''ਢੋਲ ਵਾਲਿਆ, ਢੋਲ ਵਾਲਿਆ, ਢੋਲ ਵਜਾ ਤੇ ਡਗਾ ਢੋਲ 'ਤੇ ਲਗਾ ਤੇ ਅੱਜ ਦਾ ਤਾਜ਼ਾ ਸਮਾਚਾਰ ਸੁਣਾ।''
ਏਨਾ ਕਹਿ ਬੱਬੂ ਬਾਜ਼ੀਗਰ ਢੋਲ ਵਜਾਉਣ ਲੱਗਾ। ਜਿਉਂ ਹੀ ਢੋਲ ਵੱਜਣਾ ਸ਼ੁਰੂ ਹੋਇਆ, ਲੋਕ ਇਕੱਠੇ ਹੋ ਗਏ। ਲੋਕਾਂ ਵਿਚ ਨਿੱਕੇ ਨਿਆਣੇ, ਬਜ਼ੁਰਗ ਔਰਤਾਂ ਤੇ ਗੱਭਰੂ ਸ਼ਾਮਿਲ ਸਨ। ਬੱਬੂ ਕਿੰਨੀ ਦੇਰ ਢੋਲ ਵਜਾਉਂਦਾ ਰਿਹਾ। ਫਿਰ ਉਸ ਨੇ ਢੋਲ ਵਜਾਉਣਾ ਬੰਦ ਕੀਤਾ। ਉਸ ਬੋਲਣਾ ਸ਼ੁਰੂ ਕੀਤਾ :
''ਲਓ ਬਈ ਤਾਜ਼ਾ ਸਮਾਚਾਰ ਸੁਣੋ। ਪਿੰਡ ਵਾਸੀਓ¸ਨਗਰ ਵਾਸੀਓ। ਦਿੱਲੀ ਵਿਚ ਜਿਹੜਾ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੁੱਧ ਮਰਨ ਵਰਤ ਰੱਖਿਆ ਸੀ, ਉਹ ਖਤਮ ਹੋ ਗਿਆ ਹੈ। ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਕਾਨੂੰਨ ਬਣਾਉਣਾ ਮੰਨ ਲਿਆ ਹੈ। ਹੁਣ ਪੰਜਾਬ ਵਿਚ ਵੀ ਕੋਈ ਰਿਸ਼ਵਤਖੋਰੀ ਨਹੀਂ ਚੱਲੇਗੀ। ਜਿਹੜਾ ਕੋਈ ਰਿਸ਼ਵਤ ਲਵੇ ਜਾਂ ਮੰਗੇ, ਉਸ ਦੀ ਰਿਪੋਟ ਸਰਕਾਰ ਨੂੰ ਕੀਤੀ ਜਾਵੇ। ਕੱਲ ਪਿੰਡ ਵਿਚ ਪਹਿਲਾਂ ਮਿੱਥੇ ਸਮੇਂ ਮੁਤਾਬਿਕ ਸੰਗਤ ਦਰਸ਼ਨ ਹੋਵੇਗਾ। ਤਹਿਸੀਲਦਾਰ ਸਾਹਿਬ ਪਿੰਡ ਵਿਚ ਪਹੁੰਚ ਚੁੱਕੇ ਹਨ, ਕੱਲ ਮੁੱਖ ਮੰਤਰੀ ਸਾਹਿਬ ਪਹੁੰਚਣਗੇ। ਸਾਡੇ ਐੱਮ. ਐੱਲ. ਏ. ਅਤੇ ਮਾਲ ਮੰਤਰੀ ਸਾਹਿਬ ਵੀ ਆਉਣਗੇ। ਸਾਰੀ ਸਾਧ-ਸੰਗਤ ਲੰਗਰ ਗੁਰਦੁਆਰਾ ਸਾਹਿਬ ਵਿਚ ਹੀ ਛਕੇਗੀ। ਸ਼ਿਕਾਇਤਾਂ, ਤਕਲੀਫਾਂ ਦਾ ਹੱਲ ਮੌਕੇ 'ਤੇ ਹੀ ਕੀਤਾ ਜਾਵੇਗਾ। ਹਲਕੇ ਦਾ ਪਟਵਾਰੀ ਜਾਂ ਪੁਲਸੀਆ ਰਿਸ਼ਵਤ ਮੰਗੇ ਤਾਂ ਮੌਕੇ 'ਤੇ ਹੀ ਦੱਸੋ, ਲਿਖਤੀ ਸ਼ਿਕਾਇਤ ਦੇਵੋ ਜੀ.....।''
ਬੱਬੂ ਨੇ ਢੋਲ 'ਤੇ ਡਗਾ ਮਾਰਿਆ ਤੇ ਢੋਲ ਵਜਾਉਂਦਾ ਅੱਗੇ ਨੂੰ ਚੱਲ ਪਿਆ। ਇਕ-ਦੋ ਗਲੀਆਂ ਛੱਡ ਕੇ ਬੱਬੂ ਨੇ ਫਿਰ ਢੋਲ ਵਜਾਇਆ ਤੇ ਫਿਰ ਸੰਗਤ ਦਰਸ਼ਨ ਦਾ ਹੋਕਾ ਦਿੱਤਾ ਤੇ ਕਿਹਾ, ''ਹੁਣ ਉਮੀਦ ਹੈ ਅੰਨਾ ਹਜ਼ਾਰੇ ਦੇਸ਼ ਦਾ ਸੁਧਾਰ ਕਰ ਸਕਣਗੇ। ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ। ਗਰੀਬ ਆਦਮੀ ਵੀ ਰੋਟੀ ਖਾ ਸਕੇਗਾ....।'' ਬੱਬੂ ਢੋਲ ਬੰਦ ਕਰਕੇ ਖੜ੍ਹ ਗਿਆ।
''ਓਏ ਬੱਬੂ ਜਾਹ ਤੇਰੀ ਦਿਹਾੜੀ ਪੈ ਗਈ ਹੈ। ਤੇਰੇ ਪੈਸੇ ਤੈਨੂੰ ਮਿਲ ਗਏ ਹੋਣੇ, ਇਸ ਕੁਰੱਪਸ਼ਨ ਨੂੰ ਕੋਈ ਖਤਮ ਨਹੀਂ ਕਰ ਸਕਦਾ, ਇਹ ਸਾਡੇ ਹੱਡਾਂ ਵਿਚ ਵੜ ਚੁੱਕੀ ਹੈ।'' ਸਾਹਮਣੇ ਵਾਲਾ ਜਥੇਦਾਰ ਬੋਲਿਆ।
''ਨਹੀਂ ਜਨਾਬ, ਸਰਕਾਰ ਹੁਣ ਸਖਤ ਏ।'' ਬੱਬੂ ਨੇ ਢੋਲ 'ਤੇ ਡਗਾ ਲਾਇਆ। ਢੋਲ ਫਿਰ ਬੰਦ ਕੀਤਾ।
