ਮਾਸੀ ਦੀ ਬੇਟੀ ਮੰਜੂ ਵਿਦਾ ਹੋ ਚੁੱਕੀ ਸੀ। ਸਵੇਰ ਦੇ 8 ਵਜ ਗਏ ਸੀ। ਸਾਰੇ ਮਹਿਮਾਨ ਸੌਂ ਰਹੇ ਸੀ। ਪੂਰੇ ਘਰ 'ਚ ਉਥਲ-ਪੁਥਲ ਸੀ। ਪਰ ਮੰਜੂ ਦੀ ਵੱਡੀ ਭੈਣ ਅਲਕਾ ਜਾਗ ਗਈ ਸੀ ਤੇ ਘਰ ਵਿਚ ਖਿੱਲਰੇ ਭਾਂਡਿਆਂ ਨੂੰ ਇਕੱਠਿਆਂ ਕਰਕੇ ਰਸੋਈ ਵਿਚ ਰੱਖ ਰਹੀ ਸੀ। ਅਲਕਾ ਨੂੰ ਕੰਮ ਕਰਦਾ ਦੇਖ ਰਚਨਾ, ਜੋ ਉੱਠਣ ਬਾਰੇ ਸੋਚ ਰਹੀ ਸੀ, ਨੇ ਪੁੱਛਿਆ, ''ਅਲਕਾ ਦੀਦੀ, ਕਿੰਨੇ ਵਜੇ ਨੇ?'' ''8 ਵਜੇ ਨੇ।''
''ਤੁਸੀਂ ਹੁਣੇ ਉੱਠ ਗਏ। ਥੋੜ੍ਹਾ ਚਿਰ ਹੋਰ ਆਰਾਮ ਕਰ ਲੈਂਦੇ। ਭੈਣ ਦੇ ਵਿਆਹ ਵਿਚ ਤੁਸੀਂ ਪੂਰੀ ਰਾਤ ਜਾਗੇ। 4 ਵਜੇ ਸੁੱਤੇ ਸੀ ਆਪਾਂ ਸਾਰੇ। ਹੁਣ ਇੰਨੀ ਛੇਤੀ ਜਾਗ ਗਏ....ਘੱਟੋ-ਘੱਟ 2 ਘੰਟੇ ਤਾਂ ਹੋਰ ਆਰਾਮ ਕਰ ਲੈਂਦੇ।''
ਅਲਕਾ ਉਦਾਸ ਜਿਹਾ ਹਾਸਾ ਹੱਸਦੀ ਹੋਈ ਬੋਲੀ, ''ਸਾਡੇ ਹਿੱਸੇ ਨੀਂਦ ਕਿਥੇ ਲਿਖੀ ਹੈ। ਘੰਟੇ ਭਰ ਵਿਚ ਦੇਖੀਂ ਇਕ-ਇਕ ਕਰਕੇ ਸਭ ਉੱਠ ਜਾਣਗੇ ਤੇ ਉੱਠਦੇ ਹੀ ਸਭ ਨੂੰ ਚਾਹ-ਨਾਸ਼ਤਾ ਚਾਹੀਦੈ। ਇਹ ਜ਼ਿੰਮੇਵਾਰੀ ਮੇਰੇ ਹਿੱਸੇ ਆਉਂਦੀ ਹੈ। ਚੱਲ ਉੱਠ ਜਾ। ਸਾਲਾਂ ਮਗਰੋਂ ਮਿਲੀ ਹੈਂ....2-4 ਦਿਲ ਦੀਆਂ ਗੱਲਾਂ ਕਰ ਲਵਾਂਗੇ। ਬਾਅਦ ਵਿਚ ਤਾਂ ਮੈਂ ਸਾਰਾ ਦਿਨ ਰੁੱਝੀ ਰਹਿਣੈ। ਹੁਣ ਮੈਂ ਅੱਧਾ ਘੰਟਾ ਫਰੀ ਹਾਂ।'' ਰਚਨਾ ਅਲਕਾ ਦੀਦੀ ਦੇ ਕਹਿਣ 'ਤੇ ਝੱਟਪਟ ਬਿਸਤਰਾ ਛੱਡ ਕੇ ਉੱਠ ਗਈ। ਇਹ ਸੱਚ ਸੀ ਕਿ ਦੋਵੇਂ ਚਚੇਰੀਆਂ ਭੈਣਾਂ ਵਰ੍ਹਿਆਂ ਮਗਰੋਂ ਮਿਲੀਆਂ ਸਨ। ਪੂਰੇ 12 ਸਾਲਾਂ ਬਾਅਦ ਅਲਕਾ ਦੀਦੀ ਨੂੰ ਉਸ ਨੇ ਧਿਆਨ ਨਾਲ ਦੇਖਿਆ ਸੀ। ਇਸ ਦੌਰਾਨ ਉਸ ਨਾਲ ਪਤਾ ਨਹੀਂ ਕੀ-ਕੀ ਬੀਤਿਆ ਹੋਣਾ?
