ਲਾਇਟ ਜਿਹੜੀ ਅੱਜ ਤੋਂ ਤਕਰੀਬਨ 100 ਸਾਲ ਪਹਿਲਾਂ ਸਾਈਕਲ ਦੇ ਮੂਰੇ ਲੱਗਦੀ ਸੀ ਉਸ 'ਚ ਮਿੱਟੀ ਦੇ ਤੇਲ ਨਾਲ ਲੈਂਪ ਵਾਂਗੂ ਚਾਨਣ ਹੁੰਦਾ ਸੀ। ਉਹ ਉਨ੍ਹਾਂ ਨੇ ਕੈਂਥਲ ਤੋਂ ਲਿਆਂਦੀ ਸੀ। ਇਕ ਕੱਪੜੇ ਸਿਆਉਣ ਵਾਲੀ ਖਾਸ ਮਸ਼ੀਨ ਵੀ ਹੈ ਜਿਹੜੀ ਕਿ 1947 ਦੀ ਵੰਡ ਵੇਲੇ ਜਿਹੜੀਆਂ ਔਰਤਾਂ ਆਪਣੇ ਪਰਿਵਾਰਾਂ ਨਾਲੋਂ ਵਿੱਛੜ ਗਈਆਂ ਸੀ ਉਨ੍ਹਾਂ ਨੂੰ ਸਰਕਾਰ ਨੇ ਕੈਂਪਾਂ 'ਚ ਰੱਖਿਆ ਤੇ ਉਨ੍ਹਾਂ ਨੂੰ ਇਹ ਮਸ਼ੀਨਾਂ ਦਿੱਤੀਆਂ ਸਨ। ਇਹ ਮਸ਼ੀਨ ਉਨ੍ਹਾਂ ਨੂੰ ਜੈਨਪੁਰ ਪਿੰਡ ਚੋਂ ਮਿਲੀ। ਇਸ ਨੂੰ ਵੇਖਣ ਸਾਰ ਉਹ 47 ਵਾਲਾ ਵਾਕਾ ਲੋਕਾਂ ਦੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ।ਉਨ੍ਹਾਂ ਕੋਲ ਭਾਰ ਤੋਲਣ ਵਾਲੇ ਰਿਆਸਤੀ ਵੱਟੇ ਵੀ ਹਨ। ਕਮਾਲ ਦੀ ਗੱਲ ਤਾਂ ਇਹ ਹੈ ਕਿ ਇਕ ਰੱਤੀ ਤੋਂ ਲੈ ਕੇ ਇਕ ਮਣ ਤੱਕ ਦੇ ਸਾਰੇ ਵੱਟੇ ਮੌਜੂਦ ਹਨ। ਜਿਨ੍ਹਾਂ ਦਾ ਭਾਰ ਕੁਆਂਟਲਾਂ 'ਚ ਬਣਦਾ ਹੈ। ਉਨ੍ਹਾਂ ਚੋਂ ਕਾਫੀ ਵੱਟੇ ਤਾਂ 200 ਸਾਲ ਤੋਂ ਵੀ ਵੱਧ ਪੁਰਾਣੇ ਹਨ।
ਪੁਰਾਣੇ ਵੱਟੇ:- ਰਿਆਸਤ ਪਟਿਆਲਾ, ਰਿਆਸਤ ਮਲੇਰਕੋਟਲਾ, ਰਿਆਸਤ ਨਾਭਾ, ਜੀਂਦ, ਫਗਵਾੜਾ, ਆਗਰਾ, ਮਥੂਰਾ, ਕੈਂਥਲ, ਦਿੱਲੀ ਤੱਕ ਦੀਆਂ ਰਿਆਸਤਾਂ ਦੇ ਹਨ।
ਉਨ੍ਹਾਂ ਕੋਲ ਕਈ ਕਿਰਪਾਨਾਂ ਜੰਗਾਂ ਯੁੱਧਾਂ ਵੇਲੇ ਦੀਆਂ ਹਨ। ਇਕ ਕਿਰਪਾਨ ਕਾਫੀ ਪੁਰਾਣੀ ਜੋ ਕਿ ਅਨਮੁੱਲੀ ਹੈ। ਕਈ ਪਾਰਖੂ ਬੰਦੇ ਉਨ੍ਹਾਂ ਨੂੰ ਮੂੰਹ ਮੰਗੀ ਕੀਮਤ ਦੇਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਉਸ ਨੂੰ ਵੇਚਣਾ ਨਹੀਂ ਚਾਹੁੰਦੇ।
