ਚੰਡੀਗੜ੍ਹ (ਸ਼ਰਮਾ) - ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਦੇ ਕਿਸਾਨਾਂ ਦੀ ਮਦਦ ਲਈ ਅੱਗੇ ਆਉਣ ਦੀ ਕੀਤੀ ਅਪੀਲ ਤੋਂ ਬਾਅਦ ਉਨ੍ਹਾਂ ਵਲੋਂ ਸਹਾਇਤਾ ਆਉਣੀ ਸ਼ੁਰੂ ਹੋ ਗਈ ਹੈ। ਆਸਟ੍ਰੇਲੀਆ ਦੇ ਪ੍ਰਵਾਸੀ ਪੰਜਾਬੀ ਰਛਪਾਲ ਸਿੰਘ ਦੇ ਪਿਤਾ ਸੁਰਜੀਤ ਸਿੰਘ, ਜੋ ਕਿ ਜਲੰਧਰ ਦੇ ਚਰੜ ਪਿੰਡ ਦੇ ਹਨ, ਨੇ ਅੱਜ ਚਨਾਰਥਲ ਖੁਰਦ ਦੇ ਕਿਸਾਨ ਦਵਿੰਦਰ ਸਿੰਘ ਦੇ ਪਰਿਵਾਰ ਨੂੰ 2 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਦਵਿੰਦਰ ਸਿੰਘ ਦੇ ਪਰਿਵਾਰ ਦੇ ਸਾਰੇ ਪੁਰਸ਼ ਮੈਂਬਰਾਂ ਨੇ ਕਰਜ਼ੇ ਦੀ ਮਾਰ ਹੇਠ ਆ ਕੇ ਆਤਮ-ਹੱਤਿਆ ਕਰ ਲਈ ਸੀ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਵੇਖਣਾ ਅਤਿ ਦੁਖਦਾਈ ਹੈ ਕਿ ਸੂਬੇ ਵਿਚ ਹਰ ਰੋਜ਼ 2 ਤੋਂ 3 ਕਿਸਾਨ ਆਤਮ-ਹੱਤਿਆ ਕਰ ਰਹੇ ਹਨ। ਉਨ੍ਹਾਂ ਦੇ ਦਫਤਰ ਵਲੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ 1 ਜੁਲਾਈ 2017 ਤੋਂ ਹੁਣ ਤੱਕ 58 ਕਿਸਾਨਾਂ ਨੇ ਆਤਮ-ਹੱਤਿਆ ਕੀਤੀ ਹੈ। ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਹੁਣ ਤੱਕ 175 ਤੋਂ ਵੱਧ ਕਿਸਾਨ ਮੌਤ ਨੂੰ ਗਲੇ ਲਗਾ ਚੁੱਕੇ ਹਨ।
ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਇਸ ਤੋਂ ਝੂਠੇ ਪੈ ਰਹੇ ਹਨ, ਜੇਕਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਮਨਸ਼ਾ ਨਹੀਂ ਸੀ ਤਾਂ ਕਾਂਗਰਸ ਨੇ ਕਿਸਾਨਾਂ ਤੋਂ 'ਕਰਜ਼ਾ ਮੁਕਤੀ ਫਾਰਮ ਕਿਉਂ ਭਰਵਾਏ'। ਉਨ੍ਹਾਂ ਕਿਹਾ ਕਿ ਕੈਪਟਨ ਦੇ ਵਾਅਦੇ ਮੁਤਾਬਿਕ ਇਹ ਉਨ੍ਹਾਂ ਅਤੇ ਪੰਜਾਬ ਦੇ ਕਿਸਾਨਾਂ ਵਿਚਕਾਰ ਇਕਰਾਰਨਾਮਾ ਸੀ, ਸੋ ਇਸ ਨੂੰ ਪੂਰਾ ਨਾ ਕਰਨਾ ਸਿੱਧੇ ਤੌਰ 'ਤੇ ਵਾਅਦਾ ਖਿਲਾਫੀ ਹੈ।