ਉਸ ਨੇ ਤਾਂ ਸਿਰਫ ਸੁਣਿਆ ਹੀ ਸੀ ਕਿ ਦੀਦੀ ਸਹੁਰੇ ਪਰਿਵਾਰ ਨੂੰ ਛੱਡ ਕੇ ਪੇਕੇ ਰਹਿਣ ਆ ਗਈ ਹੈ। ਵੈਸੇ ਤਾਂ 1-2 ਘੰਟੇ ਲਈ ਕਈ ਵਾਰ ਮਿਲੀ ਸੀ ਉਹ ਪਰ ਰਚਨਾ ਨੇ ਕਦੇ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਸੀ।
ਗਰਮੀ ਦੀਆਂ ਛੁੱਟੀਆਂ ਵਿਚ ਅਕਸਰ ਅਲਕਾ ਦੀਦੀ ਦਿੱਲੀ ਆਉਂਦੀ ਤਾਂ ਹਫਤਾ ਭਰ ਨਾਲ ਰਹਿੰਦੀ। ਖੂਬ ਨਿਭਦੀ ਸੀ ਦੋਹਾਂ ਵਿਚ ਪਰ ਸਭ ਸਮੇਂ ਦੀ ਗੱਲ ਸੀ। ਰਚਨਾ ਫ੍ਰੈੱਸ਼ ਹੋ ਕੇ ਆਈ ਤਾਂ ਦੇਖਿਆ ਅਲਕਾ ਦੀਦੀ ਵਿਹੜੇ ਵਿਚ ਕੁਰਸੀ 'ਤੇ ਇਕੱਲੀ ਬੈਠੀ ਸੀ। ''ਆ ਜਾ ਇਥੇ....ਦੋਵੇਂ ਗੱਪਾਂ ਮਾਰਾਂਗੇ....ਇਕ ਵਾਰ ਬਚਪਨ ਦੀਆਂ ਯਾਦਾਂ ਤਾਜ਼ਾ ਕਰ ਲਈਏ।'' ਅਲਕਾ ਦੀਦੀ ਬੋਲੀ ਤੇ ਫਿਰ ਦੋਵੇਂ ਚਾਹ ਦੀਆਂ ਚੁਸਕੀਆਂ ਲੈਣ ਲੱਗੀਆਂ।
''ਦੀਦੀ ਤੁਹਾਡੇ ਨਾਲ ਤੁਹਾਡੇ ਸਹੁਰਿਆਂ ਨੇ ਅਜਿਹਾ ਕੀ ਕੀਤਾ ਕਿ ਤੁਸੀਂ ਉਨ੍ਹਾਂ ਨੂੰ ਛੱਡ ਕੇ ਹਮੇਸ਼ਾ ਵਾਸਤੇ ਇਥੇ ਆ ਗਏ?''
