ਸਾਲ ਦੇ ਅੰਤ ਵਿਚ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਰਾਜਨੀਤੀ ਗਰਮਾ ਰਹੀ ਹੈ। ਖੇਤਰੀ ਅਤੇ ਰਾਸ਼ਟਰੀ ਪਾਰਟੀਆਂ ਇਸ ਦੀਆਂ ਤਿਆਰੀਆਂ ਵਿਚ ਰੁੱਝੀਆਂ ਹੋਈਆਂ ਹਨ ਅਤੇ ਆਖਰੀ ਸਮੇਂ ਦੀ ਕਿਸੇ ਵੀ ਰੁਕਾਵਟ ਤੋਂ ਬਚਣ ਲਈ ਸੀਟਾਂ ਦੀ ਵੰਡ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਚੋਣ ਜਿੱਤਣ ਲਈ ਇਕ ਸਖ਼ਤ ਮੁਕਾਬਲਾ ਹੋਵੇਗਾ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੁਫ਼ਤ ਬਿਜਲੀ ਸਮੇਤ ਕਈ ਲੋਕਪ੍ਰਿਯ ਯੋਜਨਾਵਾਂ ਦਾ ਐਲਾਨ ਕੀਤਾ ਹੈ। 1 ਅਗਸਤ ਤੋਂ ਬਿਹਾਰ ਦੇ ਘਰੇਲੂ ਖਪਤਕਾਰਾਂ ਨੂੰ 125 ਯੂਨਿਟ ਤੱਕ ਮੁਫ਼ਤ ਬਿਜਲੀ ਮਿਲੇਗੀ, ਜਿਸ ਨਾਲ ਲਗਭਗ 1.67 ਕਰੋੜ ਪਰਿਵਾਰਾਂ ਨੂੰ ਲਾਭ ਹੋਵੇਗਾ। ਇਹ ਯੋਜਨਾਵਾਂ ਸਿਰਫ਼ ਰਾਜਨੀਤਿਕ ਰਣਨੀਤੀਆਂ ਨਹੀਂ ਹਨ, ਸਗੋਂ ਵੋਟਰਾਂ ਲਈ ਸੰਭਾਵੀ ਬਦਲਾਅ ਲਿਆਉਣ ਵਾਲੀਆਂ ਹਨ।
ਰਾਜਦ ਨੇਤਾ ਤੇਜਸਵੀ ਯਾਦਵ ਨੇ ਵੀ ਚੋਣ ਜਿੱਤਣ ’ਤੇ 200 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ, ਹਾਲਾਂਕਿ ਉਨ੍ਹਾਂ ਨੇ ਵੋਟਰਾਂ ਨੂੰ ਲੁਭਾਉਣ ਲਈ ਮੁਫ਼ਤ ਬਿਜਲੀ ਦੇਣ ਦੀ ਆਲੋਚਨਾ ਕੀਤੀ ਹੈ।
ਬਿਹਾਰ ਦੀ ਰਾਜਨੀਤੀ ਵਿਚ 3 ਮੁੱਖ ਪਾਰਟੀਆਂ ਦਾ ਦਬਦਬਾ ਹੈ- ਰਾਸ਼ਟਰੀ ਜਨਤਾ ਦਲ (ਰਾਜਦ), ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਜਨਤਾ ਦਲ (ਯੂਨਾਈਟਿਡ) ਜਦ (ਯੂ), ਜਿਨ੍ਹਾਂ ਦੇ ਆਪਣੇ ਵਫ਼ਾਦਾਰ ਵੋਟਰ ਹਨ। ਮਹਾਗਠਜੋੜ ਵਿਚ ਰਾਜਦ, ਕਾਂਗਰਸ ਪਾਰਟੀ ਅਤੇ ਤੇਜਸਵੀ ਯਾਦਵ ਦੀ ਅਗਵਾਈ ਵਾਲੇ ਖੱਬੇ-ਪੱਖੀ ਦਲ ਸ਼ਾਮਲ ਹਨ।
