ਪਿਆਰੇ ਪਾਠਕੋ! ਅਸੀਂ ਅੱਜਕਲ ਸਮੁੱਚੇ ਇਲਾਕੇ ਨੂੰ ਹੀ ਆਨੰਦਪੁਰ ਸਾਹਿਬ ਜੀ ਕਹਿ ਦਿੰਦੇ ਹਾਂ। ਅਸਲ 'ਚ ਚੱਕ ਨਾਨਕੀ ਤੇ ਸ੍ਰੀ ਆਨੰਦਪੁਰ ਸਾਹਿਬ ਤਵਾਰੀਖ ਅਨੁਸਾਰ ਵੱਖ-ਵੱਖ ਹਨ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਚੱਕ ਨਾਨਕੀ ਦੀ ਨੀਂਹ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਗੁਰਦਿੱਤਾ ਜੀ ਕੋਲੋਂ 1665 ਈਸਵੀ 'ਚ ਰਖਵਾਈ ਸੀ ਤੇ ਫਿਰ ਸ੍ਰੀ ਆਨੰਦਪੁਰ ਸਾਹਿਬ ਦੀ ਨੀਂਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1686 ਈਸਵੀ ਨੂੰ ਰੱਖੀ ਸੀ। ਗੁਰਦੁਆਰਾ ਸੀਸ ਗੰਜ, ਦਮਦਮਾ ਸਾਹਿਬ ਤੇ ਭੋਰਾ ਸਾਹਿਬ, ਗੁਰੂ ਕੇ ਮਹਿਲ, ਬੱਸ ਸਟੈਂਡ, ਹਸਪਤਾਲ, ਕੁੜੀਆਂ ਦਾ ਸਰਕਾਰੀ ਸਕੂਲ, ਰੇਲਵੇ ਪੁਲ, ਪੁਲਸ ਥਾਣੇ ਦੇ ਨਾਲ ਦਾ ਬਾਗ ਆਦਿ ਇਹ ਸਾਰੇ ਹੀ ਚੱਕ ਨਾਨਕੀ ਦੀਆਂ ਹੱਦਾਂ ਅੰਦਰ ਆਉਂਦੇ ਹਨ। ਕੇਸਗੜ੍ਹ ਸਾਹਿਬ ਜੀ ਦੀ ਸੜਕ ਦੇ ਹੇਠਾਂ ਵੱਲ ਚੌਕ ਤੋਂ ਲੈ ਕੇ ਚਰਨ ਗੰਗਾ ਅਤੇ ਅਗੰਮਗੜ੍ਹ ਦੇ ਵਿਚਾਲੇ ਦਾ ਇਲਾਕਾ ਚੱਕ ਨਾਨਕੀ ਸੀ। ਸ੍ਰੀ ਆਨੰਦਪੁਰ ਸਾਹਿਬ ਵਿਚ ਕੇਸਗੜ੍ਹ ਸਾਹਿਬ ਜੀ, ਨਾਲ ਲੱਗਦੇ ਬਾਜ਼ਾਰ ਅਤੇ ਕਿਲਾ ਆਨੰਦਗੜ੍ਹ ਸਾਹਿਬ ਤਕ ਦਾ ਇਲਾਕਾ ਪੈਂਦਾ ਹੈ। ਅੱਜ ਤਾਂ ਇਹ ਸਾਰਾ ਹੀ ਇਲਾਕਾ ਸ੍ਰੀ ਆਨੰਦਪੁਰ ਸਾਹਿਬ ਅਖਵਾਉਂਦਾ ਹੈ।
ਪਿੰਡ ਮਜਾਰਾ, ਮਟੌਰ, ਲੋਦੀਪੁਰ, ਨਿੱਕੂਮਾਜਰਾ ਆਦਿ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਨਗਰ ਕੌਂਸਲ 'ਚ ਸ਼ਾਮਲ ਹਨ। ਪਿੰਡ ਚੱਕ ਹੋਲਗੜ੍ਹ, ਸਹੋਟਾ, ਅਗੰਮਪੁਰ, ਰਾਮਪੁਰ, ਜੱਜਰ, ਬਰੋਟੂ, ਥੱਪਲ ਆਦਿ ਪਿੰਡ ਜੋ ਪਹਿਲਾਂ ਚੱਕ ਨਾਨਕੀ ਦੇ ਨੇੜੇ ਸਨ, ਉਨ੍ਹਾਂ ਦੀਆਂ ਅਲੱਗ ਪੰਚਾਇਤਾਂ ਬਣੀਆਂ ਹੋਈਆਂ ਹਨ ਪਰ ਸਮੁੱਚੇ ਤੌਰ 'ਤੇ ਇਸ ਸਾਰੇ ਹੀ ਇਲਾਕੇ ਨੂੰ ਸ੍ਰੀ ਆਨੰਦਪੁਰ ਸਾਹਿਬ ਕਿਹਾ ਜਾਂਦਾ ਹੈ। ਆਓ ਅਸੀਂ ਖਾਲਸਾ ਪੰਥ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਬਾਰੇ ਜਾਣਕਾਰੀ ਲਈਏ। ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਸਿੱਖਾਂ ਦਾ ਤੀਸਰਾ ਤਖਤ ਸਾਹਿਬ ਜੀ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਉਹ ਪਵਿੱਤਰ ਅਸਥਾਨ ਹੈ, ਜਿਥੇ ਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਗੁਰੂ ਜੀ ਨੇ ਸਮੂਹ ਦੂਰ-ਦੁਰਾਡੇ ਦੀਆਂ ਸਿੱਖ ਸੰਗਤਾਂ ਨੂੰ ਸੰਦੇਸ਼ ਭੇਜ ਦਿੱਤੇ ਸਨ ਕਿ ਉਹ 1699 ਦੀ ਵਿਸਾਖੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਜ਼ਰੂਰ ਇਕੱਤਰ ਹੋਣ। ਪੁਰਾਣੇ ਸਮੇਂ ਦੀਆਂ ਮੁਸਲਮਾਨ ਖੁਫੀਆ ਅਧਿਕਾਰੀਆਂ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਇਹ ਇਕੱਠ ਹਜ਼ਾਰਾਂ ਦੀ ਗਿਣਤੀ ਪਾਰ ਕਰ ਗਿਆ ਸੀ।
ਵੱਡੀ ਗਿਣਤੀ ਵਿਚ ਇਕੱਠੀ ਹੋਈ ਸੰਗਤ ਨੂੰ ਵੇਖ ਕੇ ਗੁਰੂ ਜੀ ਦਾ ਇਕ ਸੇਵਕ ਗੁਰੂ ਮਹਿਲਾਂ ਵਿਚ ਗਿਆ ਅਤੇ ਗੁਰੂ ਜੀ ਨੂੰ ਇਸ ਦੀ ਸੂਚਨਾ ਦੇ ਦਿੱਤੀ ਕਿ ਸੰਗਤ ਬਹੁਤ ਜ਼ਿਆਦਾ ਪਹੁੰਚ ਚੁੱਕੀ ਹੈ। ਸੇਵਕ ਨੇ ਗੁਰੂ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਹੁਣ ਸੰਗਤਾਂ ਆਪ ਜੀ ਦੇ ਦਰਸ਼ਨਾਂ ਨੂੰ ਇਸ ਤਰ੍ਹਾਂ ਉਡੀਕ ਰਹੀਆਂ ਹਨ, ਜਿਵੇਂ ਚੰਦ ਦੇ ਦਰਸ਼ਨਾਂ ਨੂੰ ਚਕੋਰ। ਜਿਸ ਥਾਂ 'ਤੇ ਅੱਜਕਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ, ਇਸ ਥਾਂ 'ਤੇ ਉਸ ਵੇਲੇ ਆਸ-ਪਾਸ ਉੱਚੀਆਂ ਪਹਾੜੀਆਂ ਸਨ। ਗੁਰੂ ਜੀ ਨੇ ਇਥੇ ਵਿਸ਼ੇਸ਼ ਤੰਬੂ ਕਨਾਤ ਤੇ ਸ਼ਮਿਆਨੇ ਲਗਾਏ ਹੋਏ ਸਨ। ਗੁਰੂ ਜੀ ਦੇ ਹੱਥ ਵਿਚ ਇਕ ਨੰਗੀ ਤਲਵਾਰ ਫੜੀ ਹੋਈ ਸੀ ਅਤੇ ਚਿਹਰੇ 'ਤੇ ਇਕ ਵੱਖਰਾ ਹੀ ਜਲਾਲ ਸੀ। ਜਦੋਂ ਗੁਰੂ ਜੀ ਨੇ ਸੰਗਤ ਤੋਂ ਸੀਸ ਦੀ ਮੰਗ ਕੀਤੀ ਤਾਂ ਸਾਰੇ ਦੀਵਾਨ ਵਿਚ ਚੁੱਪ ਛਾ ਗਈ ਅਤੇ ਲੋਕ ਇਕ-ਦੂਸਰੇ ਦੇ ਮੂੰਹ ਵੱਲ ਵੇਖਣ ਲੱਗੇ। ਜਦੋਂ ਸੰਗਤ ਗੁਰੂ ਜੀ ਦੇ ਚਿਹਰੇ ਵੱਲ ਦੇਖਦੀ ਤਾਂ ਗੁਰੂ ਜੀ ਦੇ ਚਿਹਰੇ ਦਾ ਜਲਾਲ ਝੱਲਿਆ ਨਾ ਜਾਂਦਾ। ਚਾਰੇ ਪਾਸੇ ਚੁੱਪ ਛਾ ਗਈ ਵੇਖ ਕੇ ਗੁਰੂ ਜੀ ਨੇ ਇਕ ਵਾਰ ਫਿਰ ਸੰਗਤ ਨੂੰ ਲਲਕਾਰਦਿਆਂ ਸੀਸ ਦੀ ਮੰਗ ਕੀਤੀ। ਇਸ ਵਾਰ ਵੀ ਕੋਈ ਅੱਗੇ ਨਾ ਵਧਿਆ। ਸੰਗਤ 'ਚ ਘੁਸਰ-ਮੁਸਰ ਸ਼ੁਰੂ ਹੋ ਗਈ ਅਤੇ ਸਹਿਮ ਵੀ ਬੈਠ ਗਿਆ। ਜਦੋਂ ਤੀਸਰੀ ਵਾਰ ਗੁਰੂ ਜੀ ਨੇ ਇਹੋ ਵਚਨ ਦੁਹਰਾਇਆ ਤਾਂ ਲਾਹੌਰ ਦਾ ਰਹਿਣ ਵਾਲਾ ਖੱਤਰੀ ਜਾਤੀ ਦਾ ਭਾਈ ਦਇਆ ਰਾਮ ਹੱਥ ਬੰਨ੍ਹ ਕੇ ਖਲ੍ਹੋ ਗਿਆ ਅਤੇ ਗੁਰੂ ਜੀ ਦੇ ਅੱਗੇ ਆ ਕੇ ਆਪਣੀ ਗਰਦਨ ਝੁਕਾ ਲਈ। ਭਾਈ ਦਇਆ ਰਾਮ ਜੀ ਨੇ ਕਿਹਾ, ''ਹੇ! ਦੀਨ-ਦੁਨੀਆ ਦੇ ਮਾਲਕ, ਹੇ! ਸੱਚੇ ਪਾਤਿਸ਼ਾਹ ਇਹ ਸੀਸ ਆਪ ਜੀ ਦਾ ਹੀ ਹੈ। ਇਸ ਨੂੰ ਜਿਵੇਂ ਚਾਹੋ, ਤਿਵੇਂ ਵਰਤੋ।''
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਦਇਆ ਰਾਮ ਜੀ ਦੀ ਬਾਂਹ ਫੜ ਕੇ ਉਨ੍ਹਾਂ ਨੂੰ ਤੰਬੂ ਦੇ ਅੰਦਰ ਲੈ ਗਏ। ਜਦੋਂ ਗੁਰੂ ਜੀ ਭਾਈ ਦਇਆ ਰਾਮ ਨੂੰ ਅੰਦਰ ਤੰਬੂ ਵਿਚ ਲੈ ਕੇ ਗਏ, ਉਸ ਵੇਲੇ ਸਾਰਿਆਂ ਦੀਆਂ ਨਜ਼ਰਾਂ ਓਸ ਪਾਸੇ ਹੀ ਲੱਗੀਆਂ ਹੋਈਆਂ ਸਨ। ਕੁਝ ਸਮੇਂ ਬਾਅਦ ਅੰਦਰੋਂ ਜ਼ੋਰ ਨਾਲ ਤਲਵਾਰ ਚੱਲਣ ਦੀ ਆਵਾਜ਼ ਆਈ। ਲੋਕਾਂ ਦੇ ਚਿਹਰੇ ਫੱਕ ਹੋ ਗਏ। ਕੁਝ ਸਮੇਂ ਬਾਅਦ ਜਦੋਂ ਗੁਰੂ ਜੀ ਦੁਬਾਰਾ ਬਾਹਰ ਦੀਵਾਨ ਵਿਚ ਆਏ ਤਾਂ ਤਲਵਾਰ ਤੋਂ ਖੂਨ ਚੋਅ ਰਿਹਾ ਸੀ ਅਤੇ ਗੁਰੂ ਜੀ ਦੇ ਵਸਤਰਾਂ 'ਤੇ ਵੀ ਖੂਨ ਦੇ ਛਿੱਟੇ ਪਏ ਹੋਏ ਸਨ। ਹੁਣ ਗੁਰੂ ਜੀ ਨੇ ਇਕ ਵਾਰ ਫੇਰ ਉੱਚੀ ਆਵਾਜ਼ ਵਿਚ ਕਿਹਾ ਕਿ ''ਹੇ! ਮੇਰੇ ਪਿਆਰੇ ਸਿੱਖੋ ਮੈਨੂੰ ਇਕ ਸਿਰ ਦੀ ਹੋਰ ਜ਼ਰੂਰਤ ਹੈ। ਕੀ ਤੁਹਾਡੇ ਵਿਚੋਂ ਕੋਈ ਜਣਾ ਉੱਠ ਕੇ ਅੱਗੇ ਆਵੇਗਾ ਤਾਂ ਜੋ ਮੇਰੀ ਇਸ ਤਲਵਾਰ ਦੀ ਪਿਆਸ ਬੁਝਾ ਸਕੇ।''
ਗੁਰੂ ਜੀ ਦੀ ਤੀਸਰੀ ਪੁਕਾਰ ਸੁਣ ਕੇ ਭਾਈ ਦਇਆ ਰਾਮ ਜੀ ਤੋਂ ਬਾਅਦ ਹੁਣ ਹਸਤਨਾਪੁਰ ਦੇ ਜੱਟ ਜਾਤੀ ਨਾਲ ਸੰਬੰਧਤ ਭਾਈ ਧਰਮ ਰਾਏ ਜੀ ਅੱਗੇ ਵਧੇ। ਗੁਰੂ ਜੀ ਭਾਈ ਧਰਮ ਰਾਏ ਜੀ ਨੂੰ ਵੀ ਬਾਹੋਂ ਫੜ ਕੇ ਅੰਦਰ ਤੰਬੂ ਵਿਚ ਲੈ ਗਏ। ਬਹੁਤੇ ਲੋਕੀਂ ਦੀਵਾਨ ਵਿਚੋਂ ਉੱਠ ਕੇ ਸ਼ਰੇਆਮ ਭੱਜਣ ਲੱਗ ਪਏ। ਕੁਝ ਤਾਂ ਮਾਤਾ ਗੁਜਰੀ ਜੀ ਕੋਲ ਵੀ ਸ਼ਿਕਾਇਤ ਲਗਾਉਣ ਲਈ ਜਾ ਪਹੁੰਚੇ। ਉਧਰ ਗੁਰੂ ਜੀ ਤੀਸਰੀ ਵਾਰ ਫਿਰ ਭਰੇ ਦੀਵਾਨ ਵਿਚ ਲਹੂ ਨਾਲ ਲਿੱਬੜੀ-ਤਿੱਬੜੀ ਤਲਵਾਰ ਲੈ ਕੇ ਫਿਰ ਆਣ ਖਲ੍ਹੋਤੇ ਅਤੇ ਇਕ ਸਿਰ ਦੀ ਹੋਰ ਮੰਗ ਕੀਤੀ। ਸੰਗਤਾਂ ਵਿਚੋਂ ਦੌੜ ਕੇ ਗਏ ਲੋਕਾਂ ਨੇ ਮਾਤਾ ਗੁਜਰੀ ਜੀ ਨੂੰ ਸ਼ਿਕਾਇਤ ਲਗਾਈ ਕਿ ਪਤਾ ਨਹੀਂ ਗੁਰੂ ਜੀ ਨੂੰ ਕੀ ਹੋ ਗਿਆ ਹੈ। ਉਨ੍ਹਾਂ ਨੇ ਅੱਜ ਭਰੇ ਦੀਵਾਨ ਵਿਚ ਦੋ ਸਿੱਖਾਂ ਦੇ ਸਿਰ ਧੜ ਤੋਂ ਵੱਖ ਕਰ ਦਿੱਤੇ ਹਨ ਅਤੇ ਹੁਣ ਫਿਰ ਹੋਰ ਸੀਸ ਦੀ ਮੰਗ ਕਰ ਰਹੇ ਹਨ।
- ਗੁਰਪ੍ਰੀਤ ਸਿੰਘ ਨਿਆਮੀਆਂ
ਅੰਨ ਅਤੇ ਗਿਆਨ 'ਦਾਨੀ' ਸੰਤ ਏਕਨਾਥ
NEXT STORY