''ਰਚਨਾ ਤੈਥੋਂ ਕੀ ਛੁਪਾਉਣਾ। ਤੂੰ ਮੇਰੀ ਭੈਣ ਵੀ ਹੈਂ ਤੇ ਸਹੇਲੀ ਵੀ। ਦਰਅਸਲ ਮੈਂ ਹੀ ਆਕੜੀ ਹੋਈ ਸੀ। ਪਾਪਾ ਦੀ ਸਿਰ ਚੜ੍ਹੀ ਲਾਡਲੀ ਸੀ। ਸੋ ਸਹੁਰਿਆਂ ਦੀ ਕੋਈ ਵੀ ਅਜਿਹੀ ਗੱਲ, ਜਿਹੜੀ ਮੈਨੂੰ ਚੰਗੀ ਨਾ ਲੱਗਦੀ, ਉਸ ਦਾ ਜਵਾਬ ਦੇ ਦਿੰਦੀ ਸੀ। ਪਾਪਾ ਹਮੇਸ਼ਾ ਕਹਿੰਦੇ ਸੀ ਕਿ ਉਹ ਜੇ ਇਕ ਕਹਿੰਦੇ ਹਨ ਤਾਂ ਤੂੰ 4 ਸੁਣਾਇਆ ਕਰ। ਪਾਪਾ ਨੂੰ ਆਪਣੇ ਪੈਸਿਆਂ ਦਾ ਬੜਾ ਘੁਮੰਡ ਸੀ, ਜਿਹੜਾ ਮੈਨੂੰ ਵੀ ਸੀ....।''
ਦੀਦੀ ਨੇ ਚਾਹ ਦਾ ਘੁੱਟ ਭਰਦਿਆਂ ਅੱਗੇ ਕਿਹਾ, ''ਗਲਤੀ ਤਾਂ ਸਭ ਤੋਂ ਹੁੰਦੀ ਹੈ ਪਰ ਮੇਰੀ ਗਲਤੀ 'ਤੇ ਕੋਈ ਮੈਨੂੰ ਕੁਝ ਆਖੇ, ਮੈਥੋਂ ਸਹਿਣ ਨਹੀਂ ਸੀ ਹੁੰਦਾ। ਬਸ ਮੇਰਾ ਤੇਜ਼ ਸੁਭਾਅ ਹੀ ਮੇਰਾ ਵੈਰੀ ਬਣ ਗਿਆ....।''
ਚਾਹ ਖਤਮ ਹੋ ਗਈ ਸੀ। ਦੀਦੀ ਦੇ ਦੁੱਖਾਂ ਦੀ ਕਥਾ ਅਜੇ ਬਾਕੀ ਸੀ। ਸੋ ਅੱਗੇ ਬੋਲੀ, ''ਮੇਰੇ ਸੱਸ-ਸਹੁਰਾ ਸਮਝਾਉਂਦੇ ਕਿ ਬੇਟਾ ਇੰਨੇ ਤੇਜ਼ ਸੁਭਾਅ ਨਾਲ ਘਰ ਨਹੀਂ ਚੱਲਦੇ। ਮੇਰੇ ਪਤੀ ਸੁਰੇਸ਼ ਵੀ ਮੇਰੇ ਇਸ ਸੁਭਾਅ ਤੋਂ ਕਾਫੀ ਦੁਖੀ ਸਨ ਪਰ ਮੈਨੂੰ ਕਿਸੇ ਦੀ ਪਰਵਾਹ ਨਹੀਂ ਸੀ।''
''ਇਕ ਸਾਲ ਬਾਅਦ ਅਲੋਕ ਦਾ ਜਨਮ ਹੋਇਆ। ਮੈਂ ਕਿਹਾ ਕਿ 40 ਦਿਨਾਂ ਬਾਅਦ ਮੈਂ ਮੰਮੀ-ਪਾਪਾ ਦੇ ਘਰ ਜਾਵਾਂਗੀ। ਇਹ ਘਰ ਠੰਡਾ ਹੈ। ਬੱਚੇ ਨੂੰ ਠੰਡ ਲੱਗ ਜਾਵੇਗੀ।''
ਮੈਂ ਦੀਦੀ ਦਾ ਚਿਹਰਾ ਦੇਖ ਰਹੀ ਸੀ। ਉਥੇ ਖ਼ੁਦ ਦੇ ਸੰਵੇਗਾਂ ਤੋਂ ਇਲਾਵਾ ਕੁਝ ਨਹੀਂ ਸੀ।