2020 ਦੇ ਨਤੀਜੇ ਦਰਸਾਉਂਦੇ ਹਨ ਕਿ ਰਾਜਦ 23.11 ਫੀਸਦੀ ਵੋਟ ਸ਼ੇਅਰ ਨਾਲ ਸਿਖਰ ’ਤੇ ਆਇਆ। ਭਾਜਪਾ 19.4 ਫੀਸਦੀ ਵੋਟਾਂ ਨਾਲ ਦੂਜੇ ਸਥਾਨ ’ਤੇ ਰਹੀ ਅਤੇ ਉਸ ਦੀ ਗੱਠਜੋੜ ਭਾਈਵਾਲ ਜਦ (ਯੂ) 15.39 ਫੀਸਦੀ ਵੋਟਾਂ ਨਾਲ ਤੀਜੇ ਸਥਾਨ ’ਤੇ ਰਹੀ। ਕਾਂਗਰਸ ਨੂੰ ਸਿਰਫ਼ 9.4 ਫੀਸਦੀ ਅਤੇ ਖੱਬੇ-ਪੱਖੀ ਦਲਾਂ ਨੂੰ 4.64 ਫੀਸਦੀ ਵੋਟਾਂ ਮਿਲੀਆਂ।
ਰਾਸ਼ਟਰੀ ਜਨਤਾ ਦਲ (ਰਾਜਦ) ਦਾ ਉਦੇਸ਼ ਕੁਸ਼ਵਾਹਾ, ਧਾਨੁਕ ਅਤੇ ਮੱਲਾਹ ਸਮੇਤ ਹੋਰ ਜਾਤੀਆਂ ਤੱਕ ਪਹੁੰਚ ਕਰ ਕੇ ਆਪਣੇ ਮੁਸਲਿਮ ਅਤੇ ਯਾਦਵ ਵੋਟਰ ਅਾਧਾਰ ਨੂੰ ਵਧਾਉਣਾ ਹੈ। ਇਹ ਗੈਰ-ਪਾਸਵਾਨ ਅਤੇ ਗੈਰ-ਮਾਂਝੀ ਦਲਿਤ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਾਲ ਮਿਲ ਕੇ ਕੰਮ ਕਰ ਰਿਹਾ ਹੈ।
2020 ਦੀਆਂ ਚੋਣਾਂ ਦੇ ਮੁਕਾਬਲੇ 2025 ਦੀਆਂ ਚੋਣਾਂ ਵਿਚ ਐੱਨ. ਡੀ. ਏ. ਨੂੰ ਸੱਤਾ ਵਿਰੋਧੀ ਲਹਿਰ ਕਾਰਨ ਵਧੇਰੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਇਲਾਵਾ ਨਿਤੀਸ਼ ਕੁਮਾਰ ਨੇ ਬਹੁਤ ਜ਼ਿਆਦਾ ਲੋਕਪ੍ਰਿਯਤਾ ਗੁਆ ਦਿੱਤੀ ਹੈ ਅਤੇ ਸਿਹਤ ਮੁੱਦਿਆਂ ਨਾਲ ਵੀ ਜੂਝ ਰਹੇ ਹਨ।
ਸੀ. ਪੀ. ਆਈ. (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ (ਸੀ. ਪੀ. ਆਈ. (ਐੱਮ. ਐੱਲ. ਐੱਲ.) ਦਾ ਉਦੇਸ਼ ‘ਆਲ ਇੰਡੀਆ’ ਗੱਠਜੋੜ ਦੇ ਅੰਦਰ ਹਾਸ਼ੀਏ ’ਤੇ ਪਏ ਮਜ਼ਦੂਰ ਵਰਗ ਦੇ ਵੋਟਰਾਂ ਨੂੰ ਲੁਭਾਉਣਾ ਹੈ। ਪ੍ਰਸ਼ਾਂਤ ਕਿਸ਼ੋਰ ਦੀ ਜਨ ਸੂਰਜ ਪਾਰਟੀ ਨੌਜਵਾਨ, ਜਾਤੀ-ਨਿਰਪੱਖ ਵੋਟਰਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਲਾਲੂ ਪ੍ਰਸਾਦ ਯਾਦਵ ਅਤੇ ਨਿਤੀਸ਼ ਕੁਮਾਰ ਵਰਗੇ ਨੇਤਾਵਾਂ ਨੂੰ ਚੁਣੌਤੀ ਦੇਣ ਲਈ ਨਵੀਆਂ ਪਾਰਟੀਆਂ ਵੀ ਉੱਭਰ ਰਹੀਆਂ ਹਨ।