ਜਥੇਦਾਰ ਫਿਰ ਬੋਲਿਆ, ''ਆਹ ਦੇਖ ਪਰਸੋਂ ਦੀ ਅਖ਼ਬਾਰ ਦੀ ਖ਼ਬਰ ਪਤਾ ਕੀ ਲਿਖਿਆ ਈ? ਲਿਖਿਆ ਏ ਕਿ ਇਕ ਤਹਿਸੀਲਦਾਰ ਚਾਰ ਲੱਖ ਰਿਸ਼ਵਤ ਲੈਂਦਾ ਰੰਗੇ ਹੱਥੀਂ ਫੜਿਆ ਗਿਆ। ਗ੍ਰਿਫਤਾਰ ਹੋਇਆ। ਮਹੀਨਾ ਜੇਲ 'ਚ ਬੰਦ ਰਿਹਾ। ਸਸਪੈਂਡ ਰਿਹਾ। ਕੇਸ ਦਰਜ ਹੋਇਆ। ਲੋਕਾਂ ਨੂੰ ਲੱਗਦਾ ਸੀ ਸਜ਼ਾ ਹੋਵੇਗੀ ਪਰ ਸਰਕਾਰ ਦਾ ਕਮਾਲ ਦੇਖੋ, ਤਹਿਸੀਲਦਾਰ ਬਹਾਲ ਹੋ ਗਿਆ ਤੇ ਵਧੀਆ ਜਗ੍ਹਾ ਫਿਰ ਪੋਸਟਿੰਗ, ਫਿਰ ਧੜਾਧੜ ਰਜਿਸਟਰੀਆਂ ਤੇ ਫਿਰ ਕਮਾਈ.....।''
''ਇਹ ਪਹਿਲਾਂ ਦੀਆਂ ਗੱਲਾਂ ਨੇ ਜਥੇਦਾਰਾ, ਨਾਲੇ ਸਰਕਾਰ ਵੀ ਤੁਹਾਡੀ ਹੈ ਪਰ ਹੁਣ ਅੰਨਾ ਹਜ਼ਾਰੇ ਦਾ ਜਾਦੂ ਚੱਲੇਗਾ। ਕੱਲ ਤੁਸੀਂ ਆਓ ਨਾ ਸੰਗਤ ਦਰਸ਼ਨ ਵਿਚ। ਇਹ ਗੱਲ ਵੀ ਕਰੋ। ਉਥੇ ਨਾਲੇ ਮਾਲ ਮੰਤਰੀ ਵੀ ਆ ਰਹੇ ਹਨ.....'' ਬੱਬੂ ਖਚਰਾ ਹਾਸਾ ਹੱਸਿਆ।
''ਨਹੀਂ, ਬੱਬੂ ਸੰਗਤ ਦਰਸ਼ਨ ਵਿਚ ਨਹੀਂ ਆਇਆ ਜਾਣਾ। ਚਾਰ ਦਿਨ ਪਹਿਲਾਂ ਪਾਰਟੀ ਨੇ ਕਚਹਿਰੀਆਂ ਸਾਹਮਣੇ ਧਰਨਾ ਦਿੱਤਾ ਸੀ। ਮਾਲ ਮਤਰੀ ਵੀ ਉਥੇ ਆਏ ਸਨ। ਇਕ ਪੱਤਰਕਾਰ ਨੇ ਮਾਲ ਮੰਤਰੀ ਨੂੰ ਇਸ ਤਹਿਸੀਲਦਾਰ ਦੇ ਮੁਅੱਤਲ ਹੋਣ ਬਾਰੇ ਤੇ ਫਿਰ ਬਹਾਲ ਕਰਨ ਦਾ ਸਵਾਲ ਕੀਤਾ ਸੀ। ਇਸ ਬਾਰੇ ਮਾਲ ਮੰਤਰੀ ਕੁਝ ਨਾ ਬੋਲਿਆ। ਕੱਚਾ ਜਿਹਾ ਪੈ ਗਿਆ ਤੇ ਕਹਿਣ ਲੱਗਾ, ''ਸਰਕਾਰ ਮਾਮਲੇ ਦੀ ਪੜਤਾਲ ਕਰ ਰਹੀ ਹੈ। ਸੁਆਹ ਕਰਨੀ ਹੈ ਪੜਤਾਲ। ਤਹਿਸੀਲਦਾਰ ਫੜਿਆ ਗਿਆ, ਜੇਲ 'ਚ ਰਿਹਾ, ਸਸਪੈਂਡ ਹੋਇਆ। ਪੈਸੇ ਦਿੱਤੇ ਬਹਾਲ ਹੋਇਆ। ਅਖਬਾਰ 'ਚ ਖ਼ਬਰ ਆਈ, ਮਾਮਲਾ ਖਤਮ ਹੋ ਗਿਆ। ਇਹ ਅੱਖਾਂ ਵਿਚ ਘੱਟਾ ਪਾਉਣ ਵਾਲੀ ਗੱਲ ਹੈ। ਰੱਬ ਮੇਹਰ ਕਰੇ। ਤੂੰ ਢੋਲ ਵਜਾਈ ਜਾਹ ਤੇ ਸਰਕਾਰ ਦੇ ਗੁਣ ਗਾਈ ਜਾਹ ਤੇ ਹੁਣ ਅੰਨਾ ਹਜ਼ਾਰੇ ਦਾ ਨਾਮ ਜਪ। ਜਾਹ ਨਾਲੇ ਸਰਪੰਚ ਤੇਰਾ ਇੰਤਜ਼ਾਰ ਕਰਦਾ ਪਿਆ।'' ਜਥੇਦਾਰ ਨੇ ਗੱਲ ਖਤਮ ਕੀਤੀ।
''ਜਥੇਦਾਰਾ ਕੀ ਕਰਾਂ ਇਹ ਢੋਲ ਹੈ ਨਾ ਇਹ ਮੇਰੇ ਗਲ ਪਿਆ ਹੈ। ਇਹ ਵਜਾਉਣਾ ਹੀ ਪੈਣਾ ਹੈ। ਬਾਕੀ ਤਾਂ ਜੋ ਕੁਝ ਹੈ, ਉਹ ਦਿਸ ਹੀ ਰਿਹਾ ਹੈ।'' ਬੱਬੂ ਗਲ ਪਿਆ ਡੋਲ ਵਜਾਉਣ ਲੱਗਾ ਤੇ ਸਰਪੰਚ ਦੀ ਹਵੇਲੀ ਵੱਲ ਨੂੰ ਚੱਲ ਪਿਆ।