ਮੈਂ ਜ਼ਿੱਦ ਕਰਕੇ ਪੇਕੇ ਆ ਗਈ ਤੇ ਫਿਰ ਨਾ ਗਈ। 6 ਮਹੀਨੇ....ਇਕ ਸਾਲ...2 ਸਾਲ ਤੇ ਫਿਰ ਕਿੰਨੇ ਹੀ ਸਾਲ ਲੰਘ ਗਏ। ਮੈਨੂੰ ਲੱਗਾ ਇਕ ਨਾ ਇਕ ਦਿਨ ਉਹ ਜ਼ਰੂਰ ਆਉਣਗੇ ਮੈਨੂੰ ਲੈਣ ਲਈ ਪਰ ਕੋਈ ਨਾ ਆਇਆ। ਕੁਝ ਸਾਲ ਲੰਘੇ ਤਾਂ ਪਤਾ ਲੱਗਾ ਕਿ ਸੁਰੇਸ਼ ਨੇ ਦੂਜਾ ਵਿਆਹ ਕਰਵਾ ਲਿਆ ਹੈ।'' ਤੇ ਫਿਰ ਅਚਾਨਕ ਉਹ ਭੁੱਬੀਂ ਰੋ ਪਈ।
ਮੈਂ 20 ਸਾਲ ਪਹਿਲਾਂ ਵਾਲੀ ਉਸ ਦੀਦੀ ਨੂੰ ਯਾਦ ਕਰ ਰਹੀ ਸੀ ਜਿਸ 'ਤੇ ਸੁਹੱਪਣ ਦੀ ਬਰਸਾਤ ਸੀ। ਹਰ ਲੜਕਾ ਉਨ੍ਹਾਂ ਨਾਲ ਦੋਸਤੀ ਕਰਨ ਲਈ ਮੌਕੇ ਤਲਾਸ਼ਦਾ ਸੀ ਪਰ ਅੱਜ 35 ਸਾਲ ਦੀ ਉਮਰ 'ਚ ਹੀ ਉਹ 45 ਦੀ ਲਗਦੀ ਹੈ। ਇਸ ਉਮਰ 'ਚ ਹੀ ਚਿਹਰਾ ਝੁਰੜੀਆਂ ਨਾਲ ਭਰ ਗਿਆ ਸੀ। ਮੈਨੂੰ ਇਕ ਟੱਕ ਉਨ੍ਹਾਂ ਨੂੰ ਦੇਖਦਿਆਂ ਕਾਫੀ ਦੇਰ ਹੋ ਗਈ ਤਾਂ ਉਹ ਬੋਲੀ, ''ਮੇਰੇ ਇਸ ਬੁੱਢੇ ਸਰੀਰ ਨੂੰ ਦੇਖ ਰਹੀ ਹੈਂ... ਪਰ ਇਸ ਘਰ 'ਚ ਮੇਰੀ ਇੱਜ਼ਤ ਕੋਈ ਨਹੀਂ ਕਰਦਾ। ਦੇਖਦੀ ਨਹੀਂ ਮੇਰੇ ਭਰਾ ਤੇ ਭਾਬੀਆਂ ਨੂੰ। ਉਹ ਮੇਰੇ ਬੇਟੇ ਅਲੋਕ ਤੇ ਮੈਨੂੰ ਨੌਕਰਾਂ ਨਾਲੋਂ ਵੀ ਭੈੜੇ ਸਮਝਦੇ ਨੇ। ਪਹਿਲਾਂ ਸਭ ਠੀਕ ਸੀ। ਪਾਪਾ ਦੇ ਗੁਜ਼ਰਦਿਆਂ ਹੀ ਸਭ ਬਦਲ ਗਏ। ਭਾਬੀਆਂ ਘਸੀਆਂ- ਪਿਟੀਆਂ ਸਾੜ੍ਹੀਆਂ ਮੈਨੂੰ ਪਹਿਨਣ ਨੂੰ ਦੇ ਦਿੰਦੀਆਂ ਨੇ ਤੇ ਭਤੀਜਿਆਂ ਦੀਆਂ ਪੁਰਾਣੀਆਂ ਪੈਂਟਾਂ-ਕਮੀਜ਼ਾਂ ਮੇਰੇ ਬੇਟੇ ਦੇ ਹਿੱਸੇ ਆਉਂਦੀਆਂ ਨੇ। ਇਨ੍ਹਾਂ ਦੇ ਬੱਚੇ ਪਬਲਿਕ ਸਕੂਲਾਂ 'ਚ ਪੜ੍ਹਦੇ ਨੇ ਤੇ ਮੇਰਾ ਬੇਟਾ ਸਰਕਾਰੀ ਸਕੂਲ 'ਚ, 15 ਸਾਲ ਦਾ ਹੈ ਅਲੋਕ 7ਵੀਂ 'ਚ ਹੀ ਬੈਠਾ ਹੈ। 3 ਵਾਰ 7ਵੀਂ 'ਚ ਫੇਲ ਹੋ ਚੁੱਕਾ ਹੈ, ਹੁਣ ਕੀ ਆਖਾਂ?''