ਖਹਿਰਾ ਨੇ ਕਿਹਾ ਕਿ ਜੇਕਰ ਕਿਸਾਨ ਦੁਆਰਾ ਆਪਣੇ ਆਤਮ-ਹੱਤਿਆ ਨੋਟ ਵਿਚ ਲਿਖਣ 'ਤੇ ਆੜ੍ਹਤੀ ਖਿਲਾਫ ਆਤਮ-ਹੱਤਿਆ ਲਈ ਉਕਸਾਉਣ ਦਾ ਕੇਸ ਦਰਜ ਹੋ ਸਕਦਾ ਹੈ ਤਾਂ ਇਸੇ ਆਧਾਰ ਉਤੇ ਮੁੱਖ ਮੰਤਰੀ ਖਿਲਾਫ ਕੇਸ ਕਿਉਂ ਨਹੀਂ ਦਰਜ ਹੋ ਸਕਦਾ, ਕਿਉਂ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ 2 ਕਿਸਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਮੌਤ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਦੱਸਦਿਆਂ ਆਤਮ-ਹੱਤਿਆ ਕਰ ਲਈ ਸੀ।
ਖਹਿਰਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਵਲੋਂ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਕਿਸਾਨਾਂ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਜੀਤ ਸਿੰਘ ਕੁਲਾਰ (ਕੈਨੇਡਾ), ਰਾਜੂ ਪੁਰੇਵਾਲ (ਕੈਨੇਡਾ), ਦਸਮੇਸ਼ ਸਿੰਘ ਪਨੂੰ (ਕੈਨੇਡਾ) ਅਤੇ ਜਸਵਿੰਦਰ ਸਿੰਘ ਲਾਟੀ (ਇਟਲੀ) ਨੇ ਕਿਸਾਨਾਂ ਦੀ ਮਦਦ ਲਈ 1-1 ਲੱਖ ਰੁਪਏ ਭੇਜਣ ਦਾ ਵਿਸ਼ਵਾਸ ਦਿਵਾਇਆ ਹੈ, ਜਦੋਂਕਿ ਮਨਜੀਤ ਸਿੰਘ ਘੁੰਮਣ (ਹਾਲੈਂਡ) ਨੇ ਦਲਿਤ ਖੇਤ ਮਜ਼ਦੂਰਾਂ ਦੀਆਂ 2 ਵਿਧਵਾਵਾਂ ਨੂੰ ਹਰ ਮਹੀਨੇ 2500 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਹੈ। ਮੋਗੇ ਦੇ ਇਕ ਹੋਰ ਦਾਨੀ ਹੈਪੀ ਨੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਲਈ 25 ਹਜ਼ਾਰ ਰੁਪਏ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਖਹਿਰਾ ਨੇ ਕਿਹਾ ਕਿ 'ਸੇਵਾ ਘਰ ਤੋਂ ਸ਼ੁਰੂ ਹੁੰਦੀ ਹੈ' ਦੇ ਵਾਕ ਅਨੁਸਾਰ ਮੈਂ ਖੁਦ ਜੂਨ ਮਹੀਨੇ ਵਿਚ ਕਪੂਰਥਲਾ ਦੇ ਪ੍ਰਵਾਸੀ ਮਜ਼ਦੂਰ ਪਰਿਵਾਰ, ਜਿਸ ਦੇ 5 ਬੱਚਿਆਂ ਨੇ ਆਤਮ-ਹੱਤਿਆ ਕਰ ਲਈ ਸੀ, ਦੀ 50 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਕੀਤੀ ਸੀ।
ਕੈਪਟਨ ਤੇ ਸਿੱਧੂ 'ਚ 'ਕੇਬਲ ਮਾਫੀਆ' ਨੂੰ ਲੈ ਕੇ ਜੰਗ ਤੇਜ਼ ਹੋਣ ਦੇ ਆਸਾਰ
NEXT STORY