ਸਰਪੰਚ ਦੀ ਹਵੇਲੀ ਰਾਤ ਦੇ ਹਨੇਰੇ ਵਿਚ ਵੀ ਚਮਕ ਰਹੀ ਸੀ। ਪਿੰਡ ਵਿਚ ਭਾਵੇਂ ਬਿਜਲੀ ਨਹੀਂ ਸੀ ਪਰ ਜਨਰੇਟਰ ਨਾਲ ਲਾਈਟਾਂ, ਪੱਖੇ ਚੱਲ ਰਹੇ ਸਨ। ਅਲੱਗ-ਅਲੱਗ ਕਮਰਿਆਂ ਵਿਚ ਸਾਰੇ ਮਹਿਕਮਿਆਂ ਦੇ ਅਧਿਕਾਰੀ ਅਤੇ ਕਰਮਚਾਰੀ ਸਵੇਰ ਦੀ ਤਿਆਰੀ ਵਿਚ ਰੁੱਝੇ ਹੋਏ ਸਨ। ਪਾਰਟੀ ਵਲੋਂ ਪਾਰਟੀ ਦੇ ਸਿਆਸੀ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਸਨ। ''ਅੰਨਾ ਤੁਮ ਸੰਘਰਸ਼ ਕਰੋ ਹਮ ਤੁਮਾਰੇ ਸਾਥ ਹੈਂ।'' ਅੰਨਾ ਹਜ਼ਾਰੇ ਦੀ ਫੋਟੋ ਲਾ ਕੇ ਇਹ ਨਾਅਰੇ ਲਿਖ ਕੇ ਕੱਪੜੇ ਦੇ ਪੋਸਟਰ ਲਗਾਏ ਜਾ ਰਹੇ ਸਨ। ਸਵੇਰ ਵਾਸਤੇ ਪੂਰੀ ਤਿਆਰੀ ਸੀ। ਬੱਬੂ ਦਾ ਢੋਲ ਸ਼ਾਂਤ ਹੋ ਗਿਆ ਸੀ। ਉਹ ਇਕ ਪਾਸੇ ਹੋ ਕੇ ਬੈਠ ਸ਼ਾਂਤ ਚਿੱਤ ਸਵੇਰ ਦੀ ਤਿਆਰੀ ਦੇਖ ਰਿਹਾ ਸੀ। ਸਰਪੰਚ ਤੇ ਹੋਰ ਵੱਡੇ ਅਧਿਕਾਰੀ ਨੇੜੇ ਦੇ 'ਹਵੇਲੀ' ਰੈਸਟੋਰੈਂਟ ਵਿਚ ਖਾਣਾ ਖਾਣ ਚਲੇ ਗਏ। ਜਾਣ ਤੋਂ ਪਹਿਲਾਂ ਸਰਪੰਚ ਨੇ ਆਪਣੇ ਪਾਰਟੀ ਵਰਕਰਾਂ ਨੂੰ ਕਿਹਾ ਕਿ ''ਆਉਣ ਵਾਲੇ ਚਾਰ-ਪੰਜ ਮਹੀਨੇ ਭ੍ਰਿਸ਼ਟਾਚਾਰ ਦੇ ਵਿਰੁੱਧ ਪ੍ਰਚਾਰ ਵਿਚ ਲਾ ਦਿਓ, ਫਿਰ ਪੰਜ ਸਾਲ ਮੌਜਾਂ ਹੀ ਮੌਜਾਂ। ਇਹੀ ਪਾਰਟੀ ਹਾਈਕਮਾਂਡ ਦਾ ਆਦੇਸ਼ ਹੈ।''
ਜਿਹੜੇ ਅਧਿਕਾਰੀ ਤੇ ਪਾਰਟੀ ਪਮੁੱਖ ਹਵੇਲੀ 'ਚ ਖਾਣਾ ਖਾਣ ਗਏ,ਉਹ ਦੇਰ ਤਕ ਵਾਪਸ ਨਾ ਆਏ। ਸ਼ਾਇਦ ਸ਼ਹਿਰ ਵਾਲੀ ਕੋਠੀ 'ਚ ਚਲੇ ਗਏ। ਸੰਗਤ ਦਰਸ਼ਨ ਲਈ ਸਵੇਰ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਸਨ।
ਸਵੇਰੇ ਠੀਕ ਗਿਆਰਾਂ ਵਜੇ ਸੰਗਤ ਦਰਸ਼ਨ ਦਾ ਪ੍ਰੋਗਰਾਮ ਸ਼ੁਰੂ ਹੋਇਆ। ਛੋਟੇ ਜਿਹੇ ਅਲੱਗ ਪ੍ਰੋਗਰਾਮ ਵਿਚ ਕੀਰਤਨ ਕਰਨ ਲਈ ਅਰਦਾਸ ਕੀਤੀ ਗਈ ਤੇ ਫਿਰ ਇਲਾਕੇ ਦੇ ਮੰਨੇ-ਪ੍ਰਮੰਨੇ ਢਾਡੀ ਆਪਣੀਆਂ ਵਾਰਾਂ ਪੇਸ਼ ਕਰਨ ਲੱਗੇ। ਗੁਰੂਆਂ ਦੀ ਮਹਿਮਾ ਗਾਈ ਜਾਣ ਲੱਗੀ। ਸਰਕਾਰ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਜਾਣ ਲੱਗੇ। ਕੇਂਦਰ ਦੀ ਰਾਜ ਕਰ ਰਹੀ ਪਾਰਟੀ ਦੀਆਂ ਕਮਜ਼ੋਰੀਆਂ ਦੇ ਪਾਜ ਉਧੇੜ੍ਹੇ ਜਾਣ ਲੱਗੇ। ਵਾਰਾਂ ਗਾਉਣ ਵਾਲੇ ਢਾਡੀ ਵਿਚ-ਵਿਚ ਅੰਨਾ ਹਜ਼ਾਰੇ ਨੂੰ ਨਾਇਕ ਦੱਸਦੇ। ਫਿਰ ਵਾਰਾਂ ਗਾਉਣ ਲੱਗੇ, ''ਅਸੀਂ ਢਾਹ ਦਿੱਤੇ ਦਿੱਲੀ ਦੇ ਕਿੰਗਰੇ....ਕਿੰਗਰੇ....ਹੁਣ ਲੈਣੀ ਏ ਕੁਰੱਪਸ਼ਨ ਢਾਹ। ਹੁਣ ਲੈਣੀ ਏ ਕੁਰੱਪਸ਼ਨ ਢਾਹ....ਹੁਣ ਲੈਣੀ ਏ ਕੁਰੱਪਸ਼ਨ ਢਾਹ....ਆਹ....ਆਹ....ਆਹ....ਹੁਣ ਲੈਣੀ ਏ ਕੁਰੱਪਸ਼ਨ ਢਾਹ, ਹੁਣ ਲੈਣੀ ਹੈ ਕੁਰੱਪਸ਼ਨ ਢਾਹ....।'' ਢਾਡੀਆਂ ਦੀ ਵਾਰ ਬੜੀ ਸੁਰੀਲੀ ਸੀ। ਲੋਕ ਹੌਲੀ-ਹੌਲੀ ਇਕੱਠੇ ਹੋਣ ਲੱਗੇ। ਰੌਣਕ ਜਿਹੀ ਹੋਣ ਲੱਗੀ। ਕੁਰੱਪਸ਼ਨ ਦੇ ਵਿਰੋਧ ਵਿਚ ਢਾਡੀਆਂ ਦੀ ਵਾਰ ਆਪਣਾ ਜਾਦੂ ਖਿਲਾਰਨ ਲੱਗੀ। ਢੱਡਾਂ ਦੀਆਂ ਆਵਾਜ਼ਾਂ ਸਾਰੰਗੀ ਦੀ ਆਵਾਜ਼ ਤੇ ਹੇਕਾਂ ਸਪੀਕਰਾਂ 'ਚੋਂ ਉੱਠਣ ਲੱਗੀਆਂ......
