ਲੁਧਿਆਣਾ, (ਵਿੱਕੀ)- ਪਹਿਲਾਂ 12ਵੀਂ ਕਲਾਸ ਦੇ ਇਕਨਾਮਿਕਸ ਦਾ ਪੇਪਰ ਲੀਕ ਹੋਣ ਦੇ ਕੇਸ ਵਿਚ ਦੇਸ਼ ਵਿਚ ਆਪਣੀ ਫਜ਼ੀਹਤ ਕਰਵਾ ਚੁੱਕੇ ਦੇਸ਼ ਦੇ ਸਭ ਤੋਂ ਵੱਡੇ ਬੋਰਡ ਸੀ. ਬੀ. ਐੱਸ. ਈ. ਵੱਲੋਂ ਦੇਸ਼ ਦੇ ਵੱਖ-ਵੱਖ ਮੁੱਲਾਂਕਣ ਕੇਂਦਰਾਂ 'ਤੇ ਨਿਯੁਕਤ ਕੀਤੇ ਗਏ ਅਧਿਆਪਕਾਂ ਨੇ ਪੂਰੀ ਤਰ੍ਹਾਂ ਲਾਪ੍ਰਵਾਹੀ ਵਰਤਦੇ ਹੋਏ ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕਾਂ ਦੀ ਟੋਟਲਿੰਗ ਕਰਨ ਵਿਚ ਹੀ ਗਲਤੀਆਂ ਕਰ ਦਿੱਤੀਆਂ, ਜਿਸ ਕਾਰਨ ਉੱਤਰ ਪੱਤਰੀਆਂ ਵਿਚ ਵਿਦਿਆਰਥੀਆਂ ਨੂੰ ਘੱਟ ਨੰਬਰ ਮਿਲੇ ਹਨ। ਕਈ ਤਾਂ ਅਜਿਹੇ ਅਧਿਆਪਕ ਹਨ ਜਿਨ੍ਹਾਂ ਨੇ ਚੈੱਕ ਕੀਤੇ ਹੀ ਨੰਬਰ ਛੱਡ ਦਿੱਤੇ।
ਇਸੇ ਕਾਰਨ ਜਦੋਂ ਨਤੀਜਾ ਐਲਾਨੇ ਹੋਣ ਤੋਂ ਬਾਅਦ ਵਿਦਿਆਰਥੀਆਂ ਦੇ ਉਮੀਦ ਮੁਤਾਬਕ ਆਪਣੇ ਅੰਕ ਵਿਸ਼ਿਆਂ ਵਿਚ ਘੱਟ ਪਾਏ ਤਾਂ ਹੱਕੇ-ਬੱਕੇ ਰਹਿ ਗਏ। ਕਈ ਵਿਦਿਆਰਥੀਆਂ ਦੇ ਮੁੜ ਅੰਕ ਚੈੱਕ ਕਰਨ ਦੀ ਬੇਨਤੀ 'ਤੇ ਨੰਬਰਾਂ ਦੀ ਮੁੜ ਟੋਟਲਿੰਗ ਕੀਤੀ ਗਈ ਤਾਂ ਅਧਿਆਪਕਾਂ ਵੱਲੋਂ ਮੁੱਲਾਂਕਣ ਵਿਚ ਕੀਤੀ ਗਈ ਲਾਪ੍ਰਵਾਹੀ ਤੋਂ ਪਰਦਾ ਉੱਠ ਗਿਆ। ਅਜਿਹੇ 'ਚ ਕਈ ਕੇਸ ਸਾਹਮਣੇ ਆਏ ਜਦੋਂ ਵਿਦਿਆਰਥੀਆਂ ਦੇ ਅੰਕ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਵਧ ਗਏ। ਦਿੱਲੀ ਦੇ ਇਕ ਵਿਦਿਆਰਥੀ ਨੂੰ ਉਰਦੂ ਵਿਚ ਫੇਲ ਕੀਤਾ ਗਿਆ ਸੀ ਪਰ ਮੁੜ ਨੰਬਰਾਂ ਦਾ ਜੋੜ ਕਰਨ ਸਮੇਂ ਉਹ ਪਾਸ ਹੋ ਗਿਆ, ਨਾਲ ਹੀ ਇੰਗਲਿਸ਼ ਦੀ ਇਕ ਵਿਦਿਆਰਥਣ ਦੇ ਨੰਬਰ 16 ਤੋਂ ਸਿੱਧਾ 5 ਗੁਣਾ ਵਧ ਕੇ 80 ਤੱਕ ਪੁੱਜ ਗਏ। ਇੱਥੇ ਦੱਸ ਦੇਈਏ ਕਿ ਬੋਰਡ ਨੇ ਮੁੜ ਨੰਬਰਾਂ ਦੇ ਅੰਕ ਲਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।