ਦੀਦੀ ਨੇ ਸਾੜ੍ਹੀ ਦੇ ਪੱਲੇ ਨਾਲ ਅੱਖਾਂ ਪੂੰਝ ਕੇ ਹੌਲੀ ਜਿਹੇ ਕਿਹਾ,''ਭਰਾ ਆਪਣੇ ਪੁੱਤਰਾਂ ਲਈ ਜ਼ਮੀਨ 'ਤੇ ਜ਼ਮੀਨ ਖਰੀਦ ਰਹੇ ਹਨ ਪਰ ਮੇਰੇ ਬੇਟੇ ਲਈ ਕੀ ਹੈ, ਕੁਝ ਨਹੀਂ। ਘਰ ਦੇ ਸਾਰੇ ਲੋਕ ਗਰਮੀਆਂ ਦੀਆਂ ਛੁੱਟੀਆਂ 'ਚ ਘੁੰਮਣ ਜਾਂਦੇ ਹਨ ਤੇ ਸਾਨੂੰ ਇੱਥੇ ਬੀਮਾਰ ਮੰਮੀ ਦੀ ਸੇਵਾ ਤੇ ਘਰ ਦੀ ਰਖਵਾਲੀ ਲਈ ਛੱਡ ਜਾਂਦੇ ਨੇ।''
''ਤੂੰ ਤਾਂ ਆਪਣੀ ਹੈਂ? ਤੈਥੋਂ ਕੀ ਲੁਕਾਉਣਾ। ਜਵਾਨ ਜੋੜਿਆਂ ਨੂੰ ਹੱਥ 'ਚ ਹੱਥ ਪਾਈ ਘੁੰਮਦੇ ਦੇਖਦੀ ਹਾਂ ਤਾਂ ਮਨ ਤੜਪ ਕੇ ਰਹਿ ਜਾਂਦਾ ਹੈ।
ਮੈਂ ਦੀਦੀ ਨੂੰ ਇਕ ਟੱਕ ਦੇਖ ਰਹੀ ਸੀ ਪਰ Îਉਹ ਥੱਕੀ ਆਵਾਜ਼ 'ਚ ਕਹਿ ਰਹੀ ਸੀ, ''ਰਚਨਾ ਅੱਜ ਮੈਂ ਬੰਦ ਕਮਰੇ ਦਾ ਉਹ ਪੰਛੀ ਹਾਂ ਜਿਸ ਨੇ ਆਪਣੇ ਪਰਾਂ ਨੂੰ ਖੁਦ ਕਮਰੇ ਦੀਆਂ ਕੰਧਾਂ ਨਾਲ ਟੱਕਰਾਂ ਮਾਰ ਕੇ ਤੋੜ ਦਿੱਤਾ ਹੈ। ਅੱਜ ਮੈਂ ਇਕ ਖਾਲੀ ਬਰਤਨ ਹਾਂ, ਜਿਸ ਨੂੰ ਜਿਹੜਾ ਚਾਹੇ ਪੈਰ ਮਾਰ ਕੇ ਇਧਰ ਤੋਂ ਓਧਰ ਰੋੜ੍ਹ ਰਿਹਾ ਹੈ। ਇਸ ਇਕੱਲੇਪਣ ਦੀ ਦੋਸ਼ੀ ਮੈਂ ਖੁਦ ਹਾਂ।''
ਦੀਦੀ ਦਾ ਰੋਣਾ ਦੇਖਿਆ ਨਹੀਂ ਜਾਂਦਾ ਸੀ ਪਰ ਅੱਜ ਮੈਂ ਉਨ੍ਹਾਂ ਨੂੰ ਰੋਕਣਾ ਨਹੀਂ ਚਾਹੁੰਦੀ ਸੀ। ਉਨ੍ਹਾਂ ਦੇ ਮਨ 'ਚ ਜੋ ਸੀ, ਉਸ ਨੂੰ ਵਹਿ ਜਾਣ ਦੇਣਾ ਚਾਹੁੰਦੀ ਸੀ।