''ਅਸੀਂ ਢਾਹ ਦਿੱਤੇ ਦਿੱਲੀ ਦੇ ਕਿੰਗਰੇ.....ਹੋ ਕਿੰਗਰੇ....ਕਿੰਗਰੇ.....ਕਿੰਗਰੇ....ਕਿੰਗਰੇਅ.....।
ਹਾਅ....ਹਾਅ.....ਹਾਅ
ਦੇਣੀ ਇੱਟ ਨਾਲ ਇੱਟ ਖੜਕਾ, ਹੁਣ ਲੈਣੀ ਏ ਕੁਰੱਪਸ਼ਨ ਢਾਹ....। ਢਾਹ....ਢਾਹ....ਢਾਹ
ਢਾਡੀਆਂ ਨੇ ਘੰਟਾ ਕੁ 'ਕੁਰੱਪਸ਼ਨ ਦੀ ਵਾਰ' ਗਾ ਕੇ ਖ਼ੂਬ ਰੰਗ ਬੰਨ੍ਹਿਆ। ਲੋਕਾਂ ਨੇ ਢਾਡੀਆਂ ਦੀ ਖ਼ੂਬ ਹੌਸਲਾ ਅਫਜ਼ਾਈ ਕੀਤੀ। ਸੌ-ਸੌ ਦੇ, ਪੰਜ-ਪੰਜ ਸੌ ਦੇ ਨੋਟ ਦਿੱਤੇ। ਮੁੱਖ ਮੰਤਰੀ ਦਾ ਇੰਤਜ਼ਾਰ ਹੋਣ ਲੱਗਾ। ਮਾਲ ਮੰਤਰੀ ਸਾਹਿਬ ਵੀ ਮੁੱਖ ਮੰਤਰੀ ਦੇ ਨਾਲ ਹੀ ਆਉਣਗੇ। ਵੱਡੇ ਅਧਿਕਾਰੀ ਵੀ ਜਿਵੇਂ ਡੀ. ਸੀ. ਤੇ ਕਮਿਸ਼ਨਰ ਸਾਹਿਬ ਫਿਰ ਪਤਾ ਲੱਗਾ ਕਿ ਕਮਿਸ਼ਨਰ ਸਾਹਿਬ ਦਿੱਲੀ ਗਏ ਨੇ ਤੇ ਡੀ. ਸੀ. ਸਾਹਿਬ ਚੰਡੀਗੜ੍ਹ ਗਏ ਹਨ। ਬੀ. ਡੀ. ਪੀ. ਓ. ਆ ਗਏ। ਡੰਗਰਾਂ ਦੇ ਡਾਕਟਰ ਆ ਗਏ। ਸਕੂਲਾਂ ਦੇ ਬੱਚੇ ਤੇ ਅਧਿਆਪਕ ਆ ਗਏ। ਬੱਚਿਆਂ 'ਚੋਂ ਬਹੁਤ ਬੱਚਿਆਂ ਨੇ ਅੰਨਾ ਹਜ਼ਾਰੇ ਵਾਲੀ ਟੋਪੀ ਪਾ ਰੱਖੀ ਸੀ। ਰੰਗਾਰੰਗ ਪ੍ਰੋਗਰਾਮ ਵਿਚ ਬੱਚਿਆਂ ਨੇ ਵੀ ਆਈਟਮਾਂ ਪੇਸ਼ ਕੀਤੀਆਂ। ਬੱਚਿਆਂ ਵਲੋਂ ਕਸਮਾਂ ਖਾਧੀਆਂ ਗਈਆਂ ਕਿ ਆਉਣ ਵਾਲੇ ਸਮੇਂ ਵਿਚ ਈਮਾਨਦਾਰੀ ਨਾਲ ਕੰਮ ਕਰਾਂਗੇ। ਸੰਗਤ ਦਰਸ਼ਨ ਵਿਚ ਸੰਗਤ ਆ ਚੁੱਕੀ ਸੀ। ਸੰਗਤ ਵਿਚ ਸੰਗਤ ਹੀ ਇਕ-ਦੂਜੇ ਦੇ ਦਰਸ਼ਨ ਕਰ ਰਹੀ ਸੀ। ਸੰਗਤ 'ਚੋਂ ਅੱਧੀ ਸੰਗਤ ਦੇ ਕੰਨਾਂ ਨੂੰ ਮੋਬਾਈਲ ਲੱਗੇ ਹੋਏ ਸਨ।Œ ''ਹੈਲੋ-ਹੈਲੋ, ਮੈਂ ਬਾਹਰ ਆ ਕੇ ਗੱਲ ਕਰਦਾਂ, ਮੈਂ ਠਹਿਰ ਕੇ ਗੱਲ ਕਰਦਾਂ।'' ਏਦਾਂ ਦੀਆਂ ਆਵਾਜ਼ਾਂ ਸਨ।
ਮੰਚ ਸੰਚਾਲਕ ਫਿਰ ਕਹਿਣ ਲੱਗਾ, ''ਬਸ ਮੁੱਖ ਮੰਤਰੀ ਸਾਹਿਬ ਆਉਣ ਹੀ ਵਾਲੇ ਨੇ। ਕਈ ਜਗ੍ਹਾ ਸੰਗਤ ਦਰਸ਼ਨ ਦੇ ਪ੍ਰੋਗਰਾਮ ਹੋਣ ਕਰਕੇ ਉਹ ਲੇਟ ਹੋ ਗਏ। ਸਾਡੇ ਸੰਗਤ ਦਰਸ਼ਨ 'ਚ ਉਨ੍ਹਾਂ ਦਾ ਪ੍ਰੋਗਰਾਮ ਬਾਅਦ ਵਿਚ ਹੈ, ਸਭ ਤੋਂ ਅਖੀਰ ਵਿਚ ਸਮਾਂ ਬਚਾ ਲਈਏ। ਸੰਗਤ ਨੂੰ ਬੇਨਤੀ ਹੈ ਕਿ ਨਾਲ ਹੀ ਗੁਰਦੁਆਰੇ 'ਚ ਲੰਗਰ ਦਾ ਪ੍ਰਬੰਧ ਹੈ, ਸਾਧ-ਸੰਗਤ ਲੰਗਰ ਵੀ ਛਕੀ ਜਾਵੇ। ਮੰਚ ਸੰਚਾਲਕ ਦੇ ਏਨਾ ਕਹਿਣ ਦੀ ਦੇਰ ਸੀ ਕਿ ਅੱਕੇ ਤੇ ਥੱਕੇ ਹੋਏ ਲੋਕ ਲੰਗਰ ਵੱਲ ਨੂੰ ਹੋ ਤੁਰੇ। ਲੰਗਰ ਛਕ ਕੇ ਸਵੇਰ ਦੇ ਬੈਠੇ ਲੋਕ ਜਾਣ ਦਾ ਰਸਤਾ ਫੜਨ ਲੱਗੇ। ਗਿਆਰਾਂ ਵਜੇ ਦਾ ਸ਼ੁਰੂ ਪ੍ਰੋਗਰਾਮ ਢਾਈ-ਤਿੰਨ ਵੱਜਣ ਤਕ ਬਿਖਰਨ ਲੱਗਾ। ਅਧਿਕਾਰੀਆਂ 'ਚੋਂ ਤਹਿਸੀਲਦਾਰ ਮੌਕੇ ਦੇ ਵੱਡੇ ਅਧਿਕਾਰੀ ਸਨ। ਉਂਝ ਉਸ ਨਾਲ ਨਾਇਬ ਤਹਿਸੀਲਦਾਰ, ਕਾਨੂੰਨਗੋ, ਪਟਵਾਰੀ ਅਤੇ ਬਹਤ ਸਾਰੇ ਕਰਮਚਾਰੀ ਸਨ। ਬੀ. ਡੀ. ਪੀ. ਓ. ਵੀ ਸੀ। ਬੀ. ਡੀ. ਪੀ. ਓ. ਨੇ ਭਾਸ਼ਣ ਕੀਤਾ, ਵਿਕਾਸ ਦੀਆਂ ਬੜੀਆਂ ਗੱਲਾਂ ਕੀਤੀਆਂ, ਹੁਣ ਈਮਾਨਦਾਰੀ ਨਾਲ ਕੰਮ ਕਰਨ ਦਾ ਪ੍ਰਣ ਕੀਤਾ। ''ਪੰਚਾਇਤ ਵਿਭਾਗ ਵਿਚ ਭ੍ਰਿਸ਼ਟਾਚਾਰ ਦਾ ਖਾਤਮਾ ਕੀਤਾ ਜਾਵੇਗਾ, ਕੋਈ ਵੀ ਸ਼ਿਕਾਇਤ ਹੋਵੇ, ਸਿੱਧੇ ਮਿਲੋ ਅਤੇ ਅੰਨਾ ਬਾਬੇ ਦੀ ਜੈ।'' ਬੀ. ਡੀ. ਪੀ. ਓ. ਖਾਨਾਪੂਰਤੀ ਕਰਕੇ ਹੇਠਾਂ ਆ ਗਿਆ।
ਸੰਗਤ ਦਰਸ਼ਨ ਦਾ ਪ੍ਰੋਗਰਾਮ ਹੁਣ ਸਮਾਪਤੀ ਵੱਲ ਸੀ। ਮੁੱਖ ਮੰਤਰੀ ਸਾਹਿਬ ਨੇ ਨਹੀਂ ਸੀ ਆਉਣਾ, ਇਹ ਸੂਚਨਾ ਪ੍ਰਬੰਧਕਾਂ ਦੇ ਪਾਸ ਸੀ। ਪ੍ਰਬੰਧਕਾਂ ਵਿਚ ਸਰਕਾਰੀ ਅਧਿਕਾਰੀ, ਪਿੰਡ ਦੀ ਪੰਚਾਇਤ, ਸਰਪੰਚ ਅਤੇ ਪੰਚ, ਲੰਬੜਦਾਰ ਸ਼ਾਮਿਲ ਸਨ ਪਰ ਪ੍ਰਬੰਧਕ ਜੇ ਪਹਿਲਾਂ ਇਹ ਦੱਸ ਦਿੰਦੇ ਤਾਂ ਲੋਕਾਂ ਨੇ ਚਲੇ ਜਾਣਾ ਸੀ। ਫਿਰ ਸਰਪੰਚ ਸਾਹਿਬ ਮੰਚ 'ਤੇ ਆਏ ਤੇ ਖਿਮਾ ਮੰਗੀ, ਮੁੱਖ ਮੰਤਰੀ ਸਾਹਿਬ ਦੇ ਨਾ ਆਉਣ ਦੀ ਸ਼ਰਮਿੰਦਗੀ ਅਲੱਗ ਸੀ ਅਤੇ ਸਰਪੰਚ ਨੇ ਤਹਿਸੀਲਦਾਰ ਸਾਹਿਬ ਨੂੰ ਇਨਾਮ ਵੰਡਣ ਤੇ ਪ੍ਰਧਾਨਗੀ ਭਾਸ਼ਣ ਦੇਣ ਦੀ ਬੇਨਤੀ ਕੀਤੀ। ''ਸਾਧ-ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।'' ਤਹਿਸੀਲਦਾਰ ਸਾਹਿਬ ਬੋਲੇ।
ਸਾਹਮਣੇ ਤੋਂ ਵੀ ਮੱਧਮ ਜਿਹੀ ਆਵਾਜ਼ ਆਈ।
''ਮੌਜੂਦਾ ਸਰਕਾਰ ਨੇ ਪਿੰਡਾਂ ਦਾ ਬਹੁਤ ਵਿਕਾਸ ਕੀਤਾ ਹੈ। ਪਿੰਡਾਂ ਬਾਰੇ ਬਹੁਤ ਸੋਚਿਆ। ਕਬੱਡੀ ਦੇ ਮੈਚ ਕਰਵਾਏ ਹਨ। ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਾਈਆਂ ਹਨ। ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੈ...।''
ਤਹਿਸੀਲਦਾਰ ਨੇ ਨਸ਼ਿਆਂ ਦੀ ਗੱਲ ਕੀਤੀ ਤਾਂ ਪਿੰਡ ਦੇ ਦੋ ਬੰਦੇ ਸਾਹਮਣੇ ਪੰਡਾਲ 'ਚੋਂ ਉਠ ਕੇ ਖੜ੍ਹੇ ਹੋ ਗਏ, ''ਜਨਾਬ ਅਸੀਂ ਇਕ ਗੱਲ ਕਰਨੀ ਹੈ।'' ਉਹ ਬੋਲੇ। ''ਹਾਂ ਜੀ, ਬੋਲੋ।'' ਤਹਿਸੀਲਦਾਰ ਨੇ ਆਗਿਆ ਦਿੱਤੀ।
''ਜਨਾਬ ਤੁਸੀਂ ਤਾਂ ਨਸ਼ਿਆਂ ਦੇ ਵਿਰੁੱਧ ਗੱਲ ਕਰਦੇ ਹੋ, ਸਾਡੇ ਪਿੰਡ ਵਾਲਿਆਂ ਨੇ ਲਿਖ ਕੇ ਦਿੱਤਾ ਕਿ ਸਾਡੇ ਪਿੰਡ ਵਿਚ ਸ਼ਰਾਬ ਦਾ ਠੇਕਾ ਨਾ ਖੋਲ੍ਹਿਆ ਜਾਵੇ ਪਰ ਸਰਕਾਰ ਨੇ ਫਿਰ ਵੀ ਠੇਕਾ ਖੋਲ੍ਹ ਦਿੱਤਾ, ਹੁਣ ਤਕ ਬੰਦ ਕਿਉਂ ਨਹੀਂ ਕੀਤਾ।'' ਤਹਿਸੀਲਦਾਰ ਬੇਵੱਸ ਜਿਹੇ ਹੋ ਗਏ, ਉਸ ਨੇ ਬੀ. ਡੀ. ਓ. ਵੱਲ ਦੇਖਿਆ। ''ਜਨਾਬ ਇਸ ਵਿਚ ਸਰਪੰਚ ਹਿੱਸੇਦਾਰ ਹੈ ਅਤੇ ਇਹ 'ਨਵੀਂ ਐਕਸਾਈਜ਼' ਪਾਲਿਸੀ ਹੇਠਾਂ ਖੁੱਲ੍ਹਿਆ ਹੈ।'' ਬੀ. ਡੀ. ਪੀ. ਓ. ਨੇ ਕੰਨ ਵਿਚ ਕਿਹਾ।
