ਫਤਿਹਗੜ੍ਹ ਸਾਹਿਬ (ਜਗਦੇਵ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਵੀਜ਼ਾ ਰਹਿਤ ਖੋਲ੍ਹਣ ਲਈ ਜਨਾਬ ਇਮਰਾਨ ਖਾਨ ਵਜ਼ੀਰ-ਏ-ਆਜ਼ਮ ਪਾਕਿਸਤਾਨ ਅਤੇ ਨਵਜੋਤ ਸਿੰਘ ਸਿੱਧੂ ਮੰਤਰੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਿਚ ਕੋਈ ਰੱਤੀ ਭਰ ਵੀ ਸ਼ੱਕ ਨਹੀਂ ਕਿ ਜਦੋਂ ਸਿੱਖ ਕੌਮ ਵੱਲੋਂ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜੁਡ਼ ਕੇ ‘ਅਰਦਾਸ’ ਕੀਤੀ ਜਾਂਦੀ ਹੈ ਤਾਂ ਉਹ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ । ਉਨ੍ਹਾਂ ਕਿਹਾ ਕਿ ਜਿੱਥੇ ਸਿੱਖ ਕੌਮ ਦੀ ਅਰਦਾਸ ਵਿਚ ਵਿੱਛਡ਼ੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਦੀ ਗੱਲ ਦੇ ਪੂਰਨ ਹੋਣ ਪਿੱਛੇ ਸਿੱਖ ਕੌਮ ਦੀ ਅਰਦਾਸ ਦਾ ਬਹੁਤ ਵੱਡਾ ਯੋਗਦਾਨ ਹੈ, ਉਥੇ ਜਨਾਬ ਇਮਰਾਨ ਖਾਨ ਵਜ਼ੀਰ-ਏ-ਆਜ਼ਮ ਪਾਕਿਸਤਾਨ ਅਤੇ ਸ. ਨਵਜੋਤ ਸਿੰਘ ਸਿੱਧੂ ਮੰਤਰੀ ਟੂਰਿਜ਼ਮ, ਸੱਭਿਆਚਾਰਕ ਅਤੇ ਪੁਰਾਤਤਵ ਵਿਭਾਗ ਪੰਜਾਬ ਦੀ ਪੁਰਾਤਨ ਨਿਰਸਵਾਰਥ ਸੱਚੀ ਦੋਸਤੀ ਨੇ ਵੀ ਵੱਡਾ ਯੋਗਦਾਨ ਪਾਇਆ ਹੈ, ਜਿਸ ਦੀ ਬਦੌਲਤ ਅੱਜ ਸਿੱਖ ਕੌਮ ਨੂੰ ਵੀਜ਼ੇ ਤੋਂ ਰਹਿਤ ਆਪਣੇ ਗੁਰਧਾਮਾਂ ਦੇ ਦਰਸ਼ਨ-ਦੀਦਾਰ ਕਰਨ ਦੀ ਪ੍ਰਵਾਨਗੀ ਮਿਲੀ ਹੈ।
ਇਸ ਕੀਤੇ ਗਏ ਸਿੱਖ ਕੌਮ ਪੱਖੀ ਉਦਮ ਲਈ ਜਿਥੇ ਸਿੱਖ ਕੌਮ ਜਨਾਬ ਇਮਰਾਨ ਖਾਨ ਦੀ ਤਹਿ ਦਿਲੋਂ ਧੰਨਵਾਦੀ ਹੈ, ਉਥੇ ਸ. ਸਿੱਧੂ ਵੱਲੋਂ ਬਿਨਾਂ ਕਿਸੇ ਡਰ-ਭੈਅ ਤੋਂ ਆਪਣੀ ਸਿਆਸੀ ਪਾਰਟੀ ਆਦਿ ਵਲਗਣਾਂ ਤੋਂ ਉਪਰ ਉੱਠ ਕੇ ਕੀਤੇ ਗਏ ਨਿਰਸਵਾਰਥ ਉੱਦਮ ਦੀ ਵੀ ਸ਼ਲਾਘਾ ਕੀਤੀ ਜਾਂਦੀ ਹੈ। ਸ. ਟਿਵਾਣਾ ਨੇ ਜਨਾਬ ਇਮਰਾਨ ਖਾਨ ਦਾ ਇਸ ਲਈ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ 28 ਨਵੰਬਰ 2018 ਨੂੰ ਗੁਰੂ ਸਾਹਿਬਾਨ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕਰਦੇ ਹੋਏ ਇਹ ਕਿਹਾ ਕਿ ਜੇਕਰ ‘‘ਬਰਲਿਨ ਦੀ ਕੰਧ ਮਨੁੱਖਤਾ ਅਤੇ ਇਨਸਾਨੀਅਤ ਲਈ ਢਾਹੀ ਜਾ ਸਕਦੀ ਹੈ ਤਾਂ ਭਾਰਤ-ਪਾਕਿ ਆਪਣੀਅਾਂ ਕੰਡਿਆਲੀ ਰੋਕਾਂ ਤੋਡ਼ ਕੇ ਅਤੇ ਸਰਹੱਦਾਂ ਨੂੰ ਖ਼ਤਮ ਕਰ ਕੇ ਇਕ ਕਿਉਂ ਨਹੀਂ ਹੋ ਸਕਦੇ?’’