ਆਪਣੀ ਪਹਿਲੀ ਹੀ ਫਿਲਮ 'ਜਾਨੇ ਤੂ ਯਾ ਜਾਨੇ ਨਾ' ਨਾਲ ਬਾਲੀਵੁੱਡ 'ਚ ਸੁਪਰਹਿੱਟ ਐਂਟਰੀ ਕਰਨ ਵਾਲੇ ਇਮਰਾਨ ਖਾਨ ਲਈ ਅਦਾਕਾਰੀ ਦਾ ਹੁਣ ਤਕ ਦਾ ਸਫਰ ਰਲੀ-ਮਿਲੀ ਸਫਲਤਾ ਵਾਲਾ ਰਿਹਾ ਹੈ। ਇਸ ਦੇ ਬਾਵਜੂਦ ਬਾਲੀਵੁੱਡ ਦਾ ਯੰਗੈਸਟ ਖਾਨ ਨਿਰਾਸ਼ ਨਹੀਂ ਹੈ। ਲੱਗਭਗ ਡੇਢ ਸਾਲ ਬਾਅਦ ਫਿਲਮਾਂ 'ਚ ਵਾਪਸੀ ਕਰ ਰਹੇ ਇਮਰਾਨ ਦੀ ਚਰਚਾ ਫਿਲਮ 'ਕੱਟੀ ਬੱਟੀ' ਨੂੰ ਲੈ ਕੇ ਹੋ ਰਹੀ ਹੈ, ਜਿਸ 'ਚ ਉਹ ਪਹਿਲੀ ਵਾਰ ਕੰਗਨਾ ਰਣਾਉਤ ਨਾਲ ਸਕ੍ਰੀਨ ਸ਼ੇਅਰ ਕਰਦਾ ਨਜ਼ਰ ਆਏਗਾ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :-
* ਤੁਸੀਂ ਲੱਗਭਗ ਡੇਢ ਸਾਲ ਬਾਅਦ ਫਿਲਮਾਂ 'ਚ ਐਕਟਿਵ ਹੋਏ ਹੋ। ਇਸ ਦੌਰਾਨ ਕੀ ਕੀਤਾ?
- ਮੈਂ ਫਿਲਮਾਂ ਤੋਂ ਇਹ ਬ੍ਰੇਕ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਲਿਆ ਸੀ ਅਤੇ ਮੈਨੂੰ ਇਸ ਬ੍ਰੇਕ ਨੂੰ ਲੈ ਕੇ ਕੋਈ ਅਫਸੋਸ ਨਹੀਂ ਹੈ। ਆਖਿਰ, ਅਸੀਂ ਵੀ ਇਨਸਾਨ ਹਾਂ। ਹਮੇਸ਼ਾ ਕੰਮ ਹੀ ਨਹੀਂ ਕਰ ਸਕਦੇ। ਪਰਿਵਾਰ ਨੂੰ ਸਮਾਂ ਦੇਣਾ ਵੀ ਜ਼ਰੂਰੀ ਹੁੰਦਾ ਹੈ। ਪਿਛਲਾ ਡੇਢ ਸਾਲ ਮੈਂ ਆਪਣੇ ਪਰਿਵਾਰ ਦੇ ਨਾਲ ਸੀ ਕਿਉਂਕਿ ਮੇਰੀ ਪਤਨੀ ਗਰਭਵਤੀ ਸੀ। ਫਿਰ ਸਾਡੇ ਬੱਚੇ ਦਾ ਜਨਮ ਹੋਇਆ। ਅਜਿਹੀ ਕੋਈ ਚੀਜ਼ ਨਹੀਂ ਹੈ, ਜਿਸ ਦੇ ਲਈ ਮੈਨੂੰ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪਏ। ਮੈਂ ਆਪਣੇ ਪਰਿਵਾਰ ਦੇ ਨਾਲ ਹੋਣ ਨੂੰ ਲੈ ਕੇ ਖੁਸ਼ ਸੀ। ਹੁਣ ਜਦੋਂ ਸਾਰਾ ਕੁਝ ਠੀਕ ਹੈ ਤਾਂ ਦੁਬਾਰਾ ਫਿਲਮਾਂ 'ਚ ਪਰਤ ਆਇਆ ਹਾਂ।
* ਸ਼ੁਰੂ 'ਚ ਤੁਸੀਂ ਚਾਕਲੇਟੀ ਹੀਰੋ ਦਾ ਕਿਰਦਾਰ ਨਿਭਾਇਆ ਪਰ ਹੁਣ ਇਸ ਤੋਂ ਕਿਨਾਰਾ ਕਰਨ ਲੱਗੇ ਹੋ। ਇੰਝ ਕਿਉਂ?