ਥੋੜ੍ਹੀ ਦੇਰ ਚੁੱਪ ਰਹਿਣ ਮਗਰੋਂ ਅਲਕਾ ਦੀਦੀ ਅੱਗੇ ਬੋਲੀ,''ਸੱਚ ਤਾਂ ਇਹ ਹੈ ਕਿ ਮੇਰੀ ਗਲਤੀ ਦੀ ਸਜ਼ਾ ਮੇਰਾ ਬੇਟਾ ਵੀ ਭੁਗਤ ਰਿਹਾ ਹੈ...ਮੈਂ ਉਸ ਨੂੰ ਉਹ ਸਭ ਕੁਝ ਨਹੀਂ ਦੇ ਸਕੀ, ਜਿਸ ਦਾ ਕਿ ਉਹ ਹੱਕਦਾਰ ਸੀ...ਨਾ ਪਿਤਾ ਦਾ ਪਿਆਰ, ਨਾ ਸੁੱਖ-ਸਹੂਲਤਾਂ ਵਾਲਾ ਜੀਵਨ...ਕੁਝ ਵੀ ਤਾਂ ਨਾ ਮਿਲਿਆ। ਸੋਚਦੀ ਹਾਂ ਆਖਿਰ ਮੈਂ ਇਹ ਕੀ ਕਰ ਲਿਆ। ਆਪਣੇ ਨਾਲ ਉਸ ਨੂੰ ਵੀ ਬੰਦ ਗਲੀ ਵਿਚ ਲੈ ਆਈ... ਕਿਉਂ ਮੈਂ ਉਸ ਦੀ ਖੁਸ਼ੀਆਂ ਦੀ ਖਿੜਕੀ ਬੰਦ ਕਰ ਦਿੱਤੀ?'' ਤੇ ਦੀਦੀ ਨੂੰ ਫਿਰ ਰੋਣਾ ਆ ਗਿਆ।
ਉਨ੍ਹਾਂ ਦਾ ਰੋਣਾ ਸੁਣ ਕੇ 2-3 ਰਿਸ਼ਤੇਦਾਰ ਵੀ ਆ ਗਏ ਪਰ ਚੰਗਾ ਹੋਇਆ ਕਿ ਉਦੋਂ ਹੀ ਭੂਆ ਨੇ ਰਸੋਈ 'ਚੋਂ ਆਵਾਜ਼ ਦਿੱਤੀ, ''ਨੀ ਅਲਕਾ..ਆ ਜਲਦੀ..ਆਲੂ ਉੱਬਲ ਗਏ ਨੇ..।''
ਦੀਦੀ ਸਾੜ੍ਹੀ ਦੇ ਪੱਲੇ ਨਾਲ ਆਪਣੀਆਂ ਅੱਖਾਂ ਪੂੰਝਦਿਆਂ ਉੱਠ ਬੈਠੀ ਤੇ ਫਿਰ ਬੋਲੀ, ''ਦੇਖ ਮੈਨੂੰ ਪਤਾ ਹੈ ਕਿ ਤੂੰ ਵੀ ਆਪਣੀ ਮਾਂ ਕੋਲ ਆ ਗਈ ਹੈਂ ਪਤੀ ਨੂੰ ਛੱਡ ਕੇ ਪਰ ਸੁਣ ਇੱਜ਼ਤ ਦੀ ਜ਼ਿੰਦਗੀ ਜਿਊਣੀ ਹੈ ਤਾਂ ਆਪਣਾ ਘਰ ਨਾ ਛੱਡ, ਅਲਕਾ ਦੀਦੀ ਦੀ ਗੱਲ ਸੁਣ ਕੇ ਰਚਨਾ ਉਧੇੜ-ਬੁਣ 'ਚ ਪੈ ਗਈ। ਇਹ ਇਕ ਭਿਆਨਕ ਸੱਚ ਸੀ। ਉਸ ਨੂੰ ਲੱਗਿਆ ਕਿ ਰਾਜੇਸ਼ ਤੇ ਉਸ ਵਿਚਕਾਰ ਜ਼ਰਾ ਜਿਹੀ ਬਹਿਸ ਹੀ ਤਾਂ ਹੋਈ ਹੈ। ਰਾਜੇਸ਼ ਨੇ ਕਿਸੇ ਛੋਟੀ ਜਿਹੀ ਗਲਤੀ 'ਤੇ ਉਸ ਨੂੰ ਥੱਪੜ ਮਾਰ ਦਿੱਤਾ ਸੀ ਪਰ ਬਾਅਦ 'ਚ ਮੁਆਫੀ ਵੀ ਮੰਗ ਲਈ ਸੀ। ਫਿਰ ਰਚਨਾ ਦੀ ਮਾਂ ਨੇ ਵੀ ਉਸ ਨੂੰ ਸਮਝਾਇਆ ਸੀ ਕਿ ਇੰਝ ਘਰ ਨਹੀਂ ਛੱਡਦੇ ਹੁੰਦੇ। ਉਸ ਨੇ ਤਾਂ ਤੇਰੇ ਕੋਲੋਂ ਮੁਆਫੀ ਵੀ ਮੰਗ ਲਈ ਹੈ। ਤੂੰ ਵਾਪਿਸ ਚਲੀ ਜਾਹ।
ਰਚਨਾ ਸੋਚ ਰਹੀ ਸੀ ਕਿ ਜੇ ਕੱਲ ਨੂੰ ਉਸ ਦੇ ਭਰਾ-ਭਾਬੀ ਵੀ ਅਲੋਕ ਦੀ ਤਰ੍ਹਾਂ ਉਸ ਦੇ ਬੇਟੇ ਨਾਲ ਮਾੜਾ ਸਲੂਕ ਕਰਨਗੇ ਤਾਂ ਕੀ ਪਤਾ ਮੇਰੇ ਨਾਲ ਵੀ ਦੀਦੀ ਵਾਂਗ ਹੀ ਕੁਝ ਹੋਵੇਗਾ....ਫੇਰ....ਨਹੀਂ....ਨਹੀਂ....ਕਹਿ ਕੇ ਰਚਨਾ ਨੇ ਘਬਰਾ ਕੇ ਅੱਖਾਂ ਬੰਦ ਕਰ ਲਈਆਂ ਤੇ ਥੋੜ੍ਹੀ ਦੇਰ ਬਾਅਦ ਹੀ ਪੈਕਿੰਗ ਕਰਨ ਲੱਗੀ ਆਪਣੇ ਘਰ.... ਮਤਲਬ ਰਾਜੇਸ਼ ਦੇ ਘਰ ਜਾਣ ਲਈ। ਉਸ ਨੇ ਬੰਦ ਖਿੜਕੀ ਖੋਲ੍ਹਣੀ ਸੀ, ਜਿਸ ਨੂੰ ਉਸ ਦੇ ਹੰਕਾਰ ਨੇ ਬੰਦ ਕਰ ਦਿੱਤਾ ਸੀ। ਵਾਰ-ਵਾਰ ਉਸ ਦੇ ਕੰਨਾਂ 'ਚ ਅਲਕਾ ਦੀਦੀ ਦੀ ਇਹ ਗੱਲ ਗੂੰਜ ਰਹੀ ਸੀ ਕਿ ਰਚਨਾ ਇੱਜ਼ਤ ਨਾਲ ਰਹਿਣਾ ਚਾਹੁੰਦੀ ਹੈਂ ਤਾਂ ਆਪਣਾ ਘਰ ਕਦੇ ਨਾ ਛੱਡੀਂ।
—ਮ੍ਰਿਦੁਲਾ ਨਰੂਲਾ
ਪੰਜਾਬੀ ਰੂਪ: ਹਰਿੰਦਰ ਸਿੰਘ ਗੋਗਨਾ
ਇਕ ਕੰਜੂਸ ਨਾਲ ਭੇਂਟ-ਵਾਰਤਾ
NEXT STORY