ਮੁੜ ਨੰਬਰ ਲਾਉਣ ਦੌਰਾਨ ਅੰਕ ਵਧਣ ਦਾ ਮਾਮਲਾ ਜਦੋਂ ਬੋਰਡ ਦੇ ਉੱਚ ਅਧਿਕਾਰੀਆਂ ਤੱਕ ਪੁੱਜਾ ਤਾਂ ਸੀ. ਬੀ. ਐੱਸ. ਈ. ਨੇ ਹੁਣ ਦੇਸ਼ ਭਰ ਦੇ ਵੱਖ-ਵੱਖ ਸਕੂਲਾਂ ਵਿਚ ਨਿਯੁਕਤ 130 ਅਧਿਆਪਕਾਂ 'ਤੇ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਬੋਰਡ ਨੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਅਜਿਹੀ ਲਾਪ੍ਰਵਾਹੀ ਵਰਤਣ ਵਾਲੇ 130 ਅਧਿਆਪਕਾਂ ਅਤੇ ਕੋ-ਆਰਡੀਨੇਟਰਾਂ 'ਤੇ ਕਾਰਵਾਈ ਲਈ ਉਨ੍ਹਾਂ ਦੇ ਸਕੂਲਾਂ ਨੂੰ ਲਿਖਦੇ ਹੋਏ ਰਿਪੋਰਟ ਵੀ ਮੰਗੀ ਹੈ। ਇਹੀ ਨਹੀਂ, ਬੋਰਡ ਨੇ ਆਪਣੇ ਰਿਜਨਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਕਤ ਅਧਿਆਪਕਾਂ 'ਤੇ ਮੁਅੱਤਲੀ ਦੀ ਕਾਰਵਾਈ ਕਰਵਾ ਕੇ ਉਸ ਦੀ ਰਿਪੋਰਟ ਤੁਰੰਤ ਭੇਜੀ ਜਾਵੇ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਸੀ. ਬੀ. ਐੱਸ. ਈ. ਜਦੋਂ ਇਸ ਤਰ੍ਹਾਂ ਦੀ ਗਲਤੀ ਕਰਨ ਵਾਲੇ ਅਧਿਆਪਕਾਂ ਖਿਲਾਫ ਕਾਰਵਾਈ ਲਈ ਕਦਮ ਚੁੱਕ ਰਹੀ ਹੈ। ਅਜੇ ਕਾਪੀਆਂ ਦੇ ਵਾਪਸ ਰੀ-ਟੋਟਲਿੰਗ ਦੀ ਪ੍ਰਕਿਰਿਆ ਜਾਰੀ ਹੈ, ਜਿਸ ਵਿਚ ਲਾਪ੍ਰਵਾਹੀ ਸਾਹਮਣੇ ਆਉਣ 'ਤੇ ਹੋਰ ਵੀ ਅਧਿਆਪਕਾਂ 'ਤੇ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਸੁਭਾਵਿਕ ਹੈ।
ਪਟਨਾ ਦੇ 45 ਤੇ ਦੇਹਰਾਦੂਨ ਦੇ 27 ਅਧਿਆਪਕ
ਜਾਣਕਾਰੀ ਦੇ ਮੁਤਾਬਕ ਸਭ ਤੋਂ ਜ਼ਿਆਦਾ ਲਾਪ੍ਰਵਾਹੀ ਬਿਹਾਰ ਦੇ ਪਟਨਾ ਰਿਜਨ ਦੇ ਅਧਿਆਪਕਾਂ ਨੇ ਕੀਤੀ ਹੈ। ਇਸ ਖੇਤਰ ਦੇ 45 ਅਧਿਆਪਕਾਂ ਨੂੰ ਲਾਪ੍ਰਵਾਹੀ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਤੋਂ ਬਾਅਦ ਦੂਜੀ ਜਗ੍ਹਾ 'ਤੇ ਦੇਹਰਾਦੂਨ ਦੇ 27 ਅਧਿਆਪਕ ਹਨ। ਇਲਾਹਾਬਾਦ ਅਤੇ ਰਾਜਧਾਨੀ ਦਿੱਲੀ ਤੋਂ ਬਾਅਦ ਅਜਮੇਰ ਰਿਜਨ ਵਿਚ ਵੀ ਜ਼ਿਆਦਾ ਕੇਸ ਸਾਹਮਣੇ ਆਏ ਹਨ, ਜਿਸ ਵਿਚ ਮੁੱਲਾਂਕਣ ਕਰਨ ਵਾਲੇ ਅਧਿਆਪਕਾਂ ਦੀ ਗਲਤੀ ਕਾਰਨ ਬੱਚਿਆਂ ਦਾ ਕਰੀਅਰ ਇਕ ਵਾਰ ਤਾਂ ਦਾਅ 'ਤੇ ਲੱਗ ਗਿਆ ਸੀ। ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਵਾਰ ਕਿਸੇ ਤਰ੍ਹਾਂ ਦੀ ਗਲਤੀ ਨਾ ਰਹੇ, ਇਸ ਲਈ ਬੋਰਡ ਨੇ ਉੱਤਰ ਪੱਤਰੀਆਂ ਦੇ ਨੰਬਰ ਲਾਉਣ 'ਤੇ ਨੰਬਰਾਂ ਦੀ ਰੀ-ਟੋਟਲਿੰਗ ਲਈ 2 ਅਧਿਆਪਕ ਲਾਏ ਸਨ ਪਰ ਫਿਰ ਵੀ ਇਸ ਤਰ੍ਹਾਂ ਦੀ ਲਾਪ੍ਰਵਾਹੀ ਸਾਹਮਣੇ ਆਉਣਾ ਸਵਾਲ ਖੜ੍ਹੇ ਕਰ ਰਿਹਾ ਹੈ।
ਮੁੜ ਮੁਲਾਂਕਣ ਵਿਚ ਇਸ ਤਰ੍ਹਾਂ ਵਧੇ ਵਿਦਿਆਰਥੀਆਂ ਦੇ ਅੰਕ
ਦੇਸ਼ ਦੇ ਵੱਖ-ਵੱਖ ਵਿਦਿਆਰਥੀਆਂ ਦੀਆਂ ਮੀਡੀਆ ਵਿਚ ਆਈਆਂ ਖਬਰਾਂ ਤੋਂ ਪਤਾ ਲੱਗਾ ਹੈ ਕਿ 12ਵੀਂ ਦੇ ਇਕ ਵਿਦਿਆਰਥੀ ਦੇ ਭੂਗੋਲ 'ਚ 44 ਅੰਕ ਹੀ ਆਏ ਹਨ ਪਰ ਹੋਰਨਾਂ ਵਿਸ਼ਿਆਂ ਵਿਚ ਉਸ ਦੇ ਨੰਬਰ 90 ਫੀਸਦੀ ਦੇ ਕਰੀਬ ਹਨ। ਆਪਣੇ ਭੂਗੋਲ ਦੇ ਨੰਬਰ ਦੇਖ ਕੇ ਉਹ ਹੈਰਾਨ ਹੋਇਆ ਤੇ ਉਸ ਨੇ ਮੁੜ ਨੰਬਰਾਂ ਦੀ ਚੈਕਿੰਗ ਲਈ ਅਪਲਾਈ ਕੀਤਾ। ਮੁੜ ਜਾਂਚ ਵਿਚ ਪਤਾ ਲੱਗਾ ਕਿ ਉਸ ਦੇ 51 ਨੰਬਰ ਹੀ ਨਹੀਂ ਜੋੜੇ ਗਏ। ਇਨ੍ਹਾਂ 51 ਨੰਬਰਾਂ ਨੂੰ ਜੋੜਨ ਤੋਂ ਬਾਅਦ ਉਸ ਦੇ ਨੰਬਰ 95 ਹੋ ਗਏ। ਨਾਲ ਹੀ ਇਕ ਵਿਦਿਆਰਥੀ ਕ੍ਰਿਸ਼ ਨੂੰ ਸਾਇੰਸ ਵਿਚ ਸਿਰਫ 12 ਨੰਬਰ ਮਿਲੇ ਪਰ ਮੁੜ ਜਾਂਚ ਵਿਚ ਇਹ 59 ਤੱਕ ਪੁੱਜ ਗਏ। ਕੈਮਿਸਟਰੀ ਦੇ ਵਿਦਿਆਰਥੀ ਦੇ 44 ਨੰਬਰ ਮੁੜ ਚੈੱਕ ਕਰਨ ਤੋਂ ਬਾਅਦ 95 ਤੱਕ ਪੁੱਜ ਗਏ।
ਅਧਿਆਪਕਾਂ ਦੀ ਯੋਗਤਾ ਹੋਵੇਗੀ ਚੈੱਕ
ਵਿਦਿਆਰਥੀਆਂ ਦੇ ਅੰਕ ਜੋੜਨ ਵਿਚ ਲਾਪ੍ਰਵਾਹੀ ਵਰਤਣ ਵਾਲੇ ਅਧਿਆਪਕਾਂ ਅਤੇ ਉਨ੍ਹਾਂ ਦੇ ਸਕੂਲਾਂ ਨੂੰ ਵੀ ਸੀ. ਬੀ. ਐੱਸ. ਈ. ਦੀਆਂ ਕਈ ਜਾਂਚ ਪ੍ਰਕਿਰਿਆਵਾਂ ਵਿਚੋਂ ਗੁਜ਼ਰਨਾ ਪਵੇਗਾ। ਪਹਿਲੇ ਪੜਾਅ ਵਿਚ ਅਧਿਆਪਕਾਂ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦੇਣ ਤੋਂ ਇਲਾਵਾ ਹੁਣ ਸਕੂਲਾਂ ਤੋਂ ਉਕਤ ਅਧਿਆਪਕਾਂ ਦੀ ਯੋਗਤਾ ਡਿਟੇਲ ਵੀ ਮੰਗਣ ਜਾ ਰਿਹਾ ਹੈ ਕਿਉਂਕਿ ਬੋਰਡ ਨੇ ਉੱਤਰ ਪੱਤਰੀਆਂ ਚੈੱਕ ਕਰਨ ਲਈ ਭੇਜੇ ਜਾਣ ਵਾਲੇ ਅਧਿਆਪਕਾਂ ਦੀਆਂ ਯੋਗਤਾਵਾਂ ਵੀ ਸਕੂਲਾਂ ਨੂੰ ਦੱਸੀਆਂ ਸਨ। ਬੋਰਡ ਹੁਣ ਉਸ ਲਿਸਟ ਦੇ ਨਾਲ ਨਿਰਦੇਸ਼ਾਂ 'ਤੇ ਹੋਏ ਅਮਲ ਦੀ ਜਾਂਚ ਕਰੇਗਾ। ਜੇਕਰ ਕਿਸੇ ਵੀ ਸਕੂਲ ਨੇ ਘੱਟ ਯੋਗਤਾ ਵਾਲੇ ਅਧਿਆਪਕ ਤੋਂ ਈਵੈਲਿਊਏਸ਼ਨ ਕਰਵਾਈ ਹੈ ਤਾਂ ਉਸ ਸਕੂਲ ਨੂੰ ਵੀ ਸ਼ੋਅਕਾਜ਼ ਨੋਟਿਸ ਜਾਰੀ ਕੀਤਾ ਜਾਵੇਗਾ।
ਮੁਲਾਂਕਣ ਕੇਂਦਰਾਂ ਅਧਿਆਪਕ ਨਾ ਭੇਜਣ ਵਾਲੇ ਸਕੂਲ ਨੱਪੇ ਜਾਣਗੇ
