ਲਹਿਰਾਗਾਗਾ, (ਗਰਗ)— ਪਿੰਡ ਨੰਗਲਾ ਵਿਖੇ 2 ਵਿਅਕਤੀਆਂ ਦੀ ਦਰੱਖਤ ਕਟਦੇ ਸਮੇਂ ਬਿਜਲੀ ਦਾ ਕਰੰਟ ਲੱਗਣ ਕਾਰਣ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਨੰਗਲਾ ਦੇ ਗੁਰਦੀਪ ਸਿੰਘ (38) ਤੇ ਸਾਧੂ ਸਿੰਘ (55) ਨੇ ਕਿਸੇ ਕਿਸਾਨ ਦੇ ਖੇਤ 'ਚ ਲੱਗੇ ਟਾਹਲੀ ਦੇ ਦਰੱਖਤ ਨੂੰ ਵੱਢਣ ਦਾ ਠੇਕਾ ਲਿਆ ਸੀ। ਬੀਤੀ ਦਿਨੀਂ ਉਕਤ ਵਿਅਕਤੀ ਦਰੱਖਤ ਦੀਆਂ ਜੜ੍ਹਾਂ 'ਚ ਟੋਆ ਪੁੱਟ ਕੇ ਪਾਣੀ ਪਾ ਗਏ ਤਾਂ ਜੋ ਆਸਾਨੀ ਨਾਲ ਦਰੱਖਤ ਨੂੰ ਵੱਢਿਆ ਜਾ ਸਕੇ ਪਰ ਰਾਤ ਨੂੰ ਬਰਸਾਤ ਹੋਣ ਕਾਰਣ ਉਕਤ ਟਾਹਲੀ ਦੇ ਦਰੱਖਤ ਕੋਲੋਂ ਲੰਘਦੀਆਂ ਬਿਜਲੀਆਂ ਤਾਰਾਂ 'ਤੇ ਡਿੱਗ ਪਿਆ। ਸਵੇਰ ਸਮੇਂ ਜਦੋਂ ਉਕਤ ਦੋਵੇਂ ਵਿਅਕਤੀ ਦਰੱਖਤ ਵੱਢਣ ਆਏ ਤਾਂ ਉਨ੍ਹਾਂ ਦੇਖਿਆ ਕਿ ਦਰੱਖਤ ਬਿਜਲੀ ਦੀਆਂ ਤਾਰਾਂ 'ਤੇ ਡਿੱਗਿਆ ਪਿਆ ਹੈ। ਉਨ੍ਹਾਂ ਨੇ ਦਰੱਖਤ ਦੀਆਂ ਟਾਹਣੀਆਂ ਨੂੰ ਵੱਢਣਾ ਸ਼ੁਰੂ ਕੀਤਾ ਤਾਂ ਉਸ ਸਮੇਂ ਲਾਈਟ ਬੰਦ ਸੀ ਅਤੇ ਤਾਰਾਂ 'ਚ ਕਰੰਟ ਨਹੀਂ ਸੀ ਪਰ ਲਾਈਟ ਆ ਜਾਣ ਕਾਰਣ ਉਕਤ ਦੋਵੇਂ ਵਿਅਕਤੀ ਕਰੰਟ ਦੀ ਚਪੇਟ 'ਚ ਆ ਗਏ ਤੇ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਸਦਰ ਦੇ ਏ. ਐੱਸ. ਆਈ. ਜਗਸੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ 174 ਦੀ ਕਾਰਵਾਈ ਕਰਦਿਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਸਪੁਰਦ ਕਰ ਦਿੱਤਾ।
ਲੁਧਿਆਣਾ ਬੀਜ ਘੁਟਾਲੇ 'ਚ ਇਕ ਹੋਰ ਕਾਬੂ,12 ਬੀਜ ਡੀਲਰਸ਼ਿਪਾਂ ਰੱਦ
NEXT STORY