ਲੁਧਿਆਣਾ, (ਰਿਸ਼ੀ)- ਪਤੀ ਨਾਲ ਚੱਲ ਰਹੇ ਝਗੜੇ ਤੋਂ ਬਾਅਦ ਦੋ ਬੱਚਿਆਂ ਦੀ ਮਾਂ ਪੇਕੇ ਘਰ ਜਾ ਕੇ ਰਹਿਣ ਲੱਗ ਪਈ ਅਤੇ ਉਸ ਦੀ ਕੁਵੈਤ ਵਿਚ ਰਹਿ ਰਹੇ 30 ਸਾਲਾ ਨੌਜਵਾਨ ਨਾਲ ਫੇਸਬੁੱਕ 'ਤੇ ਦੋਸਤੀ ਹੋ ਗਈ। ਦੋਵੇਂ 2 ਸਾਲਾਂ ਤੱਕ ਫੋਨ 'ਤੇ ਇਕ-ਦੂਜੇ ਨਾਲ ਗੱਲਾਂ ਕਰਦੇ ਰਹੇ ਤੇ ਇੰਡੀਆ ਆ ਕੇ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਹਵਸ ਮਿਟਾਈ ਤੇ ਬਾਅਦ ਵਿਚ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪੀੜਤਾ ਨੇ ਇਨਸਾਫ ਲਈ ਪੁਲਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਪਰ ਇਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਗੁਜ਼ਰ ਜਾਣ 'ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ।
'ਜਗ ਬਾਣੀ' ਦਫਤਰ ਪੁੱਜੀ 30 ਸਾਲਾਂ ਔਰਤ ਨੇ ਦੱਸਿਆ ਕਿ ਉਹ ਬਿਊਟੀ ਪਾਰਲਰ 'ਤੇ ਨੌਕਰੀ ਕਰਦੀ ਹੈ। ਉਸ ਦੇ 2 ਬੱਚੇ ਹਨ ਪਰ ਉਹ ਪਤੀ ਨਾਲ ਚੱਲ ਰਹੇ ਝਗੜੇ ਕਾਰਨ ਆਪਣੇ ਪੇਕੇ ਘਰ ਰਹਿੰਦੀ ਹੈ। ਸਾਲ 2015 'ਚ ਉਸ ਦੀ ਦੋਸਤੀ ਫੇਸਬੁੱਕ 'ਤੇ ਇਕ ਨੌਜਵਾਨ ਨਾਲ ਹੋ ਗਈ, ਜੋ ਮੋਗਾ ਦਾ ਰਹਿਣ ਵਾਲਾ ਹੈ ਅਤੇ ਕੁਵੈਤ 'ਚ ਕੰਮ ਕਰਦਾ ਹੈ। ਕੁੱਝ ਦਿਨਾਂ 'ਚ ਦੋਸਤੀ ਗਹਿਰੀ ਹੋ ਗਈ, ਜਿਸ ਤੋਂ ਬਾਅਦ ਉਹ ਦੋਵੇਂ ਇਕ-ਦੂਜੇ ਨਾਲ ਮੋਬਾਇਲ 'ਤੇ ਗੱਲ ਕਰਨ ਲੱਗ ਪਏ।
ਔਰਤ ਨੇ ਦੱਸਿਆ ਕਿ ਉਹ ਦੋਵੇਂ ਇਕ-ਦੂਜੇ ਨਾਲ ਵੀਡੀਓ ਚੈਟ ਕਰਦੇ ਸਨ। ਇੰਨਾ ਹੀ ਨਹੀਂ, ਦੋਵਾਂ ਕੋਲ ਇਕ-ਦੂਜੇ ਦੀਆਂ ਅਸ਼ਲੀਲ ਫੋਟੋਆਂ ਵੀ ਹਨ। ਅਕਤੂਬਰ 2017 'ਚ ਉਕਤ ਨੌਜਵਾਨ ਇੰਡੀਆ ਵਾਪਸ ਆਇਆ। ਔਰਤ ਦਾ ਦੋਸ਼ ਹੈ ਕਿ ਉਹ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਜਗਰਾਓਂ ਵੱਲ ਲੈ ਗਿਆ ਅਤੇ ਕਾਰ ਵਿਚ ਹੀ ਹਵਸ ਮਿਟਾਈ, ਜਿਸ ਤੋਂ ਬਾਅਦ ਉਸ ਦੇ ਕੋਲ ਕਈ ਵਾਰ ਘਰ ਆਇਆ ਤੇ ਉਸ ਨਾਲ ਸਰੀਰਕ ਸਬੰਧ ਬਣਾਏ ਪਰ ਬਾਅਦ 'ਚ ਵਿਆਹ ਕਰਵਾਉਣ ਤੋਂ ਇਨਕਾਰ ਕਰ ਕੇ ਕਿਸੇ ਦੂਜੀ ਲੜਕੀ ਦੇ ਨਾਲ ਵਿਆਹ ਕਰਵਾ ਲਿਆ। ਪੀੜਤਾ ਦਾ ਦੋਸ਼ ਹੈ ਕਿ 20 ਨਵੰਬਰ ਨੂੰ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਬਾਅਦ 11 ਦਸੰਬਰ ਨੂੰ ਫਿਰ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋਈ ਤੇ ਜਾਂਚ ਥਾਣਾ ਡਵੀਜ਼ਨ ਨੰ. 5 ਨੂੰ ਸੌਂਪੀ ਗਈ ਪਰ ਫਿਰ ਵੀ ਉਸ ਨੂੰ ਨਿਆਂ ਨਹੀਂ ਮਿਲਿਆ।
ਚੋਰੀ ਦੇ ਮੋਟਰਸਾਈਕਲ ਸਣੇ 1 ਕਾਬੂ
NEXT STORY