ਕਰਨ ਜੌਹਰ ਦੀ ਸੁਪਰਹਿੱਟ ਫ਼ਿਲਮ 'ਸਟੂਡੈਂਟ ਆਫ ਦਿ ਯੀਅਰ' ਨਾਲ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਵਾਲਾ ਸਿਧਾਰਥ ਮਲਹੋਤਰਾ ਅੱਜਕਲ ਕਾਫੀ ਬਿਜ਼ੀ ਨਜ਼ਰ ਆ ਰਿਹਾ ਹੈ। 'ਸਟੂਡੈਂਟ ਆਫ ਦਿ ਯੀਅਰ' ਤੋਂ ਬਾਅਦ ਸਿਧਾਰਥ ਦੀਆਂ ਦੋ ਹੋਰ ਫ਼ਿਲਮਾਂ 'ਹੰਸੀ ਤੋਂ ਫੰਸੀ' ਅਤੇ 'ਏਕ ਵਿਲੇਨ' ਰਿਲੀਜ਼ ਹੋ ਚੁੱਕੀਆਂ ਹਨ, ਜਿਨ੍ਹਾਂ 'ਚੋਂ 'ਏਕ ਵਿਲੇਨ' ਵੀ ਹਿੱਟ ਰਹੀ ਸੀ। ਫਿਲਹਾਲ ਉਸ ਦੀ ਚਰਚਾ ਨਵੀਂ ਫ਼ਿਲਮ 'ਬ੍ਰਦਰਸ' ਨੂੰ ਲੈ ਕੇ ਹੋ ਰਹੀ ਹੈ। ਪੇਸ਼ ਹਨ ਉਸ ਨਾਲ ਹੋਈ ਸੰਖੇਪ ਗੱਲਬਾਤ ਦੇ ਅੰਸ਼ :-
► 'ਬ੍ਰਦਰਸ' ਬਾਰੇ ਕੀ ਕਹਿਣਾ ਚਾਹੋਗੇ?
— ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਹ ਫ਼ਿਲਮ ਹਾਲੀਵੁੱਡ ਦੀ ਫ਼ਿਲਮ 'ਵਾਰੀਅਰ' ਦੀ ਰੀਮੇਕ ਹੈ। ਇਸ 'ਚ ਮੈਂ ਇਕ ਰੈਸਲਰ ਦਾ ਕਿਰਦਾਰ ਨਿਭਾਇਆ ਹੈ ਅਤੇ ਇਸ ਦੇ ਲਈ ਸਰੀਰਕ ਤੇ ਦਿਮਾਗੀ ਬਹੁਤ ਮਿਹਨਤ ਕੀਤੀ ਹੈ। ਮੈਂ ਨਾ ਸਿਰਫ 6 ਤੋਂ 8 ਕਿਲੋ ਭਾਰ ਵਧਾਇਆ, ਸਗੋਂ ਮਾਰਸ਼ਲ ਆਰਟਸ ਵੀ ਸਿੱਖਿਆ ਹੈ।
► ਅਕਸ਼ੈ ਕੁਮਾਰ ਅਤੇ ਜੈਕੀ ਸ਼ਰਾਫ ਨਾਲ ਕੰਮ ਕਰਕੇ ਕੀ ਕੁਝ ਸਿੱਖਿਆ?
— ਇਹ ਪਹਿਲਾ ਮੌਕਾ ਹੈ, ਜਦੋਂ ਮੈਂ ਕਿਸੇ ਵੱਡੇ ਸਿਤਾਰੇ ਨਾਲ ਕੰਮ ਕਰ ਰਿਹਾ ਹਾਂ। 'ਬ੍ਰਦਰਸ' ਵਿਚ ਕੰਮ ਕਰਨ ਦੌਰਾਨ ਅਕਸ਼ੈ ਅਤੇ ਮੇਰੇ ਵਿਚਾਲੇ ਵੱਡੇ ਅਤੇ ਛੋਟੇ ਭਰਾ ਵਰਗਾ ਰਿਸ਼ਤਾ ਬਣ ਗਿਆ ਹੈ। ਅਸੀਂ ਦੋਵੇਂ ਪੰਜਾਬੀ ਹਾਂ, ਇਸ ਲਈ ਸਾਡੀ ਪਸੰਦ ਵੀ ਮੇਲ ਖਾਂਦੀ ਹੈ। ਅਕਸ਼ੈ ਨੇ ਦੱਸਿਆ ਕਿ ਆਪਣਾ ਟੀਚਾ ਹਮੇਸ਼ਾ ਉੱਚਾ ਰੱਖੋ, ਤਾਂ ਹੀ ਤੁਸੀਂ ਉਸ ਨੂੰ ਹਾਸਲ ਕਰ ਸਕੋਗੇ। ਜੈਕੀ ਆਪਣੇ ਕੰਮ ਪ੍ਰਤੀ ਬੇਹੱਦ ਸਮਰਪਿਤ ਹਨ। ਉਹ ਬਹੁਤ ਚੰਗੇ ਸੁਭਾਅ ਦੇ ਹਨ। ਸੈੱਟ 'ਤੇ ਖੁਸ਼ਨੁਮਾ ਮਾਹੌਲ ਰੱਖਦੇ ਹਨ।
► ਕਰੀਨਾ ਕਪੂਰ ਖਾਨ ਨਾਲ ਆਈਟਮ ਨੰਬਰ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
