ਕਾਠਗੜ੍ਹ (ਰਾਜੇਸ਼) — ਥਾਣਾ ਕਾਠਗੜ੍ਹ ਦੀ ਪੁਲਸ ਨੇ ਚੋਰੀ ਕੀਤੇ ਗਏ ਮੋਟਰਸਾਈਕਲ ਸਮੇਤ ਦੋ ਚੋਰਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਪਿੰਡ ਬਾਗੋਵਾਲ ਵਾਸੀ ਬਲਰਾਮ ਪੁੱਤਰ ਰਾਮ ਸ਼ਾਹ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ 6 ਅਪ੍ਰੈਲ ਨੂੰ ਸਥਾਨਕ ਰਾਧਾ ਸੁਆਮੀ ਸਤਿਸੰਗ ਘਰ ਵਿਖੇ ਬਿਜਲੀ ਦਾ ਕੰਮ ਕਰਨ ਗਿਆ ਸੀ ਅਤੇ ਆਪਣੇ ਮੋਟਰਸਾਈਕਲ ਨੂੰ ਸਤਿਸੰਗ ਘਰ ਤੋਂ ਬਾਹਰ ਖੜ੍ਹਾ ਕਰ ਗਿਆ। ਜਦੋਂ ਉਹ 15 ਮਿੰਟ ਬਾਅਦ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਉਥੋਂ ਗਾਇਬ ਸੀ। ਇਸ ਤੋਂ ਇਲਾਵਾ ਕਾਠਗੜ੍ਹ 'ਚ ਆਟਾ ਚੱਕੀ ਚਲਾ ਰਹੇ ਜਗਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਦੀ ਆਟਾ ਚੱਕੀ ਤੋਂ ਗੋਲਕ ਚੋਰੀ ਹੋਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਨ੍ਹਾਂ ਸ਼ਿਕਾਇਤਾਂ 'ਤੇ ਪੈਰਵੀ ਕਰਦਿਆਂ ਏ. ਐੱਸ. ਆਈ. ਹੰਸ ਰਾਜ ਅਤੇ ਪੁਲਸ ਪਾਰਟੀ ਨੇ ਕਈ ਥਾਈਂ ਚੋਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਅਤੇ ਮਾਰਕੀਟ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਘੋਖੇ, ਜਿਸ ਵਿਚ ਆਟਾ ਚੱਕੀ ਤੋਂ ਗੋਲਕ ਚੋਰੀ ਕਰ ਕੇ ਲਿਜਾਂਦਾ ਇਕ ਵਿਅਕਤੀ ਦੇਖਿਆ ਗਿਆ। ਇਸੇ ਆਧਾਰ 'ਤੇ ਛਾਪੇਮਾਰੀ ਦੌਰਾਨ ਪੁਲਸ ਨੇ ਸਤਪਾਲ ਉਰਫ ਕਾਕਾ ਪੁੱਤਰ ਹਜ਼ਾਰੀ ਲਾਲ ਕੌਮ ਗੁੱਜਰ ਵਾਸੀ ਰੈਲ ਮਾਜਰਾ ਅਤੇ ਦਵਿੰਦਰ ਕੁਮਾਰ ਉਰਫ ਕੈਂਪਲ ਪੁੱਤਰ ਰੋਸ਼ਨ ਲਾਲ ਕੌਮ ਗੁੱਜਰ ਵਾਸੀ ਪਿੰਡ ਬਨ੍ਹਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ। ਪੁਲਸ ਵੱਲੋਂ ਦੋਵਾਂ 'ਤੇ ਚੋਰੀ ਦਾ ਮਾਮਲਾ ਦਰਜ ਕਰਕੇ ਅਗਲੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਿਲੇ ਨਿਯੁਕਤੀ ਪੱਤਰ
NEXT STORY