ਤਹਿਸੀਲਦਾਰ ਸਾਹਿਬ ਨੇ ਆਪਣਾ ਭਾਸ਼ਣ ਚਾਲੂ ਰੱਖਿਆ, ''ਆਪ ਬੈਠ ਜਾਓ, ਅਜਿਹਾ ਨਵੀਂ ਐਕਸਾਈਜ਼ ਪਾਲਿਸੀ ਹੇਠਾਂ ਹੋਇਆ ਹੈ। ਮੈਨੂੰ ਇਸ ਦੀ ਪੂਰੀ ਜਾਣਕਾਰੀ ਨਹੀਂ ਹੈ। ਮੈਂ ਸੰਬੰਧਤ ਮਹਿਕਮੇ ਨਾਲ ਗੱਲ ਕਰਕੇ ਇਹ ਮਸਲਾ ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿਚ ਲਿਆ ਦੇਵਾਂਗਾ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਮ ਪੇਂਡੂ ਆਦਮੀ ਵੀ ਬੜਾ ਜਾਗੂਰਕ ਹੋ ਗਿਆ ਹੈ। ਇਹ ਸਭ ਅੰਨਾ ਹਜ਼ਾਰੇ ਦੀ ਕ੍ਰਿਪਾ ਹੋਈ ਹੈ। ਸਾਡੀ ਸਰਕਾਰ ਨੇ ਅੰਨਾ ਹਜ਼ਾਰੇ ਨੂੰ ਭਰਪੂਰ ਹਮਾਇਤ ਦੇਣ ਦਾ ਨਿਸ਼ਚੈ ਕੀਤਾ ਹੈ।'' ਤਹਿਸੀਲਦਾਰ ਸਾਹਿਬ ਬੋਲਦੇ-ਬੋਲਦੇ ਰੁਕ ਗਏ। ਥੋੜ੍ਹਾ ਘਬਰਾਹਟ ਮਹਿਸੂਸ ਕੀਤੀ। ਜਿਨ੍ਹਾਂ ਬੰਦਿਆਂ ਨੇ ਠੇਕਾ ਬੰਦ ਕਰਵਾਉਣ ਦੀ ਸ਼ਿਕਾਇਤ ਕੀਤੀ ਸੀ, ਉਹ ਉੱਠ ਕੇ ਤੁਰ ਪਏ ਸਨ। 'ਨਵੀਂ ਐਕਸਾਈਜ਼ ਪਾਲਿਸੀ' ਉਨ੍ਹਾਂ ਦੀ ਸਮਝ ਤੋਂ ਬਾਹਰ ਸੀ।
ਤਹਿਸੀਲਦਾਰ ਸਾਹਿਬ ਫਿਰ ਬੋਲੇ, ''ਮੇਰੇ ਕਿਸੇ ਪਟਵਾਰੀ ਵਿਰੁੱਧ ਸ਼ਿਕਾਇਤ ਹੋਵੇ ਤਾਂ ਦੱਸੋ, ਸਮਾਂ ਬਹੁਤ ਹੋ ਗਿਆ ਹੈ, ਬਾਕੀ ਸ਼ਿਕਾਇਤਾਂ ਲਿਖ ਕੇ ਦੇ ਦਿਓ, ਕੁਝ ਰਾਤੀਂ ਮਿਲੀਆਂ ਵੀ ਹਨ, ਮੈਂ ਦੇਖ ਲਵਾਂਗਾ, ਆਪਾਂ ਤਹੱਈਆ ਕਰੀਏ ਤੇ ਕੁਰੱਪਸ਼ਨ ਨੂੰ ਢਾਹ ਲਈਏ....।''ਲੋਕਾਂ ਨੇ ਜਾਣਾ ਸ਼ੁਰੂ ਕਰ ਦਿੱਤਾ ਤੇ ਤਹਿਸੀਲਦਾਰ ਸਾਹਿਬ ਨੇ ਵੀ ਆਪਣਾ ਭਾਸ਼ਣ ਖਤਮ ਕੀਤਾ ਅਤੇ ਮੰਚ ਤੋਂ ਹੇਠਾਂ ਉਤਰ ਆਏ। ਉਨ੍ਹਾਂ ਦੇ ਚਿਹਰੇ 'ਤੇ ਘਬਰਾਹਟ ਅਜੇ ਵੀ ਬਰਾਬਰ ਸੀ। ਸੰਗਤ ਦਰਸ਼ਨ ਵਿਚ ਬੈਠੇ ਲੋਕਾਂ ਨੇ ਕੋਈ ਖ਼ਾਸ ਤਾੜੀਆਂ ਨਾ ਮਾਰੀਆਂ।
ਹੁਣ ਜਾਣ ਦੀ ਤਿਆਰੀ ਸੀ।
''ਸਰਪੰਚ ਸਾਹਿਬ ਇਹ ਠੇਕਾ ਬੰਦ ਕਰਾਉਣ ਵਾਲੇ ਕੌਣ ਸਨ?'' ਇਕੱਲੇ ਜਿਹੇ ਹੋ ਕੇ ਤਹਿਸੀਲਦਾਰ ਨੇ ਪੁੱਛਿਆ। ''ਓ ਜੀ ਕੀ ਦੱਸੀਏ, ਇਨ੍ਹਾਂ 'ਚੋਂ ਕੁਝ ਤਾਂ ਸਤਿਸੰਗੀ ਸਨ। ਕੁਝ ਬੀ. ਐੱਸ. ਪੀ. ਤੇ ਕੁਝ ਟ੍ਰਿਪਲ ਪੀ ਵਾਲੇ....ਬੜਾ ਪ੍ਰੇਸ਼ਾਨ ਕਰ ਰੱਖਿਆ ਇਨ੍ਹਾਂ ਲੋਕਾਂ ਨੇ, ਉਤੋਂ ਅੰਨਾ ਹਜ਼ਾਰੇ ਦਾ ਜਾਦੂ....ਕੀ ਦੱਸੀਏ ਜਨਾਬ'' ਸਰਪੰਚ ਬੋਲੇ। ''ਲੰਚ ਜਨਾਬ....'' ਕਿਸੇ ਨੇ ਪੁੱਛਿਆ।
''ਨਹੀਂ, ਹੁਣ ਲੰਚ ਨਹੀਂ, ਹੁਣ ਜਾਵਾਂਗੇ। ਦਫਤਰ ਜਾ ਕੇ ਚਾਰ ਫਾਈਲਾਂ ਨਿਪਟਾਵਾਂਗੇ'' ਸਾਰੇ ਅਧਿਕਾਰੀ ਗੱਡੀ ਵੱਲ ਨੂੰ ਹੋਏ।
