ਜਲੰਧਰ, (ਰਾਜੇਸ਼)- ਚੋਰੀ ਦੇ ਮੋਟਰਸਾਈਕਲ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ 2 ਨੌਜਵਾਨਾਂ ਨੂੰ ਥਾਣਾ ਭਾਰਗੋਂ ਕੈਂਪ ਦੀ ਪੁਲਸ ਨੇ ਕਾਬੂ ਕੀਤਾ ਹੈ। ਜਿਨ੍ਹਾਂ ਕੋਲੋਂ ਪੁਲਸ ਨੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ, ਜੋ ਉਨ੍ਹਾਂ ਨੇ 20 ਦਿਨ ਪਹਿਲਾਂ ਬਸਤੀ ਗੁਜ਼ਾਂ ਤੋਂ ਚੋਰੀ ਕੀਤਾ ਸੀ।
ਥਾਣਾ ਭਾਰਗੋ ਕੈਂਪ ਦੇ ਇੰਚਾਰਜ ਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਡਲ ਹਾਊਸ ਇਲਾਕੇ ਵਿਚ ਚੋਰੀ ਦੇ ਮੋਟਰਸਾਈਕਲ 'ਤੇ ਨੌਜਵਾਨ ਲੁੱਟ ਦੀ ਵਾਰਦਾਤ ਕਰਨ ਲਈ ਘੁੰਮ ਰਹੇ ਹਨ, ਜਿਸ 'ਤੇ ਉਨ੍ਹਾਂ ਨੇ ਏ. ਐੱਸ. ਆਈ. ਸਤਨਾਮ ਸਿੰਘ ਨੂੰ ਤੁਰੰਤ ਮਾਤਾ ਰਾਣੀ ਚੌਕ ਮਾਡਲ ਹਾਊਸ ਵਿਚ ਨਾਕੇਬੰਦੀ ਕਰਨ ਨੂੰ ਕਿਹਾ। ਨਾਕੇਬੰਦੀ ਦੌਰਾਨ ਰਵਿਦਾਸ ਚੌਕ ਵਲੋਂ ਆ ਰਹੇ ਮੋਟਰਸਾਈਕਲ ਸਵਾਰ 2 ਨੌਜਵਾਨ ਪੁਲਸ ਨੂੰ ਦੇਖ ਕੇ ਵਾਪਸ ਭੱਜਣ ਲੱਗੇ ਕਿ ਉਨ੍ਹਾਂ ਦਾ ਮੋਟਰਸਾਈਕਲ ਸਲਿਪ ਹੋ ਕੇ ਡਿਗ ਪਿਆ, ਜਿਨ੍ਹਾਂ ਨੂੰ ਪੁਲਸ ਨੇ ਕਾਬੂ ਕਰ ਲਿਆ। ਫੜੇ ਗਏ ਨੌਜਵਾਨਾਂ ਨੇ ਆਪਣਾ ਨਾਂ ਆਤਮਾ ਸਿੰਘ ਆਤੂ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਬੂਟਾ ਪਿੰਡ ਅਤੇ ਹਰਸਿਮਰਤ ਸਿੰਘ ਉਰਫ ਬੱਗਾ ਪੁੱਤਰ ਹਰਜਿੰਦਰ ਸਿੰਘ ਨਿਵਾਸੀ ਅਬਾਦਪੁਰਾ ਦੱਸਿਆ ਜਿਨ੍ਹਾਂ ਨੂੰ ਪੁਲਸ ਪੁੱਛਗਿੱਛ ਦੇ ਲਈ ਥਾਣੇ ਲੈ ਆਈ। ਫੜੇ ਗਏ ਨੌਜਵਾਨਾਂ ਨੇ ਪੁਲਸ ਨੂੰ ਦੱਸਿਆ ਕਿ ਜੋ ਮੋਟਰਸਾਈਕਲ ਉਹ ਚਲਾ ਰਹੇ ਹਨ ਉਸ ਨੂੰ ਉਨ੍ਹਾਂ ਨੇ 20 ਦਿਨ ਪਹਿਲਾਂ ਬਸਤੀ ਗੁਜ਼ਾਂ ਤੋਂ ਚੋਰੀ ਕੀਤਾ ਸੀ। ਜਿਸ 'ਤੇ ਹੁਣ ਉਹ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ। ਇੰਸਪੈਕਟਰ ਜੀਵਨ ਸਿੰਘ ਨੇ ਦੱਸਿਆ ਕਿ ਫੜੇ ਗਏ ਚੋਰਾਂ ਵਿਚ ਆਤਮਾ ਸਿੰਘ ਆਤੂ ਦੇ ਖਿਲਾਫ ਪਹਿਲਾਂ ਵੀ ਅੱਧਾ ਦਰਜਨ ਤੋਂ ਜ਼ਿਆਦਾ ਲੁੱਟ ਅਤੇ ਚੋਰੀ ਦੇ ਅਤੇ ਹਰਸਿਮਰਤ ਉਰਫ ਬੱਗਾ ਦੇ ਖਿਲਾਫ ਚੋਰੀ ਦਾ 1 ਮਾਮਲਾ ਦਰਜ ਹੈ। ਜਿਨ੍ਹਾਂ ਤੋਂ ਪੁਲਸ ਪੁੱਛਗਿੱਛ ਕਰ ਰਹੀ ਹੈ।
ਸਰਵੇਖਣ : ਬਠਿੰਡਾ 'ਚ ਸਭ ਤੋਂ ਜ਼ਿਆਦਾ ਕਿਸਾਨਾਂ ਨੇ ਕੀਤੀਆਂ ਆਤਮ-ਹੱਤਿਆਵਾਂ
NEXT STORY