ਆਪਣੇ ਚੋਣ ਵਾਅਦਿਆਂ ਨੂੰ ਜਾਰੀ ਰੱਖਦੇ ਹੋਏ ਨਿਤੀਸ਼ ਕੁਮਾਰ ਛੱਤਾਂ ਅਤੇ ਜਨਤਕ ਥਾਵਾਂ ’ਤੇ ਸੂਰਜੀ ਊਰਜਾ ਪਲਾਂਟ ਲਗਾਉਣ ਦੀ ਵੀ ਯੋਜਨਾ ਬਣਾ ਰਹੇ ਹਨ। ਇਸ ਦਾ ਉਦੇਸ਼ 10,000 ਮੈਗਾਵਾਟ ਸੂਰਜੀ ਊਰਜਾ ਪੈਦਾ ਕਰਨਾ ਹੈ।
16 ਜੁਲਾਈ ਨੂੰ ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੀ ਪਛਾਣ ਕਰਨ ਅਤੇ 1,20,000 ਤੋਂ ਵੱਧ ਚਾਹਵਾਨ ਅਧਿਆਪਕਾਂ ਲਈ ਅਧਿਆਪਕ ਭਰਤੀ ਪ੍ਰੀਖਿਆ (ਟੀ.ਆਰ.ਈ.)-4 ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। 8 ਜੁਲਾਈ ਨੂੰ, ਨਿਤੀਸ਼ ਸਰਕਾਰ ਨੇ ਸਰਕਾਰੀ ਨੌਕਰੀਆਂ ਅਤੇ ਸਥਾਈ ਨਿਵਾਸੀਆਂ ਵਿਚ ਔਰਤਾਂ ਲਈ 35 ਫੀਸਦੀ ਰਾਖਵਾਂਕਰਨ ਲਾਗੂ ਕੀਤਾ, ਜਿਸ ਨਾਲ ਔਰਤਾਂ ਲਈ ਲਿੰਗ ਸਮਾਨਤਾ ਅਤੇ ਕਾਰਜਬਲ ਦੇ ਮੌਕਿਆਂ ਨੂੰ ਉਤਸ਼ਾਹਿਤ ਕੀਤਾ ਗਿਆ।
ਵੋਟਰਾਂ ਲਈ ਰੋਜ਼ਗਾਰ ਇਕ ਮੁੱਖ ਮੁੱਦਾ ਹੈ। ਬਿਹਾਰ ਕੈਬਨਿਟ ਨੇ ਹਾਲ ਹੀ ਵਿਚ ਅਗਲੇ 5 ਸਾਲਾਂ ਵਿਚ ਇਕ ਕਰੋੜ ਨੌਕਰੀਆਂ ਪੈਦਾ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨਾਲ ਰਾਜ ਲਈ ਇਕ ਉੱਜਵਲ ਭਵਿੱਖ ਦਾ ਵਾਅਦਾ ਕੀਤਾ ਗਿਆ ਹੈ।
ਨਿਤੀਸ਼ ਕੁਮਾਰ ਨੇ ਐਕਸ ’ਤੇ ਐਲਾਨ ਕੀਤਾ, ‘‘ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੇ ਰਾਜ ਵਿਚ 10 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ, ਜਿਨ੍ਹਾਂ ਵਿਚੋਂ ਲਗਭਗ 39 ਲੱਖ ਨੂੰ ਰੋਜ਼ਗਾਰ ਮਿਲਿਆ ਹੈ। ਸਾਡਾ ਟੀਚਾ 50 ਲੱਖ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। 7 ਨਿਸ਼ਚੇ ਪ੍ਰੋਗਰਾਮ ਰਾਹੀਂ, ਅਸੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਵਾਲਿਆਂ ਨੂੰ ਹੁਨਰ ਵਿਕਾਸ ਸਿਖਲਾਈ ਪ੍ਰਦਾਨ ਕਰਦੇ ਹਾਂ ਅਤੇ ਅਸੀਂ ਅਗਲੇ 5 ਸਾਲਾਂ ਵਿਚ ਇਨ੍ਹਾਂ ਯਤਨਾਂ ਦਾ ਵਿਸਥਾਰ ਕਰਨ ਦੀ ਯੋਜਨਾ ਬਣਾ ਰਹੇ ਹਾਂ।’’