''ਰੁਕੋ-ਰੁਕੋ ਥੋੜ੍ਹਾ ਰੁਕੋ'' ਫਿਰ ਆਵਾਜ਼ ਆਈ। ਕੋਈ ਬੰਦ ਗਿਫਟ ਪੈਕ ਚੁੱਕੀ ਆ ਰਿਹਾ ਸੀ। ਡਰਾਈਵਰ ਨੇ ਗੱਡੀ ਦਾ ਗੇਟ ਖੋਲ੍ਹਿਆ। ਪਿੱਛੋਂ ਡਿੱਗੀ ਉਪਰ ਚੁੱਕੀ। ਤਹਿਸੀਲਦਾਰ ਦੇ ਇਹ ਨਜ਼ਰੀਂ ਪੈ ਗਿਆ। ''ਉਹ ਨਹੀਂ'' ਉਹ ਬੋਲੇ। ਬੰਦਾ ਰੁਕ ਗਿਆ।''ਨਹੀਂ ਜਨਾਬ, ਇਹ ਤਾਂ ਪਿੰਡ ਵਾਲਿਆਂ ਵਲੋਂ ਇਕ ਛੋਟੀ ਜਿਹੀ ਮਾਣ ਭੇਟਾ ਹੈ, ਟੋਕਨ ਹੈ, ਨਿਸ਼ਾਨੀ ਹੈ।''
''ਨਹੀਂ, ਹੁਣ ਅਗਲੀਆਂ ਚੋਣਾਂ ਤਕ ਕੋਈ ਨਿਸ਼ਾਨੀ ਨਹੀਂ। ਬਹੁਤ ਹੋ ਗਈਆਂ ਨਿਸ਼ਾਨੀਆਂ'' ਤਹਿਸੀਲਦਾਰ ਸਾਹਿਬ ਬੋਲੇ।
''ਨਹੀਂ, ਜਨਾਬ ਖਾਲੀ ਅਸੀਂ ਨਹੀਂ ਜਾਣ ਦੇਣਾ। ਅਸੀਂ ਗੱਡੀ ਰੋਕਾਂਗੇ।'' ਲੰਬੜਦਾਰ ਬੋਲੇ।
ਤਹਿਸੀਲਦਾਰ ਪ੍ਰਬੰਧਕਾਂ ਦੇ ਪਿਆਰ ਪਿੱਛੇ ਬੇਵੱਸ ਹੋ ਗਏ। ਉਹ ਨਾਂਹ-ਨਾਂਹ ਕਰਦੇ ਫਿਰ ਬੋਲੇ।''
''ਅੱਛਾ ਜੇ ਨਹੀਂ ਹਟਦੇ ਤਾਂ ਇੰਝ ਕਰੋ, ਆਹ ਨਾਲ ਗੁੜ ਕਿਹਦਾ ਬਣਦਾ ਹੈ।'' ਨੇੜੇ ਹੀ ਕਿਤੇ ਗੰਨੇ ਪੀੜ ਕੇ ਰਸ ਕੱਢੀ ਜਾ ਰਹੀ ਸੀ ਤੇ ਗੁੜ ਬਣਦਾ ਸੀ। ਗੁੜ ਦੀ ਮਹਿਕ ਆ ਰਹੀ ਸੀ।
''ਮੇਰੇ ਵਾਸਤੇ ਚਾਰ ਗੰਨੇ ਵਧੀਆ ਜਿਹੇ ਛਾਂਟ ਕੇ ਲੈ ਕੇ ਆਓ....'' ਤਹਿਸੀਲਦਾਰ ਸਾਹਿਬ ਬੋਲੇ।
ਉਹ ਫਿਰ ਬੋਲੇ, ''ਹਾਂ ਜੀ ਨਾਇਬ ਸਾਹਿਬ'' ਉਨ੍ਹਾਂ ਨਾਲ ਖੜ੍ਹੇ ਨਾਇਬ ਤਹਿਸੀਲਦਾਰ ਵੱਲ ਇਸ਼ਾਰਾ ਕੀਤਾ।
''ਬਹੁਤ ਅੱਛੇ ਜਨਾਬ, ਗੁੱਡ ਚੁਆਇਸ। ਇਹ ਤੋਹਫਾ ਪਿੰਡ ਵਾਲਿਆਂ ਵਲੋਂ ਅੱਛਾ ਰਹੇਗਾ, ਦੋ ਗੰਨੇ ਮੇਰੇ ਲਈ ਵੀ ਬਈ....ਕਿਉਂ ਜੀ ਕਾਨੂੰਗੋ ਸਾਹਿਬ.....'' ਨਾਇਬ ਤਹਿਸੀਲਦਾਰ ਨੇ ਕਾਨੂੰਗੋ ਵੱਲ ਦੇਖਿਆ।
''ਜਨਾਬ, ਅੱਜ ਤਾਂ ਕਮਾਲ ਹੋ ਗਈ, ਲਾਮਿਸਾਲ ਤੋਹਫਾ ਲਓ ਬਈ¸ਇਕ ਗੰਨਾ ਮੇਰੇ ਵਾਸਤੇ ਵਧੀਆ ਜਿਹਾ ਛਾਂਟ ਕੇ ਹਾਂ ਬਈ¸ਪਟਵਾਰੀ ਜੀ'' ਉਸ ਹਲਕਾ ਪਟਵਾਰੀ ਵੱਲ ਦੇਖਿਆ।
''ਨਹੀਂ ਜਨਾਬ, ਕੁਝ ਨਹੀਂ ਚਾਹੀਦਾ, ਮੈਂ ਤਾਂ ਜਨਾਬ ਦੀ ਚੁਆਇਸ ਦੇਖ ਕੇ ਗਦ-ਗਦ ਹੋ ਗਿਆ। ਮੈਂ ਤਾਂ ਰਹਿੰਨਾ ਹੀ ਗੰਨਿਆਂ ਵਿਚ ਹਾਂ। ਜੰਮਿਆ ਏਥੇ, ਮਰਨਾ ਵੀ ਏਥੇ ਗੰਨਿਆਂ ਵਿਚ'' ਪਟਵਾਰੀ ਬੋਲਿਆ।
''ਓਏ ਕੁਝ ਮੰਗ ਲੈ....'' ਤਹਿਸੀਲਦਾਰ ਸਾਹਿਬ ਬੜੇ ਪਿਆਰ ਨਾਲ ਬੋਲੇ। ''ਜਨਾਬ, ਹੁਣ ਮੰਗਣ ਲਈ ਵੈਸੇ ਤਾਂ ਕੁਝ ਰਹਿ ਨਹੀਂ ਗਿਆ। ਵੈਸੇ ਤਾਂ ਮੈਂ ਹੁਣ ਅੱਧੇ ਗੰਨੇ ਦਾ ਹੱਕਦਾਰ ਹਾਂ। ਜਨਾਬ ਨੇ ਚਾਰ ਗੰਨੇ ਲਏ। ਨਾਇਬ ਸਾਹਿਬ ਨੇ ਦੋ, ਕਾਨੂੰਗੋ ਸਾਹਿਬ ਨੇ ਇਕ ਤੇ ਫਿਰ ਇਕ ਤੋਂ ਘੱਟ ਕੀ। ਵੈਸੇ ਇਹੀ ਹਿਸਾਬ ਆਪਣੇ ਮਹਿਕਮੇ ਵਿਚ ਚੱਲਦਾ ਹੈ। ਮਾਅਤੜਾਂ ਤਕ ਤਾਂ ਬਚਿਆ-ਖੁਚਿਆ। ਜਨਾਬ ਦੀਆਂ ਜ਼ਿੰਮੇਵਾਰੀਆਂ ਵੱਡੀਆਂ ਹਨ, ਪਤਾ ਨਹੀਂ ਕਿੱਥੇ-ਕਿੱਥੇ। ਅੱਛਾ ਐਂ ਕਰੀਂ ਬਈ ਜੁਆਨਾ, ਤੂੰ ਇਕ ਪਾਲੀਥੀਨ ਦਾ ਲਿਫਾਫਾ ਲੈ ਲਈਂ। ਚਾਰ ਤੇ ਦੋ-ਛੇ ਤੇ ਇਕ ਕਿੰਨੇ ਹੋ ਗਏ?''