ਇਕ ਊਠ ਦੀ ਕਾਠੀ ਹੈ ਜਿਹੜੀ ਕਿ ਉਹ ਹਰਿਆਣੇ 'ਚ ਖਰੀਦ ਕੇ ਲਿਆਏ ਹਨ। ਉਹ ਵੀ 300 ਸਾਲ ਪੁਰਾਣੀ ਹੈ। ਪਿਛਲੇ ਦਿਨ ਹੀ ਉਨ੍ਹਾਂ ਨੂੰ ਇਕ ਘੱਗਰਾ ਮਿਲਿਆ ਜਿਹੜਾ ਕਿ 32 ਮੀਟਰ ਲੰਮੇ ਕੱਪੜੇ ਦਾ ਬਣਿਆ ਹੋਇਆ ਹੈ ਇਹ ਜਿਸ ਤੋਂ ਲਿਆਂਦਾ ਉਸ ਨੇ ਦੱਸਿਆ ਕਿ ਇਹ ਘੱਟੋ-ਘੱਟ 100 ਸਾਲ ਪੁਰਾਣਾ ਹੈ।
ਬਾਕੀ ਹੋਰ ਸਾਮਾਨ 'ਚ ਪੁਰਾਣੇ ਗਰਾਮੋਫੋਨ ਰਿਕਾਰਡ ਪੱਥਰ ਦੇ ਰਿਕਾਰਡ ਟਿਊਬਾਂ ਵਾਲਾ ਰੇਡਿਓ, ਰੇਡਿਓ ਵਾਲਾ ਲਾਈਸੈਂਸ, ਟਿਊਬਾਂ ਵਾਲਾ ਟੈਲੀਵਿਜ਼ਨ, ਸਿਨਮੇ ਦੀਆਂ ਰੀਲਾਂ, ਪੁਰਾਣੇ ਟੈਲੀਫੋਨ, ਪੁਰਾਣੇ ਪੱਖੇ, ਹੱਥ ਪੱਖਾ, ਹੱਥ ਚੱਕੀ, ਚਰਖਾ, ਸੰਦੂਕ, ਮਧਾਣੀ, ਕੱਤਣੀ, ਕਪਾਹ ਵੇਲਣੀ, ਲਾਲਟਨ, ਲੈਂਪ, ਪੁਰਾਣੀ ਅੰਗੀਠੀ, ਬੱਤੀਆਂ ਵਾਲਾ ਸਟੋਬ, ਪਿੱਤਲ ਦਾ ਸਟੋਬ, ਲਹੋਰੀ ਇੱਟਾਂ, ਸੇਲਾ ਵੱਟਾ, ਉੱਖਲੀ, ਖੂਹ ਦੇ ਡੋਲ, ਖੂਹ ਦੀਆਂ ਟਿੰਡਾਂ, ਖੂਹ ਦੀ ਕੁੰਡੀ ਅਤੇ ਮੌਣ, ਰੋਪੜੀ ਅਤੇ ਨਿਊਲੀ ਜਿੰਦੇ, ਊਠ ਦੇ ਪੈਰ ਵਾਲੀ ਨਿਉਲ, ਪੁਰਾਤਨ ਦਵਾਤਾਂ, ਸੁਰਮੇਦਾਨੀਆਂ, ਹੁੱਕੇ, ਹੁੱਕੀਆਂ, ਜੇਬ ਘੜੀਆਂ, ਚਾਬੀ ਵਾਲਾ ਟਾਈਮ ਪੀਸ, ਮਿੱਟੀ ਦੇ ਬਰਤਨ, ਸਾਈਕਲ ਵਾਲਾ ਟੋਕਨ, 50 ਪੁਰਾਣੀ ਸੈਲਾਂ ਵਾਲੀ ਸਾਈਕਲ ਲਾਈਟ, 100 ਪੁਰਾਣਾ ਚਮੜੇ ਦਾ ਬਟੂਆ, ਪੁਰਾਤਨ ਪਿੱਤਲ, ਤਾਂਬੇ ਅਤੇ ਚਾਂਦੀ ਦੇ ਬਟਨ, ਫੁਲਕਾਰੀਆਂ ਆਦਿ।
ਪੁਰਾਤਨ ਬਰਤਨ:- ਗਾਗਰਾਂ, ਜੱਗ, ਗੜਬੇ, ਗੜਬੀਆਂ, ਕੰਗਣੀ ਵਾਲੇ ਗਿਲਾਸ, ਰੋਟੀ ਵਾਲਾ ਡੱਬਾ, ਗਹਿਣਿਆਂ ਵਾਲਾ ਡੱਬਾ, ਰੋਟੀ ਵਾਲਾ ਟਿਫਿਨ, ਕੇਤਲੀ, ਕਾਂਸੀ ਦੇ ਥਾਲ, ਕਾਂਸੀ ਦੇ ਛੰਨੇ, ਕਮੰਡਲ, ਚਿੱਪੀ, ਕਾਸਾ ਮੱਟੀ ਅਤੇ ਹੋਰ ਅਨੇਕਾਂ ਪ੍ਰਕਾਰ ਦੇ ਪਿਤੱਲ, ਤਾਂਬੇ ਅਤੇ ਮਿੱਟੀ ਦੇ ਬਰਤਨ ਮੌਜੂਦ ਹਨ।