- ਮੈਂ ਫਿਲਮਾਂ 'ਚ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਅ ਕੇ ਖੁਦ ਨੂੰ ਹਰਫਨਮੌਲਾ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਰੋਮਾਂਟਿਕ ਹੀਰੋ ਦੇ ਅਕਸ ਤੋਂ ਛੁਟਕਾਰਾ ਪਾਉਣਾ ਮੁਸ਼ਕਿਲ ਹੁੰਦਾ ਹੈ, ਇਸ ਲਈ ਮੈਂ ਸ਼ੁਰੂ 'ਚ ਹੀ ਇਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਅਤੇ ਇਸ ਅਕਸ ਤੋਂ ਛੁਟਕਾਰਾ ਪਾਉਣ 'ਚ 'ਡੇਲਹੀ ਬੈਲੀ', 'ਮਟਰੂ ਕੀ ਬਿਜਲੀ ਕਾ ਮੰਡੋਲਾ', 'ਵਨਸ ਅਪੌਨ ਏ ਟਾਈਮ ਇਨ ਮੁੰਬਈ ਦੋਬਾਰਾ' ਵਰਗੀਆਂ ਫਿਲਮਾਂ ਨੇ ਚੰਗੀ ਮਦਦ ਕੀਤੀ। ਮੈਂ ਇਸ ਗੱਲ 'ਤੇ ਕਾਇਮ ਹਾਂ ਕਿ ਰੋਮਾਂਟਿਕ ਫਿਲਮਾਂ ਨਹੀਂ ਕਰਾਂਗਾ।
* ਤਾਂ ਕਿਹੋ ਜਿਹੀਆਂ ਫਿਲਮਾਂ ਕਰਨ 'ਤੇ ਜ਼ੋਰ ਦੇ ਰਹੇ ਹੋ?
- ਰੋਮਾਂਟਿਕ ਫਿਲਮਾਂ ਤੋਂ ਹਟ ਕੇ ਥ੍ਰਿਲਰ ਅਤੇ ਕਾਮੇਡੀ ਫਿਲਮਾਂ 'ਚ ਕੰਮ ਕਰਨ 'ਤੇ ਜ਼ੋਰ ਦੇ ਰਿਹਾ ਹਾਂ। ਇਸ ਦਾ ਕਾਰਨ ਇਹ ਹੈ ਕਿ ਅਜਿਹੀਆਂ ਫਿਲਮਾਂ 'ਚ ਘਟਨਾਵਾਂ ਦਾ ਪ੍ਰਵਾਹ ਰਹਿੰਦਾ ਹੈ ਅਤੇ ਇਨ੍ਹਾਂ 'ਚ ਭਾਵਨਾਤਮਕ ਪੱਖ ਨੂੰ ਵੀ ਕਾਫੀ ਮਜ਼ਬੂਤੀ ਨਾਲ ਦਰਸਾਇਆ ਜਾਂਦਾ ਹੈ, ਜਿਸ ਕਾਰਨ ਇਹ ਫਿਲਮਾਂ ਅਖੀਰ ਤਕ ਦਰਸ਼ਕਾਂ ਨੂੰ ਬੰਨ੍ਹੀ ਰਖਦੀਆਂ ਹਨ।
* ਅਦਾਕਾਰੀ 'ਚ ਤੁਹਾਡਾ ਜ਼ੋਰ ਸਭ ਤੋਂ ਜ਼ਿਆਦਾ ਕਿਸ ਪੱਖ 'ਤੇ ਰਹਿੰਦਾ ਹੈ?
- ਆਪਣੇ ਕਿਰਦਾਰ 'ਤੇ ਅਤੇ ਕਿਰਦਾਰ ਨੂੰ ਲੈ ਕੇ ਬਹੁਤ ਗੰਭੀਰ ਵੀ ਰਹਿੰਦਾ ਹਾਂ ਕਿਉਂਕਿ ਮੈਨੂੰ ਕਿਰਦਾਰ 'ਚ ਉਤਰਨ ਅਤੇ ਉਸ ਨੂੰ ਸਮਝਣ 'ਚ ਸਮਾਂ ਲੱਗਦਾ ਹੈ। ਇਕ ਵਾਰ ਜਦੋਂ ਫਿਲਮ ਪੂਰੀ ਹੋ ਜਾਂਦੀ ਹੈ, ਤਾਂ ਮੈਨੂੰ ਉਸ ਕਿਰਦਾਰ 'ਚੋਂ ਬਾਹਰ ਨਿਕਲਣ 'ਚ ਵੀ ਸਮਾਂ ਲੱਗਦਾ ਹੈ।
* ਤੁਹਾਡੀ ਕਮਬੈਕ ਫਿਲਮ 'ਕੱਟੀ ਬੱਟੀ' ਕਿਹੋ ਜਿਹੀ ਫਿਲਮ ਹੈ?
- ਸਿਧਾਰਥ ਰਾਏ ਕਪੂਰ ਦੇ ਨਿਰਮਾਣ ਅਤੇ ਨਿਖਿਲ ਅਡਵਾਨੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਕੱਟੀ ਬੱਟੀ' ਇਕ ਰੋਮਾਂਟਿਕ ਕਾਮੇਡੀ ਫਿਲਮ ਹੈ ਪਰ ਥੋੜ੍ਹੀ ਹਟ ਕੇ ਵੀ ਹੈ। ਮੇਰਾ ਮੰਨਣਾ ਹੈ ਕਿ ਫਿਲਮ ਦਾ ਰੋਮਾਂਸ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ, ਜਿਸ ਨੂੰ ਅੱਜ ਦੇ ਨੌਜਵਾਨਾਂ ਲਈ ਬਣਾਇਆ ਗਿਆ ਹੈ। ਇਸ ਫਿਲਮ 'ਚ ਮੇਰੇ ਆਪੋਜ਼ਿਟ ਕੰਗਨਾ ਰਣਾਉਤ ਹੈ। ਇਹ ਫਿਲਮ ਮੇਰੇ ਲਈ ਖਾਸ ਹੈ ਕਿਉਂਕਿ ਮੈਂ ਦੋ ਸਾਲ ਬਾਅਦ ਕੋਈ ਫਿਲਮ ਕੀਤੀ ਹੈ। ਮੈਨੂੰ ਆਸ ਹੈ ਕਿ ਇਸ ਫਿਲਮ ਨੂੰ ਲੋਕ ਪਸੰਦ ਕਰਨਗੇ।
* ਤੁਸੀਂ ਵਿਕ੍ਰਮਾਦਿੱਤਯ ਮੋਟਵਾਨੀ ਦੀ ਵੀ ਕੋਈ ਫਿਲਮ ਕਰ ਰਹੇ ਸੀ। ਉਸ ਦਾ ਕੀ ਹੋਇਆ?