''ਸੱਤ'' ਸਾਹਮਣੇ ਤੋਂ ਜਵਾਬ ਆਇਆ।
''ਚਾਰ ਜਮ੍ਹਾ ਦੋ ਜਮ੍ਹਾ ਇਕ, ਸੱਤ ਤੇ ਤੂੰ ਨਾ ਔਹ ਚੁੱਭੇ 'ਚੋਂ ਸੱਤਾਂ ਗੰਨਿਆਂ ਦੀ ਸੁਆਹ ਅੰਦਾਜ਼ਾ ਕਿੰਨਾ ਕੁ ਹੋਊ, ਉਹ ਸੁਆਹ ਪੁਆ ਲਿਆ'' ਮੂੰਹ ਫਟ ਪਟਵਾਰੀ ਬੋਲਿਆ। ਪਟਵਾਰੀ ਨੇ ਆਦੇਸ਼ ਦਿੱਤਾŒ।
ਉਹ ਪਟਵਾਰੀ ਸਾਹਿਬ, ਸੱਤਾਂ ਚੁੱਲ੍ਹਿਆਂ ਦੀ ਸੁਆਹ ਤਾਂ ਸੁਣੀ ਸੀ, ਆਹ 'ਸੱਤਾਂ ਗੰਨਿਆਂ ਦੀ ਸੁਆਹ' ਤੂੰ ਨਵਾਂ ਮੁਹਾਵਰਾ ਬਣਾ ਦਿੱਤਾ। ਇਹ ਕੀ ਪ੍ਰਾਜੈਕਟ ਹੈ ਸੱਤਾਂ ਗੰਨਿਆਂ ਦੀ ਸੁਆਹ ਦਾ....'' ਵੱਡੇ ਸਾਹਿਬ ਹੱਸ ਕੇ ਬੋਲੇ। ''ਉਹ ਹੁਣ ਕੀ ਕਰੀਏ ਜੀ, ਆਹ ਵੀ ਦਿਨ ਦੇਖਣੇ ਸੀ। ਹੁਣ ਇਕ ਗੰਨੇ ਤੋਂ ਘੱਟ ਕੀ ਮੰਗਾਂ। ਉਹ ਤਾਂ ਸੁਆਹ ਹੀ ਮੰਗੀ ਜਾ ਸਕਦੀ ਹੈ। ਸੁਆਹ ਲਿਫਾਫੇ 'ਚ ਪਾ ਕੇ ਲੈ ਜਾਨਾ, ਸ਼ਹਿਰ ਤਾਂ ਮਿਲਦੀ ਨਹੀਂ, ਘਰਵਾਲੀ ਚਾਰ ਦਿਨ ਭਾਂਡੇ ਮਾਂਜ ਲਊ।
ਹੁਣ ਕੀ ਕਰੀਏ ਜੀ ਭਾਂਡੇ ਮਾਂਜਣ ਦਾ ਵਿਮ ਪਾਊਡਰ ਬੜਾ ਮਹਿੰਗਾ ਹੋ ਗਿਆ, ਸੌ ਪੰਜਾਹ ਤਾਂ ਬਚੂਗਾ ਹੀ। ਨਾਲੇ ਹੁਣ ਬੜੇ ਅਫਸਰਾਂ ਦੇ ਸਾਹਮਣੇ ਪਟਵਾਰੀ ਵਿਚਾਰਾ ਕੀ ਚੀਜ਼ ਹੈ। ਅੱਗੇ ਸੀ ਪਟਵਾਰੀਆਂ ਦਾ ਰਾਜ, ਹੁਣ ਤਾਂ ਜੀ ਬਸ ਨਾਂ ਦੇ ਪਟਵਾਰੀ ਰਹਿ ਗਏ....'' ਪਟਵਾਰੀ ਨੇ ਹੌਕਾ ਜਿਹਾ ਲਿਆ। ਇਸ ਤੋਂ ਪਹਿਲਾਂ ਕਿ ਪਟਵਾਰੀ ਹੋਰ ਬੋਲਦਾ, ਗੰਨੇ ਲੈ ਕੇ ਇਕ-ਦੋ ਮੁੰਡੇ ਆ ਗਏ, ਸੁਆਹ ਦਾ ਲਿਫਾਫਾ ਵੀ ਆ ਗਿਆ। ਉਹ ਪਟਵਾਰੀ ਨੇ ਫੜ ਲਿਆ। ਉਹ ਬੜਾ ਖੁਸ਼ ਸੀ। ਸੁਆਹ ਦਾ ਲਿਫਾਫਾ ਬੜਾ ਸੰਭਾਲ ਕੇ ਫੜਿਆ ਤੇ ਡਰਾਈਵਰ ਨੇ ਗੱਡੀ ਸਟਾਰਟ ਕੀਤੀ ਸੀ।'' ਉਧਰੋਂ ਬੱਬੂ ਢੋਲ ਵਾਲਾ ਪਤਾ ਨਹੀਂ ਕਿੱਥੋਂ ਆ ਗਿਆ।
''ਢੋਲ ਵਾਲਿਆ, ਢੋਲ ਵਾਲਿਆ, ਢੋਲ 'ਤੇ ਡਗਾ ਲਗਾ, ਤਾਜ਼ਾ ਸਮਾਚਾਰ ਸੁਣਾ।'' ਏਨਾ ਕਹਿ ਕੇ ਬੱਬੂ ਢੋਲ ਵਾਲਾ ਢੋਲ ਵਜਾਉਣ ਲੱਗਾ। ਉਸ ਨੇ ਕਿੰਨੀ ਦੇਰ ਢੋਲ ਵਜਾਇਆ।
ਫਿਰ ਰੁਕਿਆ। ''ਵੱਡੇ-ਵੱਡੇ ਸਰਦਾਰਾਂ ਦੀ ਜੈ ਹੋ, ਭਾਗ ਲੱਗੇ ਰਹਿਣ। ਪ੍ਰਮਾਤਮਾ ਮੇਹਰ ਕਰੇ ਤਰੱਕੀਆਂ ਕਰੋ।'' ਬੱਬੂ ਬੋਲਿਆ।
ਤਹਿਸੀਲਦਾਰ ਸਾਹਿਬ ਨੇ ਸੌ ਦਾ ਨੋਟ ਕੱਢ ਕੇ ਦਿੱਤਾ, ਬੱਬੂ ਵੱਡਾ ਨੋਟ ਭਾਲਦਾ ਸੀ, ਰਸਤੇ 'ਚੋਂ ਪਰ੍ਹੇ ਨਹੀਂ ਸੀ ਹੋ ਰਿਹਾ।
''ਉਹ ਚੱਲ ਪਰ੍ਹੇ ਹਟ, ਸਾਹਿਬ ਨੂੰ ਰਸਤਾ ਦੇਹ, ਆਹ ਸੁਆਹ ਲੈ ਕੇ ਚੱਲੇ ਆਂ ਇਸ ਪਿੰਡੋਂ, ਲੈ ਤੂੰ ਵੀ ਸੁਆਹ ਲੈ-ਲੈ ਚੁਟਕੀ ਤੇ ਜਾਹ ਜਾ ਕੇ ਅੰਨਾ ਹਜ਼ਾਰੇ ਤੋਂ ਮੰਗ।'' ਏਨਾ ਸੁਣਦਿਆਂ ਹੀ ਬੱਬੂ ਨੇ ਕਾਰ ਦਾ ਰਸਤਾ ਛੱਡ ਦਿੱਤਾ। ਗੱਡੀਆਂ ਧੂੜਾਂ ਪੁੱਟਦੀਆਂ ਸ਼ਹਿਰ ਵੱਲ ਨੂੰ ਹੋ ਤੁਰੀਆਂ।
ਬੰਦ ਖਿੜਕੀ ਦੀ ਹਿੰਦੀ ਕਹਾਣੀ ਪੜ੍ਹੋ
NEXT STORY