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਟਨਾ ਨੂੰ ‘ਅਪਰਾਧ ਰਾਜਧਾਨੀ’ ਕਰਾਰ ਦਿੱਤਾ। ਬਸਪਾ ਮੁਖੀ ਮਾਇਆਵਤੀ ਨੇ ਐਕਸ ’ਤੇ ਕਿਹਾ ਕਿ ਐੱਨ. ਡੀ. ਏ. ਸਰਕਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਜਨਤਾ ਦਾ ਧਿਆਨ ਭਟਕਾਉਣ ਲਈ ਲਾਭਾਂ ਦਾ ਐਲਾਨ ਕਰ ਰਹੇ ਹਨ। ਹੋਰ ਵਿਰੋਧੀ ਪਾਰਟੀਆਂ ਨੇ ਵੀ ਇਸ ਕਦਮ ਦੀ ਆਲੋਚਨਾ ਕੀਤੀ।
ਨਿਤੀਸ਼ ਇਨ੍ਹਾਂ ਲਾਭਾਂ ਦਾ ਐਲਾਨ ਕਿਉਂ ਕਰ ਰਹੇ ਹਨ? 2025 ਦੀਆਂ ਚੋਣਾਂ ਬਿਹਾਰ ਵਿਚ ਨਜ਼ਦੀਕੀ ਮੁਕਾਬਲੇ ਹੋਣ ਦੀ ਉਮੀਦ ਹੈ ਅਤੇ 20 ਸਾਲਾਂ ਤੋਂ ਵੱਧ ਸਮੇਂ ਤੋਂ ਮੁੱਖ ਮੰਤਰੀ ਰਹੇ ਨਿਤੀਸ਼ ਕੁਮਾਰ ਦਸਵੀਂ ਵਾਰ ਮੁੱਖ ਮੰਤਰੀ ਬਣਨ ਦਾ ਟੀਚਾ ਰੱਖ ਰਹੇ ਹਨ। ਇਹ ਚੋਣ ਬਿਹਾਰ ਵਿਚ ਉਨ੍ਹਾਂ ਦੀ ਆਖਰੀ ਚੋਣ ਹੋ ਸਕਦੀ ਹੈ।
ਨਿਤੀਸ਼ ਕੁਮਾਰ ਵਿਗੜਦੀ ਕਾਨੂੰਨ ਵਿਵਸਥਾ ਸਰਕਾਰੀ ਯੋਜਨਾਵਾਂ ਖਾਸ ਕਰ ਕੇ ਸ਼ਰਾਬਬੰਦੀ ਦੇ ਮਾੜੇ ਲਾਗੂਕਰਨ, ਅਤੇ ਸਿੱਖਿਆ ਦੇ ਹੇਠਲੇ ਪੱਧਰ ਲਈ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਅਤੇ ਨਾਕਾਫ਼ੀ ਬੁਨਿਆਦੀ ਢਾਂਚੇ ਵੀ ਉਨ੍ਹਾਂ ਦੀ ਲੋਕਪ੍ਰਿਯਤਾ ਨੂੰ ਪ੍ਰਭਾਵਿਤ ਕਰ ਰਹੇ ਹਨ।
ਕਾਂਗਰਸ ਪਾਰਟੀ ਵੀ ਆਪਣੀ ਪੁਰਾਣੀ ਸ਼ਾਨ ਨੂੰ ਬਰਕਰਾਰ ਰੱਖ ਕੇ ਆਪਣਾ ਸਮਰਥਨ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਕਲਿਆਣੀ ਸ਼ੰਕਰ
ਪੂੰਜੀਵਾਦ ਅਤੇ ਸਮਾਜਵਾਦ ਵਿਚਾਲੇ ਅਸਲ ਫਰਕ ਨੂੰ ਸਮਝਣਾ ਪਵੇਗਾ
NEXT STORY