ਸੀ. ਬੀ. ਐੱਸ. ਈ. ਨਾਲ ਜੁੜੇ ਅਧਿਕਾਰੀ ਨੇ ਦੱਸਿਆ ਕਿ ਮੁੜ ਨੰਬਰ ਚੈੱਕ ਕਰਨ ਵਿਚ ਪੂਰੀ ਪਾਰਦਰਸ਼ਤਾ ਦੇ ਨਾਲ ਕੰਮ ਕੀਤਾ ਗਿਆ ਹੈ ਪਰ ਹੁਣ ਉਨ੍ਹਾਂ ਸਕੂਲਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਜੋ ਉਨ੍ਹਾਂ ਨੇ ਵਾਰ-ਵਾਰ ਮੰਗਣ 'ਤੇ ਵੀ ਮੁੱਲਾਂਕਣ ਕੇਂਦਰਾਂ 'ਤੇ ਆਪਣੇ ਮਾਹਿਰ ਅਧਿਆਪਕ ਨਹੀਂ ਭੇਜੇ। ਅਜਿਹੇ ਸਕੂਲਾਂ ਦੀ ਲਿਸਟ ਮੁੱਲਾਂਕਣ ਕੇਂਦਰਾਂ ਤੋਂ ਮੰਗਵਾਈ ਗਈ ਹੈ। ਮੁੜ ਨੰਬਰ ਚੈੱਕ ਕਰਨ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਮਜ਼ਬੂਤ ਬਣਾਉਣ ਲਈ ਯਤਨ ਜਾਰੀ ਹਨ। ਜਿਨ੍ਹਾਂ ਅਧਿਆਪਕਾਂ ਨੇ ਵੀ ਮੁੱਲਾਂਕਣ ਵਿਚ ਗਲਤੀਆਂ ਅਤੇ ਗੜਬੜੀਆਂ ਕੀਤੀਆਂ ਹਨ, ਉਨ੍ਹਾਂ 'ਤੇ ਕਾਰਵਾਈ ਹੋਣੀ ਤੈਅ ਹੈ।
ਹਾਲ ਦੀ ਘੜੀ ਮੈਂ ਆਊਟ ਆਫ ਸਟੇਸ਼ਨ ਹਾਂ। ਇਸ ਲਈ ਮੈਨੂੰ ਇਹ ਨਹੀਂ ਪਤਾ ਕਿ ਪੰਚਕੂਲਾ ਰਿਜਨ ਦੇ ਕਿਸ ਸਕੂਲ ਦੇ ਸਭ ਤੋਂ ਜ਼ਿਆਦਾ ਅਧਿਆਪਕਾਂ ਨੂੰ ਨੋਟਿਸ ਜਾਰੀ ਹੋਏ ਹਨ। ਇਸ ਸਬੰਧੀ ਕੋਈ ਵੀ ਜਾਣਕਾਰੀ ਨੋਟਿਸ ਨੂੰ ਦੇਖੇ ਹੀ ਮਿਲ ਸਕਦੀ ਹੈ।—ਜੇ. ਆਰ. ਖਾਂਡੇਰਾਓ, ਰਿਜਨਲ ਅਫਸਰ, ਸੀ. ਬੀ. ਐੱਸ. ਈ. ਪੰਚਕੂਲਾ ਰਿਜਨ।
ਇਨ੍ਹਾਂ ਰਿਜਨਾਂ ਵਿਚ ਅਧਿਆਪਕਾਂ ਨੂੰ ਜਾਰੀ ਹੋਏ ਨੋਟਿਸ
ਪਟਨਾ - 45 ਅਧਿਆਪਕ
ਦੇਹਰਾਦੂਨ- 27
ਚੇਨਈ- 14
ਇਲਾਹਾਬਾਦ-11
ਭੁਵਨੇਸ਼ਵਰ- 7
ਪੰਚਕੂਲਾ- 8
ਅਜਮੇਰ- 8
ਤ੍ਰਿਵੇਂਦਰਮ- 1
ਗੁਆਹਟੀ- 1
ਪਟਿਆਲਾ ਨੇੜੇ 2 ਹੱਤਿਆਵਾਂ ਕਰਨ ਵਾਲੇ ਗਿਰੋਹ ਦਾ ਮੁਖੀ ਲਖਨਦੀਪ ਗ੍ਰਿਫਤਾਰ
NEXT STORY