ਪੁਰਾਤਨ ਚਾਂਦੀ ਅਤੇ ਤਾਂਬੇ ਦੇ ਸਿੱਕੇ:- ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਕਰਮ ਸਿੰਘ ਪਟਿਆਲਾ, ਮਹਾਰਾਜਾ ਰਜਿੰਦਰ ਸਿੰਘ ਪਟਿਆਲਾ, ਮਲੇਰਕੋਟਲਾ ਰਿਆਸਤ, ਜੀਂਦ ਰਿਆਸਤ, ਮਹੁੰਮਦ ਅਕਬਰ, ਮਹੁੰਮਦ ਸ਼ਾਹ ਖਿਜਲੀ ਵੰਸ਼, ਮੁਬਾਰਕ ਸ਼ਾਹ ਖਿਜਲੀ ਵੰਸ਼, ਸ਼ਾਹ ਆਲਮ, ਸ਼ਾਹਜਹਾਂ, ਤੁਗਲਕ ਸ਼ਾਹ, ਫਿਰੋਜ਼ ਸ਼ਾਹ ਤੁਗਲਕ, ਗਜਨੀ ਸ਼ਾਹ, ਸ਼ੇਰ ਸ਼ਾਹ ਸੂਰੀ, ਮਹੁੰਮਦ ਗੌਰੀ, ਕਸ਼ਮੀਰ ਸਲਤਨਤ, ਨਜੀਬਾ ਬਾਦ ਸਟੇਟ, ਅਲਿਚ ਪੁਰ ਸਟੇਟ, ਹਮਾਯੂ, ਹੈਦਰਾਬਾਦ ਸਟੇਟ, ਮਥੁਰਾ ਸਟੇਟ, ਬੀਕਾਨੇਰ ਸਟੇਟ, ਕਸੰਬੀ ਸਟੇਟ, ਜੈਪੁਰ ਸਟੇਟ, ਅਕਬਰ, ਮੁਗਲ ਬਾਦਸ਼ਾਹ ਜਹਾਂਗੀਰ, ਕੁਸ਼ਾਨ, ਬਹਿਲੋਲ ਲੋਧੀ ਦਿੱਲੀ, ਸਿਕੰਦਰ ਲੋਧੀ ਦਿੱਲੀ, ਧਾਰ ਸਟੇਟ, ਜੋਰਜ, ਐਡਵਰਡ, ਵਿਕਟੋਰੀਆ, ਆਨੇ, ਅੱਧੇ ਆਨੇ, ਦਮੜੀਆਂ, ਪੁਰਾਤਨ ਟੋਕਨ, ਪੁਰਾਤਨ ਨੋਟ, ਵਿਦੇਸ਼ੀ ਸਿੱਕੇ ਅਤੇ ਡਾਲਰ, ਪੁਰਾਤਨ ਚਿੱਠੀਆਂ, ਪੁਰਾਤਨ ਟਿਕਟਾਂ, ਪੁਰਾਤਨ ਅਸਟਾਮ ਆਦਿ ਮੌਜੂਦ ਹਨ। ਅਮਰਜੋਤ ਸਿੰਘ ਅਤੇ ਉਸ ਦੇ ਪਿਤਾ ਜੀ ਪਿਛਲੇ 5 ਸਾਲਾਂ ਤੋਂ ਪੁਰਾਤਨ ਵਸਤਾਂ ਇੱਕਠੀਆਂ ਕਰਦੇ ਆ ਰਹੇ ਹਨ ਅਜਿਹੇ ਹੋਣਹਾਰ ਵਿਦਿਆਰਥੀ ਨੂੰ ਸਾਡੀਆਂ ਸਮਾਜ ਸੇਵੀ ਸੰਸਥਾ ਅਤੇ ਸਰਕਾਰਾਂ ਵਲੋਂ ਵੀ ਮਾਣ ਸਨਮਾਨ ਮਿਲਣੇ ਚਾਹੀਦੇ ਹਨ।
ਵੈਦ ਬਲਕਾਰ ਸਿੰਘ
ਕੰਨਿਆ ਪ੍ਰਤੀ ਬਦਲੋ ਮਾਨਸਿਕ ਸੋਚ...
NEXT STORY