— ਮੈਂ ਕਰੀਨਾ ਦਾ ਹਮੇਸ਼ਾ ਤੋਂ ਪ੍ਰਸ਼ੰਸਕ ਰਿਹਾ ਹਾਂ। ਇਹ ਮੈਂ ਉਸ ਨੂੰ ਕਈ ਵਾਰ ਕਹਿ ਵੀ ਚੁੱਕਾ ਹਾਂ ਕਿ ਉਸ ਅੰਦਰ ਉਹ ਊਰਜਾ ਅਤੇ ਜਨੂੰਨ ਹੈ, ਜੋ ਕਿਸੇ ਕਲਾਕਾਰ ਕੋਲ ਆਪਣੇ ਕੰਮ ਪ੍ਰਤੀ ਹੋਣਾ ਚਾਹੀਦੈ। ਕਰੀਨਾ ਖੁਦ ਨੂੰ ਆਪਣੇ ਕਿਰਦਾਰ ਅਨੁਸਾਰ ਢਾਲਣ 'ਚ ਸਮਰੱਥ ਹੈ। ਇਕ ਪ੍ਰਸ਼ੰਸਕ ਦਾ ਆਪਣੇ ਮਨਪਸੰਦ ਸਿਤਾਰੇ ਨਾਲ ਕੰਮ ਕਰਨ ਦਾ ਅਨੁਭਵ ਬੇਸ਼ੱਕ ਸ਼ਾਨਦਾਰ ਹੀ ਹੋਵੇਗਾ, ਹੁਣ ਉਸ ਨਾਲ ਫ਼ਿਲਮ 'ਚ ਕੰਮ ਕਰਨਾ ਚਾਹੁੰਦਾ ਹਾਂ।
► ਸੁਣਨ 'ਚ ਆਇਐ ਕਿ ਕਰਨ ਨੇ 'ਸਟੂਡੈਂਟ ਆਫ ਦਿ ਯੀਅਰ' ਦੀ ਪੂਰੀ ਟੀਮ ਨੂੰ ਆਪਣੀ ਨਵੀਂ ਫ਼ਿਲਮ 'ਚ ਕਾਸਟ ਕੀਤਾ ਹੈ?
— ਜੀ ਹਾਂ, ਕਰਨ ਜੌਹਰ ਦੇ ਤਿੰਨੇ ਸਟੂਡੈਂਟ-ਆਲੀਆ ਭੱਟਾ, ਵਰੁਣ ਧਵਨ ਅਤੇ ਮੈਂ ਇਕ ਵਾਰ ਫਿਰ ਇਕੱਠੇ ਨਜ਼ਰ ਆਉਣ ਵਾਲੇ ਹਾਂ। ਹਾਲਾਂਕਿ ਪਹਿਲਾਂ ਇਸ ਫ਼ਿਲਮ 'ਚ ਸੰਜੇ ਦੱਤ ਕੰਮ ਕਰਨ ਵਾਲੇ ਸਨ ਪਰ ਉਨ੍ਹਾਂ ਦੇ ਇਨਕਾਰ ਤੋਂ ਬਾਅਦ ਫ਼ਿਲਮ 'ਚ ਮੈਨੂੰ ਉਨ੍ਹਾਂ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ, ਜੋ ਇਕ ਖਲਨਾਇਕ ਦਾ ਹੋਵੇਗਾ।
► ਕਰਨ ਦੀ ਕਿਸੇ ਹੋਰ ਫ਼ਿਲਮ 'ਚ ਇਕ ਵਾਰ ਫਿਰ ਆਲੀਆ ਤੁਹਾਡੀ ਹੀਰੋਇਨ ਬਣ ਗਈ ਹੈ?
— ਹਾਂ, ਮੈਂ ਅਤੇ ਆਲੀਆ ਨੇ ਕਰਨ ਜੌਹਰ ਦੀ ਅਗਲੀ ਫ਼ਿਲਮ ਸਾਈਨ ਕੀਤੀ ਹੈ, ਜੋ ਇਕ ਲਵ ਟ੍ਰਾਈਐਂਗਲ ਹੋਵੇਗੀ। ਇਸ ਦੀ ਸ਼ੂਟਿੰਗ ਸ਼ੁਰੂ ਹੈ।
► 'ਬ੍ਰਦਰਸ' ਵਿਚ ਜੈਕੀ ਨਾਲ ਕੰਮ ਕਰਨ ਤੋਂ ਬਾਅਦ ਹੁਣ ਤੁਸੀਂ ਉਨ੍ਹਾਂ ਦੀ ਸੁਪਰਹਿੱਟ ਫ਼ਿਲਮ 'ਰਾਮ ਲਖਨ' ਵਿਚ ਉਨ੍ਹਾਂ ਦਾ ਰੋਲ ਕਰ ਰਹੇ ਹੋ?
— ਜੀ ਹਾਂ, ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣਨ ਵਾਲੀ 'ਰਾਮ ਲਖਨ' ਦੇ ਰੀਮੇਕ 'ਚ ਮੇਰੇ ਹਿੱਸੇ ਰਾਮ ਦਾ ਕਿਰਦਾਰ ਆਇਆ ਹੈ, ਜਿਸ ਨੂੰ ਓਰਿਜ਼ਨਲ ਫ਼ਿਲਮ 'ਚ ਜੈਕੀ ਸ਼ਰਾਫ ਨੇ ਨਿਭਾਇਆ ਸੀ। ਹਾਲਾਂਕਿ ਲਖਨ ਕੌਣ ਬਣੇਗਾ, ਅਜੇ ਤੱਕ ਇਹ ਤੈਅ ਨਹੀਂ ਹੋਇਆ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ 'ਚ ਕਾਫੀ ਸਮਾਂ ਹੈ।
...ਤਾਂ ਜ਼ਿੰਦਗੀ ਬਦਲ ਗਈ
NEXT STORY