ਉਨ੍ਹਾਂ ਪ੍ਰਗਟਾਏ ਗਏ ਮੁਸਲਿਮ ਕੌਮ ਅਤੇ ਸਿੱਖ ਕੌਮ ਦੇ ਗਹਿਰੇ ਸਬੰਧਾਂ ਨੂੰ ਮਜ਼ਬੂਤ ਕਰਨ ਵਾਲੇ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਨ ਵਾਲੇ ਵਿਚਾਰਾਂ ਦਾ ਵੀ ਤਹਿ ਦਿਲੋਂ ਸਵਾਗਤ ਕਰਦੇ ਹੋਏ ਕਿਹਾ ਕਿ ਜਦੋਂ ਜਨਾਬ ਇਮਰਾਨ ਖਾਨ ਨੇ ਸ. ਸਿੱਧੂ ਨੂੰ ਆਪਣੇ ਸਹੁੰ ਚੁੱਕ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਸੱਦਾ ਦਿੱਤਾ ਸੀ ਤਾਂ ਸ. ਸਿੱਧੂ ਵੱਲੋਂ ਅਤੇ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਤਹਿਜੀਬ-ਸਲੀਕੇ ਅਤੇ ਪ੍ਰਹੁਣਾਚਾਰੀ ਨਿਯਮਾਂ ਨੂੰ ਮੁੱਖ ਰੱਖਦੇ ਹੋਏ ਅਤੇ ਪੰਜਾਬੀ ਸੱਭਿਆਚਾਰ ਦੇ ਵਿਚ ਵਹਿੰਦੇ ਹੋਏ ਜੋ ਜੱਫ਼ੀ ਪਾਈ ਗਈ ਸੀ, ਉਸ ਨੂੰ ਹਿੰਦੂਤਵ ਹੁਕਮਰਾਨਾਂ ਅਤੇ ਮੁਤੱਸਵੀ ਹਿੰਦੂ ਪ੍ਰੈੱਸ ਨੇ ਗੈਰ-ਦਲੀਲ ਢੰਗ ਨਾਲ ਨਾਂਹ ਵਾਚਕ ਸੋਚ ਦਾ ਸਹਾਰਾ ਲੈਂਦੇ ਹੋਏ ਸ. ਨਵਜੋਤ ਸਿੰਘ ਸਿੱਧੂ ਦੀ ਉਭਰਦੀ ਤੇ ਚਮਕਦੀ ਸ਼ਖਸੀਅਤ ਅਤੇ ਸਿੱਖ ਕੌਮ ਦੇ ਸਤਿਕਾਰਤ ਅਕਸ ਨੂੰ ਦਾਗੀ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਸੀ, ਜਦੋਂਕਿ ਚਾਹੀਦਾ ਇਹ ਸੀ ਕਿ ਮੁਸਲਿਮ ਤੇ ਸਿੱਖ ਕੌਮ, ਹਿੰਦ-ਪਾਕਿ ਦੇ ਦੋਵਾਂ ਮੁਲਕਾਂ ਦੇ ਲਈ ਜੋ ਇਕ ਅੱਛਾ ਮਾਹੌਲ ਬਣਿਆ ਸੀ ਉਸ ਨੂੰ ਹੋਰ ਉਭਾਰ ਕੇ ਬਰਲਿਨ ਦੀ ਕੰਧ ਦੀ ਤਰ੍ਹਾਂ ਹੋਏ ਅਮਲ ਨੂੰ ਅੱਗੇ ਵਧਾਇਆ ਜਾਂਦਾ, ਜਿਸ ਨਾਲ ਹਿੰਦ ਅਤੇ ਪਾਕਿ, ਦੋਵੇਂ ਚਡ਼੍ਹਦੇ ਪੰਜਾਬ-ਲਹਿੰਦੇ ਪੰਜਾਬ ਦੇ ਨਿਵਾਸੀਅਾਂ ਦਾ ਆਪਸੀ ਪਿਆਰ ਤੇ ਸਹਿਯੋਗ ਵਧਣ ਨਾਲ ਮਾਲੀ ਹਾਲਤ ਵਿਚ ਵੀ ਵੱਡੀ ਪ੍ਰਗਤੀ ਕੀਤੀ ਜਾਂਦੀ ਅਤੇ ਦੋਵਾਂ ਮੁਲਕਾਂ ਦੇ ਨਿਵਾਸੀਆਂ ਦੀ ਜ਼ਿੰਦਗੀ ਹੋਰ ਬਿਹਤਰ ਬਣਾਉਣ ਵਿਚ ਯੋਗਦਾਨ ਪਾਇਆ ਜਾਂਦਾ ਪਰ ਦੁੱਖ ਤੇ ਅਫਸੋਸ ਹੈ ਕਿ ਮੁਤੱਸਵੀ ਸੋਚ ਵਾਲੇ ਹੁਕਮਰਾਨ ਅਤੇ ਪ੍ਰੈੱਸ ਇਸ ਤਾਕ ਵਿਚ ਰਹਿੰਦੇ ਹਨ ਕਿ ਕਿਸੇ ਨਾ ਕਿਸੇ ਢੰਗ ਨਾਲ ਹਿੰਦ-ਪਾਕਿ, ਮੁਸਲਿਮ-ਸਿੱਖ ਕੌਮ ਦੇ ਸਬੰਧਾਂ ਵਿਚ ਦਰਾਡ਼ ਪੈਦਾ ਕੀਤੀ ਜਾਵੇ, ਜੋ ਮਨੁੱਖੀ ਅਤੇ ਇਨਸਾਨੀ ਕਦਰਾਂ-ਕੀਮਤਾਂ ਦਾ ਘਾਣ ਕਰਨ ਦੇ ਬਰਾਬਰ ਅਮਲ ਹਨ।
ਅਣਪਛਾਤੀ ਅੌਰਤ ਦੀ ਲਾਸ਼ ਮਿਲੀ
NEXT STORY