'ਦਇਆ ਭੰਡਾਰਣਿ' ਇਸ ਸੂਤਰ ਨੂੰ ਨਾਮ ਦਾ ਭੋਜਨ ਕਰਨ ਵਾਲਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਜਦੋਂ ਤਕ ਦਇਆ ਨਹੀਂ, ਅਰਥਾਤ ਸੁਆਰਥ ਤੇ ਅਹੰ ਭਾਉ ਹੈ, ਉਦੋਂ ਤਕ ਝੂਠੀ ਭੁੱਖ ਹੀ ਲੱਗੇਗੀ। ਸੱਚੀ ਭੁੱਖ ਲੱਗਣ ਦੀ ਨੀਂਹ ਤਾਂ ਦਇਆ-ਭਾਉ ਰੂਪੀ ਧਰਮ ਹੀ ਹੈ।
'ਘਟ ਘਟ ਵਾਜਹਿ ਨਾਦ ਆਪਿ ਨਾਥ, ਨਾਥੀ ਸਭ ਜਾ ਕੀ', ਹਰ ਇਕ ਘਟ ਵਿਚ ਉਹ ਆਦਿ ਨਾਦ 'ੴ' ਵੱਜ ਰਿਹਾ ਹੈ, ਜਿਹੜਾ ਆਦਿ ਨਾਥ ਅਕਾਲ ਪੁਰਖ ਤੋਂ ਭਿੰਨ ਨਹੀਂ ਹੈ, ਸਗੋਂ ਉਸ ਦਾ ਹੀ ਪਸਾਰਾ ਹੈ। ਇਸ ਆਦਿ ਨਾਦ ਰਾਹੀਂ ਪਸ਼ੂ, ਪੰਛੀ, ਮਨੁੱਖ, ਦੇਵ, ਦਾਨਵ ਆਦਿ ਸਭ ਨੱਥੇ ਹੋਏ ਹਨ।
ਭਾਵੇਂ ਇਹ 'ਨਾਦ' ਦਸਮ ਦੁਆਰ ਦੇ ਉਪਰਲੇ ਮੰਡਲਾਂ ਵਿਚ ਸਦਾ ਹੀ ਵੱਜਦਾ ਹੈ ਪਰ ਇਸ ਨੂੰ ਉਦੋਂ ਤਕ ਨਹੀਂ ਸੁਣਿਆ ਜਾ ਸਕਦਾ, ਜਦੋਂ ਤਕ ਸਾਧਕ ਸਿੱਖ ਦੀ ਸੁਰਤਿ ਦਸਮ ਦੁਆਰ 'ਚ ਪ੍ਰਵੇਸ਼ ਨਹੀਂ ਕਰਦੀ। ਇਸ ਆਦਿ ਨਾਦ ਨੂੰ ਇਕ ਸਿੱਖ ਉਦੋਂ ਹੀ ਸੁਣ ਸਕੇਗਾ, ਜਦੋਂ ਰੋਮ-ਰੋਮ ਅਤੇ ਫਿਰ ਸਾਰੇ ਇੰਦਰੀ ਛਿੱਦਰਾਂ ਤੋਂ ਪ੍ਰਾਣਾਂ ਦੀ ਧਾਰਾ ਉਲਟ ਕੇ ਪੰਜ ਮੁੱਖ ਸ਼ਬਦ ਧਾਰਾਵਾਂ 'ਚ ਲੀਨ ਹੁੰਦੀ ਹੋਈ ਦਸਮ ਦੁਆਰ ਤੋਂ ਪਾਰ ਪੁੱਜਦੀ ਹੈ। ਇਸ ਦੇ ਵਾਸਤੇ ਲੰਮੀ ਸਾਧਨਾ ਦੀ ਲੋੜ ਹੈ।
'ਘਟ ਘਟ ਵਾਜਹਿ ਨਾਦ' ਇਹ ਬਾਣੀ ਉਚਾਰਦੇ ਹੋਏ ਤਾਂ ਗੁਰੂ ਸਾਹਿਬ ਇਹ ਦੱਸ ਰਹੇ ਹਨ ਕਿ ਹਰ ਇਕ ਘਟ ਵਿਚ ਇਹ ਆਦਿ ਨਾਦ ਵੱਜ ਰਿਹਾ ਹੈ। ਮੁੱਖ ਪੰਜ ਸ਼ਬਦ ਨਾਦ ਤੇ ਰੋਮ-ਰੋਮ 'ਚੋਂ ਨਾਦ ਤਾਂ ਕਿਸੇ ਵਿਰਲੇ ਸਿੱਖ ਦੇ ਘਟ ਵਿਚ ਹੀ ਜਾਗ੍ਰਿਤ ਹੁੰਦੇ ਹਨ ਪਰ ਇਹ ਆਦਿ ਨਾਦ ਤਾਂ ਪਸ਼ੂ-ਪੰਛੀ ਤੇ ਹਰ ਇਕ ਮਨੁੱਖ ਵਿਚ ਸਦਾ ਹੀ ਵੱਜਦਾ ਰਹਿੰਦਾ ਹੈ। ਦਰਅਸਲ ਤਾਂ ਹਰ ਇਕ 'ਜੀਅ' ਦੇ ਅਸਤਿੱਤਵ ਦਾ ਮੂਲ ਆਧਾਰ ਇਹ ਆਦਿ ਨਾਦ ਹੀ ਹੈ ਤੇ ਇਸ ਆਦਿ ਨਾਦ ਰਾਹੀਂ ਉਹ ਅਕਾਲ ਪੁਰਖ ਨਾਲ ਸਿੱਧਾ ਹੀ ਜੁੜਿਆ ਹੋਇਆ ਰਹਿੰਦਾ ਹੈ। ਹੋਰ ਵੀ ਸਹੀ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਹ ਕਿਹਾ ਜਾਵੇਗਾ ਕਿ ਅਕਾਲ ਪੁਰਖ ਤਾਂ ਹਰ ਇਕ ਜੀਅ ਵਿਚ ਇਸ ਆਦਿ ਨਾਦ 'ੴ' ਰੂਪ ਵਿਚ ਸਦਾ ਹੀ ਵਿਦਮਾਨ ਹੈ ਪਰ ਜੀਅ ਆਪਣੀ 'ਹਉਮੈ' ਜਾਂ ਅਹੰ ਬੁੱਧ ਕਾਰਨ ਇਸ ਦਾ ਅਨੁਭਵ ਨਹੀਂ ਕਰ ਸਕਦਾ। ਇਸ ਹਉਮੈ ਦੀ ਕੂੜ ਕੰਧ ਕਾਰਨ ਹੀ ਪ੍ਰਮਾਤਮੀ ਜੋਤਿ ਦਾ ਅਵਤਰਣ ਉਸ ਦੇ ਵਿਅਕਤੀਤੱਵ ਵਿਚ ਪੂਰਾ ਪ੍ਰਕਾਸ਼ਿਤ ਵੀ ਨਹੀਂ ਹੁੰਦਾ। ਭਾਵੇਂ ਕਿ ਜੀਅ ਨੂੰ ਸੋਚਣ-ਵਿਚਾਰਨ ਦੀ, ਕੰਮਕਾਜ ਆਦਿ ਕਰਨ ਦੀ ਸ਼ਕਤੀ ਇਸ ਪ੍ਰਮਾਤਮੀ ਆਦਿ ਨਾਦ ਤੋਂ ਹੀ ਪ੍ਰਾਪਤ ਹੁੰਦੀ ਹੈ ਪਰ ਫਿਰ ਵੀ ਉਹ ਹਉਮੈ ਕਾਰਨ ਮਨਮੁਖੀ ਬਣ ਕੇ ਹੀ ਆਪਣਾ ਜੀਵਨ ਜਿਊਂਦੈ ਤੇ ਭਟਕਦਾ ਫਿਰਦੈ। ਜਿਵੇਂ ਸੂਰਜ ਦਾ ਚਾਨਣਾ ਧਰਤੀ 'ਤੇ ਸਭ ਥਾਈਂ ਸਭ ਵਾਸਤੇ ਹੈ ਪਰ ਉਸ ਚਾਨਣੇ ਵਿਚ ਕੋਈ ਚੰਗੇ ਕੰਮ ਕਰੇ ਜਾਂ ਮਾੜੇ ਕੰਮ, ਇਹ ਤਾਂ ਪ੍ਰਾਣੀ 'ਤੇ ਹੀ ਨਿਰਭਰ ਕਰਦਾ ਹੈ। ਇਹੋ ਹਾਲ ਹਉਮੈ ਕਾਰਨ ਜੀਅ ਦਾ ਹੈ।
ਫਿਰ ਵੀ ਇਕ ਗੱਲ ਜ਼ਰੂਰ ਹੈ ਕਿ ਭਾਵੇਂ ਜੀਅ ਜਿੰਨਾ ਮਰਜ਼ੀ ਹਉਮੈ ਕਾਰਨ ਮਨਮਰਜ਼ੀ ਕਰ ਲਵੇ ਪਰ ਉਹ ਪੂਰਾ ਸੁਤੰਤਰ ਕਦੇ ਵੀ ਨਹੀਂ ਹੋ ਸਕਦਾ। ''ਆਪਿ ਨਾਥੁ, ਨਾਥੀ ਸਭ ਜਾ ਕੀ' ਇਹ ਬਾਣੀ ਉਚਾਰ ਕੇ ਗੁਰੂ ਸਾਹਿਬ ਇਹੋ ਗੱਲ ਦੱਸ ਰਹੇ ਹਨ।
ਅੰਤਿਮ ਪੜਾਅ ਤਾਂ ਵਿਸ਼ਨੂੰ ਲੋਕ ਜਾਣਾ ਹੈ
NEXT STORY