ਫ਼ਰੀਦਕੋਟ (ਰਾਜਨ) - ਇਕ ਅੱਤਵਾਦੀ ਜਥੇਬੰਦੀ ਦੇ ਨਾਂ 'ਤੇ ਚਿੱਠੀ ਲਿਖ ਕੇ ਮੈਡੀਕਲ ਸਟੋਰ ਦੇ ਮਾਲਕ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਤਹਿਤ ਪੁਲਸ ਨੇ ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਪੁੱਤਰ ਅਜੈਬ ਸਿੰਘ ਵਾਸੀ ਡੋਗਰ ਬਸਤੀ, ਗਲੀ ਨੰਬਰ 9 ਅਤੇ ਸਿਕੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਡੋਗਰ ਬਸਤੀ, ਗਲੀ ਨੰਬਰ 8 (ਦੋਵੇਂ ਫਰੀਦਕੋਟ) ਨੂੰ ਕਾਬੂ ਕੀਤਾ ਹੈ। ਪੁਲਸ ਕਪਤਾਨ ਡਾ. ਨਾਨਕ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਕਤ ਦੋਵਾਂ ਦੋਸ਼ੀਆਂ (ਉਮਰ 30-30 ਸਾਲ) ਨੇ ਇਕ ਯੋਜਨਾ ਬਣਾਈ, ਜਿਸ ਤਹਿਤ ਬੀਤੀ 20 ਨਵੰਬਰ ਨੂੰ ਇਕ ਅੱਤਵਾਦੀ ਜਥੇਬੰਦੀ ਦੇ ਨਾਂ 'ਤੇ ਚਿੱਠੀ ਬਣਾਈ, ਜਿਸ ਵਿਚ ਇਨ੍ਹਾਂ ਪੰਜ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਕੇ ਇਹ ਚਿੱਠੀ 11/12 ਸਾਲ ਦੇ ਇਕ ਲੜਕੇ ਦੀ ਮਾਰਫ਼ਤ ਨਿਊ ਮੈਡੀਕਲ ਹਾਲ, ਨੇੜੇ ਘੰਟਾ ਘਰ ਫਰੀਦਕੋਟ ਵਿਖੇ ਪਹੁੰਚਾ ਦਿੱਤੀ। ਫਿਰੌਤੀ ਨਾ ਦੇਣ ਦੀ ਸੂਰਤ 'ਚ ਸਟੋਰ ਦੇ ਮਾਲਕ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਗਈ ਸੀ।
ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਦਰਜ ਕੀਤੇ ਗਏ ਮੁਕੱਦਮੇ ਦੀ ਤਫਤੀਸ਼ ਦੌਰਾਨ ਇਹ ਦੋਵੇਂ ਭੱਜਣ ਦੀ ਤਾਕ 'ਚ ਸਨ, ਜਿਨ੍ਹਾਂ ਨੂੰ ਨੇੜੇ ਸਦਰ ਥਾਣਾ, ਬੱਸ ਸਟਾਪ ਕੋਲ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਮੰਨਿਆ ਕਿ ਉਕਤ ਮੈਡੀਕਲ ਸਟੋਰ 'ਤੇ ਫ਼ਿਰੌਤੀ ਮੰਗਣ ਸਬੰਧੀ ਚਿੱਠੀ ਇਨ੍ਹਾਂ ਵੱਲੋਂ ਭੇਜੀ ਗਈ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਨ੍ਹਾਂ ਦਾ ਕਿਸੇ ਅੱਤਵਾਦੀ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਨ੍ਹਾਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।
ਝਬਾਲ ਚੋਰ ਗਿਰੋਹ ਸਰਗਰਮ, ਦਿਨ ਦਿਹਾੜੇ ਵਾਪਰ ਰਹੀਆਂ ਲੁੱਟਖੋਹ ਦੀਆਂ ਘਟਨਾਵਾਂ
NEXT STORY