- ਹਾਂ, ਫਿਲਮ 'ਲੁਟੇਰਾ' ਤੋਂ ਬਾਅਦ ਨਿਰਦੇਸ਼ਕ ਵਿਕ੍ਰਮਾਦਿੱਤਯ ਮੋਟਵਾਨੀ 'ਭਾਵਿਨ ਜੋਸ਼ੀ' ਨਾਂ ਦੀ ਇਕ ਸੁਪਰ ਹੀਰੋ ਵਾਲੀ ਫਿਲਮ ਬਣਾ ਰਹੇ ਹਨ। ਮੇਰੇ ਬ੍ਰੇਕ 'ਤੇ ਚਲੇ ਜਾਣ ਕਾਰਨ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਨਹੀਂ ਹੋ ਸਕੀ ਸੀ ਪਰ ਹੁਣ ਇਸ ਦਾ ਵੀ ਕੰਮ ਸ਼ੁਰੂ ਹੋਵੇਗਾ। ਇਸ ਫਿਲਮ 'ਚ ਮੈਂ ਇਕ ਗੁਜਰਾਤੀ ਕਿਰਦਾਰ 'ਚ ਨਜ਼ਰ ਆਵਾਂਗਾ। ਇਹ ਅਸਲ ਲੋਕਾਂ ਦੀ ਕਹਾਣੀ ਹੋਵੇਗੀ, ਕੋਈ ਜਾਦੂ-ਟੂਣਾ ਨਹੀਂ ਹੋਵੇਗਾ ਅਤੇ ਨਾ ਹੀ ਇਸ 'ਚ ਕੋਈ ਫੈਂਟੇਸੀ ਵਾਲੀ ਚੀਜ਼ ਹੋਵੇਗੀ।
* ਵਿਹਲੇ ਸਮੇਂ 'ਚ ਕੀ ਕਰਨਾ ਪਸੰਦ ਕਰਦੇ ਹੋ?
- ਵੈਸੇ ਤਾਂ ਵਿਹਲ ਮਿਲਦੀ ਹੀ ਨਹੀਂ ਪਰ ਜੇਕਰ ਮਿਲਦੀ ਹੈ ਤਾਂ ਘਰ ਟਾਈਮ ਬਿਤਾਉਣਾ ਪਸੰਦ ਕਰਦਾ ਹਾਂ। ਮੇਰੇ ਕੋਲ ਘਰ ਛੇ ਪਾਲਤੂ ਬਿੱਲੀਆਂ ਹਨ। ਉਨ੍ਹਾਂ ਨਾਲ ਟਾਈਮ ਬਿਤਾਉਣਾ ਮੈਨੂੰ ਕਾਫੀ ਚੰਗਾ ਲੱਗਦਾ ਹੈ। ਉਨ੍ਹਾਂ ਦੇ ਨਾਂ ਵੀ ਮੈਂ ਬਹੁਤ ਪਿਆਰ ਨਾਲ ਰੱਖੇ ਹਨ। ਇਕ ਦਾ ਨਾਂ ਕਜਰੀ ਹੈ ਤੇ ਇਕ ਦਾ ਬਿਸਕਿਟ। ਉਨ੍ਹਾਂ ਦੇ ਐਟੀਚਿਊਡ ਅਤੇ ਕਲਰ ਦੇ ਹਿਸਾਬ ਨਾਲ ਮੈਂ ਇਹ ਨਾਂ ਰੱਖੇ ਹਨ। ਮੈਨੂੰ ਜਾਨਵਰਾਂ ਨਾਲ ਬਹੁਤ ਲਗਾਅ ਹੈ, ਇਹੀ ਕਾਰਨ ਹੈ ਕਿ ਮੈਂ ਉਨ੍ਹਾਂ ਤੋਂ ਬਗੈਰ ਨਹੀਂ ਰਹਿ ਸਕਦਾ।
- ਜੇ. ਸੰਜੀਵ
ਇਕੱਲਾ ਹੀ ਪਹਾੜਾਂ ਨੂੰ ਚੀਰ ਦੇਣ ਵਾਲਾ ਦਸ਼ਰਥ ਮਾਂਝੀ
NEXT STORY